ਬਿਜਲੀ ਮੰਤਰਾਲਾ
ਐੱਨਐੱਚਪੀਸੀ ਨੇ ਜੇਕੇਐੱਸਪੀਡੀਸੀ ਨਾਲ ਮਿਲ ਕੇ ਇੱਕ ਜੁਆਇੰਟ ਵੈਂਚਰ ਕੰਪਨੀ "ਰਤਲੇ ਹਾਈਡ੍ਰੋਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ ਲਿਮਟਿਡ" ਬਣਾਈ
प्रविष्टि तिथि:
07 JUN 2021 3:13PM by PIB Chandigarh
ਬਿਜਲੀ ਮੰਤਰਾਲੇ ਅਧੀਨ ਭਾਰਤ ਦੀ ਪ੍ਰਮੁੱਖ ਪਣ ਬਿਜਲੀ ਕੰਪਨੀ ਐੱਨਐੱਚਪੀਸੀ ਲਿਮਟਿਡ ਨੇ 850 ਮੈਗਾਵਾਟ ਦੇ ਰਤਲੇ ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਇੱਕ ਸੰਯੁਕਤ ਉੱਦਮ ਕੰਪਨੀ, “ਰਤਲੇ ਹਾਈਡ੍ਰੋਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ ਲਿਮਟਿਡ” ਬਣਾਈ ਹੈ। ਇਹ ਜੁਆਇੰਟ ਵੈਂਚਰ ਕੰਪਨੀ (ਜੇਵੀਸੀ), 01.06.2021 ਨੂੰ ਐੱਨਐੱਚਪੀਸੀ ਅਤੇ ਜੰਮੂ ਅਤੇ ਕਸ਼ਮੀਰ ਰਾਜ ਬਿਜਲੀ ਵਿਕਾਸ ਨਿਗਮ ਲਿਮਟਿਡ (ਜੇਕੇਐੱਸਪੀਡੀਸੀ) ਵਿਚਕਾਰ ਕ੍ਰਮਵਾਰ 51% ਅਤੇ 49% ਦੀ ਹਿੱਸੇਦਾਰੀ ਨਾਲ ਬਣਾਈ ਗਈ ਹੈ। ਰਤਲੇ ਹਾਈਡੋਇਲੈਕਟ੍ਰਿਕ ਪ੍ਰੋਜੈਕਟ (850 ਮੈਗਾਵਾਟ), ਕੇਂਦਰੀ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿੱਚ ਚਨਾਬ ਦਰਿਆ 'ਤੇ ਸਥਿਤ ਇੱਕ ਰਨ ਆਫ ਰਿਵਰ (Run of River Scheme) ਸਕੀਮ ਹੈ।
ਜੇਕੇਐੱਸਪੀਡੀਸੀ, ਐੱਨਐੱਚਪੀਸੀ ਅਤੇ ਤਤਕਾਲੀ ਜੰਮੂ-ਕਸ਼ਮੀਰ ਸਰਕਾਰ ਦੇ ਵਿਚਕਾਰ 03.02.2019 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਹਾਜ਼ਰੀ ਵਿੱਚ ਇੱਕ ਤ੍ਰੈਪੱਖੀ ਸਮਝੌਤਾ ਪੱਤਰ (ਐੱਮਓਯੂ) ‘ਤੇ ਦਸਤਖਤ ਕੀਤੇ ਗਏ ਸਨ। ਇਸ ਤੋਂ ਇਲਾਵਾ, ਸ੍ਰੀ ਆਰ ਕੇ ਸਿੰਘ, ਰਾਜ ਮੰਤਰੀ (ਸੁਤੰਤਰ ਚਾਰਜ) (ਬਿਜਲੀ ਅਤੇ ਨਵੀਂ ਅਤੇ ਅਖੁੱਟ ਊਰਜਾ) ਅਤੇ ਰਾਜ ਮੰਤਰੀ (ਹੁਨਰ ਵਿਕਾਸ ਅਤੇ ਉੱਦਮ), ਡਾ. ਜਿਤੇਂਦਰ ਸਿੰਘ, ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ), ਉੱਤਰ ਪੂਰਬੀ ਖੇਤਰ ਵਿਕਾਸ ਮੰਤਰਾਲਾ; ਰਾਜ ਮੰਤਰੀ, ਪ੍ਰਧਾਨ ਮੰਤਰੀ ਦਫ਼ਤਰ; ਰਾਜ ਮੰਤਰੀ, ਪ੍ਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨਾਂ ਮੰਤਰਾਲਾ; ਰਾਜ ਮੰਤਰੀ, ਪ੍ਰਮਾਣੂ ਊਰਜਾ ਵਿਭਾਗ; ਅਤੇ ਰਾਜ ਮੰਤਰੀ, ਪੁਲਾੜ ਵਿਭਾਗ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ, ਸ਼੍ਰੀ ਮਨੋਜ ਸਿਨਹਾ ਦੀ ਹਾਜ਼ਰੀ ਵਿੱਚ ਰਤਲੇ ਪਣ-ਬਿਜਲੀ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਇੱਕ ਪੂਰਕ ਸਮਝੌਤੇ 'ਤੇ 03.01.2021 ਨੂੰ ਜੰਮੂ ਵਿਖੇ ਦਸਤਖਤ ਕੀਤੇ ਗਏ।
ਊਰਜਾ ਮੰਤਰਾਲੇ ਦੁਆਰਾ 850 ਮੈਗਾਵਾਟ ਦੇ ਰਤਲੇ ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ ਦੇ ਨਿਰਮਾਣ ਲਈ ਪਹਿਲਾਂ ਹੀ 5281.94 ਕਰੋੜ ਰੁਪਏ (ਨਵੰਬਰ, 2018 ਦੀ ਕੀਮਤ ਦੇ ਪੱਧਰ 'ਤੇ) ਦੀ ਲਾਗਤ ਨਾਲ ਨਿਵੇਸ਼ ਦੀ ਮਨਜ਼ੂਰੀ ਦਿੱਤੀ ਗਈ ਹੋਈ ਹੈ। ਇਸ ਤੋਂ ਬਾਅਦ, ਪ੍ਰਮੋਟਰਸ ਸਮਝੌਤੇ 'ਤੇ 13.04.2021 ਨੂੰ ਦਸਤਖਤ ਕੀਤੇ ਗਏ ਸਨ ਜਿਸ ਨਾਲ ਰਤਲੇ ਹਾਈਡ੍ਰੋਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਸਥਾਪਨਾ ਕੀਤੀ ਗਈ।
850 ਮੈਗਾਵਾਟ ਦਾ ਰਤਲੇ ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ, ਕਿਸ਼ਤਵਾੜ, ਜੰਮੂ-ਕਸ਼ਮੀਰ ਕੇਂਦਰ ਸ਼ਾਸਤ ਪ੍ਰਦੇਸ਼ (ਡੈਮਸਾਈਟ)।
***********
ਐੱਸਐੱਸ / ਆਈਜੀ
(रिलीज़ आईडी: 1725098)
आगंतुक पटल : 252