ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਇੱਕ ਨਵੇਂ ਏਆਈ–ਚਾਲਿਤ ਪਲੈਟਫ਼ਾਰਮ ਨਾਲ ਵ੍ਹਟਸਐਪ ’ਤੇ ਛੇਤੀ–ਕੋਵਿਡ ਦਖ਼ਲ ਦੇਣ ਦੀ ਸੁਵਿਧਾ ਮਿਲੇਗੀ
Posted On:
02 JUN 2021 9:30AM by PIB Chandigarh
‘ਆਰਟੀਫ਼ੀਸ਼ੀਅਲ ਇੰਟੈਲੀਜੈਂਸ’ (AI) ਦੁਆਰਾ ਸੰਚਾਲਿਤ ਪਲੈਟਫ਼ਾਰਮ ਨਾਲ ਹੁਣ ਉਨ੍ਹਾਂ ਡਾਕਟਰਾਂ ਲਈ ਵ੍ਹਾਟਸਐਪ ਉੱਤੇ ਛਾਤੀ ਦੇ ਐਕਸ–ਰੇਅ ਦੀ ਵਿਆਖਿਆ ਕਰਨ ਵਿੱਚ ਮਦਦ ਦੁਆਰਾ ਕੋਵਿਡ–19 ਦੇ ਤੇਜ਼ੀ ਨਾਲ ਨਿਰੀਖਣ ਰਾਹੀਂ ਛੇਤੀ ਦਖ਼ਲ ਦੇਣ ਵਿੱਚ ਮਦਦ ਮਿਲੇਗੀ, ਜਿਨ੍ਹਾਂ ਕੋਲ ਐਕਸ–ਰੇਅ ਮਸ਼ੀਨਾਂ ਤੱਕ ਪਹੁੰਚ ਹੈ। ‘ਐਕਸਰੇਅ–ਸੇਤੂ’ (XraySetu) ਨਾਂਅ ਦਾ ਇਹ ਸਮਾਧਾਨ; ਮੋਬਾਇਲ ਫ਼ੋਨਾਂ ਰਾਹੀਂ ਭੇਜੀਆਂ ਘੱਟ–ਰੈਜ਼ੋਲਿਯੂਸ਼ਨ ਵਾਲੀਆਂ ਤਸਵੀਰਾਂ ਉੱਤੇ ਵੀ ਕੰਮ ਕਰ ਸਕਦਾ ਹੈ, ਜਿਸ ਨੂੰ ਤੇਜ਼ੀ ਤੇ ਆਸਾਨੀ ਨਾਲ ਵਰਤਿਆ ਜਾ ਸਕਦਾ ਹੈ ਅਤੇ ਦਿਹਾਤੀ ਇਲਾਕਿਆਂ ’ਚ ਰੋਗ ਦਾ ਪਤਾ ਲਾਉਣ ਦੀ ਸੁਵਿਧਾ ਮਿਲ ਸਕਦੀ ਹੈ।
ਹੁਣ ਜਦੋਂ ਕੋਵਿਡ–19 ਭਾਰਤ ਦੇ ਦੂਰ–ਦੁਰਾਡੇ ਦੇ ਦਿਹਾਤੀ ਇਲਾਕਿਆਂ ਤੱਕ ਵੀ ਲਗਾਤਾਰ ਨੁਕਸਾਨ ਪਹੁੰਚਾ ਰਿਹਾ ਹੈ, ਅਜਿਹੇ ਵੇਲੇ ਟੈਸਟਿੰਗ, ਰੋਗੀ ਦੇ ਸੰਪਰਕ ’ਚ ਆਏ ਲੋਕਾਂ ਦੀ ਭਾਲ ਕਰਨ ਅਤੇ ਸਮਰਪਿਤ ਕੰਟੇਨਮੈਂਟ ਜ਼ੋਨਜ਼ ਕਾਇਮ ਕਰਨ ਦੀ ਮੁਹਿੰਮ ਵਿੱਚ ਤੇਜ਼ੀ ਲਿਆਉਣਾ ਅਹਿਮ ਹੋ ਗਿਆ ਹੈ। ਇਸ ਵੇਲੇ ਜਦੋਂ ਕੁਝ ਸ਼ਹਿਰਾਂ ਵਿੱਚ ਅਜਿਹੇ ਟੈਸਟਾਂ ਕਰਨ ’ਤੇ ਇੱਕ ਹਫ਼ਤੇ ਤੋਂ ਵੱਧ ਦਾ ਸਮਾਂ ਲੱਗ ਰਿਹਾ ਹੈ, ਤਾਂ ਦਿਹਾਤੀ ਇਲਾਕਿਆਂ ’ਚ ਤਾਂ ਚੁਣੌਤੀਆਂ ਹੋਰ ਵੀ ਜ਼ਿਆਦਾ ਹਨ। ਆਸਾਨ ਬਦਲਵੇਂ ਟੈਸਟ ਜ਼ਰੂਰੀ ਹੋ ਗਏ ਹਨ ਕਿਉਂਕਿ ਕੁਝ ਵੇਰੀਐਂਟਸ ਦੇ ਮਾਮਲੇ ’ਚ RT-PCR ਟੈਸਟ ਵੀ ‘ਝੂਠਾ ਨੈਗੇਟਿਵ’ ਨਤੀਜਾ ਵਿਖਾ ਦਿੰਦੇ ਹਨ।
ਬੈਂਗਲੁਰੂ ਸਥਿਤ ‘ਇੰਡੀਅਨ ਇੰਸਟੀਚਿਊਟ ਆੱਵ੍ ਸਾਇੰਸ’ (IISc) ਵੱਲੋਂ ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੀ ਮਦਦ ਅਤੇ ਬੰਗਲੌਰ ਸਥਿਤ ‘ਹੈਲਥ–ਟੈੱਕ’ ਸਟਾਰਟੱਪ ‘Niramai’ ਦੇ ਤਾਲਮੇਲ ਨਾਲ ARTPARK (AI ਅਤੇ ਰੋਬੋਟਿਕਸ ਟੈਕਨੋਲੋਜੀ ਪਾਰਕ) ਨਾਂਅ ਦੀ ਇੱਕ ਗ਼ੈਰ–ਮੁਨਾਫ਼ਾਕਾਰੀ ਫ਼ਾਊਂਡੇਸ਼ਨ ਕਾਇਮ ਕੀਤੀ ਹੈ; ਜਿਸ ਨੇ ਖ਼ਾਸ ਤੌਰ ’ਤੇ XraySetu ਨੂੰ ਵਿਕਸਤ ਕੀਤਾ ਹੈ; ਜੋ ਵ੍ਹਟਸਐਪ ਉੱਤੇ ਭੇਜੀਆਂ ਛਾਤੀ ਦੇ ਐਕਸ–ਰੇਅ ਦੀਆਂ ਲੋਅ–ਰੈਜ਼ੋਲਿਯੂਸ਼ਨ ਵਾਲੀਆਂ ਤਸਵੀਰਾਂ ਤੋਂ ਵੀ ਕੋਵਿਡ–ਪੌਜ਼ਿਟਿਵ ਰੋਗੀਆਂ ਦੀ ਸ਼ਨਾਖ਼ਤ ਕਰਨ ਹਿਤ ਤਿਆਰ ਕੀਤਾ ਗਿਆ ਹੈ।
ਇਸ ਵਿੱਚ ਸਮੀਖਿਆ ਲਈ ਪ੍ਰਭਾਵਿਤ ਖੇਤਰਾਂ ਦੀਆਂ ਸੀਮੈਂਟਿਕ ਵਿਆਖਿਆਵਾਂ ਅਤੇ ਲੋਕਲਾਈਜ਼ਡ ਹੀਟਮੈਪ ਵੀ ਹੁੰਦੇ ਹਨ, ਜੋ ਕਿ ਹੋਰ ਵਾਧਾਂ–ਘਾਟਾਂ ਨਾਲ ਆਸਾਨੀ ਨਾਲ ਪੁਸ਼ਟੀ ਕਰਨ ਵਿੱਚ ਡਾਕਟਰਾਂ ਦੀ ਮਦਦ ਕਰਦੇ ਹਨ ਅਤੇ ਇਸ ਤਰੀਕੇ ਨਾਲ ਪਹਿਲਾਂ ਹੀ ਹੁਣ ਤੱਕ ਭਾਰਤ ਦੇ ਅੰਦਰੂਨੀ ਭਾਗਾਂ ਤੋਂ 1200 ਤੋਂ ਵੱਧ ਰਿਪੋਰਟਾਂ ਤਿਆਰ ਕੀਤੀਆਂ ਜਾ ਚੁੱਕੀਆਂ ਹਨ।
ਸਿਹਤ ਨਿਰੀਖਣ ਕਰਨ ਲਈ ਸਿਰਫ਼ www.xraysetu.com ਉੱਤੇ ਜਾਣ ਦੀ ਲੋੜ ਹੋਵੇਗੀ ਅਤੇ ‘ਟ੍ਰਾਇ ਦਿ ਫ਼੍ਰੀ XraySetu ਬੀਟਾ’ (ਐਕਸਰੇਅ–ਸੇਤੂ ਬੀਟਾ ਦੀ ਮੁਫ਼ਤ ਵਰਤੋਂ ਦੀ ਕੋਸ਼ਿਸ਼ ਕਰੋ) ਬਟਨ ਉੱਤੇ ਕਲਿੱਕ ਕਰਨਾ ਹੋਵੇਗਾ। ਇਹ ਪਲੈਟਫ਼ਾਰਮ ਤਦ ਡਾਕਟਰ ਜਾਂ ਵਿਅਕਤੀ ਨੂੰ ਇੱਕ ਹੋਰ ਪੰਨੇ ’ਤੇ ਲੈ ਜਾਵੇਗਾ, ਜਿੱਥੇ ਉਹ ਵੈੱਬ ਜਾਂ ਸਮਾਰਟਫ਼ੋਨ ਐਪਲੀਕੇਸ਼ਨ ਰਾਹੀਂ ਵ੍ਹਾਟਸ–ਐਪ ਆਧਾਰਤ ਚੈਟਬੋਟ ਨਾਲ ਜੁੜਨ ਦਾ ਵਿਕਲਪ ਚੁਣ ਸਕੇਗਾ/ਸਕੇਗੀ। ਜਾਂ ਡਾਕਟਰ ਸਿਰਫ਼ ਫ਼ੋਨ ਨੰਬਰ +91–80461–63838 ਉੱਤੇ ਵ੍ਹਾਟਸ –ਐਪ ਸੰਦੇਸ਼ ਭੇਜ ਕੇ XraySetu ਸੇਵਾ ਸ਼ੁਰੂ ਕਰ ਸਕੇਗਾ/ਸਕੇਗੀ। ਫਿਰ ਉਨ੍ਹਾਂ ਨੂੰ ਸਿਰਫ਼ ਮਰੀਜ਼ ਦੇ ਐਕਸ–ਰੇਅ ਦੀ ਤਸਵੀਰ ਕਲਿੱਕ ਕਰਨ ਦੀ ਜ਼ਰੂਰਤ ਹੋਵੇਗੀ ਅਤੇ ਕੁਝ ਹੀ ਮਿੰਟਾਂ ਵਿੱਚ ਵਿਆਖਿਆਤਮਕ ਤਸਵੀਰਾਂ ਸਮੇਤ ਦੋ–ਪੰਨਿਆਂ ਦੇ ਆਟੋਮੇਟਡ ਡਾਇਓਗਨੌਸਟਿਕਸ ਪ੍ਰਾਪਤ ਹੋ ਜਾਣਗੇ। ਇਸ ਦੇ ਨਾਲ ਹੀ ਕੋਵਿਡ–19 ਦੀ ਲਾਗ ਲੱਗਣ ਦੀ ਸੰਭਾਵਨਾ ਦਾ ਵਿਸਥਾਰ ਕਰਦਿਆਂ ਇਹ ਰਿਪੋਰਟ ਡਾਕਟਰ ਦੀ ਤੁਰੰਤ ਵਰਤੋਂ ਲਈ ਸਥਾਨਕ ਪੱਧਰ ਦਾ ਹੀਟ–ਮੈਪ ਵੀ ਵਿਖਾਏਗੀ।
ਇੰਗਲੈਂਡ ਦੇ ਨੈਸ਼ਨਲ ਇੰਸਟੀਚਿਊਟ ਆੱਵ੍ ਹੈਲਥ ਵੱਲੋਂ ਭਾਰਤ ਦੇ 1000 ਤੋਂ ਵੱਧ ਕੋਵਿਡ ਮਰੀਜ਼ਾਂ ਦੀਆਂ 1,25,000 ਐਕਸ–ਰੇਅ ਤਸਵੀਰਾਂ ਰਾਹੀਂ ਪਰਖੀ ਤੇ ਵੈਧ ਕਰਾਰ ਦਿੱਤੀ ਗਈ XraySetu ਨੇ ਸੰਵੇਦਨਸ਼ੀਲਤਾ: 98.86% ਅਤੇ ਸਪੈਸੀਫ਼ਿਸਿਟੀ: 74.74% ਨਾਲ ਸ਼ਾਨਦਾਰ ਕਾਰਗੁਜ਼ਾਰੀ ਵਿਖਾਈ ਹੈ।
ARTPARK ਦੇ ਬਾਨੀ ਅਤੇ ਸੀਈਓ ਸ੍ਰੀ ਉਮਾਕਾਂਤ ਸੋਨੀ ਨੇ ਕਿਹਾ,‘ਸਾਨੂੰ 1.36 ਅਰਬ ਲੋਕਾਂ ਦੀਆਂ ਜ਼ਰੂਰਤਾਂ ਮੁਤਾਬਕ ਟੈਕਨੋਲੋਜੀ ਵਿੱਚ ਵਾਧਾ ਕਰਨਾ ਹੋਵੇਗਾ, ਖ਼ਾਸ ਕਰਕੇ ਇੱਥੇ ਹਰੇਕ 10 ਲੱਖ ਲੋਕਾਂ ਪਿੱਛੇ 1 ਰੇਡੀਓਲੌਜਿਸਟ ਬਾਰੇ ਵਿਚਾਰ ਕਰਨਾ ਹੋਵੇਗਾ। ਉਦਯੋਗ ਤੇ ਸਿੱਖਿਆ ਸ਼ਾਸਤਰੀਆਂ ਦੇ ਤਾਲਮੇਲ ਨਾਲ ਬਣੀ XraySetu ਨੇ AI ਜਿਹੀਆਂ ਸਿਧਾਂਤਬੱਧ ਤਕਨਾਲੋਜੀਆਂ ਲਈ ਰਾਹ ਪੱਧਰਾ ਕੀਤਾ ਹੈ, ਜਿਸ ਨਾਲ ਵੱਡੀਆਂ ਪੁਲਾਂਘਾਂ ਪੁੱਟੀਆ ਜਾ ਸਕਣਗੀਆਂ ਤੇ ਬਹੁਤ ਜ਼ਿਆਦਾ ਘੱਟ ਲਾਗਤ ਉੱਤੇ ਦਿਹਾਤੀ ਭਾਰਤ ਵਿੱਚ ਅਤਿ–ਆਧੁਨਿਕ ਸਿਹਤ–ਸੰਭਾਲ ਟੈਕਨੋਲੋਜੀ ਮੁਹੱਈਆ ਕਰਵਾਈ ਜਾ ਸਕੇਗੀ।’
Niramai ਦੇ ਬਾਨੀ ਅਤੇ ਸੀਈਓ ਡਾ. ਗੀਤਾ ਮੰਜੂਨਾਥ ਨੇ ਕਿਹਾ,‘ਪਿੰਡਾਂ ਦੇ ਅਜਿਹੇ ਡਾਕਟਰਾਂ ਲਈ ਤੇਜ਼–ਰਫ਼ਤਾਰ ਕੋਵਿਡ ਸਕ੍ਰੀਨਿੰਗ ਵਿਧੀ ਮੁਹੱਈਆ ਕਰਵਾਉਣ ਲਈ NIRAMAI’ ਨੇ ARTPARK ਅਤੇ IISc ਨਾਲ ਭਾਈਵਾਲੀ ਪਾਈ ਹੈ, ਜਿਨ੍ਹਾਂ ਦੀ ਐਕਸ–ਰੇਅ ਮਸ਼ੀਨਾਂ ਤੱਕ ਪਹੁੰਚ ਹੈ। XraySetu ਇਹ ਪੂਰਵ–ਅਨੁਮਾਨ ਲਈ ਛਾਤੀ ਦੇ ਐਕਸ–ਰੇਅਜ਼ ਦੀ ਆਟੋਮੇਟਡ ਵਿਆਖਿਆ ਮੁਹੱਈਆ ਕਰਵਾਉਂਦੀ ਹੈ ਕਿ ਕੀ ਕਿਸੇ ਮਰੀਜ਼ ਦੇ ਕਿਸੇ ਫੇਫੜੇ ਵਿੱਚ ਕੋਈ ਅਜਿਹੀ ਅਸਾਧਾਰਣਤਾ ਹੈ, ਜੋ ਕੋਵਿਡ–19 ਦੀ ਛੂਤ ਨੂੰ ਦਰਸਾਉਂਦੀ ਹੋਵੇ’।
IISc ਦੇ ਪ੍ਰੋ. ਚਿਰੰਜੀਬ ਭੱਟਾਚਾਰੀਆ ਨੇ ਦੱਸਿਆ,‘ਕੋਵਿਡ–ਪੌਜ਼ਿਟਿਵ ਐਕਸ–ਰੇਅ ਤਸਵੀਰਾਂ ਦੀ ਅਣਹੋਂਦ ਦੀ ਹਾਲਤ ’ਚ ਅਸੀਂ ਇੱਕ ਵਿਲੱਖਣ ਟ੍ਰਾਂਸਫ਼ਰ ਲਰਨਿੰਗ ਢਾਂਚਾ ਵਿਕਸਤ ਕੀਤਾ, ਜੋ ਫੇਫੜਿਆਂ ਦੀਆਂ ਆਸਾਨੀ ਨਾਲ ਉਪਲਬਧ ਐਕਸ–ਰੇਅ ਤਸਵੀਰਾਂ ’ਚ ਵਾਧਾ ਕਰਦਾ ਹੈ, ਜਿਨ੍ਹਾਂ ਰਾਹੀਂ ਉੱਚ ਪੂਰਵ–ਅਨੁਮਾਨ ਦੀ ਸ਼ਕਤੀ ਵਾਲੀਆਂ ਲਾਹੇਵੰਦ ਵਿਸ਼ੇਸ਼ਤਾਵਾਂ ਸਿੱਖੀਆਂ ਜਾ ਸਕਦੀਆਂ ਹਨ। ਅਸੀਂ ਛੂਤਗ੍ਰਸਤ ਫੇਫੜਿਆਂ ਦੇ ਖੇਤਰਾਂ ਦੁਆਰਾ ਮਾਰਗ–ਦਰਸ਼ਿਤ ਇੱਕ ਆਤਮ–ਵਿਸ਼ਵਾਸ ਸਕੋਰ ਵੀ ਵਿਕਸਤ ਕੀਤਾ ਹੈ। ਇਹ ਪ੍ਰਣਾਲੀ ਅਜਿਹਾ ਪੂਰਵ–ਅਨੁਮਾਨ ਦਿੰਦੀ ਹੈ, ਛੂਤਗ੍ਰਸਤ ਭਾਗਾਂ ਨੂੰ ਲੋਕਲਾਈਜ਼ ਕਰਦੀ ਹੈ ਅਤੇ ਫਿਰ ਇੱਕ ਅਜਿਹੀ ਰਿਪੋਰਟ ਤਿਆਰ ਕਰਦੀ ਹੈ, ਆਤਮ–ਵਿਸ਼ਵਾਸ ਦਾ ਸਕੋਰ ਦਿੰਦੀ ਹੈ; ਇਹ ਸਭ ਸਿਰਫ਼ ਕੁਝ ਹੀ ਮਿੰਟਾਂ ’ਚ ਮੁਹੱਈਆ ਕਰਵਾਉਂਦੀ ਹੈ।’
ਕੋਵਿਡ–19 ਤੋਂ ਇਲਾਵਾ ਇਹ ਪਲੈਟਫ਼ਾਰਮ; ਤਪੇਦਿਕ ਤੇ ਨਿਮੋਨੀਆ ਦੇ ਨਾਲ–ਨਾਲ ਹੋਰ ਰੋਗਾਂ ਸਮੇਤ ਫੇਫੜਿਆਂ ਨਾਲ ਸਬੰਧਤ 14 ਹੋਰ ਰੋਗਾਂ ਦੀ ਸ਼ਨਾਖ਼ਤ ਵੀ ਕਰ ਸਕਦਾ ਹੈ। ਇਸ ਦੀ ਵਰਤੋਂ ਐਨਾਲੌਗ ਤੇ ਡਿਜੀਟਲ ਦੋਵੇਂ ਤਰ੍ਹਾਂ ਦੇ ਐਕਸ–ਰੇਅਜ਼ ਲਈ ਕੀਤੀ ਜਾ ਸਕਦੀ ਹੈ ਅਤੇ ਇਸ ਨੂੰ ਪਿਛਲੇ 10 ਮਹੀਨਿਆਂ ਤੋਂ ਦਿਹਾਤੀ ਇਲਾਕਿਆਂ ਦੇ 300 ਤੋਂ ਵੱਧ ਡਾਕਟਰਾਂ ਵੱਲੋਂ ਪਾਇਲਟ ਆਧਾਰ ਉੱਤੇ ਸਫ਼ਲਤਾਪੂਰਬਕ ਵਰਤਿਆ ਜਾ ਚੱਕਾ ਹੈ।
XraySetu ਜਿਹੀਆਂ ਤਕਨਾਲੋਜੀਆਂ AI ਦੁਆਰਾ ਚਾਲਿਤ ਅਤਿ–ਆਧੁਨਿਕ ਪ੍ਰਣਾਲੀਆਂ ਨੂੰ ਯੋਗ ਬਣਾ ਸਕਦੀਆਂ ਹਨ, ਜਿਨ੍ਹਾਂ ਨਾਲ ਅੱਗੇ ‘ਮੋਬਾਇਲ PHCs’ (ਚੱਲਦੇ–ਫਿਰਦੇ ਬੁਨਿਆਦੀ ਸਿਹਤ ਕੇਂਦਰਾਂ) ਨੂੰ ਤਾਕਤ ਮਿਲੇਗੀ ਅਤੇ ਉਹ ਮਾਮੂਲੀ ਲਾਗਤ ਉੱਤੇ ਸਮੁੱਚੇ ਦਿਹਾਤੀ ਭਾਰਤ ਵਿੱਚ ਸਿਹਤ–ਸੰਭਾਲ ਸੁਵਿਧਾਵਾਂ ਤੱਕ ਹੋਰ ਵਧੇਰੇ ਪਹੁੰਚ ਕਾਇਮ ਹੋ ਸਕੇਗੀ।
ਮੰਗਲੌਰ ਸਥਿਤ KMC ਦੇ ਪ੍ਰੋਫ਼ੈਸਰ ਅਤੇ ਕਾਰਡੀਓਲੌਜੀ ਵਿਭਾਗ ਦੇ ਮੁਖੀ ਡਾ. ਪਦਮਨਾਭ ਕਾਮਤ, ਜੋ ਕਾਫ਼ੀ ਪਹਿਲਾਂ ਤੋਂ ਸਲਾਹਕਾਰ ਰਹੇ ਹਨ ਅਤੇ XraySetu ਨੂੰ ਵਰਤਦੇ ਵੀ ਹਨ ਨੇ ਇਸ ਨੁਕਤੇ ਉੱਤੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਅਜਿਹੀਆਂ ਤਕਨਾਲੋਜੀਆਂ ਰਾਹੀਂ ਸਿਹਤ–ਸੰਭਾਲ ਤੇ ਤਕਨਾਲੋਜੀ ਹੁਣ ਤੱਕ ਵਾਂਝੇ ਰਹੇ ਅਤੇ ਦਿਹਾਤੀ ਇਲਾਕਿਆਂ ਤੱਕ ਵੀ ਪੁੱਜ ਸਕਦੀ ਹੈ। ਇਸ ਸੇਵਾ ਦੇ ਇੱਕ ਹੋਰ ਵਰਤੋਂਕਾਰ ਡਾ. ਅਨਿਲ ਕੁਮਾਰ ਏਡੀ, ਸਿਹਤ ਮੈਡੀਕਲ ਅਧਿਕਾਰੀ, ਸ਼ਿਮੋਗਾ (ਕਰਨਾਟਕ) ਨੇ ਖ਼ੁਸ਼ੀ ਪ੍ਰਗਟਾਈ ਕਿ ਇਹ ਟੈਕਨੋਲੋਜੀ ਰੋਗੀਆਂ ਦਾ ਤੁਰੰਤ ਡਾਇਓਗਨੌਸਿਸ (ਤਸ਼ਖ਼ੀਸ) ਕਰਨ ਵਿੱਚ ਮਦਦ ਕਰ ਰਹੀ ਹੈ।
ਵਿਗਿਆਨ ਤੇ ਟੈਕਨੋਲੋਜੀ ਵਿਭਾਗ (DST) ਦੇ ਪ੍ਰੋ. ਆਸ਼ੂਤੋਸ਼ ਸ਼ਰਮਾ ਨੇ ਕਿਹਾ,‘ਵਿਗਿਆਨ ਤੇ ਟੈਕਨੋਲੋਜੀ ਵਿਭਾਗ ਵੱਲੋਂ ਸਥਾਪਤ ਸਾਈਬਰ–ਫ਼ਿਜ਼ੀਕਲ ਸਿਸਟਮਜ਼ ਦੇ ਕਈ ਧੁਰੇ; ਡਾਇਓਗਨੌਸਟਿਕਸ ਤੇ ਡ੍ਰੱਗ ਡਿਜ਼ਾਇਨ ਤੋਂ ਲੈ ਕੇ ਬਾਇਓਮੈਡੀਕਲ ਉਪਕਰਣਾਂ ਤੇ ਟੈਲੀ–ਮੈਡੀਸਨ ਤੱਕ ਦੀਆਂ ਸਿਹਤ ਖੇਤਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ‘ਆਰਟੀਫ਼ੀਸ਼ੀਅਲ ਇੰਟੈਲੀਜੈਂਸ, ਵਰਚੁਅਲ ਰੀਐਲਿਟੀ, ਡਾਟਾ ਐਨਾਲਿਟਿਕਸ, ਰੋਬੋਟਿਕਸ ਸੈਂਸਰਜ਼’ ਅਤੇ ਹੋਰ ਟੂਲਜ਼ ਦੀ ਵਰਤੋਂ ਵਿੱਚ ਵਾਧੇ ਉੱਤੇ ਕੰਮ ਕਰ ਰਹੇ ਹਨ।’
ਅੰਤ–ਅਨੁਸ਼ਾਸਨੀ ਸਾਈਬਰ–ਫ਼ਿਜ਼ੀਕਲ ਸਿਸਟਮਜ਼ ਬਾਰੇ ਰਾਸ਼ਟਰੀ ਮਿਸ਼ਨ (NM-ICPS) ਅਧੀਨ ARTPARK ਹੁਣ C-DAC (AI ਸੁਪਰ–ਕੰਪਿਊਟਰ ‘ਪਰਮਸਿੱਦੀ’ ਦੇ ਵਿਕਾਸ ਲਈ), Nvidia ਅਤੇ AWS ਜਿਹੇ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਵਾਲੇ ਭਾਈਵਾਲਾਂ ਨਾਲ ਤਾਲਮੇਲ ਕਾਇਮ ਰੱਖ ਰਿਹਾ ਹੈ, ਤਾਂ ਜੋ ਦਿਹਾਤੀ ਭਾਰਤ ਦੇ ਸਾਰੇ ਡਾਕਟਰਾਂ ਤੱਕ ਇਹ ਮੁਫ਼ਤ ਸੇਵਾ ਵੱਧ ਤੋਂ ਵੱਧ ਪੁੱਜ ਸਕੇ।
ਹੋਰ ਵੇਰਵਿਆਂ ਲਈ, ARTPARK ਦੇ ਬਾਨੀ ਅਤੇ ਸੀਈਓ ਸ੍ਰੀ ਉਮਾਕਾਂਤ ਸੋਨੀ ਨਾਲ umakant@artpark.in ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।
*****************
ਐੱਸਐੱਸ/ਆਰਪੀ/(ਡੀਐੱਸਟੀ ਮੀਡੀਆ ਸੈੱਲ)
SS/RP/ (DST Media Cell)
(Release ID: 1723786)
Visitor Counter : 254