ਪ੍ਰਧਾਨ ਮੰਤਰੀ ਦਫਤਰ

ਆਪਦਾ ਅਨੁਕੂਲ ਬੁਨਿਆਦੀ ਢਾਂਚੇ ਦੇ ਲਈ ਗਠਬੰਧਨ (ਸੀਡੀਆਰਆਈ) ਦੇ ਸਲਾਨਾ ਸੰਮੇਲਨ ਦੇ ਤੀਸਰੇ ਸੰਸਕਰਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 17 MAR 2021 4:59PM by PIB Chandigarh

ਫਿਜੀ ਦੇ ਪ੍ਰਧਾਨ ਮੰਤਰੀ,

ਇਟਲੀ ਦੇ ਪ੍ਰਧਾਨ ਮੰਤਰੀ,

ਯੁਨਾਈਟਿਡ ਕਿੰਗਡਮ ਦੇ ਪ੍ਰਧਾਨ ਮੰਤਰੀ,

 

ਮਾਣਯੋਗ,

ਰਾਸ਼ਟਰੀ ਸਰਕਾਰਾਂ ਦੇ ਭਾਗੀਦਾਰੋ,

ਅੰਤਰਰਾਸ਼ਟਰੀ ਸੰਸਥਾਵਾਂ, ਵਿੱਦਿਅਕ ਸੰਸਥਾਵਾਂ

ਅਤੇ ਨਿਜੀ ਖੇਤਰ ਦੇ ਮਾਹਰੋ।

 

ਆਪਦਾ ਅਨੁਕੂਲ ਬੁਨਿਆਦੀ ਢਾਂਚੇ ਦੇ ਲਈ ਗਠਬੰਧਨ ਜਾਂ ਸੀਡੀਆਰਆਈ ਦੇ ਸਲਾਨਾ ਸੰਮੇਲਨ ਦਾ ਤੀਸਰਾ ਸੰਸਕਰਣ ਬੇਮਿਸਾਲ ਸਮੇਂ ਵਿੱਚ ਹੋ ਰਿਹਾ ਹੈ। ਅਸੀਂ ਇੱਕ ਅਜਿਹੀ ਘਟਨਾ ਦੇ ਗਵਾਹ ਬਣ ਰਹੇ ਹਾਂ, ਜਿਸ ਨੂੰ 100 ਸਾਲਾਂ ਵਿੱਚ ਇੱਕ ਵਾਰ ਹੋਣ ਵਾਲੀ ਆਪਦਾ ਦੱਸਿਆ ਜਾ ਰਿਹਾ ਹੈ। ਕੋਵਿਡ-19 ਮਹਾਮਾਰੀ ਨੇ ਸਾਨੂੰ ਸਿਖਾਇਆ ਹੈ ਕਿ ਇੱਕ-ਦੂਸਰੇ ’ਤੇ ਨਿਰਭਰ ਅਤੇ ਆਪਸ ਵਿੱਚ ਜੁੜੀ ਹੋਈ ਦੁਨੀਆ ਵਿੱਚ, ਅਮੀਰ ਜਾਂ ਗ਼ਰੀਬ, ਪੂਰਬ ਜਾਂ ਪੱਛਮ, ਉੱਤਰ ਜਾਂ ਦੱਖਣ ਵਿੱਚ ਸਥਿੱਤ ਕੋਈ ਵੀ ਦੇਸ਼ ਆਲਮੀ ਅਪਦਾਵਾਂ ਦੇ ਪ੍ਰਭਾਵ ਤੋਂ ਸੁਰੱਖਿਅਤ ਨਹੀਂ ਹੈ। ਦੂਸਰੀ ਸਦੀ ਈਸਵੀ ਵਿੱਚ, ਭਾਰਤੀ ਵਿਦਵਾਨ ਰਿਸ਼ੀ ਨਾਗਰਜੁਨ ਨੇ “ਵਰਸਿਜ਼ ਔਨ ਡੀਪੈਂਡੈਂਟ ਅਰਾਈਜ਼ਿੰਗ” “ਪ੍ਰਤੀਤਯਸਮੂਤਪਾਦ” ਦੀ ਰਚਨਾ ਕੀਤੀ ਸੀ। ਉਨ੍ਹਾਂ ਨੇ ਮਨੁੱਖ ਸਮੇਤ ਸਾਰੀਆਂ ਵਸਤਾਂ ਦਾ ਇੱਕ-ਦੂਸਰੇ ਨਾਲ ਸਬੰਧ ਦਿਖਾਇਆ ਸੀ। ਇਹ ਕੰਮ ਉਸ ਤਰੀਕੇ ਨੂੰ ਦਿਖਾਉਂਦਾ ਹੈ, ਜਿਸ ਤਰ੍ਹਾਂ ਨਾਲ ਮਨੁੱਖੀ ਜੀਵਨ ਕੁਦਰਤੀ ਅਤੇ ਸਮਾਜਿਕ ਦੁਨੀਆ ਵਿੱਚ ਦਰਸਾਉਂਦਾ ਹੈ। ਜੇ ਅਸੀਂ ਇਸ ਪ੍ਰਾਚੀਨ ਗਿਆਨ ਨੂੰ ਡੂੰਘਾਈ ਨਾਲ ਸਮਝਦੇ ਹਾਂ, ਤਾਂ ਅਸੀਂ ਆਪਣੀ ਮੌਜੂਦਾ ਵਿਸ਼ਵਵਿਆਪੀ ਪ੍ਰਣਾਲੀ ਦੀਆਂ ਕਮਜ਼ੋਰੀਆਂ ਨੂੰ ਸੀਮਤ ਕਰ ਸਕਦੇ ਹਾਂ। ਇੱਕ ਪਾਸੇ, ਮਹਾਮਾਰੀ ਨੇ ਦਿਖਾਇਆ ਹੈ ਕਿ ਕਿਵੇਂ ਇਸ ਦਾ ਪ੍ਰਭਾਵ ਪੂਰੀ ਦੁਨੀਆ ਵਿੱਚ ਫੈਲ ਸਕਦਾ ਹੈ। ਅਤੇ ਦੂਸਰੇ ਪਾਸੇ, ਇਸ ਨੇ ਇਹ ਵੀ ਦਿਖਾਇਆ ਹੈ ਕਿ ਇੱਕ ਬਰਾਬਰ ਚੁਣੌਤੀ ਦੇ ਨਾਲ ਨਜਿੱਠਣ ਵਿੱਚ ਕਿਵੇਂ ਦੁਨੀਆ ਇਕਜੁੱਟ ਹੋ ਸਕਦੀ ਹੈ। ਅਸੀਂ ਦੇਖਿਆ ਹੈ ਕਿ ਕਿਸ ਤਰ੍ਹਾਂ ਮਨੁੱਖੀ ਚਤੁਰਾਈ ਬਹੁਤ ਮੁਸ਼ਕਿਲਾਂ ਦਾ ਹੱਲ ਕੱਢ ਸਕਦੀ ਹੈ। ਅਸੀਂ ਇੱਕ ਰਿਕਾਰਡ ਸਮੇਂ ਵਿੱਚ ਵੈਕਸੀਨ ਤਿਆਰ ਕੀਤੀ ਹੈ। ਮਹਾਮਾਰੀ ਨੇ ਸਾਨੂੰ ਦਿਖਾਇਆ ਹੈ ਕਿ ਆਲਮੀ ਚੁਣੌਤੀਆਂ ਦਾ ਹੱਲ ਕਰਨ ਲਈ ਇਨੋਵੇਸ਼ਨ ਕਿਤੋਂ ਵੀ ਆ ਸਕਦੀ ਹੈ। ਸਾਨੂੰ ਇੱਕ ਅਜਿਹੇ ਈਕੋਸਿਸਟਮ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ, ਜੋ ਵਿਸ਼ਵ ਦੇ ਸਾਰੇ ਹਿੱਸਿਆਂ ਵਿੱਚ ਇਨੋਵੇਸ਼ਨ ਅਤੇ ਅਜਿਹੀ ਥਾਵਾਂ ਨੂੰ ਇਸ ਦੀ ਵੰਡ ਦਾ ਸਮਰਥਨ ਕਰਦਾ ਹੋਵੇ, ਜਿੱਥੇ ਉਸ ਦੀ ਸਭ ਤੋਂ ਵੱਧ ਜ਼ਰੂਰਤ ਹੋਵੇ। 

 

 

ਸਾਲ 2021 ਮਹਾਮਾਰੀ ਤੋਂ ਤੇਜ਼ੀ ਨਾਲ ਉੱਭਰਨ ਵਾਲਾ ਸਾਲ ਬਣਨ ਦਾ ਭਰੋਸਾ ਦਵਾਉਂਦਾ ਹੈ। ਹਾਲਾਂਕਿ, ਮਹਾਮਾਰੀ ਤੋਂ ਮਿਲੇ ਸਬਕ ਨਹੀਂ ਭੁੱਲਣੇ ਚਾਹੀਦੇ। ਉਹ ਨਾ ਸਿਰਫ ਜਨਤਕ ਸਿਹਤ ਆਪਦਾਵਾਂ, ਬਲਕਿ ਹੋਰ ਆਫਤਾਂ ਉੱਤੇ ਵੀ ਲਾਗੂ ਹੁੰਦੇ ਹਨ। ਸਾਡੇ ਸਾਹਮਣੇ ਵਾਤਾਵਰਣ ਦਾ ਸੰਕਟ ਬਣਿਆ ਹੋਇਆ ਹੈ। ਸੰਯੁਕਤ ਰਾਸ਼ਟਰ ਦੇ ਵਾਤਾਵਰਣ ਪ੍ਰਮੁੱਖ ਨੇ ਹਾਲ ਹੀ ਵਿੱਚ ਕਿਹਾ, “ਵਾਤਾਵਰਣ ਸੰਕਟ ਦੇ ਲਈ ਕੋਈ ਵੈਕਸੀਨ ਨਹੀਂ ਹੈ।” ਵਾਤਾਵਰਣ ਪਰਿਵਰਤਨ ਦੀ ਸਮੱਸਿਆ ਦੇ ਲਈ ਨਿਰੰਤਰ ਅਤੇ ਠੋਸ ਯਤਨ ਕਰਨੇ ਹੋਣਗੇ। ਸਾਨੂੰ ਉਨ੍ਹਾਂ ਬਦਲਾਵਾਂ ਦੇ ਅਨੁਕੂਲ ਬਣਨ ਦੀ ਜ਼ਰੂਰਤ ਹੈ, ਜੋ ਪਹਿਲਾਂ ਤੋਂ ਹੀ ਦੇਖੇ ਜਾ ਰਹੇ ਹਨ ਅਤੇ ਵਿਸ਼ਵ ਭਰ ਵਿੱਚ ਸਮੁਦਾਇਆਂ ਨੂੰ ਪ੍ਰਭਾਵਤ ਕਰ ਰਹੇ ਹਨ। ਇਸ ਪ੍ਰਸੰਗ ਵਿੱਚ, ਇਸ ਗਠਬੰਧਨ ਦਾ ਮਹੱਤਵ ਜ਼ਿਆਦਾ ਪ੍ਰਤੱਖ ਦਿੱਖ ਰਿਹਾ ਹੈ। ਜੇਕਰ ਅਸੀਂ ਲਚੀਲੇ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰ ਸਕਦੇ ਹਾਂ, ਤਾਂ ਇਹ ਸਾਡੀਆਂ ਵਿਆਪਕ ਅਨੁਕੂਲਤਾ ਕੋਸ਼ਿਸ਼ਾਂ ਦਾ ਇੱਕ ਕੇਂਦਰੀ ਭਾਗ ਹੋ ਸਕਦੇ ਹਨ। ਬੁਨਿਆਦੀ ਢਾਂਚੇ ਵਿੱਚ ਭਾਰੀ ਨਿਵੇਸ਼ ਕਰਨ ਵਾਲੇ ਭਾਰਤ ਵਰਗੇ ਦੇਸ਼ਾਂ ਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਇਹ ਲਚੀਲੇਪਣ ਵਿੱਚ ਨਿਵੇਸ਼ ਹੈ, ਨਾ ਕਿ ਜੋਖਮ ਵਿੱਚ। ਪਰ ਜਿਵੇਂ ਕਿ ਹਾਲੀਆ ਹਫ਼ਤਿਆਂ ਦੀਆਂ ਘਟਨਾਵਾਂ ਤੋਂ ਪਤਾ ਲੱਗਦਾ ਹੈ ਕਿ ਇਹ ਸਿਰਫ਼ ਵਿਕਾਸਸ਼ੀਲ ਦੇਸ਼ ਦੀ ਸਮੱਸਿਆ ਨਹੀਂ ਹੈ। ਪਿਛਲੇ ਮਹੀਨੇ ਵਿੱਚ, ਸਰਦੀ ਦੇ ਤੂਫਾਨ ਉਰੀ ਨੇ ਟੈਕਸਾਸ, ਅਮਰੀਕਾ ਵਿੱਚ ਲਗਭਗ ਇੱਕ ਤਿਹਾਈ ਬਿਜਲੀ ਉਤਪਾਦਨ ਸਮਰੱਥਾ ਨੂੰ ਠੱਪ ਕਰ ਦਿੱਤਾ ਸੀ। ਤਕਰੀਬਨ 30 ਲੱਖ ਲੋਕਾਂ ਨੂੰ ਬਿਜਲੀ ਤੋਂ ਬਿਨਾਂ ਰਹਿਣਾ ਪਿਆ ਸੀ। ਅਜਿਹੀਆਂ ਘਟਨਾਵਾਂ ਕਿਤੇ ਵੀ ਹੋ ਸਕਦੀਆਂ ਹਨ। ਭਾਵੇਂ ਕਿ ਬਲੈਕਆਊਟ ਦੇ ਜਟਿਲ ਕਾਰਨਾਂ ਨੂੰ ਹਾਲੇ ਤੱਕ ਸਮਝਿਆ ਜਾ ਰਿਹਾ ਹੈ, ਸਾਨੂੰ ਪਹਿਲਾਂ ਹੀ ਸਬਕ ਲੈਣੇ ਚਾਹੀਦੇ ਹਨ ਅਤੇ ਅਜਿਹੀਆਂ ਸਥਿਤੀਆਂ ਦਾ ਪਹਿਲਾਂ ਤੋਂ ਹੀ ਅਨੁਮਾਨ ਲਗਾਉਣਾ ਚਾਹੀਦਾ ਹੈ।

 

ਕਈ ਬੁਨਿਆਦੀ ਢਾਂਚੇ ਦੇ ਸਿਸਟਮ - ਡਿਜੀਟਲ ਬੁਨਿਆਦੀ ਢਾਂਚਾ, ਸ਼ੀਪਿੰਗ ਲਾਈਨ ਅਤੇ ਹਵਾਬਾਜ਼ੀ ਨੈੱਟਵਰਕ ਪੂਰੇ ਵਿਸ਼ਵ ਨੂੰ ਕਵਰ ਕਰਦੇ ਹਨ! ਦੁਨੀਆ ਦੇ ਇੱਕ ਹਿੱਸੇ ਵਿੱਚ ਆਪਦਾ ਦਾ ਪ੍ਰਭਾਵ ਤੇਜ਼ੀ ਨਾਲ ਪੂਰੀ ਦੁਨੀਆ ਵਿੱਚ ਫੈਲ ਸਕਦਾ ਹੈ। ਆਲਮੀ ਵਿਵਸਥਾ ਦੇ ਲਚਕੀਲੇਪਣ ਨੂੰ ਯਕੀਨੀ ਬਣਾਉਣ ਦੇ ਲਈ ਸਹਿਯੋਗ ਲਾਜ਼ਮੀ ਹੈ। ਬੁਨਿਆਦੀ ਢਾਂਚੇ ਦਾ ਵਿਕਾਸ ਲੰਬੇ ਸਮੇਂ ਲਈ ਹੁੰਦਾ ਹੈ। ਜੇਕਰ ਅਸੀਂ ਇਸ ਨੂੰ ਲਚਕੀਲਾ ਬਣਾਉਂਦੇ ਹਾਂ, ਤਾਂ ਅਸੀਂ ਆਪਦਾਵਾਂ ਤੋਂ ਨਾ ਸਿਰਫ ਖੁਦ ਨੂੰ, ਬਲਕਿ ਆਉਣ ਵਾਲੀਆਂ ਬਹੁਤ ਸਾਰੀਆਂ ਪੀੜ੍ਹੀਆਂ ਨੂੰ ਬਚਾਵਾਂਗੇ। ਜਦੋਂ ਇੱਕ ਪੁਲ ਟੁੱਟਦਾ ਹੈ, ਇੱਕ ਟੈਲੀਕੌਮ ਟਾਵਰ ਡਿੱਗਦਾ ਹੈ, ਤਾਂ ਨੁਕਸਾਨ ਸਿਰਫ਼ ਪ੍ਰਤੱਖ ਰੂਪ ਨਾਲ ਨਹੀਂ ਹੁੰਦਾ ਹੈ। ਸਾਨੂੰ ਨੁਕਸਾਨ ਨੂੰ ਇਤਿਹਾਸਿਕ ਰੂਪ ਨਾਲ ਦੇਖਣਾ ਚਾਹੀਦਾ ਹੈ। ਛੋਟੇ ਕਾਰੋਬਾਰਾਂ ਵਿੱਚ ਵਿਘਨ ਪੈਣ ’ਤੇ ਅਤੇ ਬੱਚਿਆਂ ਦੀ ਪੜ੍ਹਾਈ ਵਿੱਚ ਰੁਕਾਵਟ ਆਉਣ ਆਉਣ ਨਾਲ ਅਸਿੱਧੇ ਤੌਰ ’ਤੇ ਨੁਕਸਾਨ ਕਈ ਗੁਣਾ ਜ਼ਿਆਦਾ ਹੋ ਸਕਦੇ ਹਨ। ਸਾਨੂੰ ਸਥਿਤੀ ਦੇ ਸਰਬਪੱਖੀ ਮੁੱਲਾਂਕਣ ਦੇ ਲਈ ਉਚਿਤ ਸੰਦਰਭ ਵਿੱਚ ਵਿਚਾਰ ਕਰਨ ਦੀ ਜ਼ਰੂਰਤ ਹੈ। ਜੇਕਰ ਅਸੀਂ ਆਪਣੇ ਬੁਨਿਆਦੀ ਢਾਂਚੇ ਨੂੰ ਲਚਕੀਲਾ ਬਣਾਉਂਦੇ ਹਾਂ, ਤਾਂ ਅਸੀਂ ਪ੍ਰਤੱਖ ਅਤੇ ਅਪ੍ਰਤੱਖ ਤੌਰ ’ਤੇ ਨੁਕਸਾਨ ਵਿੱਚ ਕਮੀ ਆਵੇਗੀ ਅਤੇ ਕਰੋੜਾਂ ਲੋਕਾਂ ਦੀ ਰੋਜ਼ੀ-ਰੋਟੀ ਦੀ ਰੱਖਿਆ ਹੋਵੇਗੀ।

 

 

ਸੀਡੀਆਰਆਈ ਦੇ ਗਠਨ ਦੇ ਸਾਲਾਂ ਵਿੱਚ ਅਸੀਂ ਭਾਰਤ ਦੇ ਨਾਲ-ਨਾਲ ਯੂਨਾਈਟੇਡ ਕਿੰਗਡਮ ਦੀ ਅਗਵਾਈ ਲਈ ਧੰਨਵਾਦੀ ਹਾਂ। ਸਾਲ 2021 ਖਾਸ ਤੌਰ ’ਤੇ ਇੱਕ ਮਹੱਤਵਪੂਰਨ ਸਾਲ ਰਿਹਾ ਹੈ। ਅਸੀਂ ਸਥਿਰ ਵਿਕਾਸ ਦੇ ਟੀਚਿਆਂ, ਪੈਰਿਸ ਸਮਝੌਤਿਆਂ ਅਤੇ ਸੇਂਡਾਈ ਫ਼ਰੇਮਵਰਕ ਦੇ ਮੱਧ-ਬਿੰਦੂ ਤੱਕ ਪਹੁੰਚ ਰਹੇ ਹਨ। ਯੂਕੇ ਅਤੇ ਇਟਲੀ ਦੀ ਮੇਜ਼ਬਾਨੀ ਵਿੱਚ ਇਸ ਸਾਲ ਹੋਣ ਜਾ ਰਹੇ ਸੀਓਪੀ - 26 ਤੋਂ ਕਾਫੀ ਜ਼ਿਆਦਾ ਉਮੀਦਾਂ ਹਨ।

 

ਲਚਕੀਲੇ ਢਾਂਚੇ ’ਤੇ ਇਸ ਸਾਂਝੇਦਾਰੀ ਨੂੰ ਉਨ੍ਹਾਂ ਵਿੱਚੋਂ ਕੁਝ ਉਮੀਦਾਂ ਨੂੰ ਪੂਰਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਇਸ ਸਬੰਧ ਵਿੱਚ ਮੈਂ ਤੁਹਾਡੇ ਨਾਲ ਕੁਝ ਪ੍ਰਮੁੱਖ ਖੇਤਰਾਂ ਨੂੰ ਸਾਂਝਾ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ: ਪਹਿਲਾ, ਸੀਡੀਆਰਆਈ ਨੂੰ ਸਥਿਰ ਵਿਕਾਸ ਦੇ ਟੀਚਿਆਂ ਦੇ ਕੇਂਦਰੀ ਵਾਅਦੇ ਦੇ ਰੂਪ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ, ਅਰਥਾਤ, “ਕਿਸੇ ਨੂੰ ਵੀ ਪਿੱਛੇ ਨਹੀਂ ਛੱਡਣਾ”। ਇਸ ਦਾ ਮਤਲਬ ਹੈ ਕਿ ਅਸੀਂ ਸਭ ਤੋਂ ਕਮਜ਼ੋਰ ਦੇਸ਼ਾਂ ਅਤੇ ਭਾਈਚਾਰਿਆਂ ਦੀ ਚਿੰਤਾ ਨੂੰ ਮੁੱਖ ਰੱਖਣਾ ਹੈ। ਇਸ ਸਬੰਧ ਵਿੱਚ, ਛੋਟੇ ਟਾਪੂ ਵਿਕਾਸਸ਼ੀਲ ਦੇਸ਼ਾਂ ਨੂੰ ਲੋੜੀਂਦੀ ਮੰਨੀ ਜਾਣ ਵਾਲੀ ਤਕਨੀਕ, ਗਿਆਨ ਅਤੇ ਸਹਾਇਤਾ ਤੱਕ ਅਸਾਨ ਪਹੁੰਚ ਉਪਲਬਧ ਕਰਾਈ ਜਾਣੀ ਚਾਹੀਦੀ ਹੈ, ਜੋ ਪਹਿਲਾਂ ਤੋਂ ਹੀ ਭੈੜੀਆਂ ਆਪਦਾਵਾਂ ਦੇ ਪ੍ਰਭਾਵਾਂ ਦਾ ਸਾਹਮਣਾ ਕਰ ਰਹੇ ਹਨ। ਸਾਡੇ ਕੋਲ ਸਥਾਨਕ ਪ੍ਰਸੰਗ ਦੇ ਅਨੁਸਾਰ ਸੰਸਾਰਕ ਹੱਲਾਂ ਵਿੱਚ ਬਦਲਾਵ ਅਤੇ ਸਮਰਥਨ ਦੇਣ ਦੀ ਸਮਰੱਥਾ ਹੋਣੀ ਚਾਹੀਦੀ ਹੈ। ਦੂਸਰਾ, ਸਾਨੂੰ ਕੁਝ ਬੁਨਿਆਦੀ ਢਾਂਚੇ ਦੇ ਖੇਤਰਾਂ - ਖਾਸ ਕਰਕੇ ਸਿਹਤ ਦੇ ਬੁਨਿਆਦੀ ਢਾਂਚੇ ਅਤੇ ਡਿਜੀਟਲ ਢਾਂਚੇ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਣਾ ਚਾਹੀਦਾ ਹੈ, ਜਿਨ੍ਹਾਂ ਨੇ ਮਹਾਮਾਰੀ ਦੇ ਦੌਰਾਨ ਕੇਂਦਰੀ ਭੂਮਿਕਾ ਨਿਭਾਈ ਹੈ। ਇਨ੍ਹਾਂ ਖੇਤਰਾਂ ਤੋਂ ਕੀ ਸਬਕ ਹਾਸਲ ਹੋਏ ਹਨ? ਅਤੇ ਅਸੀਂ ਉਨ੍ਹਾਂ ਨੂੰ ਭਵਿੱਖ ਦੇ ਲਈ ਹੋਰ ਲਚਕੀਲਾ ਕਿਵੇਂ ਬਣਾ ਸਕਦੇ ਹਾਂ? ਰਾਸ਼ਟਰੀ ਅਤੇ ਉਪ-ਰਾਸ਼ਟਰੀ ਪੱਧਰ ’ਤੇ ਅਸੀਂ ਏਕੀਕ੍ਰਿਤ ਯੋਜਨਾਬੰਦੀ, ਢਾਂਚਾਗਤ ਡਿਜ਼ਾਈਨ, ਆਧੁਨਿਕ ਸਮੱਗਰੀਆਂ ਦੀ ਉਪਲਬਧਤਾ ਅਤੇ ਸਾਰੇ ਬੁਨਿਆਦੀ ਢਾਂਚੇ ਦੇ ਖੇਤਰਾਂ ਵਿੱਚ ਵੱਡੀ ਗਿਣਤੀ ਵਿੱਚ ਕੁਸ਼ਲ ਕਰਮਚਾਰੀਆਂ ਦੇ ਲਈ ਯੋਗਤਾਵਾਂ ਵਿੱਚ ਨਿਵੇਸ਼ ਕਰਨਾ ਹੈ। ਇਨ੍ਹਾਂ ਸਾਰੇ ਖੇਤਰਾਂ ਵਿੱਚ ਖੋਜ ਅਤੇ ਵਿਕਾਸ ਦੀ ਜ਼ਰੂਰਤ ਹੈ। ਤੀਜਾ, ਲਚਕੀਲੇਪਣ ਦੀ ਖੋਜ ਵਿੱਚ, ਕਿਸੇ ਵੀ ਤਕਨੀਕੀ ਵਿਵਸਥਾ ਨੂੰ ਜ਼ਿਆਦਾ ਪ੍ਰਾਥਮਿਕ ਜਾਂ ਜ਼ਿਆਦਾ ਵਿਕਸਿਤ ਦੇ ਰੂਪ ਵਿੱਚ ਨਹੀਂ ਦੇਖਿਆ ਜਾਣਾ ਚਾਹੀਦਾ। ਸੀਡੀਆਰਆਈ ਨੂੰ ਤਕਨੀਕ ਦੀ ਵਰਤੋਂ ਦੇ ਪ੍ਰਦਰਸ਼ਨ ਪ੍ਰਭਾਵ ਨੂੰ ਵੱਧ ਤੋਂ ਵੱਧ ਬਣਾਉਣਾ ਚਾਹੀਦਾ ਹੈ। ਗੁਜਰਾਤ ਵਿੱਚ, ਅਸੀਂ ਬੇਸ ਆਈਸੋਲੇਸ਼ਨ ਤਕਨੀਕ ਦੇ ਨਾਲ ਭਾਰਤ ਦੇ ਪਹਿਲੇ ਹਸਪਤਾਲ ਦਾ ਨਿਰਮਾਣ ਕੀਤਾ ਹੈ। ਹੁਣ ਭੂਚਾਲ ਤੋਂ ਸੁਰੱਖਿਆ ਦੇ ਲਈ ਬੇਸ ਆਈਸੋਲੇਟਰਸ ਭਾਰਤ ਵਿੱਚ ਹੀ ਬਣਾਏ ਜਾ ਰਹੇ ਹਨ। ਮੌਜੂਦਾ ਪ੍ਰਸੰਗ ਵਿੱਚ, ਸਾਡੇ ਸਾਹਮਣੇ ਬਹੁਤ ਸਾਰੇ ਮੌਕੇ ਹਨ। ਸਾਨੂੰ ਭੂ-ਸਥਾਨਕ ਤਕਨੀਕਾਂ, ਪੁਲਾੜ-ਅਧਾਰਿਤ ਸਮਰੱਥਾਵਾਂ, ਡਾਟਾ ਵਿਗਿਆਨ, ਆਰਟੀਫਿਸ਼ਲ ਇੰਟੈਲੀਜੈਂਸ, ਸਮੱਗਰੀ ਵਿਗਿਆਨ ਅਤੇ ਲਚਕੀਲੇਪਣ ਨੂੰ ਹੁਲਾਰਾ ਦੇਣ ਦੇ ਲਈ ਇਨ੍ਹਾਂ ਵਿੱਚ ਸਥਾਨਕ ਗਿਆਨ ਦੇ ਜੂੜਾਓ ਦੇ ਨਾਲ ਇਨ੍ਹਾਂ ਦੀ ਪੂਰੀ ਸਮਰੱਥਾ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਅਤੇ ਅੰਤ ਵਿੱਚ, “ਲਚਕੀਲਾ ਬੁਨਿਆਦੀ ਢਾਂਚੇ” ਦੀ ਧਾਰਣਾ ਸਿਰਫ਼ ਮਾਹਿਰਾਂ ਅਤੇ ਰਸਮੀ ਸੰਸਥਾਵਾਂ ਨੂੰ ਹੀ ਨਹੀਂ, ਬਲਕਿ ਭਾਈਚਾਰਿਆਂ ਅਤੇ ਖਾਸ ਤੌਰ ‘ਤੇ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਹੋਏ ਇੱਕ ਵਿਸ਼ਾਲ ਲਹਿਰ ਖੜੀ ਕਰਨ ਵਾਲਾ ਹੋਣਾ ਚਾਹੀਦਾ ਹੈ। ਲਚਕੀਲੇ ਬੁਨਿਆਦੀ ਢਾਂਚੇ ਦੇ ਲਈ ਇੱਕ ਸਮਾਜਿਕ ਮੰਗ ਨੂੰ ਮਿਆਰਾਂ ਦੀ ਪਾਲਣਾ ਵਿੱਚ ਸੁਧਾਰ ਦੀ ਦਿਸ਼ਾ ਵਿੱਚ ਇੱਕ ਲੰਬਾ ਸਫ਼ਰ ਤੈਅ ਕਰੇਗਾ। ਸਰਵਜਨਕ ਜਾਗਰੂਕਤਾ ਅਤੇ ਸਿੱਖਿਆ ਵਿੱਚ ਨਿਵੇਸ਼ ਇਸ ਪ੍ਰਕਿਰਿਆ ਦਾ ਇੱਕ ਅਹਿਮ ਪਹਿਲੂ ਹੈ। ਸਾਡੀ ਸਿੱਖਿਆ ਪ੍ਰਣਾਲੀ ਨਾਲ ਸਥਾਨਕ ਪੱਧਰ ਦੇ ਖਾਸ ਖ਼ਤਰਿਆਂ ਅਤੇ ਬੁਨਿਆਦੀ ਢਾਂਚੇ ’ਤੇ ਉਨ੍ਹਾਂ ਦੇ ਸੰਭਾਵਿਤ ਪ੍ਰਭਾਵਾਂ ਬਾਰੇ ਜਾਗਰੂਕਤਾ ਵਧਣੀ ਚਾਹੀਦੀ ਹੈ।

 

ਅੰਤ ਵਿੱਚ, ਮੈਂ ਕਹਿਣਾ ਚਾਹਾਂਗਾ ਕਿ ਸੀਡੀਆਰਆਈ ਨੇ ਇੱਕ ਚੁਣੌਤੀਪੂਰਨ ਅਤੇ ਇੱਕ ਲਾਜ਼ਮੀ ਏਜੰਡਾ ਨਿਰਧਾਰਤ ਕੀਤਾ ਹੈ। ਅਤੇ ਜਲਦੀ ਹੀ ਇਸਦੇ ਨਤੀਜੇ ਮਿਲਣ ਦੀ ਸੰਭਾਵਨਾ ਹੈ। ਅਗਲੇ ਚੱਕਰਵਾਤ, ਅਗਲੇ ਹੜ੍ਹ, ਅਗਲੇ ਭੂਚਾਲ ਵਿੱਚ ਅਸੀਂ ਇਹ ਕਹਿਣ ਦੇ ਯੋਗ ਹੋਣੇ ਚਾਹੀਦੇ ਹਾਂ ਕਿ ਸਾਡੇ ਬੁਨਿਆਦੀ ਢਾਂਚੇ ਦੀਆਂ ਪ੍ਰਣਾਲੀਆਂ ਬਿਹਤਰ ਤਿਆਰ ਹੋ ਗਈਆਂ ਹਨ ਅਤੇ ਅਸੀਂ ਨੁਕਸਾਨ ਨੂੰ ਘੱਟ ਕਰ ਲਿਆ ਹੈ। ਜੇਕਰ ਨੁਕਸਾਨ ਹੁੰਦਾ ਹੈ, ਤਾਂ ਸਾਨੂੰ ਤੁਰੰਤ ਸੇਵਾਵਾਂ ਦੀ ਬਹਾਲੀ ਅਤੇ ਬਿਹਤਰ ਨਿਰਮਾਣ ਵਿੱਚ ਸਮਰੱਥ ਹੋਣਾ ਚਾਹੀਦਾ ਹੈ। ਲਚਕੀਲੇਪਣ ਵਿੱਚ, ਸਾਡੇ ਸਾਰਿਆਂ ਦੀ ਕੋਸ਼ਿਸ਼ ਇੱਕ ਹੀ ਹੈ। ਮਹਾਮਾਰੀ ਸਾਨੂੰ ਯਾਦ ਦਿਲਾਉਂਦੀ ਹੈ ਕਿ ਹਰ ਵਿਅਕਤੀ ਦੇ ਸੁਰੱਖਿਅਤ ਹੋਣ ਤੱਕ ਕੋਈ ਵੀ ਸੁਰੱਖਿਅਤ ਨਹੀਂ ਹੈ। ਸਾਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਕੋਈ ਸਮੁਦਾਇ, ਕੋਈ ਵੀ ਜਗ੍ਹਾ, ਕੋਈ ਈਕੋਸਿਸਟਮ ਅਤੇ ਕੋਈ ਵੀ ਅਰਥਵਿਵਸਥਾ ਪਿੱਛੇ ਨਾ ਰਹਿ ਜਾਵੇ। ਮਹਾਮਾਰੀ ਦੇ ਖ਼ਿਲਾਫ਼ ਲੜਾਈ ਵਿੱਚ ਦੁਨੀਆ ਦੇ ਸੱਤ ਅਰਬ ਲੋਕਾਂ ਦੇ ਇਕਜੁੱਟ ਹੋਣ ਦੀ ਤਰ੍ਹਾਂ ਹੀ, ਲਚਕੀਲੇਪਣ ਦੀ ਸਾਡੀ ਕੋਸ਼ਿਸ਼ ਇਸ ਗ੍ਰਹਿ ’ਤੇ ਹਰੇਕ ਵਿਅਕਤੀ ਦੀ ਪਹਿਲ ਅਤੇ ਕਲਪਨਾ ’ਤੇ ਪੂਰੀ ਹੋਣੀ ਚਾਹੀਦੀ ਹੈ।

 

ਤੁਹਾਡਾ ਬਹੁਤ - ਬਹੁਤ ਧੰਨਵਾਦ।

 

 

***

 

ਡੀਐੱਸ



(Release ID: 1705641) Visitor Counter : 186