ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਚੱਕਰਵਾਤੀ ਤੁਫਾਨ ‘ਤੌਕਤੇ’ ਬਾਰੇ ਤਿਆਰੀਆਂ ਦੀ ਸਮੀਖਿਆ ਕਰਨ ਲਈ ਉੱਚ–ਪੱਧਰੀ ਬੈਠਕ ਕੀਤੀ


ਪ੍ਰਧਾਨ ਮੰਤਰੀ ਨੇ ਸੀਨੀਅਰ ਅਧਿਕਾਰੀਆਂ ਨੂੰ ਇਹ ਸੁਨਿਸ਼ਚਿਤ ਕਰਨ ਲਈ ਹਰ ਸੰਭਵ ਉਪਾਅ ਕਰਨ ਦੀ ਹਦਾਇਤ ਕੀਤੀ ਕਿ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਸਥਾਨਾਂ ’ਤੇ ਪਹੁੰਚਾਇਆ ਜਾਵੇ

ਬਿਜਲੀ, ਦੂਰਸੰਚਾਰ, ਸਿਹਤ, ਪੀਣ ਵਾਲਾ ਪਾਣੀ ਜਿਹੀਆਂ ਸਾਰੀਆਂ ਜ਼ਰੂਰੀ ਸੇਵਾਵਾਂ ਦਾ ਰੱਖ–ਰਖਾਅ ਯਕੀਨੀ ਬਣਾਇਆ ਜਾਵੇ: ਪ੍ਰਧਾਨ ਮੰਤਰੀ

ਚੱਕਰਵਾਤੀ ਤੁਫਾਨ ਕਾਰਨ ਅਸੁਰੱਖਿਅਤ ਬਣੇ ਸਥਾਨਾਂ ’ਤੇ ਹਸਪਤਾਲਾਂ ਵਿੱਚ ਕੋਵਿਡ ਪ੍ਰਬੰਧਨ, ਵੈਕਸੀਨ ਕੋਲਡ ਚੇਨ ਤੇ ਬਿਜਲੀ ਦਾ ਬੈਕ ਅੱਪ ਅਤੇ ਜ਼ਰੂਰੀ ਦਵਾਈਆਂ ਦੀ ਸਟੋਰੇਜ ਦੀਆਂ ਖ਼ਾਸ ਤਿਆਰੀਆਂ ਕਰਨ ਦੀ ਲੋੜ: ਪ੍ਰਧਾਨ ਮੰਤਰੀ

Posted On: 15 MAY 2021 6:51PM by PIB Chandigarh

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਚੱਕਰਵਾਤੀ ਤੁਫਾਨ ‘ਤੌਕਤੇ’ ਕਾਰਨ ਪੈਦਾ ਹੋਈ ਸਥਿਤੀ ਨਾਲ ਨਿਪਟਣ ਲਈ ਰਾਜਾਂ ਤੇ ਕੇਂਦਰ ਸਰਕਾਰ ਦੇ ਮੰਤਰਾਲਿਆਂ/ਏਜੰਸੀਆਂ ਦੀ ਸਮੀਖਿਆ ਲਈ ਇੱਕ ਉੱਚ–ਪੱਧਰੀ ਬੈਠਕ ਕੀਤੀ।

 

ਭਾਰਤੀ ਮੌਸਮ ਵਿਭਾਗ (IMD) ਨੇ ਸੂਚਿਤ ਕੀਤਾ ਕਿ ਚੱਕਰਵਾਤੀ ਤੁਫਾਨ ‘ਤੌਕਤੇ’ ਦੇ 18 ਮਈ ਨੂੰ ਬਾਅਦ ਦੁਪਹਿਰ / ਸ਼ਾਮੀਂ ਪੋਰਬੰਦਰ ਤੇ ਨਲੀਆ ਵਿਚਾਲੇ ਗੁਜਰਾਤ ਦੇ ਸਮੁੰਦਰੀ ਕੰਢੇ ਨੂੰ ਛੋਹਣ ਦੀ ਸੰਭਾਵਨਾ ਹੈ ਤੇ ਜਿਸ ਦੌਰਾਨ ਹਵਾ ਦੀ ਰਫ਼ਤਾਰ 175 ਕਿਲੋਮੀਟਰ ਪ੍ਰਤੀ ਘੰਟਾ ਰਹਿ ਸਕਦੀ ਹੈ। ਜੂਨਾਗੜ੍ਹ ਤੇ ਗੀਰ ਸੋਮਨਾਥ ’ਚ ਬਹਤ ਜ਼ਿਆਦਾ ਮੀਂਹ ਦੇ ਨਾਲ–ਨਾਲ ਗੀਰ ਸੋਮਨਾਥ, ਦੀਊ, ਜੂਨਾਗੜ੍ਹ, ਪੋਰਬੰਦਰ, ਦੇਵਭੂਮੀ ਦਵਾਰਕਾ, ਅਮਰੇਲੀ, ਰਾਜਕੋਟ, ਜਾਮਨਗਰ ਜਿਹੇ ਸੌਰਾਸ਼ਟਰ ਕੱਛ ਤੇ ਦੀਊ ਜ਼ਿਲ੍ਹਿਆਂ ਦੀਆਂ ਕੁਝ ਥਾਵਾਂ ’ਤੇ ਭਾਰੀ ਤੋਂ ਬਹੁਤ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਨੇ ਤੁਫਾਨ ਦੇ ਆਉਣ ਸਮੇਂ 18 ਮਈ ਬਾਅਦ ਦੁਪਹਿਰ / ਸ਼ਾਮ ਦੌਰਾਨ 2 – 3 ਮੀਟਰ ਤੱਕ ਖਗੋਲੀ ਜਵਾਰਭਾਟੇ ਦੀਆਂ ਲਹਿਰਾਂ ਉੱਠਣ ਤੇ ਤੁਫਾਨ ਆਉਣ ਦੀ ਚੇਤਾਵਨੀ ਵੀ ਦਿੱਤੀ ਹੈ; ਜਿਸ ਕਾਰਨ ਮੋਰਬੀ, ਕੱਛ, ਦੇਵਭੂਮੀ ਦਵਾਰਕਾ ਤੇ ਜਾਮਨਗਰ ਜ਼ਿਲ੍ਹਿਆਂ ਦੇ ਤਟੀ ਇਲਾਕਿਆਂ ’ਚ ਪਾਣੀ ਭਰ ਸਕਦਾ ਹੈ ਅਤੇ ਪੋਰਬੰਦਰ, ਜੂਨਾਗੜ੍ਹ, ਦੀਊ, ਗੀਰ ਸੋਮਨਾਥ, ਅਮਰੇਲੀ, ਭਾਵਨਗਰ ’ਚ 1–2 ਮੀਟਰ ਉੱਚੀਆਂ ਅਜਿਹੀਆਂ ਲਹਿਰਾਂ ਉੱਠ ਸਕਦੀਆਂ ਹਨ ਅਤੇ ਗੁਜਰਾਤ ਦੇ ਬਾਕੀ ਦੇ ਤਟੀ ਜ਼ਿਲ੍ਹਿਆਂ ’ਚ 0.5 ਤੋਂ 1 ਮੀਟਰ ਤੱਕ ਉੱਚੀਆਂ ਲਹਿਰਾਂ ਉੱਠ ਸਕਦੀਆਂ ਹਨ। ਭਾਰਤੀ ਮੌਸਮ ਵਿਭਾਗ (IMD) 13 ਮਈ ਤੋਂ ਹਰ ਤਿੰਨ–ਤਿੰਨ ਘੰਟਿਆਂ ਬਾਅਦ ਸਾਰੇ ਸਬੰਧਿਤ ਰਾਜਾਂ ਲਈ ਤਾਜ਼ਾ ਪੂਰਵ–ਅਨੁਮਾਨ ਨਾਲ ਸਬੰਧਿਤ ਬੁਲੇਟਿਨ ਜਾਰੀ ਕਰ ਰਿਹਾ ਹੈ।


 
ਇਹ ਵਿਚਾਰ–ਚਰਚਾ ਕੀਤੀ ਗਈ ਕਿ ਕੈਬਨਿਟ ਸਕੱਤਰ ਸਾਰੇ ਸਬੰਧਿਤ ਤਟੀ ਰਾਜਾਂ ਦੇ ਮੁੱਖ ਸਕੱਤਰਾਂ ਤੇ ਕੇਂਦਰੀ ਮੰਤਰਾਲਿਆਂ / ਏਜੰਸੀਆਂ ਨਾਲ ਸੰਪਰਕ ’ਚ ਰਹਿਣਗੇ।

 

ਗ੍ਰਹਿ ਮੰਤਰਾਲਾ 24*7 ਸਥਿਤੀ ਦਾ ਜਾਇਜ਼ਾ ਲੈ ਰਿਹਾ ਹੈ ਅਤੇ ਸਬੰਧਿਤ ਰਾਜ ਸਰਕਾਰਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਕੇਂਦਰੀ ਏਜੰਸੀਆਂ ਦੇ ਸੰਪਰਕ ਵਿੱਚ ਹੈ। ਗ੍ਰਹਿ ਮੰਤਰਾਲਾ ਪਹਿਲਾਂ ਹੀ ਸਾਰੇ ਰਾਜਾਂ ਨੂੰ ਪਹਿਲਾਂ ਹੀ ਐੱਸਡੀਆਰਐੱਫ (SDRF) ਦੀ ਪਹਿਲੀ ਕਿਸ਼ਤ ਜਾਰੀ ਕਰ ਚੁੱਕਾ ਹੈ। ਐੱਨਡੀਆਰਐੱਫ (NDRF) ਨੇ ਛੇ ਰਾਜਾਂ ਵਿੱਚ ਕਿਸ਼ਤੀਆਂ, ਰੁੱਖ ਵੱਢਣ ਵਾਲੀਆਂ ਮਸ਼ੀਨਾਂ, ਦੂਰਸੰਚਾਰ ਉਪਕਰਣਾਂ ਆਦਿ ਨਾਲ ਲੈਸ 42 ਟੀਮਾਂ ਪਹਿਲਾਂ ਹੀ ਤੈਨਾਤ ਕਰ ਦੱਤੀਆਂ ਹਨ ਤੇ 26 ਟੀਮਾਂ ਨੂੰ ਹਰ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ–ਬਰ–ਤਿਆਰ ਰਹਿਣ ਲਈ ਆਖਿਆ ਗਿਆ ਹੈ।

 

ਭਾਰਤੀ ਤਟ–ਰੱਖਿਅਕ ਤੇ ਸਮੁੰਦਰੀ ਫ਼ੌਜ ਨੇ ਰਾਹਤ, ਖੋਜ ਤੇ ਬਚਾਅ ਕਾਰਜਾਂ ਲਈ ਸਮੁੰਦਰੀ ਬੇੜੇ ਤੇ ਹੈਲੀਕੌਪਟਰ ਤੈਨਾਤ ਕਰ ਦਿੱਤੇ ਹਨ। ਹਵਾਈ ਫ਼ੌਜ ਤੇ ਥਲ ਸੈਨਾ ਦੀਆਂ ਇੰਜੀਨੀਅਰ ਟਾਸਕ ਫ਼ੋਰਸ ਦੀਆਂ ਇਕਾਈਆਂ ਵੀ ਕਿਸ਼ਤੀਆਂ ਤੇ ਰਾਹਤ ਉਪਕਰਣਾਂ ਸਮੇਤ ਤੈਨਾਤੀ ਲਈ ਪੂਰੀ ਤਰ੍ਹਾਂ ਤਿਆਰ ਹਨ। ਮਨੁੱਖੀ ਸਹਾਇਤਾ ਤੇ ਆਪਦਾ ਰਾਹਤ ਇਕਾਈਆਂ ਨਾਲ ਲੈਸ ਸੱਤ ਸਮੁੰਦਰੀ ਬੇੜੇ ਪੱਛਮੀ ਤਟ ਉੱਤੇ ਪੂਰੀ ਤਰ੍ਹਾਂ ਤਿਆਰ ਖੜ੍ਹੇ ਹਨ। ਚੌਕਸੀ ਲਈ ਹਵਾਈ ਜਹਾਜ਼ ਤੇ ਹੈਲੀਕੌਪਟਰ ਪੱਛਮੀ ਤਟ ਦੇ ਨਾਲ ਲਗਾਤਾਰ ਚੌਕਸੀ ਰੱਖ ਰਹੇ ਹਨ। ਆਪਦਾ ਦੌਰਾਨ ਰਾਹਤ ਪਹੁੰਚਾਉਣ ਵਾਲੀਆਂ ਟੀਮਾਂ (DRTs) ਅਤੇ ਮੈਡੀਕਲ ਟੀਮਾਂ (MTs) ਤ੍ਰਿਵੇਂਦਰਮ, ਕੰਨੂਰ ਤੇ ਪੱਛਮੀ ਕੰਢੇ ਦੇ ਹੋਰ ਸਥਾਨਾਂ ਉੱਤੇ ਤਿਆਰ ਹਨ।

 

ਬਿਜਲੀ ਮੰਤਰਾਲੇ ਨੇ ਐਮਰਜੈਂਸੀ ਰਿਸਪਾਂਸ ਸਿਸਟਮਸ ਐਕਟੀਵੇਟ ਕੀਤੇ ਹਨ ਤੇ ਟ੍ਰਾਂਸਫ਼ਾਰਮਰਸ, ਡੀਜ਼ਲ ਜੈਨਰੇਟਰ ਸੈੱਟਸ ਤੇ ਉਪਕਰਣ ਤਿਆਰ ਰੱਖੇ ਜਾ ਰਹੇ ਹਨ, ਤਾਂ ਬਿਜਲੀ ਦੀ ਸਪਲਾਈ ਤੁਰੰਤ ਬਹਾਲ ਕੀਤੀ ਜਾ ਸਕੇ। ਦੂਰਸੰਚਾਰ ਮੰਤਰਾਲਾ ਸਾਰੇ ਟੈਲੀਕੌਮ ਟਾਵਰ ਤੇ ਐਕਸਚੇਂਜਸ ਉੱਤੇ ਨਿਰੰਤਰ ਨਜ਼ਰ ਰੱਖ ਰਿਹਾ ਹੈ ਤੇ ਟੈਲੀਕੌਮ ਨੈੱਟਵਰਕ ਵਿੱਚ ਕਿਸੇ ਤਰ੍ਹਾਂ ਦੀ ਵੀ ਖ਼ਰਾਬੀ ਆਉਣ ਦੀ ਹਾਲਤ ਵਿੱਚ ਉਸ ਦੀ ਬਹਾਲੀ ਲਈ ਪੂਰੀ ਤਰ੍ਹਾਂ ਤਿਆਰ ਹਨ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਪ੍ਰਭਾਵਿਤ ਹੋ ਸਕਣ ਵਾਲੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਿਹਤ ਖੇਤਰ ਦੀਆਂ ਪੂਰੀਆਂ ਤਿਆਰੀਆਂ ਰੱਖਣ ਅਤੇ ਪ੍ਰਭਾਵਿਤ ਇਲਾਕਿਆਂ ’ਚ ਕੋਵਿਡ ਮਾਮਲਿਆਂ ’ਚ ਕਾਰਵਾਈ ਕਰਨ ਲਈ ਸਲਾਹ (ਅਡਵਾਈਜ਼ਰੀ) ਜਾਰੀ ਕੀਤੀ ਹੈ। ਉਨ੍ਹਾਂ ਨੇ ਤੁਰੰਤ ਕਾਰਵਾਈ ਪਾਉਣ ਵਾਲੀਆਂ 10 ਮੈਡੀਕਲ ਟੀਮਾਂ ਅਤੇ 5 ਜਨ–ਸਿਹਤ ਰਿਸਪਾਂਸ ਟੀਮਾਂ ਵੀ ਐਮਰਜੈਂਸੀ ਦਵਾਈਆਂ ਸਮੇਤ ਤਿਆਰ ਰੱਖੀਆਂ ਹਨ। ਬੰਦਰਗਾਹ, ਜਹਾਜ਼ਰਾਨੀ ਤੇ ਜਲ–ਮਾਰਗਾਂ ਬਾਰੇ ਮੰਤਰਾਲੇ ਨੇ ਸਾਰੇ ਸਮੁੰਦਰੀ ਬੇੜਿਆਂ ਨੂੰ ਸੁਰੱਖਿਅਤ ਰੱਖਣ ਲਈ ਕਦਮ ਚੁੱਕੇ ਹਨ ਅਤੇ ਐਮਰਜੈਂਸੀ ਬੇੜੇ (ਟੱਗਸ- Tugs) ਤੈਨਾਤ ਕੀਤੇ ਹਨ।

 

ਐੱਨਡੀਆਰਐੱਫ (NDRF) ਅਸੁਰੱਖਿਅਤ ਸਥਾਨਾਂ ਤੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਤਿਆਰੀਆਂ ਕਰਨ ਵਿੱਚ ਰਾਜਾਂ ਦੀਆਂ ਏਜੰਸੀਆਂ ਦੀ ਮਦਦ ਕਰ ਰਿਹਾ ਹੈ ਅਤੇ ਚੱਕਰਵਾਤੀ ਤੁਫਾਨ ਨਾਲ ਨਿਪਟਣ ਦੇ ਢੰਗ–ਤਰੀਕਿਆਂ ਬਾਰੇ ਆਮ ਲੋਕਾਂ ’ਚ ਜਾਗਰੂਕਤਾ ਪੈਦਾ ਕਰਨ ਲਈ ਲਗਾਤਾਰ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ।

 

ਸਮੀਖਿਆ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸੀਨੀਅਰ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਚੁੱਕਣ ਦੀ ਹਦਾਇਤ ਜਾਰੀ ਕੀਤੀ ਕਿ ਰਾਜ ਸਰਕਾਰਾਂ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਟਿਕਾਣਿਆਂ ਤੱਕ ਪਹੁੰਚਾ ਸਕਣ ਅਤੇ ਬਿਜਲੀ, ਦੂਰਸੰਚਾਰ, ਸਿਹਤ, ਪੀਣ ਵਾਲਾ ਪਾਣੀ ਆਦਿ ਜਿਹੀਆਂ ਸਾਰੀਆਂ ਜ਼ਰੂਰੀ ਸੇਵਾਵਾਂ ਨੂੰ ਬਰਕਰਾਰ ਰੱਖਣਾ ਯਕੀਨੀ ਬਣਾ ਸਕਣ ਤੇ ਇਨ੍ਹਾਂ ਨੂੰ ਕੋਈ ਨੁਕਸਾਨ ਪੁੱਜਣ ਦੀ ਹਾਲਤ ਵਿੱਚ ਉਨ੍ਹਾਂ ਨੂੰ ਤੁਰੰਤ ਬਹਾਲ ਕਰ ਸਕਣ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਇਹ ਹਦਾਇਤ ਵੀ ਜਾਰੀ ਕੀਤੀ ਕਿ ਉਹ ਹਸਪਤਾਲਾਂ ਵਿੱਚ ਕੋਵਿਡ ਨਾਲ ਸਬੰਧਿਤ ਇੰਤਜ਼ਾਮ, ਵੈਕਸੀਨ ਕੋਲਡ ਚੇਨ ਤੇ ਹੋਰ ਮੈਡੀਕਲ ਸਹੂਲਤਾਂ, ਬਿਜਲੀ ਦੀ ਬੈਕ ਅੱਪ ਅਤੇ ਜ਼ਰੂਰੀ ਦਵਾਈਆਂ ਦੀ ਸਟੋਰੇਜ ਅਤੇ ਆਕਸੀਜਨ ਦੇ ਟੈਂਕਰਾਂ ਦੀ ਬੇਰੋਕ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਤਿਆਰੀਆਂ ਕਰਨ। ਉਨ੍ਹਾਂ ਕੰਟਰੋਲ ਰੂਮਸ ਨੂੰ 24*7 ਚਲਦਾ ਰੱਖਣ ਦੀ ਵੀ ਹਦਾਇਤ ਕੀਤੀ।  ਉਨ੍ਹਾਂ ਇਹ ਵੀ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਖ਼ਾਸ ਧਿਆਨ ਰੱਖਣ ਦੀ ਜ਼ਰੂਰਤ ਹੈ ਕਿ ਜਾਮਨਗਰ ਤੋਂ ਆਕਸੀਜਨ ਦੀ ਸਪਲਾਈ ਵਿੱਚ ਕਿਸੇ ਤਰ੍ਹਾਂ ਦਾ ਕੋਈ ਥੋੜ੍ਹਾ ਜਿੰਨਾ ਵੀ ਅੜਿੱਕਾ ਨਾ ਪਵੇ। ਉਨ੍ਹਾਂ ਸਮੇਂ–ਸਿਰ ਸੰਵੇਦਨਸ਼ੀਲਤਾ ਤੇ ਰਾਹਤ ਕਦਮਾਂ ਲਈ ਸਥਾਨਕ ਨਿਵਾਸੀਆਂ ਨੂੰ ਵੀ ਸ਼ਾਮਲ ਕਰਨ ਦੀ ਗੱਲ ਕੀਤੀ।

 

ਇਸ ਬੈਠਕ ਵਿੱਚ ਗ੍ਰਹਿ ਮੰਤਰੀ, ਗ੍ਰਹਿ ਰਾਜ ਮੰਤਰੀ, ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ, ਕੈਬਨਿਟ ਸਕੱਤਰ, ਗ੍ਰਹਿ, ਸ਼ਹਿਰੀ ਹਵਾਬਾਜ਼ੀ, ਬਿਜਲੀ, ਦੂਰਸੰਚਾਰ, ਜਹਾਜ਼ਰਾਨੀ, ਮੱਛੀ–ਪਾਲਣ ਮੰਤਰਾਲਿਆਂ / ਵਿਭਾਗਾਂ ਦੇ ਸਕੱਤਰਾਂ, ਐੱਨਡੀਐੱਮਏ ਦੇ ਮੈਂਬਰ ਅਤੇ ਮੈਂਬਰ ਸਕੱਤਰ, ਚੇਅਰਮੈਨ, ਰੇਲਵੇ ਬੋਰਡ, ਐੱਨਡੀਆਰਐੱਫ਼ ਅਤੇ ਆਈਐੱਮਡੀ ਦੇ ਡਾਇਰੈਕਟਰ ਜਨਰਲਸ ਤੇ ਪ੍ਰਧਾਨ ਮੰਤਰੀ ਦਫ਼ਤਰ, ਗ੍ਰਹਿ ਮੰਤਰਾਲੇ ਅਤੇ ਭਾਰਤੀ ਮੌਸਮ ਵਿਭਾਗ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

 

*****

 

ਡੀਐੱਸ/ਏਕੇਜੇ


(Release ID: 1718970) Visitor Counter : 255