ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ‘ਪਰੀਕਸ਼ਾ ਪੇ ਚਰਚਾ 2021’ ਦੇ ਵਰਚੁਅਲ ਸੰਸਕਰਣ ’ਚ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨਾਲ ਗੱਲਬਾਤ ਕੀਤੀ
Posted On:
07 APR 2021 9:45PM by PIB Chandigarh
‘ਪਰੀਕਸ਼ਾ ਪੇ ਚਰਚਾ’ ਦੇ ਚੌਥੇ ਸੰਸਕਰਣ ’ਚ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਰਚੁਅਲ ਵਿਧੀ ਜ਼ਰੀਏ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨਾਲ ਗੱਲਬਾਤ ਕੀਤੀ। ਇਹ ਗੱਲਬਾਤ, ਜੋ ਨੱਬੇ ਮਿੰਟਾਂ ਤੋਂ ਵੱਧ ਸਮਾਂ ਚਲੀ, ਵਿੱਚ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨੇ ਭਾਗ ਲਿਆ ਅਤੇ ਉਨ੍ਹਾਂ ਵਿਭਿੰਨ ਅਹਿਮ ਮਾਲਿਆਂ ਉੱਤੇ ਪ੍ਰਧਾਨ ਮੰਤਰੀ ਦਾ ਮਾਰਗ–ਦਰਸ਼ਨ ਮੰਗਿਆ। ਇਸ ਵਰ੍ਹੇ ਵੀ, ਸਮੁੱਚੇ ਦੇਸ਼ ਦੇ ਵਿਦਿਆਰਥੀਆਂ ਤੇ ਵਿਦੇਸ਼ ’ਚ ਵੱਸਦੇ ਭਾਰਤੀ ਵਿਦਿਆਰਥੀਆਂ ਨੇ ਵੀ ਇਸ ਸਮਾਰੋਹ ’ਚ ਭਾਗ ਲਿਆ।
ਇਸ ਸਾਲ ਦੀ ਗੱਲਬਾਤ ਨੂੰ ‘ਪਰੀਕਸ਼ਾ ਪੇ ਚਰਚਾ’ ਦਾ ਵਰਚੁਅਲ ਸੰਸਕਰਣ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਕਰਕੇ ਬਹੁਤ ਸਾਰੀਆਂ ਨਵੀਆਂ ਖੋਜਾਂ ਹੋਈਆਂ ਅਤੇ ਵਿਦਿਆਰਥੀਆਂ ਦੇ ਰੂ–ਬ–ਰੂ ਨਾ ਹੋ ਸਕਣ ਦੀ ਨਿਰਾਸ਼ਾ ਦੇ ਬਾਵਜੂਦ, ਇਸ ਵਰ੍ਹੇ ‘ਪਰੀਕਸ਼ਾ ਪੇ ਚਰਚਾ’ ਵਿੱਚ ਕੋਈ ਰੁਕਾਵਟ ਨਹੀਂ ਪੈਣੀ ਚਾਹੀਦੀ। ਉਨ੍ਹਾਂ ਕਿਹਾ ਕਿ ‘ਪਰੀਕਸ਼ਾ ਪੇ ਚਰਚਾ’ ਸਿਰਫ਼ ਪਰੀਖਿਆ ਬਾਰੇ ਵਿਚਾਰ–ਚਰਚਾ ਹੀ ਨਹੀਂ ਹੈ, ਸਗੋਂ ਇੱਕ ਹਲਕੇ–ਫੁਲਕੇ ਮਾਹੌਲ ’ਚ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਨਾਲ ਗੱਲਬਾਤ ਕਰਨ ਅਤੇ ਨਵਾਂ ਭਰੋਸਾ ਪੈਦਾ ਕਰਨ ਦਾ ਮੌਕਾ ਹੈ।
ਆਂਧਰ ਪ੍ਰਦੇਸ਼ ਤੋਂ ਐੱਮ. ਪੱਲਵੀ ਅਤੇ ਕੁਆਲਾਲੰਪੁਰ ਤੋਂ ਅਰਪਣ ਪਾਂਡੇ ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਤੋਂ ਪੁੱਛਿਆ ਕਿ ਪਰੀਖਿਆ ਦਾ ਡਰ ਕਿਵੇਂ ਘਟਾਇਆ ਜਾ ਸਕਦਾ ਹੈ। ਸ਼੍ਰੀ ਮੋਦੀ ਨੇ ਜਵਾਬ ਦਿੱਤਾ ਕਿ ਡਰ ਉਸ ਮਾਹੌਲ ਕਰਕੇ ਹੈ, ਜਿਸ ਨੇ ਪਰੀਖਿਆ ਨੂੰ ਸਭ ਕੁਝ ਅਤੇ ਸਮੁੱਚੇ ਜੀਵਨ ਦਾ ਅੰਤ ਬਣਾ ਛੱਡਿਆ ਹੈ ਅਤੇ ਉਸ ਕਰਕੇ ਵਿਦਿਆਰਥੀ ਕੁਝ ਵਧੇਰੇ ਹੀ ਚੇਤੰਨ ਹੋ ਜਾਂਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੀਵਨ ਬਹੁਤ ਲੰਮਾ ਹੈ ਇਹ ਸਿਰਫ਼ ਜੀਵਨ ਦਾ ਇੱਕ ਪੜਾਅ ਹੈ। ਉਨ੍ਹਾਂ ਮਾਪਿਆਂ, ਅਧਿਆਪਕਾਂ ਤੇ ਹਮਉਮਰਾਂ ਨੂੰ ਵਿਦਿਆਰਥੀਆਂ ਉੱਤੇ ਦਬਾਅ ਨਾ ਪਾਉਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਪਰੀਖਿਆਵਾਂ ਨੂੰ ਸਿਰਫ਼ ਕਿਸੇ ਨੂੰ ਪਰਖਣ ਦਾ ਸਿਰਫ਼ ਇੱਕ ਚੰਗੇ ਮੌਕੇ ਵਜੋਂ ਲੈਣਾ ਚਾਹੀਦਾ ਹੈ ਅਤੇ ਉਸ ਨੂੰ ਜ਼ਿੰਦਗੀ ਅਤੇ ਮੌਤ ਦਾ ਸੁਆਲ ਨਹੀਂ ਬਣਾਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜਿਹੜੇ ਆਪਣੇ ਬੱਚਿਆਂ ਨਾਲ ਹਰ ਗੱਲ ’ਚ ਸ਼ਾਮਲ ਹੁੰਦੇ ਹਨ; ਉਨ੍ਹਾਂ ਨੂੰ ਉਨ੍ਹਾਂ ਦੀ ਤਾਕਤ ਅਤੇ ਕਮਜ਼ੋਰੀਆਂ ਬਾਰੇ ਸਭ ਪਤਾ ਹੁੰਦਾ ਹੈ।
ਔਖੇ ਅਧਿਆਵਾਂ ਤੇ ਵਿਸ਼ਿਆਂ ਬਾਰੇ ਵੀ ਪ੍ਰਧਾਨ ਮੰਤਰੀ ਨੇ ਸਲਾਹ ਦਿੱਤੀ ਕਿ ਹਰੇ ਵਿਸ਼ੇ ਪ੍ਰਤੀ ਵੀ ਓਹੀ ਵਤੀਰਾ ਹੋਣਾ ਚਾਹੀਦਾ ਹੈ ਅਤੇ ਅਧਿਆਪਕ ਦੀ ਊਰਜਾ ਸਾਰੇ ਵਿਦਿਆਰਥੀਆਂ ’ਚ ਇੱਕਸਮਾਨ ਤਰੀਕੇ ਨਾਲ ਵੰਡੀ ਜਾਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਰੀਖਿਆਵਾਂ ਵਿੱਚ ਸੁਖਾਲੇ ਪ੍ਰਸ਼ਨ ਪਹਿਲਾਂ ਕਰਨ ਬਾਰੇ ਉਨ੍ਹਾਂ ਦਾ ਵਿਚਾਰ ਥੋੜ੍ਹਾ ਭਿੰਨ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਔਖਾ ਹਿੱਸਾ ‘ਤਾਜ਼ਾ ਦਿਮਾਗ਼’ ਨਾਲ ਕੀਤਾ ਜਾਣਾ ਚਾਹੀਦਾ ਹੈ ਤੇ ਇੰਝ ਸੁਖਾਲੇ ਪ੍ਰਸ਼ਨ ਹੋਰ ਵੀ ਸੁਖਾਲੇ ਬਣ ਜਾਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਉਸ ਤੋਂ ਪਹਿਲਾਂ ਮੁੱਖ ਮੰਤਰੀ ਵਜੋਂ ਉਹ ਆਪਣੇ ਕੰਮ ਵਿੱਚ ਸਵੇਰੇ ਤਾਜ਼ਾ ਦਿਮਾਗ਼ ਨਾਲ ਔਖੇ ਮਸਲੇ ਹੱਲ ਕਰਨ ਨੂੰ ਤਰਜੀਹ ਦਿੰਦੇ ਹੁੰਦੇ ਸਨ। ਉਨ੍ਹਾਂ ਇਹ ਵੀ ਕਿਹਾ ਸਾਰੇ ਵਿਸ਼ਿਆਂ ਦਾ ਮਾਹਿਰ ਬਣਨਾ ਅਹਿਮ ਨਹੀਂ ਹੈ, ਬਹੁਤ ਜ਼ਿਆਦਾ ਸਫ਼ਲ ਵਿਅਕਤੀਆਂ ਦੀ ਵੀ ਕਿਸੇ ਇੱਕ ਖ਼ਾਸ ਵਿਸ਼ੇ ਉੱਤੇ ਹੀ ਪਕੜ ਮਜ਼ਬੂਤ ਹੁੰਦੀ ਹੈ। ਉਨ੍ਹਾਂ ਲਤਾ ਮੰਗੇਸ਼ਕਰ ਦੀ ਮਿਸਾਲ ਦਿੱਤੀ, ਜਿਨ੍ਹਾਂ ਆਪਣਾ ਸਾਰਾ ਜੀਵਨ ਇੱਕੋ ਮਨ ਨਾਲ ਸੰਗੀਤ ਦੀ ਚਾਹਤ ਲਈ ਸਮਰਪਿਤ ਕਰ ਦਿੱਤਾ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਕੋਈ ਵਿਸ਼ਾ ਔਖਾ ਲਗਣਾ ਕੋਈ ਸੀਮਾ ਨਹੀਂ ਹੈ ਤੇ ਕਿਸੇ ਨੂੰ ਔਖੇ ਵਿਸ਼ਿਆਂ ਤੋਂ ਦੂਰ ਨਹੀਂ ਨੱਸਣਾ ਚਾਹੀਦਾ।
ਪ੍ਰਧਾਨ ਮੰਤਰੀ ਨੇ ਵਿਹਲੇ ਸਮੇਂ ਦੀ ਅਹਿਮੀਅਤ ਬਾਰੇ ਕਾਫ਼ੀ ਲੰਮੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਵਿਹਲੇ ਸਮੇਂ ਦੀ ਅਹਿਮੀਅਤ ਨੂੰ ਸਮਝਣਾ ਚਾਹੀਦਾ ਹੈ ਕਿਉਂਕਿ ਇਸ ਦੇ ਬਿਨਾ ਤਾਂ ਜ਼ਿੰਦਗੀ ਇੱਕ ਰੋਬੋਟ ਵਾਂਗ ਹੋ ਜਾਵੇਗੀ। ਇਸੇ ਲਈ ਜਦੋਂ ਕਦੇ ਕਿਸੇ ਨੂੰ ਵਿਹਲਾ ਸਮਾਂ ਮਿਲਦਾ ਹੈ, ਤਾਂ ਉਹ ਇਸ ਦੀ ਅਹਿਮੀਅਤ ਨੂੰ ਸਮਝਤਾ ਹੈ। ਪ੍ਰਧਾਨ ਮੰਤਰੀ ਨੇ ਸਾਵਧਾਨ ਕਰਦਿਆਂ ਕਿਹਾ ਕਿ ਵਧੇਰੇ ਅਹਿਮ ਗੱਲ ਇਹ ਹੈ ਕਿ ਸਾਨੂੰ ਵਿਹਲੇ ਸਮੇਂ ਦੌਰਾਨ ਅਜਿਹੀਆਂ ਚੀਜ਼ਾਂ ਤੋਂ ਬਚੇ ਰਹਿਣ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਤੇ ਵਿਹਲੇ ਸਮੇਂ ਦੌਰਾਨ ਤੁਸੀਂ ਹਰ ਵੇਲੇ ਖਾਂਦੇ ਹੀ ਨਾ ਰਹੋਂ। ਇਹ ਚੀਜ਼ਾਂ ਤੁਹਾਨੂੰ ਤਰੋਤਾਜ਼ਾ ਰੱਖਣ ਦੀ ਥਾਂ ਹੰਭਾ ਕੇ ਰੱਖ ਦੇਣਗੀਆਂ। ਵਿਹਲੇ ਸਮਾਂ ਨਵੇਂ ਹੁਨਰ ਸਿੱਖਣ ਦਾ ਸਰਬੋਤਮ ਮੌਕਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਵਿਹਲੇ ਸਮੇਂ ਦਾ ਉਪਯੋਗ ਅਜਿਹੀਆਂ ਗਤੀਵਿਧੀਆਂ ਕਰਨ ਲਈ ਕਰਨਾ ਚਾਹੀਦਾ ਹੈ ਕਿ ਜਿਸ ਨਾਲ ਇੱਕ ਵਿਅਕਤੀ ਦੇ ਜੀਵਨ ’ਚ ਵਿਲੱਖਣਤਾ ਆਵੇ।
ਪ੍ਰਧਾਨ ਮੰਤਰੀ ਨੇ ਅਧਿਆਪਕਾਂ ਤੇ ਮਾਪਿਆਂ ਨੂੰ ਕਿਹਾ ਕਿ ਬੱਚੇ ਬਹੁਤ ਚੁਸਤ ਹੁੰਦੇ ਹਨ। ਉਹ ਆਪਣੇ ਵੱਡਿਆਂ ਨੂੰ ਬਹੁਤ ਗਹੁ ਨਾਲ ਵਾਚਦੇ ਹਨ ਤੇ ਵੱਡਿਆਂ ਦੀਆਂ ਮੂੰਹ–ਜ਼ੁਬਾਨੀ ਹਦਾਇਤਾਂ ਦੀ ਥਾਂ ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਵਧੇਰੇ ਅਪਣਾਉਂਦੇ ਹਨ। ਇਸ ਲਈ, ਇਹ ਅਹਿਮ ਹੈ ਕਿ ਸਾਡਾ ਵਿਸ਼ਵ–ਦ੍ਰਿਸ਼ ਇਹ ਹੋਵੇ ਕਿ ਅਸੀਂ ਆਪਣੇ ਵਿਵਹਾਰ ਨਾਲ ਆਪਣੀਆਂ ਗੱਲਾਂ ਦਾ ਪਾਸਾਰ ਕਰੀਏ। ਵੱਡਿਆਂ ਨੂੰ ਬੱਚਿਆਂ ਨੂੰ ਆਪਣੇ ਆਦਰਸ਼ਾਂ ਅਨੁਸਾਰ ਜੀਵਨ ਜਿਉਂ ਕੇ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਪ੍ਰਧਾਨ ਮੰਤਰੀ ਨੇ ਸਕਾਰਾਤਮਕ ਦ੍ਰਿੜ੍ਹਤਾ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਚੇਤਾਵਨੀ ਦਿੱਤੀ ਕਿ ਬੱਚੇ ਨੂੰ ਡਰਾ ਕੇ ਨਕਾਰਾਤਮਕ ਪ੍ਰੇਰਣਾ ਦੇਣ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਇਹ ਨੁਕਤਾ ਵੀ ਉਠਾਇਆ ਕਿ ਵੱਡਿਆਂ ਦੀਆਂ ਸਰਗਰਮ ਕੋਸ਼ਿਸ਼ਾਂ ਨਾਲ ਬੱਚੇ ਜਦੋਂ ਆਪਣੇ ਤੋਂ ਵੱਡਿਆਂ ਦਾ ਬੇਮਿਸਾਲ ਵਿਵਹਾਰ ਵੇਖਦੇ ਹਨ, ਤਾਂ ਉਹ ਅੰਦਰੂਨੀ ਤੌਰ ਉੱਤੇ ਜਾਗਰੂਕ ਹੁੰਦੇ ਹਨ। ਉਨ੍ਹਾਂ ਕਿਹਾ,‘ਸਕਾਰਾਤਮਕ ਪ੍ਰੇਰਣਾ ਨੌਜਵਾਨਾਂ ਦੇ ਵਾਧੇ ਤੇ ਵਿਕਾਸ ’ਚ ਚੋਖਾ ਵਾਧਾ ਕਰਦੀ ਹੈ।’ ਉਨ੍ਹਾਂ ਕਿਹਾ ਕਿ ਇਸ ਪ੍ਰੇਰਣਾ ਦਾ ਪਹਿਲਾ ਹਿੱਸਾ ਸਿਖਲਾਈ ਹੈ ਅਤੇ ਇੱਕ ਸਿੱਖਿਅਤ ਦਿਮਾਗ਼ ਪ੍ਰੇਰਣਾ ਅਨੁਸਾਰ ਹੀ ਚੱਲਦਾ ਹੈ।
ਸ਼੍ਰੀ ਮੋਦੀ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਨ੍ਹਾਂ ਨੂੰ ਆਪਣੇ ਸੁਫ਼ਨੇ ਸਾਕਾਰ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ। ਉਨ੍ਹਾਂ ਨੂੰ ਵੱਡੀਆਂ ਹਸਤੀਆਂ ਦੇ ਸੱਭਿਆਚਾਰ ਦੀ ਚਕਾਚੌਂਧ ਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਤੇਜ਼ੀ ਨਾਲ ਬਦਲਦਾ ਜਾ ਰਿਹਾ ਵਿਸ਼ਵ ਬਹੁਤ ਸਾਰੇ ਮੌਕੇ ਲਿਆਉਂਦਾ ਹੈ ਅਤੇ ਉਨ੍ਹਾਂ ਮੌਕਿਆਂ ਦਾ ਲਾਭ ਲੈਣ ਲਈ ਉਤਸੁਕਤਾ ਦਾ ਘੇਰਾ ਹੋਰ ਵਧਾਉਣ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ 10ਵੀਂ ਅਤੇ 12ਵੀਂ ਜਮਾਤ ’ਚ ਵਿਦਿਆਰਥੀਆਂ ਨੂੰ ਨੌਕਰੀਆਂ ਦੀ ਕਿਸਮ ਤੇ ਨਵੀਆਂ ਤਬਦੀਲੀਆਂ ਲਈ ਆਪਣੇ ਆਲ਼ੇ–ਦੁਆਲ਼ੇ ਦਾ ਜੀਵਨ ਧਿਆਨ ਨਾਲ ਦੇਖਣਾ ਸ਼ੁਰੂ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਲਈ ਉਹੋ ਜਿਹੀ ਸਿਖਲਾਈ ਤੇ ਹੁਨਰ ਲੈਣੇ ਅਰੰਭ ਕਰ ਦੇਣੇ ਚਾਹੀਦੇ ਹਨ। ਉਨ੍ਹਾਂ ਇਸ ਨੁਕਤੇ ਉੱਤੇ ਜ਼ੋਰ ਦਿੱਤਾ ਕਿ ਵਿਦਿਆਰਥੀ ਜਾਂ ਵਿਦਿਆਰਥਣ ਆਪਣੇ ਜੀਵਨ ਜਿਹੜਾ ਵੀ ਪ੍ਰਮੁੱਖ ਸੰਕਲਪ ਲੈਣਾ ਚਾਹੁੰਦਾ ਜਾਂ ਚਾਹੁੰਦੀ ਹੈ, ਉਸ ਨੂੰ ਸਿਰਫ਼ ਉਸੇ ਸੰਕਲਪ ਉੱਤੇ ਹੀ ਆਪਣਾ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇੱਕ ਵਾਰ ਅਜਿਹਾ ਹੋਣ ਤੋਂ ਬਾਅਦ ਰਾਹ ਸਪਸ਼ਟ ਹੋ ਜਾਵੇਗਾ।
ਪ੍ਰਧਾਨ ਮੰਤਰੀ ਨੇ ਤੰਦਰੁਸਤ ਖਾਣੇ ਦੀ ਲੋੜ ਬਾਰੇ ਵੀ ਕਾਫ਼ੀ ਵਿਸਤਾਰਪੂਰਬਕ ਜਾਣਕਾਰੀ ਦਿੰਦਿਆਂ ਰਵਾਇਤੀ ਖਾਣੇ ਦੇ ਫ਼ਾਇਦਿਆਂ ਤੇ ਸੁਆਦ ਨੂੰ ਸਮਝਣ ਦਾ ਸੱਦਾ ਦਿੱਤਾ।
ਚੀਜ਼ਾਂ ਯਾਦ ਰੱਖਣ ’ਚ ਔਖ ਦੇ ਮੁੱਦੇ ਉੱਤੇ ਪ੍ਰਧਾਨ ਮੰਤਰੀ ਨੇ ਤੇਜ਼ ਯਾਦਦਾਸ਼ਤ ਦੇ ਰਾਹ ਵਜੋਂ ‘ਇਨਵੌਲਵ (ਕਿਸੇ ਚੀਜ਼ ’ਚ ਖੁਭ ਜਾਣ), ਇੰਟਰਨਲਾਈਜ਼ (ਆਪਣੇ ਜੀਵਨ ’ਚ ਸਮਾ ਲੈਣ), ਐਸੋਸੀਏਟ (ਕਿਸੇ ਹੋਰ ਚੀਜ਼ ਨਾਲ ਜੋੜ ਕੇ ਵੇਖਣ) ਅਤੇ ਵਿਜ਼ੁਅਲਾਈਜ਼ (ਦ੍ਰਿਸ਼ਟਮਾਨ ਕਰ ਕੇ ਵੇਖਣ)’ ਦਾ ਮੰਤਰ ਦਿੱਤਾ। ਉਨ੍ਹਾਂ ਕਿਹਾ ਕਿ ਜਿਹੜੀਆਂ ਚੀਜ਼ਾਂ ਜੀਵਨ ’ਚ ਸਮਾ ਜਾਂਦੀਆਂ ਹਨ ਤੇ ਉਹ ਵਿਚਾਰ–ਪ੍ਰਵਾਹ ਦਾ ਹਿੱਸਾ ਬਣ ਜਾਂਦੀਆਂ ਹਨ, ਉਹ ਕਦੇ ਨਹੀਂ ਭੁੱਲਦੀਆਂ। ਇਸੇ ਲਈ ਕੋਈ ਚੀਜ਼ ਯਾਦ ਕਰਨ ਦੀ ਥਾਂ ਉਸ ਨੂੰ ਆਪਣੇ ਜੀਵਨ ’ਚ ਸਮਾ ਲਵੋ।
ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਦਿਮਾਗ਼ ਨੂੰ ਬਿਲਕੁਲ ਹਲਕਾ–ਫੁਲਕਾ ਰੱਖ ਕੇ ਪਰੀਖਿਆ ਦੇਣ। ਸ਼੍ਰੀ ਮੋਦੀ ਨੇ ਕਿਹਾ,‘ਤੁਹਾਨੂੰ ਆਪਣਾ ਸਾਰਾ ਤਣਾਅ ਪਰੀਖਿਆ–ਹਾਲ ਦੇ ਬਾਹਰ ਰੱਖ ਕੇ ਹੀ ਜਾਣਾ ਚਾਹੀਦਾ ਹੈ।’ ਉਨ੍ਹਾਂ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਤਿਆਰੀ ਤੇ ਹੋਰ ਚਿੰਤਾਵਾਂ ਨੂੰ ਲਾਂਭੇ ਰੱਖ ਕੇ ਸਾਰੇ ਪ੍ਰਸ਼ਨਾਂ ਦੇ ਜਵਾਬ ਹਰ ਸੰਭਵ ਹੱਦ ਤੱਕ ਵਧੀਆ ਤਰੀਕੇ ਦੇਣ।
ਮਹਾਮਾਰੀ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ,‘ਕੋਰੋਨਾ–ਵਾਇਰਸ ਸਮਾਜਿਕ–ਦੂਰੀ ਨੂੰ ਜ਼ਬਰਦਸਤੀ ਵਧਾ ਦਿੱਤਾ ਹੈ ਪਰ ਇਸ ਨੇ ਪਰਿਵਾਰਾਂ ਵਿੱਚ ਭਾਵਨਾਤਮਕ ਨੇੜਤਾ ਨੂੰ ਵੀ ਮਜ਼ਬੂਤ ਕੀਤਾ ਹੈ।’ ਉਨ੍ਹਾਂ ਕਿਹਾ ਕਿ ਜੇ ਅਸੀਂ ਮਹਾਮਾਰੀ ਦੌਰਾਨ ਬਹੁਤ ਕੁਝ ਗੁਆਇਆ ਹੈ, ਤਾਂ ਅਸੀਂ ਕਈ ਮਾਮਲਿਆਂ ਵਿੱਚ ਸ਼ਲਾਘਾ ਖੱਟਣ ਤੇ ਜੀਵਨ ਵਿੱਚ ਸਬੰਧ ਬਣਾ ਕੇ ਬਹੁਤ ਕੁਝ ਖੱਟਿਆ ਵੀ ਹੈ। ਅਸੀਂ ਇਸ ਗੱਲ ਦਾ ਮਹੱਤਵ ਮਹਿਸੂਸ ਕੀਤਾ ਹੈ ਕਿ ਕਿਸੇ ਨੂੰ ਕਿਸੇ ਚੀਜ਼ ਬਾਰੇ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਉਹ ਉਸੇ ਮੁਤਾਬਕ ਚਲੇਗੀ। ਕੋਰੋਨਾ ਕਾਲ ਨੇ ਸਾਨੂੰ ਪਰਿਵਾਰ ਦੀ ਕੀਮਤ ਅਤੇ ਬੱਚਿਆਂ ਦੇ ਜੀਵਨਾਂ ਨੂੰ ਇੱਕ ਆਕਾਰ ਦੇਣ ਵਿੱਚ ਉਸ ਦੀ ਭੂਮਿਕਾ ਬਾਰੇ ਦੱਸਿਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ ਵੱਡੇ ਬੱਚੇ ਤੇ ਉਸ ਦੀ ਪੀੜ੍ਹੀ ਦੇ ਮਾਮਲਿਆਂ ਵਿੱਚ ਦਿਲਚਸਪੀ ਵਿਖਾਉਣਗੇ, ਤਾਂ ਪੀੜ੍ਹੀ–ਪਾੜਾ ਖ਼ਤਮ ਹੋ ਜਾਵੇਗਾ। ਗੱਲਬਾਤ ਕਰਨ ਤੇ ਇੱਕ–ਦੂਜੇ ਨੂੰ ਸਮਝਣ ਲਈ ਵੱਡਿਆਂ ਤੇ ਬੱਚਿਆਂ ਵਿਚਾਲੇ ਖੁੱਲ੍ਹੇਪਣ ਦੀ ਲੋੜ ਹੁੰਦੀ ਹੈ। ਬੱਚਿਆਂ ਨੂੰ ਖੁੱਲ੍ਹੇ ਮਨ ਨਾਲ ਮਿਲਣਾ ਚਾਹੀਦਾ ਹੈ ਤੇ ਅਸੀਂ ਉਨ੍ਹਾਂ ਨਾਲ ਗੱਲਬਾਤ ਤੋਂ ਬਾਅਦ ਜ਼ਰੂਰ ਹੀ ਬਦਲਣੇ ਇੱਛੁਕ ਹੋਣੇ ਚਾਹੀਦੇ ਹਨ।
ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ‘ਤੁਹਾਡੇ ਜੀਵਨ ਦੀ ਸਫ਼ਲਤਾ ਤੇ ਨਾਕਾਮੀ ਸਿਰਫ਼ ਤੁਹਾਡੀ ਪੜ੍ਹਾਈ ਉੱਤੇ ਹੀ ਨਿਰਭਰ ਨਹੀਂ ਕਰਦੀ। ਤੁਸੀਂ ਜੀਵਨ ’ਚ ਜੋ ਕੁਝ ਵੀ ਕਰਦੇ ਹੋ, ਉਸੇ ਤੋਂ ਹੀ ਤੁਹਾਡੀ ਸਫ਼ਲਤਾ ਤੇ ਅਸਫ਼ਲਤਾ ਨਿਰਧਾਰਿਤ ਹੋਵੇਗੀ।’ ਇਸ ਲਈ, ਬੱਚਿਆਂ ਨੂੰ ਲੋਕਾਂ, ਮਾਪਿਆਂ ਤੇ ਸਮਾਜ ਦੇ ਦਬਾਅ ’ਚੋਂ ਬਾਹਰ ਨਿੱਕਲਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ‘ਵੋਕਲ ਫ਼ਾਰ ਲੋਕਲ’ ਮੁਹਿੰਮ ਵਿੱਚ ਯੋਗਦਾਨ ਪਾਉਣ ਲਈ ਵੀ ਪ੍ਰੇਰਿਆ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਵਿਦਿਆਰਥੀ ਇਸ ਪਰੀਖਿਆ ਵਿੱਚ ਸ਼ਤ–ਪ੍ਰਤੀਸ਼ਤ ਅੰਕ ਲੈ ਕੇ ਪਾਸ ਹੋਣ ਅਤੇ ਭਾਰਤ ਨੂੰ ‘ਆਤਮਨਿਰਭਰ’ ਬਣਾਉਣ। ਪ੍ਰਧਾਨ ਮੰਤਰੀ ਨੇ ਆਜ਼ਾਦੀ ਸੰਘਰਸ਼ ਨਾਲ ਜੁੜੀਆਂ ਘਟਨਾਵਾਂ ਬਾਰੇ ਜਾਣਕਾਰੀ ਇਕੱਠੀ ਕਰ ਕੇ ਉਨ੍ਹਾਂ ਬਾਰੇ ਲਿਖ ਕੇ ਵਿਦਿਆਰਥੀਆਂ ਨੂੰ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਵਿੱਚ ਸ਼ਾਮਲ ਹੋਣ ਲਈ ਵੀ ਕਿਹਾ।
ਪ੍ਰਧਾਨ ਮੰਤਰੀ ਨੇ ਨਿਮਨਲਿਖਤ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਵੱਲੋਂ ਪੁੱਛੇ ਪ੍ਰਸ਼ਨਾਂ ਦੇ ਉੱਤਰ ਦਿੱਤੇ: ਐੱਮ. ਪੱਲਵੀ, ਸਰਕਾਰੀ ਹਾਈ ਸਕੂਲ, ਪੋਡਿਲੀ, ਪ੍ਰਕਾਸ਼ਮ, ਆਂਧਰ ਪ੍ਰਦੇਸ਼; ਅਰਪਣ ਪਾਂਡੇ – ਗਲੋਬਲ ਇੰਡੀਆ ਇੰਟਰਨੈਸ਼ਨਲ ਸਕੂਲ, ਮਲੇਸ਼ੀਆ; ਪੁਨਿਯੋ–ਸੁੰਨਯਾ – ਵਿਵੇਕਾਨੰਦ ਕੇਂਦਰ ਵਿਦਿਆਲਾ, ਪਪੁਮਪੇਅਰ, ਅਰੁਣਾਚਲ ਪ੍ਰਦੇਸ਼; ਸੁਸ਼੍ਰੀ ਵਿਨੀਤਾ ਗਰਗ (ਅਧਿਆਪਕਾ), ਐੱਸਆਰਡੀਏਵੀ ਪਬਲਿਕ ਸਕੂਲ, ਦਯਾਨੰਦ ਵਿਹਾਰ, ਦਿੱਲੀ, ਨੀਲ ਅਨੰਤ, ਕੇ.ਐੱਮ. – ਸ਼੍ਰੀ ਅਬਰਾਹਮ ਲਿੰਗਡਮ,, ਵਿਵੇਕਾਨੰਦ ਕੇਂਦਰ ਵਿਦਿਆਲਾ ਮੈਟ੍ਰਿਕ, ਕੰਨਿਆਕੁਮਾਰੀ, ਤਮਿਲ ਨਾਡੂ; ਅਕਸ਼ੇ ਕੀਕੈਪਚਰ (ਪਿਤਾ) – ਬੈਂਗਲੁਰੂ; ਪ੍ਰਵੀਨ ਕੁਮਾਰ, ਪਟਨਾ, ਬਿਹਾਰ; ਪ੍ਰਤਿਭਾ ਗੁਪਤਾ (ਮਾਂ), ਲੁਧਿਆਣਾ, ਪੰਜਾਬ; ਤਨਯ, ਵਿਦੇਸ਼ੀ ਵਿਦਿਆਰਥੀ, ਸਮੀਆ ਇੰਡੀਅਨ ਮਾਡਲ ਸਕੂਲ ਕੁਵੈਤ; ਅਸ਼ਰਫ਼ ਖ਼ਾਨ – ਮਸੂਰੀ, ਉੱਤਰਾਖੰਡ; ਅੰਮ੍ਰਿਤਾ ਜੈਨ, ਮੋਰਾਦਾਬਾਦ, ਉੱਤਰ ਪ੍ਰਦੇਸ਼; ਸੁਨੀਤਾ ਪੌਲ (ਮਾਂ), ਰਾਏਪੁਰ, ਛੱਤੀਸਗੜ੍ਹ; ਦਿਵਯਾਂਕਾ, ਪੁਸ਼ਕਰ, ਰਾਜਸਥਾਨ; ਸੁਹਾਨ ਸਹਿਗਲ, ਅਹਿਲਕੌਨ ਇੰਟਰਨੈਸ਼ਨਲ, ਮਿਯੂਰ ਵਿਹਾਰ, ਦਿੱਲੀ, ਧਾਰਵੀ–ਬੋਪਟ – ਗਲੋਬਲ ਮਿਸ਼ਨ ਇੰਟਰਨੈਸ਼ਨਲ ਸਕੂਲ, ਅਹਿਮਦਾਬਾਦ; ਕ੍ਰਿਸ਼ਟੀ–ਸੈਕੀਆ – ਕੇਂਦਰੀ ਵਿਦਿਆਲਾ ਆਈਆਈਟੀ ਗੁਹਾਟੀ ਅਤੇ ਸ਼੍ਰੇਯਾਨ ਰਾਏ, ਸੈਂਟਰਲ ਮਾਡਲ ਸਕੂਲ, ਬਰਾਕਪੁਰ, ਕੋਲਕਾਤਾ।
*****
ਡੀਐੱਸ
(Release ID: 1710295)
Visitor Counter : 228
Read this release in:
Hindi
,
Telugu
,
Tamil
,
Assamese
,
Marathi
,
Kannada
,
English
,
Urdu
,
Manipuri
,
Bengali
,
Gujarati
,
Odia
,
Malayalam