ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ-ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ) ਸਕੀਮ ਦੇ ਤਹਿਤ ਵਿੱਤੀ ਲਾਭ ਦੀ 8ਵੀਂ ਕਿਸ਼ਤ ਜਾਰੀ ਕੀਤੀ

ਪਹਿਲੀ ਵਾਰ, ਪੱਛਮ ਬੰਗਾਲ ਦੇ ਕਿਸਾਨਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾਨਿਊਨਤਮ ਸਮਰਥਨ ਮੁੱਲ (ਐੱਮਐੱਸਪੀ) ’ਤੇ ਕਣਕ ਦੀ ਖਰੀਦ ਨੇ ਇਸ ਸਾਲ ਨਵੇਂ ਰਿਕਾਰਡ ਸਥਾਪਿਤ ਕੀਤੇ ਹਨਸਰਕਾਰ ਆਪਣੀ ਪੂਰੀ ਤਾਕਤ ਨਾਲ ਕੋਵਿਡ-19 ਦੇ ਖ਼ਿਲਾਫ਼ ਲੜਾਈ ਲੜ ਰਹੀ ਹੈ

Posted On: 14 MAY 2021 2:23PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਪ੍ਰਧਾਨ ਮੰਤਰੀ-ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ) ਸਕੀਮ ਦੇ ਤਹਿਤ 9,50,67,601 ਲਾਭਾਰਥੀ ਕਿਸਾਨਾਂ ਨੂੰ 2,06,67,75,66,000 ਰੁਪਏ ਦੇ ਵਿੱਤੀ ਲਾਭ ਦੀ 8ਵੀਂ ਕਿਸ਼ਤ ਜਾਰੀ ਕੀਤੀ। ਇਸ ਆਯੋਜਨ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਕਿਸਾਨ ਲਾਭਾਰਥੀਆਂ ਨਾਲ ਗੱਲਬਾਤ ਵੀ ਕੀਤੀ। ਇਸ ਮੌਕੇ ਕੇਂਦਰੀ ਖੇਤੀਬਾੜੀ ਮੰਤਰੀ ਵੀ ਮੌਜੂਦ ਸਨ।

 

ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ) ਸਕੀਮ ਦੇ ਲਾਭਾਰਥੀਆਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਉਨਾਓ ਵਿੱਚ ਰਹਿਣ ਵਾਲੇ ਅਰਵਿੰਦ ਦੀ, ਆਪਣੇ ਖੇਤਰ ਦੇ ਯੁਵਾ ਕਿਸਾਨਾਂ ਨੂੰ ਜੈਵਿਕ ਖੇਤੀ ਅਤੇ ਨਵੀਂਆਂ ਖੇਤੀ ਤਕਨੀਕਾਂ ਬਾਰੇ ਸਿਖਲਾਈ ਦੇਣ ਲਈ ਸ਼ਲਾਘਾ ਕੀਤੀ। ਉਨ੍ਹਾਂ ਨੇ ਅੰਡੇਮਾਨ ਅਤੇ ਨਿਕੋਬਾਰ ਆਈਲੈਂਡਸ ਦੇ ਕਾਰ ਨਿਕੋਬਾਰ ਵਿੱਚ ਰਹਿਣ ਵਾਲੇ ਪੈਟਰਿਕ ਦੀ ਵੱਡੇ ਪੱਧਰ ਤੇ ਜੈਵਿਕ ਖੇਤੀ ਕਰਨ ਲਈ ਪ੍ਰਸ਼ੰਸਾ ਕੀਤੀ। ਉਨ੍ਹਾਂ ਆਂਧਰ ਪ੍ਰਦੇਸ਼ ਦੇ ਅਨੰਤਪੁਰ ਵਿੱਚ ਰਹਿਣ ਵਾਲੀ ਐੱਨ ਵੀਨੁਰਾਮਾ ਦੁਆਰਾ ਆਪਣੇ ਖੇਤਰ ਦੇ 170 ਤੋਂ ਵੱਧ ਕਬਾਇਲੀ ਕਿਸਾਨਾਂ ਦਾ ਮਾਰਗ ਦਰਸ਼ਨ ਕਰਨ ਲਈ ਕੀਤੇ ਗਏ ਪ੍ਰਯਤਨਾਂ ਲਈ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਮੇਘਾਲਿਆ ਦੇ ਪਹਾੜੀ ਇਲਾਕਿਆਂ ਵਿੱਚ ਸੁੰਢ, ਹਲਦੀ, ਦਾਲਚੀਨੀ ਆਦਿ ਮਸਾਲਿਆਂ ਦੀ ਪੈਦਾਵਾਰ ਕਰਨ ਲਈ ਮੇਘਾਲਿਆ ਦੇ ਰੈਵੀਸਟਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਜੰਮੂ ਤੇ ਕਸ਼ਮੀਰ ਦੇ ਸ੍ਰੀਨਗਰ ਵਿਖੇ ਰਹਿਣ ਵਾਲੇ ਖੁਰਸ਼ੀਦ ਅਹਿਮਦ ਨਾਲ ਵੀ ਗੱਲਬਾਤ ਕੀਤੀ ਜੋ ਕਿ ਸਿਮਲਾ ਮਿਰਚ, ਹਰੀ ਮਿਰਚ ਅਤੇ ਖੀਰੇ ਆਦਿ ਦੀ ਜੈਵਿਕ ਖੇਤੀ ਕਰਦੇ ਹਨ।

 

ਇਸ ਮੌਕੇ ਤੇ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੱਛਮ ਬੰਗਾਲ ਦੇ ਕਿਸਾਨਾਂ ਨੂੰ ਪਹਿਲੀ ਵਾਰ ਇਸ ਯੋਜਨਾ ਦਾ ਲਾਭ ਮਿਲੇਗਾ। ਉਨ੍ਹਾਂ ਇਸ ਮਹਾਮਾਰੀ ਦੌਰਾਨ ਮੁਸ਼ਕਿਲਾਂ ਦੇ ਬਾਵਜੂਦ ਅਨਾਜਾਂ ਅਤੇ ਸਬਜ਼ੀਆਂ ਦੀ ਰਿਕਾਰਡ ਪੈਦਾਵਾਰ ਕਰਨ ਵਾਲੇ ਕਿਸਾਨਾਂ ਦੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਹਰ ਸਾਲ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ) ਤੇ ਖਰੀਦ ਦੇ ਨਵੇਂ ਰਿਕਾਰਡ ਸਥਾਪਿਤ ਕਰ ਰਹੀ ਹੈ। ਪਹਿਲਾਂ ਐੱਮਐੱਸਪੀ ਤੇ ਝੋਨੇ ਦੀ ਖਰੀਦ ਨੇ ਨਵਾਂ ਰਿਕਾਰਡ ਕਾਇਮ ਕੀਤਾ ਸੀ ਅਤੇ ਹੁਣ ਐੱਮਐੱਸਪੀ ਤੇ ਕਣਕ ਦੀ ਖਰੀਦ ਵੀ ਨਵੇਂ ਰਿਕਾਰਡ ਕਾਇਮ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਹੁਣ ਤੱਕ ਐੱਮਐੱਸਪੀ ਤੇ ਲਗਭਗ 10 ਪ੍ਰਤੀਸ਼ਤ ਵਧੇਰੇ ਕਣਕ ਦੀ ਖਰੀਦ ਕੀਤੀ ਗਈ ਹੈ। ਹੁਣ ਤੱਕ, ਕਣਕ ਦੀ ਖਰੀਦ ਲਈ ਲਗਭਗ 58,000 ਕਰੋੜ ਰੁਪਏ ਸਿੱਧੇ ਤੌਰ 'ਤੇ ਕਿਸਾਨਾਂ ਦੇ ਖਾਤੇ ਵਿੱਚ ਪਹੁੰਚ ਗਏ ਹਨ।

 

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਸਰਕਾਰ ਖੇਤੀ ਲਈ ਨਵੇਂ ਸਮਾਧਾਨ ਅਤੇ ਨਵੇਂ ਵਿਕਲਪ ਮੁਹੱਈਆ ਕਰਵਾਉਣ ਲਈ ਨਿਰੰਤਰ ਪ੍ਰਯਤਨ ਕਰ ਰਹੀ ਹੈ। ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨਾ ਵੀ ਅਜਿਹੇ ਪ੍ਰਯਤਨਾਂ ਵਿੱਚੋਂ ਇੱਕ ਹੈ। ਜੈਵਿਕ ਖੇਤੀ ਵਧੇਰੇ ਮੁਨਾਫਾ ਦਿੰਦੀ ਹੈ ਅਤੇ ਹੁਣ ਯੁਵਾ ਕਿਸਾਨਾਂ ਦੁਆਰਾ ਦੇਸ਼ ਭਰ ਵਿੱਚ ਇਸ ਨੂੰ ਅਪਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਗੰਗਾ ਦੇ ਦੋਹਾਂ ਕਿਨਾਰਿਆਂ ਦੇ ਲਗਭਗ 5 ਕਿਲੋਮੀਟਰ ਦੇ ਘੇਰੇ ਵਿੱਚ ਜੈਵਿਕ ਖੇਤੀ ਕੀਤੀ ਜਾ ਰਹੀ ਹੈ, ਤਾਂ ਜੋ ਗੰਗਾ ਸਾਫ਼ ਰਹੇ।

 

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਕੋਵਿਡ-19 ਮਹਾਮਾਰੀ ਦੇ ਦੌਰਾਨ, ਕਿਸਾਨ ਕ੍ਰੈਡਿਟ ਕਾਰਡ ਦੀ ਆਖਰੀ ਤਰੀਕ ਵਧਾ ਦਿੱਤੀ ਗਈ ਹੈ ਅਤੇ ਕਿਸ਼ਤਾਂ ਨੂੰ ਹੁਣ 30 ਜੂਨ ਤੱਕ ਰੀਨਿਊ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਵਿੱਚ 2 ਕਰੋੜ ਤੋਂ ਵੱਧ ਕਿਸਾਨ ਕ੍ਰੈਡਿਟ ਕਾਰਡ ਜਾਰੀ ਕੀਤੇ ਗਏ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਦੀ ਵਿੱਚ ਇੱਕ ਵਾਰ ਆਉਣ ਵਾਲੀ ਇਹ ਮਹਾਮਾਰੀ ਵਿਸ਼ਵ ਨੂੰ ਚੁਣੌਤੀ ਦੇ ਰਹੀ ਹੈ, ਕਿਉਂਕਿ ਸਾਡੇ ਸਾਹਮਣੇ ਇਹ ਇੱਕ ਅਦ੍ਰਿਸ਼ ਦੁਸ਼ਮਣ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੋਵਿਡ-19 ਦੇ ਖ਼ਿਲਾਫ਼ ਆਪਣੀ ਪੂਰੀ ਤਾਕਤ ਨਾਲ ਲੜ ਰਹੀ ਹੈ ਅਤੇ ਇਹ ਸੁਨਿਸ਼ਚਿਤ ਕਰ ਰਹੀ ਹੈ ਕਿ ਹਰੇਕ ਸਰਕਾਰੀ ਵਿਭਾਗ ਰਾਸ਼ਟਰ ਦੀ ਪੀੜ ਨੂੰ ਘੱਟ ਕਰਨ ਲਈ ਦਿਨ ਰਾਤ ਕੰਮ ਕਰੇ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਸਾਰੀਆਂ ਰਾਜ ਸਰਕਾਰਾਂ ਮਿਲ ਕੇ ਨਿਰੰਤਰ ਯਤਨ ਕਰ ਰਹੀਆਂ ਹਨ ਕਿ ਜਿੰਨੀ ਜਲਦੀ ਹੋ ਸਕੇ ਵੱਧ ਤੋਂ ਵੱਧ ਦੇਸ਼ਵਾਸੀਆਂ ਨੂੰ ਵੈਕਸੀਨੇਟ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਹੁਣ ਤੱਕ ਦੇਸ਼ ਭਰ ਵਿੱਚ ਲਗਭਗ 18 ਕਰੋੜ ਵੈਕਸਿਨ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਦੇਸ਼ ਭਰ ਦੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਤਾਕੀਦ ਕੀਤੀ ਕਿ ਵਾਰੀ ਆਉਣ ਤੇ ਉਹ ਖੁਦ ਨੂੰ ਟੀਕੇ ਲਈ ਰਜਿਸਟਰ ਕਰਵਾਉਣ ਅਤੇ ਹਰ ਸਮੇਂ ਕੋਵਿਡ ਉਚਿਤ ਵਿਵਹਾਰ ਨੂੰ ਸੁਨਿਸ਼ਚਿਤ ਕਰਨ। ਉਨ੍ਹਾਂ ਅੱਗੇ ਕਿਹਾ ਕਿ ਇਹ ਟੀਕਾ ਕੋਰੋਨਾ ਖ਼ਿਲਾਫ਼ ਬਚਾਅ ਦਾ ਇੱਕ ਮਹੱਤਵਪੂਰਨ ਸਾਧਨ ਹੈ ਅਤੇ ਗੰਭੀਰ ਬਿਮਾਰੀ ਦੇ ਜੋਖ਼ਮ ਨੂੰ ਘਟਾਏਗਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਮੁਸ਼ਕਿਲ ਦੀ ਘੜੀ ਵਿੱਚ ਆਕਸੀਜਨ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਹਥਿਆਰਬੰਦ ਬਲ ਪੂਰੀ ਤਾਕਤ ਨਾਲ ਕੰਮ ਕਰ ਰਹੇ ਹਨ। ਰੇਲਵੇ ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਵੀ ਚਲਾ ਰਿਹਾ ਹੈ। ਦੇਸ਼ ਦਾ ਫਾਰਮਾ ਸੈਕਟਰ ਵੱਡੇ ਪੱਧਰ 'ਤੇ ਦਵਾਈਆਂ ਦਾ ਨਿਰਮਾਣ ਅਤੇ ਸਪਲਾਈ ਕਰ ਰਿਹਾ ਹੈ। ਉਨ੍ਹਾਂ ਰਾਜ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਦਵਾਈਆਂ ਅਤੇ ਮੈਡੀਕਲ ਸਪਲਾਈਜ਼ ਦੀ ਕਾਲਾ ਬਜ਼ਾਰੀ ਨੂੰ ਰੋਕਣ ਲਈ ਸਖਤ ਕਾਨੂੰਨ ਸੁਨਿਸ਼ਚਿਤ ਕਰਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਇੱਕ ਅਜਿਹਾ ਰਾਸ਼ਟਰ ਨਹੀਂ ਹੈ ਜੋ ਮੁਸ਼ਕਿਲ ਸਮੇਂ ਵਿਚ ਉਮੀਦ ਛੱਡ ਦੇਵੇ ਅਤੇ ਆਸ ਪ੍ਰਗਟ ਕੀਤੀ ਕਿ ਮਜ਼ਬੂਤੀ ਅਤੇ ਸਮਰਪਣ ਨਾਲ ਇਸ ਚੁਣੌਤੀ ਨੂੰ ਦੂਰ ਕੀਤਾ ਜਾਵੇਗਾ। ਉਨ੍ਹਾਂ ਨੇ ਗ੍ਰਾਮੀਣ ਖੇਤਰਾਂ ਵਿੱਚ ਵੀ ਕੋਵਿਡ-19 ਦੇ ਫੈਲਣ ਬਾਰੇ ਸਾਵਧਾਨ ਕੀਤਾ ਅਤੇ ਗ੍ਰਾਮ ਪੰਚਾਇਤਾਂ ਨੂੰ ਤਾਕੀਦ ਕੀਤੀ ਕਿ ਉਹ ਆਪਣੇ ਆਪਣੇ ਖੇਤਰਾਂ ਵਿੱਚ ਉਚਿਤ ਜਾਗਰੂਕਤਾ ਅਤੇ ਸਵੱਛਤਾ ਸੁਨਿਸ਼ਚਿਤ ਕਰਨ।

 

***

 

ਏਕੇ(Release ID: 1718647) Visitor Counter : 26