ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕੋਵਿਡ ਪ੍ਰਬੰਧਨ ਵਿੱਚ ਸਹਾਇਤਾ ਲਈ ਹਥਿਆਰਬੰਦ ਬਲਾਂ ਦੁਆਰਾ ਕੀਤੀਆਂ ਗਈਆਂ ਤਿਆਰੀਆਂ ਦੀ ਸਮੀਖਿਆ ਕੀਤੀ

Posted On: 26 APR 2021 3:29PM by PIB Chandigarh

ਚੀਫ ਆਵ੍ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਨੇ ਅੱਜ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਉਨ੍ਹਾਂ ਨੇ ਮਹਾਮਾਰੀ ਨਾਲ ਨਜਿੱਠਣ ਲਈ ਹਥਿਆਰਬੰਦ ਬਲਾਂ ਵੱਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਅਤੇ ਕਾਰਵਾਈਆਂ ਦਾ ਜਾਇਜ਼ਾ ਲਿਆ।

ਚੀਫ ਆਵ੍ ਡਿਫੈਂਸ ਸਟਾਫ (ਸੀਡੀਐੱਸ) ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਹਥਿਆਰਬੰਦ ਬਲਾਂ ਦੇ ਸਾਰੇ ਮੈਡੀਕਲ ਪ੍ਰਸੋਨਲ, ਜੋ ਪਿਛਲੇ 2 ਸਾਲਾਂ ਤੋਂ ਸੇਵਾਮੁਕਤ ਹੋ ਚੁੱਕੇ ਹਨ ਜਾਂ ਪ੍ਰੀ-ਮੈਚਿਓਰ ਰਿਟਾਇਰਮੈਂਟ ਲੈ ਚੁੱਕੇ ਹਨ, ਨੂੰ ਉਨ੍ਹਾਂ ਦੇ ਮੌਜੂਦਾ ਨਿਵਾਸ ਸਥਾਨ ਦੇ ਨਜ਼ਦੀਕ ਕੋਵਿਡ ਸੁਵਿਧਾਵਾਂ ਵਿੱਚ ਕੰਮ ਕਰਨ ਲਈ ਵਾਪਸ ਬੁਲਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸੇਵਾ ਮੁਕਤ ਹੋਏ ਹੋਰ ਮੈਡੀਕਲ ਅਫਸਰਾਂ ਨੂੰ ਵੀ ਆਪਣੀਆਂ ਸੇਵਾਵਾਂ ਮੈਡੀਕਲ ਐਮਰਜੈਂਸੀ ਹੈਲਪ ਲਾਈਨਾਂ ਜ਼ਰੀਏ ਸਲਾਹ-ਮਸ਼ਵਰੇ ਲਈ ਉਪਲਬਧ ਕਰਵਾਉਣ ਦੀ ਅਪੀਲ ਕੀਤੀ ਗਈ ਹੈ।

ਪ੍ਰਧਾਨ ਮੰਤਰੀ ਨੂੰ ਇਹ ਵੀ ਦੱਸਿਆ ਗਿਆ ਕਿ ਕਮਾਂਡ ਹੈੱਡਕੁਆਰਟਰ, ਕੋਰ ਹੈੱਡਕੁਆਰਟਰ, ਡਿਵੀਜ਼ਨ ਹੈੱਡਕੁਆਰਟਰ ਅਤੇ ਜਲ ਸੈਨਾ ਅਤੇ ਵਾਯੂ ਸੈਨਾ ਦੇ ਇਸੇ ਤਰ੍ਹਾਂ ਦੇ ਮੁੱਖ ਦਫਤਰਾਂ ਵਿਖੇ ਸਟਾਫ ਨਿਯੁਕਤੀ 'ਤੇ ਲਗੇ ਸਾਰੇ ਮੈਡੀਕਲ ਅਧਿਕਾਰੀਆਂ ਨੂੰ ਹਸਪਤਾਲਾਂ ਵਿੱਚ ਤੈਨਾਤ ਕੀਤਾ ਜਾਵੇਗਾ।

ਚੀਫ ਆਵ੍ ਡਿਫੈਂਸ ਸਟਾਫ (ਸੀਡੀਐੱਸ) ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਹਸਪਤਾਲਾਂ ਵਿੱਚ ਡਾਕਟਰਾਂ ਦੀ ਸਹਾਇਤਾ ਲਈ ਵੱਡੀ ਗਿਣਤੀ ਵਿੱਚ ਨਰਸਿੰਗ ਪ੍ਰਸੋਨਲ (ਕਰਮਚਾਰੀਆਂ) ਨੂੰ ਵੀ ਕੰਮ ‘ਤੇ ਲਗਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੂੰ ਇਹ ਵੀ ਦੱਸਿਆ ਗਿਆ ਕਿ ਹਥਿਆਰਬੰਦ ਬਲਾਂ ਪਾਸ ਵਿਭਿੰਨ ਅਦਾਰਿਆਂ ਵਿੱਚ ਉਪਲਬਧ ਆਕਸੀਜਨ ਸਿਲੰਡਰ ਹਸਪਤਾਲਾਂ ਲਈ ਜਾਰੀ ਕੀਤੇ ਜਾਣਗੇ।

ਚੀਫ ਆਵ੍ ਡਿਫੈਂਸ ਸਟਾਫ (ਸੀਡੀਐੱਸ) ਨੇ ਇਹ ਵੀ ਕਿਹਾ ਕਿ ਉਹ ਵੱਡੀ ਗਿਣਤੀ ਵਿੱਚ ਡਾਕਟਰੀ ਸੁਵਿਧਾਵਾਂ ਪੈਦਾ ਕਰ ਰਹੇ ਹਨ ਅਤੇ ਜਿੱਥੇ ਸੰਭਵ ਹੋ ਸਕੇਗਾ ਮਿਲਿਟਰੀ ਮੈਡੀਕਲ ਬੁਨਿਆਦੀ ਢਾਂਚਾ ਨਾਗਰਿਕਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ।

ਪ੍ਰਧਾਨ ਮੰਤਰੀ ਨੇ ਭਾਰਤੀ ਵਾਯੂ ਸੈਨਾ (ਆਈਏਐੱਫ) ਦੁਆਰਾ ਆਕਸੀਜਨ ਅਤੇ ਹੋਰ ਜ਼ਰੂਰੀ ਚੀਜ਼ਾਂ ਨੂੰ ਭਾਰਤ ਅਤੇ ਵਿਦੇਸ਼ਾਂ ਵਿੱਚ ਟ੍ਰਾਂਸਪੋਰਟ ਕਰਨ ਲਈ ਕੀਤੇ ਜਾ ਰਹੇ ਕਾਰਜਾਂ ਦਾ ਵੀ ਜਾਇਜ਼ਾ ਲਿਆ।

ਪ੍ਰਧਾਨ ਮੰਤਰੀ ਨੇ ਚੀਫ ਆਵ੍ ਡਿਫੈਂਸ ਸਟਾਫ (ਸੀਡੀਐੱਸ) ਨਾਲ ਇਹ ਵੀ ਵਿਚਾਰ-ਵਟਾਂਦਰਾ ਕੀਤਾ ਕਿ ਕੇਂਦਰੀ ਅਤੇ ਰਾਜ ਸੈਨਿਕ ਭਲਾਈ ਬੋਰਡਾਂ ਅਤੇ ਵਿਭਿੰਨ ਹੈੱਡਕੁਆਰਟਰਾਂ ਵਿੱਚ ਵੈਟਰਨ ਸੈੱਲਾਂ ਵਿੱਚ ਤੈਨਾਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਜਾ ਸਕਦੀ ਹੈ ਕਿ ਦੂਰ ਦੁਰਾਡੇ ਦੇ ਇਲਾਕਿਆਂ ਸਮੇਤ ਵੱਧ ਤੋਂ ਵੱਧ ਹੱਦ ਤੱਕ ਪਹੁੰਚ ਵਧਾਉਣ ਲਈ ਵੈਟਰਨਾਂ ਦੀਆਂ ਸੇਵਾਵਾਂ ਦਾ ਤਾਲਮੇਲ ਕੀਤਾ ਜਾਵੇ।

**********

 

ਡੀਐੱਸ



(Release ID: 1714169) Visitor Counter : 238