ਰੱਖਿਆ ਮੰਤਰਾਲਾ

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕੋਵਿਡ-19 ਦੀ ਦੂਜੀ ਲਹਿਰ ਵਿਰੁੱਧ ਲੜਾਈ ਵਿਚ ਰੱਖਿਆ ਮੰਤਰਾਲਾ ਅਤੇ ਹਥਿਆਰਬੰਦ ਸੇਨਾਵਾਂ ਦੇ ਯਤਨਾਂ ਦੀ ਸਮੀਖਿਆ ਕੀਤੀ;


ਵਾਧੂ ਸਿਹਤ ਪੇਸ਼ੇਵਰਾਂ ਨੂੰ ਜੁਟਾਉਣਾ, ਆਕਸੀਜਨ ਦੀ ਸਪਲਾਈ ਦੀ ਸਹੂਲਤ ਲਈ ਲਾਜਿਸਟਿਕ ਸਹਾਇਤਾ ਅਤੇ ਨਵੇਂ ਆਕਸੀਜਨ ਪਲਾਂਟਾਂ ਦੀ ਸਥਾਪਨਾ ਮੁੱਖ ਤਰਜੀਹਾਂ ਹਨ

Posted On: 01 MAY 2021 5:02PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 01 ਮਈ, 2021 ਨੂੰ ਵੀਡੀਓ ਕਾਨਫਰੰਸਿੰਗ ਰਾਹੀਂ, ਦੇਸ਼ ਦੀ ਮੌਜੂਦਾ ਕੋਵਿਡ-19 ਸਥਿਤੀ ਵਿਰੁੱਧ ਲੜਾਈ ਵਿਚ ਨਾਗਰਿਕ  ਪ੍ਰਸ਼ਾਸਨ ਦੀ ਸਹਾਇਤਾ ਲਈ ਰੱਖਿਆ ਮੰਤਰਾਲੇ ਅਤੇ ਹਥਿਆਰਬੰਦ ਸੈਨਾ ਦੇ ਯਤਨਾਂ ਦਾ ਜਾਇਜ਼ਾ ਲਿਆ। ਮੀਟਿੰਗ ਵਿਚ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਰੱਖਿਆ ਸਕੱਤਰ ਡਾ. ਅਜੈ ਕੁਮਾਰ, ਨੇਵਲ ਸਟਾਫ ਦੇ ਚੀਫ ਐਡਮਿਰਲ ਕਰਮਬੀਰ ਸਿੰਘ, ਏਅਰ ਸਟਾਫ ਦੇ ਚੀਫ ਏਅਰ ਮਾਰਸ਼ਲ ਆਰਕੇਐਸ ਭਦੌਰੀਆ, ਚੀਫ ਆਫ਼ ਆਰਮੀ ਸਟਾਫ ਜਨਰਲ ਐਮ ਐਮ ਨਰਵਣੇ, ਰੱਖਿਆ ਖੋਜ ਅਤੇ ਵਿਕਾਸ ਵਿਭਾਗ ਸਕੱਤਰ ਅਤੇ ਚੇਅਰਮੈਨ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਡਾ ਜੀ ਸਤੀਸ਼ ਰੈਡੀ, ਡਾਇਰੈਕਟਰ ਜਨਰਲ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ (ਏਐਫਐਮਐਸ) ਸਰਜਨ ਵਾਈਸ ਐਡਮਿਰਲ ਰਜਤ ਦੱਤਾ, ਡਿਪਟੀ ਚੀਫ ਇੰਟੈਗਰੇਟਡ ਡਿਫੈਂਸ ਸਟਾਫ (ਮੈਡੀਕਲ) ਲੈਫਟੀਨੈਂਟ ਜਨਰਲ ਮਾਧੁਰੀ ਕਨੀਤਕਰ ਅਤੇ ਵਧੀਕ ਸਕੱਤਰ (ਰੱਖਿਆ ਉਤਪਾਦਨ) ਸ੍ਰੀ ਸੰਜੇ ਜਾਜੂ ਅਤੇ ਰੱਖਿਆ ਮੰਤਰਾਲਾ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ। 

ਸ੍ਰੀ ਰਾਜਨਾਥ ਸਿੰਘ ਨੂੰ ਦੱਸਿਆ ਗਿਆ ਕਿ ਲਗਭਗ 600 ਵਾਧੂ ਡਾਕਟਰਾਂ ਨੂੰ ਵਿਸ਼ੇਸ਼ ਉਪਰਾਲਿਆਂ ਰਾਹੀਂ ਲਾਮਬੰਦ ਕੀਤਾ ਜਾ ਰਿਹਾ ਹੈ ਜਿਵੇਂ ਕਿ ਪਿਛਲੇ ਕੁਝ ਸਾਲਾਂ ਵਿੱਚ ਸੇਵਾਮੁਕਤ ਹੋਏ ਲੋਕਾਂ ਨੂੰ ਡਿਊਟੀ ਦੇਣ ਲਈ ਬੁਲਾਉਣਾ। ਭਾਰਤੀ ਜਲ ਸੈਨਾ ਨੇ ਵੱਖ-ਵੱਖ ਹਸਪਤਾਲਾਂ ਵਿੱਚ ਸਹਾਇਤਾ ਲਈ 200 ਬੈਟਲ ਫੀਲਡ ਨਰਸਿੰਗ ਸਹਾਇਕ ਤਾਇਨਾਤ ਕੀਤੇ ਹਨ। ਨੈਸ਼ਨਲ ਕੈਡੇਟ ਕੋਰ (ਐਨਸੀਸੀ) ਨੇ ਮਹਾਰਾਸ਼ਟਰ, ਉਤਰਾਖੰਡ ਅਤੇ ਹਰਿਆਣਾ ਦੇ ਵੱਖ-ਵੱਖ ਥਾਵਾਂ 'ਤੇ 300 ਕੈਡਿਟ ਅਤੇ ਸਟਾਫ ਤਾਇਨਾਤ ਕੀਤੇ ਹਨ। ਸਿਹਤ ਦੇ ਵੈਟਰਨਜ਼ ਵੱਲੋਂ ਚਲਾਈ ਜਾਣ ਵਾਲੀ ਇਕ ਟੈਲੀ ਦਵਾਈ ਸੇਵਾ, ਉਨ੍ਹਾਂ ਮਰੀਜ਼ਾਂ ਨੂੰ ਸਲਾਹ ਮਸ਼ਵਰਾ ਦੇਣ ਲਈ ਜਲਦੀ ਹੀ ਸ਼ੁਰੂ ਹੋ ਜਾਵੇਗੀ ਜੋ ਘਰ ਰਹਿੰਦੇ ਹਨ। ਭਾਰਤੀ ਸੈਨਾ ਨੇ ਵੱਖ-ਵੱਖ ਰਾਜਾਂ ਵਿੱਚ ਆਮ ਨਾਗਰਿਕਾਂ ਲਈ 720 ਤੋਂ ਵੱਧ ਬਿਸਤਰੇ ਉਪਲਬਧ ਕਰਵਾਏ ਹਨ। ਰਕਸ਼ਾ ਮੰਤਰੀ ਨੇ ਸੈਨਾ ਨੂੰ ਰਾਜ ਅਤੇ ਜ਼ਿਲ੍ਹਾ ਪੱਧਰਾਂ 'ਤੇ ਸਥਾਨਕ ਪ੍ਰਸ਼ਾਸਨ ਨਾਲ ਵੇਰਵੇ ਸਾਂਝੇ ਕਰਨ ਲਈ ਨਿਰਦੇਸ਼ ਦਿੱਤੇ। ਜਨਰਲ ਬਿਪਿਨ ਰਾਵਤ ਨੇ ਸੁਝਾਅ ਦਿੱਤਾ ਕਿ ਸਥਾਨਕ ਮਿਲਟਰੀ ਕਮਾਂਡਾਂ ਨੂੰ ਸਿਵਲ ਪ੍ਰਸ਼ਾਸਨ ਦੀ ਸਹਾਇਤਾ ਲਈ ਸਰਗਰਮੀ ਨਾਲ ਕੰਮ ਕਰਨਾ ਚਾਹੀਦਾ ਹੈ।

ਸ੍ਰੀ ਰਾਜਨਾਥ ਸਿੰਘ ਨੂੰ ਦੱਸਿਆ ਗਿਆ ਕਿ ਲਖਨਉ ਵਿੱਚ ਡੀਆਰਡੀਓ ਵੱਲੋਂ ਸਥਾਪਤ ਕੀਤਾ ਜਾ ਰਿਹਾ 500 ਬਿਸਤਰਿਆਂ ਵਾਲਾ ਹਸਪਤਾਲ ਅਗਲੇ 2-3 ਦਿਨਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਵਾਰਾਣਸੀ ਵਿੱਚ ਇੱਕ ਹੋਰ ਹਸਪਤਾਲ ਦੀ ਸਥਾਪਨਾ ਵੀ ਕੀਤੀ ਜਾ ਰਹੀ ਹੈ ਜੋ 5 ਮਈ ਤੱਕ ਮੁਕੰਮਲ ਹੋਣ ਵਾਲਾ ਹੈ। ਡੀਆਰਡੀਓ ਦੇ ਚੇਅਰਮੈਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਕੇਅਰਜ਼ ਫੰਡ ਤਹਿਤ ਤਿਆਰ ਕੀਤੇ ਜਾ ਰਹੇ 380 ਆਕਸੀਜਨ ਪੀਐਸਏ (ਪ੍ਰੈਸ਼ਰ ਸਵਿੰਗ ਐਡਰਸੋਰਪਸ਼ਨ) ਵਿੱਚੋਂ ਪਹਿਲੇ ਚਾਰ ਅਗਲੇ ਹਫ਼ਤੇ ਤੱਕ ਨਵੀਂ ਦਿੱਲੀ ਦੇ ਹਸਪਤਾਲਾਂ ਵਿੱਚ ਤਾਇਨਾਤ ਕਰ ਦਿੱਤੇ ਜਾਣਗੇ।

ਰਕਸ਼ਾ ਮੰਤਰੀ ਨੇ ਹਥਿਆਰਬੰਦ ਸੇਨਾਵਾਂ ਵੱਲੋਂ ਵਿਦੇਸ਼ਾਂ ਦੇ ਨਾਲ ਨਾਲ ਦੇਸ਼ ਅੰਦਰ ਖਪਤ ਅਤੇ ਉਤਪਾਦਨ ਦੀਆਂ ਥਾਵਾਂ ਦਰਮਿਆਨ ਆਕਸੀਜਨ ਕੰਟੇਨਰਾਂ ਦੀ ਢੋਆ ਢੁਆਈ ਕਰਨ ਵਿਚ ਲੌਜਿਸਟਿਕਸ ਸਹਾਇਤਾ ਦੀ ਪ੍ਰਸ਼ੰਸਾ ਕੀਤੀ। ਜਦ ਕਿ  ਭਾਰਤੀ ਹਵਾਈ ਫੌਜ ਦੇ ਟਰਾਂਸਪੋਰਟ ਜਹਾਜ਼ਾਂ ਨੇ ਸਿੰਗਾਪੁਰ, ਬੈਂਕਾਕ, ਦੁਬਈ ਅਤੇ ਦੇਸ਼ ਦੇ ਅੰਦਰ ਕਈ ਉਡਾਣਾਂ ਭਰੀਆਂ, ਭਾਰਤੀ ਜਲ ਸੈਨਾ ਨੇ ਚਾਰ ਸਮੁਦਰੀ ਜਹਾਜ਼ - ਦੋ ਮੱਧ ਪੂਰਬ ਅਤੇ ਦੋ ਦੱਖਣ ਪੂਰਬੀ ਏਸ਼ੀਆ ਨੂੰ ਭੇਜੇ ਤਾਂ ਜੋ ਉਥੋਂ ਆਕਸੀਜਨ ਨਾਲ ਭਰੇ ਕੰਟੇਨਰਾਂ ਦੀ ਭਾਰਤ ਤਕ ਢੋਆ ਢੁਆਈ ਕੀਤੀ ਜਾ ਸਕੇ। 01 ਮਈ, 2021 ਤੱਕ, ਆਈਏਐਫ ਨੇ ਵਿਦੇਸ਼ਾਂ ਤੋਂ 28  ਉਡਾਣਾਂ ਭਰੀਆਂ ਅਤੇ 830 ਮੀਟ੍ਰਿਕ ਟਨ ਦੀ ਸਮਰੱਥਾ ਦੇ 47 ਆਕਸੀਜਨ ਕੰਟੇਨਰਾਂ ਨੂੰ ਭਾਰਤ ਲਿਆਦਾ ਜਦੋਂ ਕਿ ਭਾਰਤ ਵਿੱਚ ਹੀ 2271 ਮੀਟ੍ਰਿਕ ਟਨ ਸਮਰੱਥਾਂ ਵਾਲੇ 109 ਕੰਟੇਨਰਾਂ ਨੂੰ ਏਅਰ ਲਿਫਟ ਕਰਨ ਲਈ 158 ਉਡਾਣਾਂ ਭਰੀਆਂ। ਭਾਰਤੀ ਜਲ ਸੈਨਾ ਅਤੇ ਏਅਰਫੋਰਸ ਨੇ ਵੀ ਆਪਣੇ ਸਟੋਰਾਂ ਤੋਂ ਲਗਭਗ 500 ਪੋਰਟੇਬਲ ਆਕਸੀਜਨ ਸਿਲੰਡਰ ਵੱਖ-ਵੱਖ ਸਿਵਲ ਹਸਪਤਾਲਾਂ ਵਿੱਚ ਸਪਲਾਈ ਕੀਤੇ ਹਨ।

ਡਿਫੈਂਸ ਪਬਲਿਕ ਸੈਕਟਰ ਅੰਡਰਟੇਕਿੰਗਜ਼ (ਡੀਪੀਐੱਸਯੂ) ਰਾਜਾਂ ਦੇ ਵੱਖ ਵੱਖ ਹਸਪਤਾਲਾਂ ਨੂੰ ਸਪਲਾਈ ਕਰਨ ਲਈ ਸੀਐਸਆਰ ਤਹਿਤ 40 ਕਰੋੜ ਰੁਪਏ ਦੇ 28 ਆਕਸੀਜਨ ਪਲਾਂਟ ਅਤੇ ਹੋਰ ਮੈਡੀਕਲ ਉਪਕਰਣ ਖਰੀਦ ਰਹੇ ਹਨ। ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐਚਏਐਲ) ਨੇ ਬੰਗਲੁਰੂ ਵਿੱਚ 250 ਬੈਡਾਂ ਵਾਲਾ ਇੱਕ ਹਸਪਤਾਲ ਸਥਾਪਤ ਕੀਤਾ ਹੈ। ਲਖਨਉ ਵਿਚ 250 ਬਿਸਤਰਿਆਂ ਦਾ ਇਕ ਹੋਰ ਹਸਪਤਾਲ ਸਥਾਪਤ ਕੀਤਾ ਜਾ ਰਿਹਾ ਹੈ।

ਸ੍ਰੀ ਰਾਜਨਾਥ ਸਿੰਘ ਨੇ ਮੁੜ ਤੋਂ ਦੁਹਰਾਇਆ ਕਿ ਹਥਿਆਰਬੰਦ ਸੇਨਾਵਾਂ ਨੂੰ ਨਾਗਰਿਕ ਪ੍ਰਸ਼ਾਸਨ ਨੂੰ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨੀ ਚਾਹੀਦੀ ਹੈ ਅਤੇ ਰੱਖਿਆ ਮੰਤਰਾਲਾ ਤੇ ਤਿੰਨਾਂ ਸੇਵਾਵਾਂ ਦੇ ਅਧਿਕਾਰੀਆਂ ਨੂੰ ਵੱਖ-ਵੱਖ ਪਹਿਲਕਦਮੀਆਂ ਦੀ ਪ੍ਰਗਤੀ 'ਤੇ ਨੇੜਿਓਂ ਨਜ਼ਰ ਰੱਖਣ ਲਈ ਕਿਹਾ।

------------------------------------------------- 

ਏ ਬੀ ਬੀ /ਨਾਮਪੀ/ਕੇ ਏ /ਡੀ ਕੇ /ਸੈਵੀ /ਏ ਡੀ ਏ  


(Release ID: 1715461) Visitor Counter : 187