ਸਿੱਖਿਆ ਮੰਤਰਾਲਾ
ਸੀਬੀਐੱਸਈ ਬੋਰਡ ਪਰੀਖਿਆਵਾਂ ਬਾਰੇ ਫੈਸਲਾ
Posted On:
14 APR 2021 1:55PM by PIB Chandigarh
ਮਾਣਯੋਗ ਪ੍ਰਧਾਨ ਮੰਤਰੀ ਨੇ ਅੱਜ ਇੱਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਵਧ ਰਹੇ ਕੋਰੋਨਾ ਦੇ ਮਾਮਲਿਆਂ ਦੇ ਮੱਦੇਨਜ਼ਰ ਵਿਭਿੰਨ ਪੱਧਰਾਂ ‘ਤੇ ਹੋਣ ਵਾਲੀਆਂ ਪਰੀਖਿਆਵਾਂ ਦਾ ਜਾਇਜ਼ਾ ਲਿਆ। ਕੇਂਦਰੀ ਸਿੱਖਿਆ ਮੰਤਰੀ, ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕ, ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ, ਕੈਬਨਿਟ ਸਕੱਤਰ, ਸਕੂਲ ਅਤੇ ਉਚੇਰੀ ਸਿੱਖਿਆ ਸਕੱਤਰ ਅਤੇ ਹੋਰ ਉੱਚ ਅਧਿਕਾਰੀ ਮੀਟਿੰਗ ਵਿੱਚ ਸ਼ਾਮਲ ਹੋਏ।
ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਵਿਦਿਆਰਥੀਆਂ ਦੀ ਚੰਗੀ ਸਿਹਤ ਸਰਕਾਰ ਦੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਵਿਦਿਆਰਥੀਆਂ ਦੇ ਸਰਬੋਤਮ ਹਿਤਾਂ ਨੂੰ ਧਿਆਨ ਵਿੱਚ ਰੱਖੇਗਾ ਅਤੇ ਇਹ ਸੁਨਿਸ਼ਚਿਤ ਕਰੇਗਾ ਕਿ ਉਨ੍ਹਾਂ ਦੀ ਸਿਹਤ ਦਾ ਧਿਆਨ ਰੱਖੇ ਜਾਣ ਦੇ ਨਾਲ-ਨਾਲ ਉਨ੍ਹਾਂ ਦੀਆਂ ਅਕਾਦਮਿਕ ਹਿਤਾਂ ਨੂੰ ਨੁਕਸਾਨ ਨਾ ਪਹੁੰਚੇ।
ਅਗਲੇ ਮਹੀਨੇ ਤੋਂ ਹੋਣ ਵਾਲੀਆਂ ਦਸਵੀਂ ਅਤੇ ਬਾਰ੍ਹਵੀਂ ਬੋਰਡ ਦੀਆਂ ਪਰੀਖਿਆਵਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ। ਸੀਬੀਐੱਸਈ ਦੁਆਰਾ ਦਸਵੀਂ ਅਤੇ ਬਾਰ੍ਹਵੀਂ ਜਮਾਤ ਲਈ ਬੋਰਡ ਦੀ ਪਰੀਖਿਆ 4 ਮਈ, 2021 ਤੋਂ ਸ਼ੁਰੂ ਕੀਤੀ ਜਾਣੀ ਤੈਅ ਹੈ। ਦੇਸ਼ ਵਿੱਚ ਮਹਾਮਾਰੀ ਦੀ ਸਥਿਤੀ ਬਹੁਤ ਸਾਰੇ ਰਾਜਾਂ ਵਿੱਚ ਕੋਵਿਡ 19 ਪਾਜ਼ਿਟਿਵ ਮਾਮਲਿਆਂ ਦੇ ਚਲਦੇ ਮੁੜ ਉੱਭਰ ਰਹੀ ਹੈ, ਕੁਝ ਰਾਜਾਂ ਵਿੱਚ ਪ੍ਰਭਾਵ ਹੋਰਾਂ ਨਾਲੋਂ ਜ਼ਿਆਦਾ ਰਿਹਾ ਹੈ। ਇਸ ਸਥਿਤੀ ਵਿੱਚ 11 ਰਾਜਾਂ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਹਨ। ਸਟੇਟ ਬੋਰਡਾਂ ਤੋਂ ਉਲਟ, ਸੀਬੀਐੱਸਈ ਦਾ ਸਰਬ-ਭਾਰਤੀ ਕਿਰਦਾਰ ਹੈ, ਅਤੇ ਇਸ ਲਈ, ਇਹ ਜ਼ਰੂਰੀ ਹੈ ਕਿ ਦੇਸ਼ ਭਰ ਵਿੱਚ ਇਕੋ ਸਮੇਂ ਪਰੀਖਿਆਵਾਂ ਕਰਵਾਈਆਂ ਜਾਣ। ਮਹਾਮਾਰੀ ਅਤੇ ਸਕੂਲ ਬੰਦ ਹੋਣ ਦੀ ਮੌਜੂਦਾ ਸਥਿਤੀ ਨੂੰ ਦੇਖਦਿਆਂ, ਅਤੇ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਧਿਆਨ ਵਿੱਚ ਰੱਖਦਿਆਂ, ਇਹ ਫੈਸਲਾ ਕੀਤਾ ਗਿਆ ਹੈ:
1. ਚਾਰ ਮਈ ਤੋਂ 14 ਜੂਨ 2021 ਤੱਕ ਹੋਣ ਵਾਲੀਆਂ 12ਵੀਂ ਜਮਾਤ ਦੀਆਂ ਬੋਰਡ ਦੀਆਂ ਪਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਇਹ ਪਰੀਖਿਆਵਾਂ ਬਾਅਦ ਵਿਚ ਆਯੋਜਿਤ ਕੀਤੀਆਂ ਜਾਣਗੀਆਂ। ਬੋਰਡ ਦੁਆਰਾ 1 ਜੂਨ 2021 ਨੂੰ ਸਥਿਤੀ ਦਾ ਜਾਇਜ਼ਾ ਲਿਆ ਜਾਵੇਗਾ ਅਤੇ ਇਸ ਤੋਂ ਬਾਅਦ ਵੇਰਵਿਆਂ ਨੂੰ ਸਾਂਝਾ ਕੀਤਾ ਜਾਵੇਗਾ। ਪਰੀਖਿਆਵਾਂ ਦੀ ਸ਼ੁਰੂਆਤ ਤੋਂ ਪਹਿਲਾਂ ਘੱਟੋ-ਘੱਟ 15 ਦਿਨਾਂ ਦਾ ਨੋਟਿਸ ਦਿੱਤਾ ਜਾਵੇਗਾ।
2. ਚਾਰ ਮਈ ਤੋਂ 14 ਜੂਨ, 2021 ਤੱਕ ਹੋਣ ਵਾਲੀਆਂ 10ਵੀਂ ਜਮਾਤ ਦੀਆਂ ਬੋਰਡ ਪਰੀਖਿਆਵਾਂ ਇਸ ਵੇਲੇ ਰੱਦ ਕਰ ਦਿੱਤੀਆਂ ਗਈਆਂ ਹਨ। ਦਸਵੀਂ ਜਮਾਤ ਦੇ ਨਤੀਜੇ ਬੋਰਡ ਦੁਆਰਾ ਬਣਾਏ ਜਾਣ ਵਾਲੇ ਅਬਜੈਕਟਿਵ ਕਰਾਈਟੇਰੀਅਨ (ਮਾਪਦੰਡ) ਦੇ ਅਧਾਰ 'ਤੇ ਤਿਆਰ ਕੀਤੇ ਜਾਣਗੇ। ਕੋਈ ਵੀ ਉਮੀਦਵਾਰ ਜੋ ਇਸ ਅਧਾਰ ‘ਤੇ ਉਸ ਨੂੰ ਨਿਰਧਾਰਿਤ ਕੀਤੇ ਗਏ ਅੰਕਾਂ ਤੋਂ ਸੰਤੁਸ਼ਟ ਨਹੀਂ ਹੁੰਦਾ ਤਾਂ ਜਦੋਂ ਪਰੀਖਿਆਵਾਂ ਕਰਵਾਉਣ ਦੇ ਹਾਲਾਤ ਅਨੁਕੂਲ ਹੁੰਦੇ ਹਨ, ਉਸ ਨੂੰ ਇਮਤਿਹਾਨ ਵਿੱਚ ਬੈਠਣ ਦਾ ਮੌਕਾ ਦਿੱਤਾ ਜਾਵੇਗਾ।
*****
ਐੱਮਸੀ/ਕੇਪੀ/ਏਕੇ
(Release ID: 1711775)
Visitor Counter : 306