ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਦਿਵਯਾਂਗਜਨ ਅਤੇ ਬਜ਼ੁਰਗ ਨਾਗਰਿਕਾਂ ਨੂੰ ਸਹਾਇਤਾ ਤੇ ਸਹਾਇਕ ਉਪਕਰਣ ਮੁਹੱਈਆ ਕਰਵਾਉਣ ਲਈ ਈਟਾਨਗਰ ’ਚ ਵੰਡ ਕੈਂਪ ਦਾ ਉਦਘਾਟਨ ਭਲਕੇ

Posted On: 04 MAR 2021 3:47PM by PIB Chandigarh

ਕੇਂਦਰ ਸਰਕਾਰ ਨੇ ਮੌਜੂਦਾ ਕੋਰੋਨਾ ਮਹਾਮਾਰੀ ਦੀ ਸਥਿਤੀ ਵਿੱਚ ਦੇਸ਼ ਦੇ ਦਿਵਯਾਂਗਜਨ ਤੇ ਬਜ਼ੁਰਗ ਨਾਗਰਿਕਾਂ ਦੀ ਭਲਾਈ ਲਈ ਯੋਜਨਾਵਾਂ ਦੇ ਲਾਭ ਬੇਰੋਕ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਕਦਮ ਚੁੱਕੇ ਹਨ। ਇਸ ਕੋਸ਼ਿਸ਼ ਵਿੱਚ, ਭਾਰਤ ਸਰਕਾਰ ਵੱਲੋਂ ਕੋਵਿਡ 19 ਨਾਲ ਸਬੰਧਤ ਜਾਰੀ ਨਵੀਂਆਂ SOP ਹਦਾਇਤਾਂ ਦੀ ਪਾਲਣਾ ਕਰਦਿਆਂ ADIP ਯੋਜਨਾ ਅਧੀਨ ਪਹਿਲਾਂ ਤੋਂ ਸ਼ਨਾਖ਼ਤ ਕੀਤੇ ਦਿਵਯਾਂਗਜਨ ਅਤੇ ਭਾਰਤ ਸਰਕਾਰ ਦੀ ‘ਰਾਸ਼ਟਰੀ ਵਯੋਸ਼੍ਰੀ ਯੋਜਨਾ’ ਦੇ ਬਜ਼ੁਰਗ ਨਾਗਰਿਕ ਲਾਭਪਾਤਰੀਆਂ ਨੂੰ ਸਹਾਇਤਾ ਤੇ ਸਹਾਇਕ ਉਪਕਰਣਾਂ ਦੀ ਵੰਡ ਲਈ ਇੱਕ ਉਦਘਾਟਨੀ ਕੈਂਪ ਦਾ ਆਯੋਜਨ ਭਲਕੇ ਈਟਾਨਗਰ ਦੇ ਡੀ.ਕੇ. ਕਨਵੈਨਸ਼ਨ ਹਾੱਲ ਵਿੱਚ ਕੀਤਾ ਜਾ ਰਿਹਾ ਹੈ। ਇਸ ਸਮਾਰੋਹ ਦੇ ਮੁੱਖ ਮਹਿਮਾਨ ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਬ੍ਰਿਗੇਡੀਅਰ (ਡਾ.) ਬੀ.ਡੀ. ਮਿਸ਼ਰਾ (ਸੇਵਾ–ਮੁਕਤ), ਭਾਰਤ ਸਰਕਾਰ ਦੇ ਕੇਂਦਰੀ ਸਮਾਜਕ ਨਿਆਂ ਤੇ ਸਸ਼ੱਕਤੀਕਰਣ ਤੇ ਜਲ ਸ਼ਕਤੀ ਮੰਤਰੀ ਸ਼੍ਰੀ ਰਤਨ ਲਾਲ ਕਟਾਰੀਆ ਅਤੇ ਅਰੁਣਾਚਲ ਪ੍ਰਦੇਸ਼ ਦੇ ਸਮਾਜਕ ਨਿਆਂ ਸਸ਼ੱਕਤੀਕਰਣ ਤੇ ਕਬਾਇਲੀ ਮਾਮਲਿਆਂ ਦੇ ਮੰਤਰੀ ਸ਼੍ਰੀ ਅਲੋ ਲਿਬਾਂਗ ਹੋਰ ਪਤਵੰਤੇ ਸੱਜਣਾਂ ਦੀ ਮੌਜੂਦਗੀ ਵਿੱਚ ਕੈਂਪ ਦਾ ਉਦਘਾਟਨ ਕਰਨਗੇ।

ਫ਼ਰਵਰੀ 2021 ਦੇ ਪਹਿਲੇ ਹਫ਼ਤੇ ਦੌਰਾਨ ਪੈਪਮਪੇਅਰ ਜ਼ਿਲ੍ਹੇ ਦੇ ਨਾਹਰਲਾਗੁਨ, ਯੂਪੀਆ ਤੇ ਸਗਲੀ ਖੇਤਰਾਂ ਦੇ ਵਿਭਿੰਨ ਸਥਾਨਾਂ ’ਤੇ ALIMCO ਵੱਲੋਂ ਆਯੋਜਤ ਮੁੱਲਾਂਕਣ ਕੈਂਪਾਂ ਵਿੱਚ ਕੁੱਲ 217 ਲਾਭਪਾਤਰੀਆਂ ਦੀ ਸ਼ਨਾਖ਼ਤ ਕੀਤੀ ਗਈ ਸੀ, ਜਿਨ੍ਹਾਂ ਵਿੱਚ 127 ਦਿਵਯਾਂਗਜਨ ਤੇ 90 ਬਜ਼ੁਰਗ ਨਾਗਰਿਕ ਸ਼ਾਮਲ ਸਨ। ਉਪਰੋਕਤ ਵਰਣਿਤ ਸਥਾਨਾਂ ਦੇ ਪਹਿਲਾਂ ਤੋਂ ਸ਼ਨਾਖ਼ਤ ਕੀਤੇ ਦਿਵਯਾਂਗਜਨ ਤੇ ਬਜ਼ੁਰਗ ਨਾਗਰਿਕਾਂ ’ਚ ਪੜਾਅਵਾਰ ਢੰਗ ਨਾਲ ਲਗਭਗ 21 ਲੱਖ ਰੁਪਏ ਕੀਮਤ ਦੇ 541 ਸਹਾਇਤਾ ਤੇ ਸਹਾਇਕ ਉਪਕਰਣ ਵੰਡੇ ਜਾਣਗੇ।

ਕੋਵਿਡ–19 ਦੇ ਮੱਦੇਨਜ਼ਰ 5 ਮਾਰਚ, 2021 ਨੂੰ ਈਟਾਨਗਰ ਦੇ ਡੀ.ਕੇ. ਕਨਵੈਨਸ਼ਨ ਹਾਲ ’ਚ ਉਦਘਾਟਨੀ ਵੰਡ ਕੈਂਪ ਦੌਰਾਨ ਪਹਿਲਾਂ ਤੋਂ ਸ਼ਨਾਖ਼ਤ ਕੀਤੇ ਲਗਭਗ 100 ਲਾਭਪਾਤਰੀਆਂ ਨੂੰ ਕੁੱਲ 217 ਸਹਾਇਤਾ ਤੇ ਸਹਾਇਕ ਉਪਕਰਦ ਮੁਹੱਈਆ ਕਰਵਾਏ ਜਾਣਗੇ। ਬਾਕੀ ਦੇ ਲਾਭਪਾਤਰੀਆਂ ਨੂੰ ਬਾਅਦ ਵਿੱਚ ਉਨ੍ਹਾਂ ਦੇ ਸਬੰਧਤ ਬਲਾੱਕਸ ’ਚ ਉਨ੍ਹਾਂ ਦੇ ਨਿਰਧਾਰਤ ਸਹਾਇਕ ਉਪਕਰਣ ਦਿੱਤੇ ਜਾਣਗੇ।

ਪਹਿਲਾਂ ਬਲਾੱਕ ਪੱਧਰ ਉੱਤੇ ਮੁੱਲਾਂਕਣ ਕੈਂਪਾਂ ਦੌਰਾਨ ਵਧਦੀ ਉਮਰ ਕਾਰਣ ਹੋਣ ਵਾਲੀ ਅਯੋਗਤਾ / ਕਮਜ਼ੋਰੀ ਦੇ ਆਧਾਰ ਉੱਤੇ ਸ਼ਨਾਖ਼ਤ ਤੇ ਰਜਿਸਟਰਡ ਕੀਤੇ ਜਾ ਚੁੱਕੇ ਦਿਵਯਾਂਗਜਨ ਤੇ ਬਜ਼ੁਰਗ ਨਾਗਰਿਕਾਂ ਨੂੰ ਵੰਡੇ ਜਾਣ ਵਾਲੇ ਵਿਭਿੰਨ ਕਿਸਮ ਦੇ ਸਹਾਇਕ ਉਪਕਰਣ ਉਨ੍ਹਾਂ ਦੇ ਸਰੀਰਕ ਕਾਰਜਾਂ ਨੂੰ ਆਮ ਵਾਂਗ ਬਹਾਲ ਕਰ ਸਕਦੇ ਹਨ ਤੇ ਉਨ੍ਹਾਂ ਨੂੰ ਸਮਾਜ ਦੀ ਮੁੱਖਧਾਰਾ ਨਾਲ ਜੋੜਨ ਦੀ ਤਾਕਤ ਦੇ ਸਕਦੇ ਹਨ। ਵੰਡੇ ਜਾਣ ਵਾਲੇ ਉਪਕਰਣਾਂ ਵਿੱਚ ਸਮਾਰਟ ਫ਼ੋਨ, ਸਮਾਰਟ ਕੇਨ, ਡੇਜ਼ੀ ਪਲੇਅਰ, ਬ੍ਰੇਲ ਕਿਟ, ਵ੍ਹੀਲਚੇਅਰਜ਼, ਟੈਟ੍ਰਾਪੌਡ/ਟ੍ਰਾਇਪੌਡ, ਫਹੁੜੀਆਂ, ਚੱਲਣ ’ਚ ਮਦਦਗਾਰ ਸੋਟੀਆਂ, ਹੀਅਰਿੰਗ ਏਡ, ਵਾਕਰ ਆਦਿ ਸ਼ਾਮਲ ਹਨ।

ਭਾਰਤ ਸਰਕਾਰ ਦੇ ਸਮਾਜਕ ਨਿਆਂ ਤੇ ਸਸ਼ੱਕਤੀਕਰਣ ਮੰਤਰਾਲੇ ਦੇ ਦਿਵਯਾਂਗ ਵਿਅਕਤੀਆਂ ਦੇ ਸਸ਼ੱਕਤੀਕਰਣ ਨਾਲ ਸਬੰਧਤ ਵਿਭਾਗ ਦੀ ਅਗਵਾਈ ਹੇਠ ਅਤੇ ਅਰੁਣਾਚਲ ਪ੍ਰਦੇਸ਼ ਸਰਕਾਰ ਦੇ ਸਮਾਜਕ ਨਿਆਂ ਸਸ਼ੱਕਤੀਕਰਣ ਤੇ ਕਬਾਇਲੀ ਮਾਮਲਿਆਂ ਬਾਰੇ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਈਟਾਨਗਰ ਦੇ ਸਹਿਯੋਗ ਨਾਲ ‘ਆਰਟੀਫ਼ੀਸ਼ੀਅਲ ਲਿੰਬਜ਼ ਮੈਨੂਫ਼ੈਕਚਰਿੰਗ ਕਾਰਪੋਰੇਸ਼ਨ ਆੱਵ੍ ਇੰਡੀਆ’ (ALIMCO – ਭਾਰਤੀ ਬਨਾਵਟੀ ਅੰਗ ਨਿਰਮਾਣ ਨਿਗਮ), ਕਾਨਪੁਰ ਵੱਲੋਂ ਇਹ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਕੈਂਪ ਕੋਵਿਡ–19 ਮਹਾਮਾਰੀ ਕਾਰਣ ਮੰਤਰਾਲੇ ਵੱਲੋਂ ਜਾਰੀ ਨਵੀਂ ਪ੍ਰਵਾਨਿਤ ‘ਸਟੈਂਡਰਡ ਆੱਪਰੇਟਿੰਗ ਪ੍ਰੋਸੀਜ਼ਰ’ (SOP) ਅਨੁਸਾਰ ਆਯੋਜਿਤ ਕੀਤੇ ਜਾਣਗੇ।

ਸਹਾਇਤਾ ਤੇ ਸਹਾਇਕ ਉਪਕਰਣਾਂ ਦੀ ਵੰਡ ਦੌਰਾਨ ਕੋਵਿਡ–19 ਦੇ ਫੈਲਣ ਦੀ ਸੰਭਾਵਨਾ ਨੂੰ ਰੋਕਣ ਲਈ ਸਿਹਤ ਤੇ ਨਿਜੀ ਸੁਰੱਖਿਆ ਤੇ ਹੋਰ ਜ਼ਰੂਰੀ ਅਹਿਤਿਆਤੀ ਕਦਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਗੀ। ਸਮਾਜਕ ਦੂਰੀ ਤੇ ਹਰੇਕ ਵਿਅਕਤੀ ਦੀ ਥਰਮਲ ਸਕੈਨਿੰਗ ਦੇ ਇੰਤਜ਼ਾਮ, ਫ਼ੇਸ ਮਾਸਕ ਦੀ ਲਾਜ਼ਮੀ ਵਰਤੋਂ ਅਤੇ ਉਪਕਰਣਾਂ ਦੀ ਡਿਸਪੈਚ ਤੋਂ ਪਹਿਲਾਂ, ਟ੍ਰਾਂਸਪੋਰਟ ਵਾਹਨ ਚੰਗੀ ਤਰ੍ਹਾਂ ਸਫ਼ਾਈ ਸਮੇਤ ਬਹੁ–ਪੱਧਰੀ ਸੈਨੀਟਾਈਜ਼ੇਸ਼ਨ, ਖੁੱਲ੍ਹ / ਬੰਦ ਸਟੋਰੇਜ ਖੇਤਰ ਦੀ ਸੈਨੀਟਾਈਜ਼ੇਸ਼ਨ ਅਤੇ ਵੰਡ ਤੋਂ ਪਹਿਲਾਂ ਸਹਾਇਕ ਉਪਕਰਣ ਦੀ ਮੁੜ–ਸੈਨੇਟਾਈਜ਼ੇਸ਼ਨ ਕੀਤੀ ਜਾਵੇਗੀ।

ਭਾਰਤ ਸਰਕਾਰ ਦੇ ਸਮਾਜਕ ਨਿਆਂ ਤੇ ਸਸ਼ੱਕਤੀਕਰਣ ਮੰਤਰਾਲੇ ਦੇ ਦਿਵਯਾਂਗ ਵਿਅਕਤੀਆਂ ਦੇ ਸਸ਼ੱਕਤੀਕਰਣ ਬਾਰੇ ਵਿਭਾਗ ਦੇ ਸਕੱਤਰ ਸ਼੍ਰੀਮਤੀ ਸ਼ਕੁੰਤਲਾ ਡੀ. ਗੈਮਲਿਨ, ਅਰੁਣਾਚਲ ਪ੍ਰਦੇਸ਼ ਸਰਕਾਰ ਦੇ ਮੁੱਖ ਸਕੱਤਰ ਸ਼੍ਰੀ ਨਰੇਸ਼ ਕੁਮਾਰ, ਭਾਰਤ ਸਰਕਾਰ ਦੇ ਸਮਾਜਕ ਨਿਆਂ ਤੇ ਸਸ਼ੱਕਤੀਕਰਣ ਮੰਤਰਾਲੇ ਦੇ ਦਿਵਯਾਂਗ ਵਿਅਕਤੀਆਂ ਦੇ ਸਸ਼ੱਕਤੀਕਰਣ ਬਾਰੇ ਵਿਭਾਗ ਦੇ ਸੰਯੁਕਤ ਸਕੱਤਰ ਡਾ. ਪ੍ਰਬੋਧ ਸੇਠ, ਅਰੁਣਾਚਲ ਪ੍ਰਦੇਸ਼ ਸਰਕਾਰ ਦੇ ਸਮਾਜਕ ਨਿਆਂ ਸਸ਼ੱਕਤੀਕਰਣ ਤੇ ਕਬਾਇਲੀ ਮਾਮਲਿਆਂ ਦੇ ਕਮਿਸ਼ਨਰ ਸ਼੍ਰੀਮਤੀ ਨਿਹਾਰਿਕਾ ਰਾਏ, ALIMCO ਦੇ ਸੀਐੱਮਡੀ ਸ਼੍ਰੀ ਡੀ.ਆਰ. ਸਰੀਨ ਅਤੇ ਅਰੁਣਾਚਲ ਪ੍ਰਦੇਸ਼ ਰਾਜ ਦੇ ਸੀਨੀਅਰ ਅਧਿਕਾਰੀ ਇਸ ਸਮਾਰੋਹ ਵਿੱਚ ਮੌਜੂਦ ਰਹਿਣਗੇ।

*****

ਐੱਨਬੀ/ਐੱਸਕੇ/ਜੇਕੇ/ਸਮਾਜਕ ਨਿਆਂ ਤੇ ਸਸ਼ੱਕਤੀਕਰਣ ਮੰਤਰਾਲਾ/04 ਮਾਰਚ, 2021


(Release ID: 1702596) Visitor Counter : 124