ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਹਰਸ਼ ਵਰਧਨ ਨੇ ਕੋਵਿਡ-19 ਨੂੰ ਜਨਤਕ ਸਿਹਤ ਦੇ ਹੁੰਗਾਰੇ ਅਤੇ 9 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਨਾਲ ਟੀਕਾਕਰਨ ਦੀ ਪ੍ਰਗਤੀ ਦੀ ਸਮੀਖਿਆ ਕੀਤੀ


“ਪਿਛਲੇ 8 ਦਿਨਾਂ ਤੋਂ ਲਗਾਤਾਰ ਰਿਕਵਰੀ ਨੇ ਨਵੇਂ ਸਰਗਰਮ ਮਾਮਲਿਆਂ ਦੀ ਗਿਣਤੀ ਨੂੰ ਘਟਾਇਆ ਹੈ”

ਆਉਣ ਵਾਲੇ ਮਹੀਨਿਆਂ ਵਿੱਚ ਟੀਕੇ ਦੀ ਉਪਲਬਧਤਾ ਵਿੱਚ ਭਾਰੀ ਵਾਧਾ ਨਜ਼ਰ ਆਵੇਗਾ: ਡਾ. ਹਰਸ਼ ਵਰਧਨ

“ਟੀਕਾਕਰਨ ਵਧਾਉਣ ਦੀ ਜ਼ਰੂਰਤ; ਦੂਜੀ ਖੁਰਾਕ ਤਰਜੀਹ ਹੋਣੀ ਚਾਹੀਦੀ ਹੈ "

ਸਿਹਤ ਮੰਤਰੀ ਨੇ ਕੋਵਿਡ-19 ਵਿਰੁੱਧ ਲੜਾਈ ਵਿਚ ਟੈਸਟਿੰਗ, ਟਰੇਸਿੰਗ, ਇਲਾਜ਼ ਅਤੇ ਟੀਕਾਕਰਨ 'ਤੇ ਜ਼ੋਰ ਦਿੱਤਾ

Posted On: 21 MAY 2021 6:40PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਕੋਵਿਡ -19 ਦੇ ਜਨਤਕ ਸਿਹਤ ਪ੍ਰਤੀਕਰਮ ਅਤੇ 9 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ  ਟੀਕਾਕਰਨ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਉਨ੍ਹਾਂ ਛੱਤੀਸਗੜ੍ਹ, ਗੋਆ, ਹਿਮਾਚਲ ਪ੍ਰਦੇਸ਼, ਪੁਡੂਚੇਰੀ ਅਤੇ ਅੰਡੇਮਾਨ ਅਤੇ ਨਿਕੋਬਾਰ ਆਈਲੈਂਡਜ਼, ਚੰਡੀਗੜ੍ਹ, ਦਾਦਰਾ ਨਗਰ ਹਵੇਲੀ, ਦਮਨ ਅਤੇ ਦਿਉ, ਲੱਦਾਖ, ਅਤੇ ਲਕਸ਼ਦੀਪ ਦੇ ਸਿਹਤ ਮੰਤਰੀਆਂ ਨਾਲ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਦੀ ਮੌਜੂਦਗੀ ਵਿੱਚ ਗੱਲਬਾਤ ਕੀਤੀ। 

ਸ਼੍ਰੀ ਟੀ.ਐੱਸ. ਸਿੰਘ ਦੇਵ , ਸਿਹਤ ਮੰਤਰੀ, ਛੱਤੀਸਗੜ; ਸ਼੍ਰੀ ਰਾਜੀਵ ਸੈਹਜ਼ਲ, ਸਿਹਤ ਮੰਤਰੀ, ਹਿਮਾਚਲ  ਪ੍ਰਦੇਸ਼, ਸ਼੍ਰੀ ਵਿਸ਼ਵਜੀਤ ਪ੍ਰਤਾਪ ਸਿੰਘ ਰਾਣੇ, ਸਿਹਤ ਮੰਤਰੀ, ਗੋਆ; ਐਡਮਿਰਲ ਡੀ ਕੇ ਜੋਸ਼ੀ, ਉਪ ਰਾਜਪਾਲ, ਏ ਐਂਡ ਐਨ ਆਈਸਲੈਂਡਜ਼; ਸ਼੍ਰੀ ਅਰੁਣ ਗੁਪਤਾ, ਪ੍ਰਮੁੱਖ ਸਕੱਤਰ, ਚੰਡੀਗੜ੍ਹ ਅਤੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਹੋਰ ਪ੍ਰਮੁੱਖ ਅਧਿਕਾਰੀ ਇਸ ਵਰਚੂਅਲ ਮੀਟਿੰਗ ਵਿਚ ਮੌਜੂਦ ਸਨ।



 

ਡਾ. ਹਰਸ਼ ਵਰਧਨ ਨੇ ਦੇਸ਼ ਵਿੱਚ ਕੋਵਿਡ ਸਥਿਤੀ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮੇਂ ਦੇਸ਼ ਵਿੱਚ 30,27,925 ਐਕਟਿਵ ਮਾਮਲੇ ਹਨ। ਪਿਛਲੇ 24 ਘੰਟਿਆਂ ਵਿੱਚ, 3,57,295  ਕੋਵਿਡ ਮਰੀਜ਼ ਠੀਕ ਹੋਏ ਹਨ ਅਤੇ 87.25% ਦਾ  ਰਿਕਵਰੀ ਰੇਟ ਦੇਖਿਆ ਜਾ ਰਿਹਾ ਹੈ। ਉਨ੍ਹਾਂ ਸੰਤੁਸ਼ਟੀ ਜ਼ਾਹਰ ਕੀਤੀ ਕਿ ਪਿਛਲੇ 8 ਦਿਨਾਂ ਤੋਂ ਲਗਾਤਾਰ ਰੋਜ਼ਾਨਾ ਰਿਕਵਰੀ ਦਰ ਨੇ ਰੋਜ਼ਾਨਾ ਆਉਣ ਵਾਲੇ ਨਵੇਂ ਕੋਵਿਡ ਮਾਮਲਿਆਂ ਨੂੰ ਪਿੱਛੇ ਛੱਡ ਦਿਤਾ ਹੈ। ਭਾਰਤ ਪਿਛਲੇ 5 ਦਿਨਾਂ ਤੋਂ 3 ਲੱਖ ਤੋਂ ਵੀ ਘੱਟ ਮਾਮਲਿਆਂ ਨੂੰ ਦੇਖ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ, ਭਾਰਤ ਨੇ ਹੁਣ ਤੱਕ ਦੇ ਸਭ ਤੋਂ ਵੱਧ 20,61,683 ਟੈਸਟ ਕੀਤੇ ਹਨ, ਜਦਕਿ ਸੰਚਿਤ ਟੈਸਟਾਂ ਦੀ ਸੰਖਿਆ 3,30,00,000 ਤੋਂ ਵੱਧ ਹੈ। 

ਟੀਕਾਕਰਨ ਮੁਹਿੰਮ ਦੀ ਗੰਭੀਰ ਮਹੱਤਤਾ ਬਾਰੇ ਦਸਦਿਆਂ ਮੰਤਰੀ ਨੇ ਚਾਨਣਾ ਪਾਇਆ ਕਿ ਭਾਰਤ ਨੇ ਆਪਣੇ ਨਾਗਰਿਕਾਂ ਨੂੰ ਕੁੱਲ 19,18,89,503 ਟੀਕਿਆਂ ਦੀ ਖੁਰਾਕ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇਸ਼ ਵਿੱਚ ਟੀਕਿਆਂ ਦੀ ਉਪਲਬਧਤਾ ਵਧਾਉਣ ਲਈ ਟੀਕਿਆਂ ਦੇ ਨਿਰਮਾਤਾ ਦੀ ਸਹਾਇਤਾ ਕਰਨ ਲਈ ਸਰਗਰਮ ਪ੍ਰਕਿਰਿਆ ਵਿੱਚ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਅਗਲੇ ਮਹੀਨਿਆਂ ਵਿੱਚ ਦੇਸ਼ ਵਿੱਚ ਟੀਕਿਆਂ ਦੇ ਉਤਪਾਦਨ ਵਿੱਚ ਜ਼ਬਰਦਸਤ ਵਾਧਾ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ “ਅਗਸਤ ਤੋਂ ਦਸੰਬਰ 2021 ਦੇ ਵਿਚਕਾਰ, ਭਾਰਤ 216 ਕਰੋੜ ਟੀਕਾ ਖੁਰਾਕਾਂ ਦੀ ਖਰੀਦ ਕਰ ਲਵੇਗਾ, ਜਦੋਂਕਿ ਇਸ ਸਾਲ ਜੁਲਾਈ ਤੱਕ 51 ਕਰੋੜ ਖੁਰਾਕਾਂ ਦੀ ਖਰੀਦ ਕੀਤੀ ਜਾਵੇਗੀ। ਕੇਂਦਰੀ ਸਿਹਤ ਮੰਤਰੀ ਨੇ ਇਹ ਵੀ ਕਿਹਾ ਕਿ ਸਾਲ ਦੇ ਅੰਤ ਤੱਕ ਦੇਸ਼ ਆਪਣੀ ਘੱਟੋ ਘੱਟ ਬਾਲਗ ਆਬਾਦੀ ਨੂੰ ਟੀਕਾ ਲਗਾਉਣ ਦੀ ਸਥਿਤੀ ਵਿੱਚ ਆ ਜਾਵੇਗਾ।

ਬਲੈਕ ਫੰਗਸ (ਮਯੂਕੋਰਮੀਕੋਸਿਸ) ਦੇ ਮੁੱਦੇ 'ਤੇ ਚਾਨਣਾ ਪਾਉਂਦਿਆਂ ਡਾ. ਹਰਸ਼ ਵਰਧਨ ਨੇ ਦੱਸਿਆ ਕਿ ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਸ ਨੂੰ ਮਹਾਮਾਰੀ ਵਜੋਂ ਅਧਿਸੂਚਿਤ ਕਰਨ ਲਈ ਕਿਹਾ ਗਿਆ ਹੈ ਅਤੇ ਇਹ ਸੁਨਿਸ਼ਚਿਤ ਕਰਨ ਲਈ ਕਿਹਾ ਗਿਆ ਹੈ ਕਿ ਬਲੈਕ ਫੰਗਸ ਦੇ ਸਾਰੇ ਕੇਸਾਂ ਦੀ ਵਿਧੀਵਤ ਰਿਪੋਰਟ ਕੀਤੀ ਜਾਵੇ । ਉਨ੍ਹਾਂ ਭਰੋਸਾ ਦਿੱਤਾ ਕਿ ਸ਼ੂਗਰ ਕੰਟਰੋਲ ਅਤੇ ਸਟੀਰਾਇਡ ਦੀ ਸੀਮਤ ਵਰਤੋਂ ਨਾਲ ਸੰਬੰਧਤ ਸਾਰੀ ਲੋੜੀਂਦੀ ਜਾਣਕਾਰੀ ਅਤੇ ਦਿਸ਼ਾ ਨਿਰਦੇਸ਼ ਰਾਜਾਂ ਨੂੰ ਪ੍ਰਦਾਨ ਕੀਤੇ ਗਏ ਹਨ। ਉਨ੍ਹਾਂ ਇਸ ਅਟਕਲਾਂ ਦਾ ਵੀ ਜਵਾਬ ਦਿੱਤਾ ਕਿ ਭਵਿੱਖ ਵਿੱਚ ਵਾਇਰਸ ਬਦਲ ਸਕਦੇ ਹਨ ਅਤੇ ਬੱਚਿਆਂ ਨੂੰ ਖ਼ਤਰੇ ਵਿੱਚ ਪਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਅਜਿਹੀਆਂ ਜਰੂਰਤਾਂ ਨਾਲ ਨਜਿੱਠਣ ਲਈ ਸਿਹਤ ਸਹੂਲਤਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ।

ਡਾ: ਹਰਸ਼ ਵਰਧਨ ਨੇ ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਕੋਵਿਡ ਸਥਿਤੀ ਉੱਤੇ ਸਨੈਪਸ਼ਾਟ ਪੇਸ਼ ਕੀਤਾ। ਛੱਤੀਸਗੜ ਵਿੱਚ, ਮਾਰਚ 2021 ਤੋਂ ਤੇਜ਼ ਸੰਚਾਰ  ਦੇਖਿਆ ਗਿਆ ਹੈ। ਰਾਜ ਮਈ ਦੇ ਸ਼ੁਰੂ ਵਿੱਚ 30% ਦੇ ਨੇੜੇ ਦੀ ਪੋਜ਼ੀਟਿਵ ਦਰ ਵੇਖ ਰਿਹਾ ਸੀ। ਹਿਮਾਚਲ ਪ੍ਰਦੇਸ਼ ਵਿੱਚ, 35,000 ਤੋਂ ਵੱਧ ਸਰਗਰਮ ਮਾਮਲੇ ਹਨ, ਜਦ ਕਿ ਮੌਤ ਦਰ (1.44%) ਹੈ, ਜੋ ਰਾਸ਼ਟਰੀ ਔਸਤ ਦਰ ਨਾਲੋਂ ਕਿਤੇ ਵੱਧ ਹੈ। ਡਾ. ਹਰਸ਼ ਵਰਧਨ ਨੇ ਹਿਮਾਚਲ ਪ੍ਰਦੇਸ਼ ਵਿਚ ਮਾਮਲਿਆਂ ਵਿਚ ਭਾਰੀ ਵਾਧੇ ਲਈ ਖੁਸ਼ੀ, ਵਿਆਹ ਸ਼ਾਦੀਆਂ ਅਤੇ ਸੁਪਰ ਸਪਰੇਡ ਸਮਾਰੋਹਾਂ ਆਦਿ ਵਰਗੇ ਮੁੱਦਿਆਂ ਨੂੰ ਜਿੰਮੇਵਾਰ ਦਸਿਆ। ਉਨ੍ਹਾਂ ਦੱਸਿਆ ਕਿ ਗੋਆ ਵਿਚ 22,000 ਐਕਟਿਵ ਮਾਮਲਿਆਂ ਨਾਲ ਵੱਧ ਰਹੇ ਰੁਝਾਨ ਨੂੰ ਵੇਖਿਆ ਜਾ ਰਿਹਾ ਹੈ। ਦਮਨ ਅਤੇ ਦੀਯੂ ਵਿੱਚ 366 ਐਕਟਿਵ ਮਾਮਲੇ ਹਨ ਅਤੇ ਗਿਰਾਵਟ ਦਾ ਇੱਕ ਰੁਝਾਨ ਦੇਖਿਆ ਜਾ ਰਿਹਾ ਹੈ।  ਇਸੇ ਤਰ੍ਹਾਂ ਲੱਦਾਖ ਵੀ ਇਸ ਸਮੇਂ 1,500 ਐਕਟਿਵ ਮਾਮਲਿਆਂ ਵਿੱਚ ਗਿਰਾਵਟ ਦਾ ਰੁਝਾਨ ਦਰਸਾ ਰਿਹਾ ਹੈ।

ਡਾ. ਹਰਸ਼ ਵਰਧਨ ਨੇ ਦੇਸ਼ ਵਿੱਚ ਨਵੇਂ ਉੱਭਰ ਰਹੇ ਰੁਝਾਨ ਪ੍ਰਤੀ ਸਾਵਧਾਨ ਕੀਤਾ। ਉਨ੍ਹਾਂ ਇਸ ਗੱਲ ਤੇ ਚਾਨਣਾ ਪਾਇਆ ਕਿ ਹੁਣ ਛੋਟੇ ਸੂਬਿਆਂ ਵਿਚ ਉਪਰ ਵੱਲ ਦਾ ਰੁਝਾਨ ਦਿਖਾਈ ਦੇ ਰਿਹਾ ਹੈ ਅਤੇ ਬਹੁਤ ਜਿਆਦਾ ਸੁਚੇਤ ਹੋਣ ਦੀ ਸਖਤ ਲੋੜ ਹੈ। ਉਨ੍ਹਾਂ ਰਾਜਾਂ ਨੂੰ ਮਹਾਮਾਰੀ ਦੇ ਵਿਰੁੱਧ ਲੜਨ ਲਈ ਟੈਸਟਿੰਗ,  ਟ੍ਰੈਕਿੰਗ, ਟਰੇਸਿੰਗ, ਇਲਾਜ ਅਤੇ ਹੁਣ ਟੀਕਾਕਰਨ ਦੇ ਨਾਲ-ਨਾਲ ਕੋਵਿਡ ਅਨੁਕੂਲ ਵਿਵਹਾਰ ਦੇ ਮੁੱਢਲੇ ਸਿਧਾਂਤਾਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਕਿਹਾ। ਉਨ੍ਹਾਂ ਟੀਕਾਕਰਨ ਵਧਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਅਤੇ ਕੇਂਦਰ ਸਰਕਾਰ ਵੱਲੋਂ ਉਪਲਬਧ ਕਰਵਾਏ ਗਏ ਟੀਕਿਆਂ ਵਿੱਚੋਂ 70% ਟੀਕਿਆਂ ਨੂੰ ਦੂਜੀ ਖੁਰਾਕ ਲਈ ਸਮਰਪਿਤ ਕਰਨ ਦੀ ਜ਼ਰੂਰਤ ਦੁਹਰਾਈ। ਉਨ੍ਹਾਂ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵੀ ਟੀਕਾਕਰਨ ਦੀ ਬਰਬਾਦੀ ਖਿਲਾਫ ਚੌਕਸ ਰਹਿਣ ਦੀ ਬੇਨਤੀ ਕੀਤੀ।

ਰਾਜ ਮੰਤਰੀ (ਐਚਐਫਡਬਲਯੂ) ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਦੁਹਰਾਇਆ ਕਿ ਧਿਆਨ ਟੈਸਟਿੰਗ ਅਤੇ ਟੀਕਾਕਰਨ ਤੇ ਕੇਂਦਰਤ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਰਾਜਾਂ ਨੂੰ  ਮਯੂਕੋਰਮੀਕੋਸਿਸ ਲਈ ਦਵਾਈਆਂ ਦੇ ਨਾਲ ਨਾਲ ਹਸਪਤਾਲ ਵਿਚ ਦਾਖਲ ਮਰੀਜ਼ਾਂ ਲਈ ਆਕਸੀਜਨ ਉਪਲਬੱਧ ਕਰਾਉਣ ਲਈ ਪੂਰੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਕੋਵਿਡ ਵਿਰੁੱਧ ਲੜਾਈ ਵਿਚ ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਕੀਤੇ ਯਤਨਾਂ ਦੀ ਵੀ ਸ਼ਲਾਘਾ ਕੀਤੀ। 

ਇਕ ਵਿਸਥਾਰਤ ਅਤੇ ਵਿਆਪਕ ਪੇਸ਼ਕਾਰੀ ਰਾਹੀਂ, ਸ਼੍ਰੀ ਸੁਜੀਤ ਕੁਮਾਰ ਸਿੰਘ, ਡਾਇਰੈਕਟਰ ਐਨਸੀਡੀਸੀ ਨੇ ਨੌਂ (9) ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਐਕਟਿਵ ਮਾਮਲਿਆਂ, ਪੋਜ਼ੀਟਿਵਿਟੀ ਦਰ ਅਤੇ ਮੌਤ ਦਰ ਦੀ ਰੁਝਾਨ ਬਾਰੇ ਚਾਨਣਾ ਪਾਇਆ। ਉਨ੍ਹਾਂ ਛੋਟੇ ਰਾਜਾਂ ਖਾਸ ਕਰਕੇ ਹਿਮਾਚਲ ਪ੍ਰਦੇਸ਼ ਵਿੱਚ ਵੱਧ ਰਹੇ ਮਾਮਲਿਆਂ ਖ਼ਿਲਾਫ਼ ਚੇਤਾਵਨੀ ਦਿੱਤੀ। ਉਨ੍ਹਾਂ ਸੰਭਾਵਤ ਹੌਟਸਪੌਟਸ 'ਤੇ ਨਿਗਰਾਨੀ, ਟੈਸਟਿੰਗ ਵਧਾਉਣ ਦੀ ਲੋੜ' ਤੇ ਧਿਆਨ ਕੇਂਦਰਤ ਕਰਨ ਤੇ ਜ਼ੋਰ ਦਿੱਤਾ। 

ਮਿਸ ਵੰਦਨਾ ਗੁਰਨਾਨੀ, ਵਧੀਕ ਸੈਕਟਰੀ (ਸਿਹਤ) ਨੇ ਇਨ੍ਹਾਂ 9 ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਟੀਕਾਕਰਨ ਦੀ ਪ੍ਰਗਤੀ ਦੀ ਪੇਸ਼ਕਾਰੀ ਕੀਤੀ। ਚੰਡੀਗੜ੍ਹ (29%), ਪੁਡੂਚੇਰੀ (25%), ਦਾਦਰਾ ਅਤੇ ਨਗਰ ਹਵੇਲੀ (24%)  ਨਾਲ 45 ਸਾਲ ਅਤੇ ਇਸਤੋਂ ਉਪਰ ਦੀ ਉਮਰ ਸਮੂਹ ਦੇ ਵਿਅਕਤੀਆਂ ਮਾਮਲੇ ਵਿੱਚ ਰਾਸ਼ਟਰੀ ਔਸਤ (35%) ਤੋਂ ਪਛੜ ਗਏ ਹਨ ਜਦਕਿ ਚੰਡੀਗੜ੍ਹ, ਲਕਸ਼ਦੀਪ, ਜੰਮੂ-ਕਸ਼ਮੀਰ, ਏ ਅਤੇ ਐਨ ਟਾਪੂਆਂ ਵਰਗੇ ਕੇਂਦਰ ਸ਼ਾਸਤ ਪ੍ਰਦੇਸ਼ ਆਪਣੇ ਹੈਲਥਕੇਅਰ ਅਤੇ ਫਰੰਟਲਾਈਨ ਕਰਮਚਾਰੀਆਂ ਦੀ ਕਵਰੇਜ ਦੇ ਮਾਮਲੇ ਵਿੱਚ ਬਹੁਤ ਪਿੱਛੇ ਹਨ। 

ਕੋਵਿਡ-19 ਦੀ ਰੋਕਥਾਮ ਲਈ ਉਨ੍ਹਾਂ ਦੀ ਤਿਆਰੀ ਵਧਾਉਣ ਲਈ ਦਿੱਤੀ ਸਲਾਹ ਦਾ ਨੋਟਿਸ ਲੈਂਦਿਆਂ ਰਾਜ ਦੇ ਸਿਹਤ ਅਧਿਕਾਰੀਆਂ ਨੇ ਕੇਂਦਰ ਸਰਕਾਰ ਤੋਂ ਉਨ੍ਹਾਂ ਨੂੰ ਪ੍ਰਾਪਤ ਹੋ ਰਹੀ ਸਹਾਇਤਾ ਲਈ ਧੰਨਵਾਦ ਕੀਤਾ। ਡਾ. ਹਰਸ਼ ਵਰਧਨ ਨੇ ਰਾਜਾਂ ਨੂੰ ਆਪਣੀ ਟੀਕਾ ਮੁਹਿੰਮ ਵਧਾਉਣ ਲਈ ਕੇਂਦਰ ਵੱਲੋਂ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ।

ਮਿਸ ਵੰਦਨਾ ਗੁਰਨਾਨੀ, ਵਧੀਕ ਸਕੱਤਰ ਅਤੇ ਮਿਸ਼ਨ ਡਾਇਰੈਕਟਰ, ਐਨਐਚਐਮ, ਸ਼੍ਰੀ ਲਵ ਅਗਰਵਾਲ, ਸੰਯੁਕਤ ਸਕੱਤਰ (ਸਿਹਤ), ਡਾ. ਸੁਜੀਤ ਕੇ ਸਿੰਘ, ਡਾਇਰੈਕਟਰ, ਐਨਸੀਡੀਸੀ ਅਤੇ ਹੋਰ ਸੀਨੀਅਰ ਸਿਹਤ ਅਧਿਕਾਰੀ ਇਸ ਮੀਟਿੰਗ ਵਿੱਚ ਮੌਜੂਦ ਸਨ।

----------------------------------- 

ਐਮ ਵੀ 



(Release ID: 1720778) Visitor Counter : 213