ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਭਰ ਦੇ ਵੈਕਸੀਨ ਨਿਰਮਾਤਾਵਾਂ ਨਾਲ ਗੱਲਬਾਤ ਕੀਤੀ

Posted On: 20 APR 2021 7:42PM by PIB Chandigarh

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਦੇਸ਼ ਭਰ ਦੇ ਵੈਕਸੀਨ ਨਿਰਮਾਤਾਵਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਵੈਕਸੀਨ ਨਿਰਮਾਤਾਵਾਂ ਦੀਆਂ ਪ੍ਰਾਪਤੀਆਂ ਤੇ ਉਨ੍ਹਾਂ ਦੀ ਪੇਸ਼ੇਵਰਾਨਾ ਪਹੁੰਚ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਡੇ ਵੈਕਸੀਨ ਉਦਯੋਗ ਦੀਆਂ ਸਭ ਤੋਂ ਵੱਡੀਆਂ ਤਾਕਤਾਂ ਹਨ ਉਸ ਦੀ ‘ਸਾਮਰਥਯ, ਸੰਸਾਧਨ ਅਤੇ ਸੇਵਾ ਭਾਵ’ ਅਤੇ ਇਨ੍ਹਾਂ ਨੇ ਹੀ ਉਨ੍ਹਾਂ ਨੂੰ ਵਿਸ਼ਵ ਵਿੱਚ ਇੱਕ ਵੈਕਸੀਨ ਲੀਡਰ ਬਣਾ ਦਿੱਤਾ ਹੈ।

 

ਸਾਡੇ ਵੈਕਸੀਨ ਨਿਰਮਾਤਾਵਾਂ ਦੀ ਯੋਗਤਾ ‘ਚ ਭਰੋਸਾ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਰਕਾਰ ਨੇ ਹੁਣ ਪਹਿਲੀ ਮਈ ਤੋਂ ਹਰੇਕ ਬਾਲਗ਼ ਲਈ ਟੀਕਾਕਰਣ ਪ੍ਰੋਗਰਾਮ ਦੀ ਇਜਾਜ਼ਤ ਦੇ ਦਿੱਤੀ ਹੈ। ਉਨ੍ਹਾਂ ਵੈਕਸੀਨ ਨਿਰਮਾਤਾਵਾਂ ਨੂੰ ਬੇਨਤੀ ਕੀਤੀ ਕਿ ਉਹ ਘੱਟ ਤੋਂ ਘੱਟ ਸੰਭਵ ਸਮੇਂ ਅੰਦਰ ਸਾਡੇ ਲੋਕਾਂ ਦੇ ਟੀਕਾਕਰਣ ਲਈ ਆਪਣੀ ਉਤਪਾਦਨ ਸਮਰੱਥਾ ਨਿਰੰਤਰ ਵਧਾਉਂਦੇ ਰਹਿਣ। ਉਨ੍ਹਾਂ ਨਵੀਆਂ ਵੈਕਸੀਨਾਂ ਦੇ ਵਿਕਾਸ ਵਿੱਚ ਸਾਡੇ ਵਿਗਿਆਨੀਆਂ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤੇ ਅਧਿਐਨਾਂ ਦੀ ਸ਼ਲਾਘਾ ਵੀ ਕੀਤੀ।

 

ਪ੍ਰਧਾਨ ਮੰਤਰੀ ਮੋਦੀ ਨੇ ਰਿਕਾਰਡ ਸਮੇਂ ‘ਚ ਵੈਕਸੀਨਾਂ ਵਿਕਸਿਤ ਕਰਨ ਤੇ ਉਨ੍ਹਾਂ ਦਾ ਨਿਰਮਾਣ ਕਰਨ ਦਾ ਸਿਹਰਾ ਉਨ੍ਹਾਂ ਸਿਰ ਬੰਨ੍ਹਿਆ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਹ ਤੱਥ ਨੋਟ ਕੀਤਾ ਕਿ ਇੱਥੇ ਤਿਆਰ ਹੋਈਆਂ ਵੈਕਸੀਨਾਂ ਸਭ ਤੋਂ ਸਸਤੀਆਂ ਹਨ ਅਤੇ ਭਾਰਤ ‘ਚ ਇਸ ਵੇਲੇ ਦੁਨੀਆ ਦਾ ਸਭ ਤੋਂ ਵਿਸ਼ਾਲ ਟੀਕਾਕਰਣ ਪ੍ਰੋਗਰਾਮ ਚੱਲ ਰਿਹਾ ਹੈ।

 

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਵੈਕਸੀਨਾਂ ਵਿਕਸਿਤ ਤੇ ਨਿਰਮਿਤ ਕਰਨ ਦੀ ਇਸ ਸਮੁੱਚੀ ਪ੍ਰਕਿਰਿਆ ਦੇਸ਼ ਨੇ ‘ਮਿਸ਼ਨ ਕੋਵਿਡ ਸੁਰਕਸ਼ਾ’ ਦੇ ਤਹਿਤ ਜਨਤਕ–ਨਿਜੀ ਭਾਈਵਾਲੀ ਦੀ ਭਾਵਨਾ ਨਾਲ ਨਿਰੰਤਰ ਕੰਮ ਕੀਤਾ ਹੈ ਅਤੇ ਸਿਰੇ–ਤੋਂ–ਸਿਰੇ ਤੱਕ ਵੈਕਸੀਨ ਵਿਕਾਸ ਦਾ ਇੱਕ ਸੁਖਾਵਾਂ ਮਾਹੌਲ ਸਿਰਜਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਯਕੀਨੀ ਬਣਾਇਆ ਕਿ ਵੈਕਸੀਨ ਦੇ ਸਾਰੇ ਨਿਰਮਾਤਾਵਾਂ ਨੂੰ ਨਾ ਸਿਰਫ਼ ਹਰ ਸੰਭਵ ਮਦਦ ਤੇ ਲੌਜਿਸਟਿਕ ਸਹਾਇਤਾ ਮਿਲੇ, ਬਲਕਿ ਵੈਕਸੀਨ ਦੀ ਪ੍ਰਵਾਨਗੀ ਦੀ ਪ੍ਰਕਿਰਿਆ ਵੀ ਤੇਜ਼–ਰਫ਼ਤਾਰ ਅਤੇ ਵਿਗਿਆਨਕ ਹੋਵੇ। ਉਨ੍ਹਾਂ ਇਸ ਵੇਲੇ ਪ੍ਰੀਖਣ ਦੇ ਦੌਰ ਅਧੀਨ ਚੱਲ ਰਹੀਆਂ ਵੈਕਸੀਨਾਂ ਦੇ ਉਮੀਦਵਾਰਾਂ ਲਈ ਹਰ ਸੰਭਵ ਮਦਦ ਅਤੇ ਪ੍ਰਵਾਨਗੀ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਦਾ ਭਰੋਸਾ ਵੀ ਦਿਵਾਇਆ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਨਿਜੀ ਖੇਤਰ ਦੇ ਸਿਹਤ ਬੁਨਿਆਦੀ ਢਾਂਚੇ ਨੇ ਕੋਵਿਡ–19 ਵਿਰੁੱਧ ਦੇਸ਼ ਦੀ ਜੰਗ ਵਿੱਚ ਇੱਕ ਵੱਡੀ ਭੂਮਿਕਾ ਨਿਭਾਈ ਹੈ ਅਤੇ ਆਉਣ ਵਾਲੇ ਦਿਨਾਂ ‘ਚ, ਨਿਜੀ ਖੇਤਰ ਟੀਕਾਕਰਣ ਮੁਹਿੰਗ ਵਿੱਚ ਹੋਰ ਵੀ ਵਧੇਰੇ ਸਰਗਰਮ ਭੂਮਿਕਾ ਨਿਭਾਏਗਾ। ਇਸ ਲਈ ਹਸਪਤਾਲਾਂ ਅਤੇ ਉਦਯੋਗ ਵਿਚਾਲੇ ਬਿਹਤਰ ਤਾਲਮੇਲ ਦੀ ਜ਼ਰੂਰਤ ਪਵੇਗੀ।

 

ਵੈਕਸੀਨ ਨਿਰਮਾਤਾਵਾਂ ਨੇ 18 ਸਾਲ ਤੋਂ ਵੱਧ ਦੇ ਹਰੇਕ ਵਿਅਕਤੀ ਲਈ ਟੀਕਾਕਰਣ ਦੀ ਇਜਾਜ਼ਤ ਦੇਣ ਅਤੇ ਵਧੇਰੇ ਪ੍ਰੋਤਸਾਹਨ ਤੇ ਲਚਕਤਾ ਦੇਣ ਵਾਸਤੇ ਚੁੱਕੇ ਗਏ ਵਿਭਿੰਨ ਕਦਮਾਂ ਲਈ ਸਰਕਾਰ ਦੇ ਫ਼ੈਸਲੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਵੈਕਸੀਨ ਦੇ ਵਿਕਾਸ ਤੇ ਉਤਪਾਦਨ ਦੀ ਸਮੁੱਚੀ ਪ੍ਰਕਿਰਿਆ ਵਿੱਚ ਭਾਰਤ ਸਰਕਾਰ ਤੋਂ ਪ੍ਰਾਪਤ ਹੋਈ ਮਦਦ ਲਈ ਪ੍ਰਧਾਨ ਮੰਤਰੀ ਦੀ ਲੀਡਰਸ਼ਿਪ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਉਤਪਾਦਨ ਵਧਾਉਣ, ਆ ਰਹੇ ਵੈਕਸੀਨ ਉਮੀਦਵਾਰਾਂ ਤੇ ਨਵੇਂ ਵੇਰੀਐਂਟਸ ਦੀ ਖੋਜ ਬਾਰੇ ਵੀ ਵਿਚਾਰ–ਵਟਾਂਦਰਾ ਕੀਤਾ।

 

*****

 

ਡੀਐੱਸ



(Release ID: 1713124) Visitor Counter : 175