ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸਿਹਤ ਖੇਤਰ ਵਿੱਚ ਬਜਟ ਪ੍ਰਾਵਧਾਨਾਂ ਦੇ ਪ੍ਰਭਾਵਸ਼ਾਲੀ ਲਾਗੂਕਰਨ ਬਾਰੇ ਵੈਬੀਨਾਰ ਨੂੰ ਸੰਬੋਧਨ ਕੀਤਾ
ਸਰਕਾਰ ਤੰਦਰੁਸਤ ਭਾਰਤ ਦੀ ਦਿਸ਼ਾ ਵਿੱਚ ਚਾਰ-ਆਯਾਮੀ ਰਣਨੀਤੀ ਨਾਲ ਕੰਮ ਕਰ ਰਹੀ ਹੈ: ਪ੍ਰਧਾਨ ਮੰਤਰੀ
ਦੁਨੀਆ ਹੁਣ ਭਾਰਤ ਦੇ ਸਿਹਤ ਖੇਤਰ ਦੁਆਰਾ ਦਿਖਾਈ ਗਈ ਤਾਕਤ ਅਤੇ ਅਨੁਕੂਲਤਾ ਦੀ ਖੁੱਲ੍ਹ ਕੇ ਪ੍ਰਸ਼ੰਸਾ ਕਰਦੀ ਹੈ: ਪ੍ਰਧਾਨ ਮੰਤਰੀ
ਭਾਰਤ ਨੂੰ ਦਵਾਈਆਂ ਅਤੇ ਮੈਡੀਕਲ ਉਪਕਰਣਾਂ ਦੇ ਉਤਪਾਦਨ ਲਈ ਕੱਚੇ ਮਾਲ ਦੇ ਆਯਾਤ ਨੂੰ ਘੱਟ ਕਰਨ ਵਾਸਤੇ ਕੰਮ ਕਰਨਾ ਚਾਹੀਦਾ ਹੈ: ਪ੍ਰਧਾਨ ਮੰਤਰੀ
Posted On:
23 FEB 2021 12:29PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫਰੰਸ ਦੇ ਜ਼ਰੀਏ ਸਿਹਤ ਖੇਤਰ ਵਿੱਚ ਬਜਟ ਪ੍ਰਵਧਾਨਾਂ ਦੇ ਪ੍ਰਭਾਵਸ਼ਾਲੀ ਲਾਗੂਕਰਨ ਬਾਰੇ ਇੱਕ ਵੈਬੀਨਾਰ ਨੂੰ ਸੰਬੋਧਨ ਕੀਤਾ।
ਵੈਬੀਨਾਰ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਾਲ ਦੇ ਬਜਟ ਵਿੱਚ ਸਿਹਤ ਖੇਤਰ ਨੂੰ ਐਲੋਕੇਟ ਕੀਤਾ ਗਿਆ ਬਜਟ ਲਾਮਿਸਾਲ ਹੈ ਅਤੇ ਹਰੇਕ ਨਾਗਰਿਕ ਨੂੰ ਬਿਹਤਰ ਸਿਹਤ ਦੇਖਭਾਲ਼ ਪ੍ਰਦਾਨ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਸ਼੍ਰੀ ਮੋਦੀ ਨੇ ਯਾਦ ਕੀਤਾ ਕਿ ਕਿਵੇਂ ਮਹਾਮਾਰੀ ਦੇ ਕਾਰਨ ਪਿਛਲਾ ਸਾਲ ਬਹੁਤ ਹੀ ਮੁਸ਼ਕਿਲ ਅਤੇ ਚੁਣੌਤੀ ਭਰਪੂਰ ਸੀ ਅਤੇ ਉਨ੍ਹਾਂ ਨੇ ਇਸ ਚੁਣੌਤੀ ਨੂੰ ਪਾਰ ਕਰਨ ਅਤੇ ਬਹੁਤ ਸਾਰੀਆਂ ਜਾਨਾਂ ਬਚਾਉਣ ਲਈ ਖੁਸ਼ੀ ਪ੍ਰਗਟ ਕੀਤੀ। ਉਨ੍ਹਾਂ ਇਸ ਪ੍ਰਾਪਤੀ ਦਾ ਸਿਹਰਾ ਸਰਕਾਰੀ ਅਤੇ ਨਿਜੀ ਖੇਤਰ ਦੇ ਸਾਂਝੇ ਪ੍ਰਯਤਨਾਂ ਨੂੰ ਦਿੱਤਾ।
ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਕਿਵੇਂ ਕੁਝ ਮਹੀਨਿਆਂ ਦੇ ਅੰਦਰ ਹੀ ਦੇਸ਼ 2500 ਲੈਬਾਂ ਦਾ ਨੈੱਟਵਰਕ ਸਥਾਪਿਤ ਕਰ ਸਕਿਆ ਅਤੇ ਕਿਵੇਂ ਸਿਰਫ਼ ਇੱਕ ਦਰਜਨ ਟੈਸਟਾਂ ਤੋਂ ਇਹ 21 ਕਰੋੜ ਟੈਸਟਾਂ ਦੇ ਇੱਕ ਮੀਲ ਪੱਥਰ ਤੱਕ ਪਹੁੰਚ ਸਕਿਆ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਨੇ ਸਾਨੂੰ ਸਬਕ ਸਿਖਾਇਆ ਕਿ ਅਸੀਂ ਨਾ ਸਿਰਫ ਅੱਜ ਦੀ ਮਹਾਮਾਰੀ ਨਾਲ ਲੜਨਾ ਹੈ ਬਲਕਿ ਦੇਸ਼ ਨੂੰ ਭਵਿੱਖ ਵਿੱਚ ਆਉਣ ਵਾਲੀ ਅਜਿਹੀ ਕਿਸੇ ਵੀ ਸਥਿਤੀ ਲਈ ਤਿਆਰ ਵੀ ਕਰਨਾ ਹੈ। ਇਸ ਲਈ ਸਿਹਤ ਦੇਖਭਾਲ਼ ਨਾਲ ਜੁੜੇ ਹਰ ਖੇਤਰ ਨੂੰ ਮਜ਼ਬੂਤ ਕਰਨਾ ਵੀ ਓਨਾ ਹੀ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਡਾਕਟਰੀ ਉਪਕਰਣਾਂ ਤੋਂ ਲੈ ਕੇ ਦਵਾਈਆਂ, ਵੈਂਟੀਲੇਟਰਾਂ ਤੋਂ ਲੈ ਕੇ ਵੈਕਸਿਨਸ, ਵਿਗਿਆਨਕ ਖੋਜ ਤੋਂ ਲੈ ਕੇ ਨਿਗਰਾਨੀ ਬੁਨਿਆਦੀ ਢਾਂਚੇ, ਡਾਕਟਰਾਂ ਤੋਂ ਲੈ ਕੇ ਮਹਾਮਾਰੀ ਵਿਗਿਆਨੀਆਂ ਤੱਕ ਹਰ ਕਿਸੇ ’ਤੇ ਫੋਕਸ ਕਰਨਾ ਪਵੇਗਾ ਤਾਂ ਜੋ ਦੇਸ਼ ਭਵਿੱਖ ਵਿੱਚ ਕਿਸੇ ਵੀ ਸਿਹਤ ਸਬੰਧੀ ਆਪਦਾ ਲਈ ਬਿਹਤਰ ਤਰੀਕੇ ਨਾਲ ਤਿਆਰ ਹੋ ਸਕੇ।
ਪ੍ਰਧਾਨ ਮੰਤਰੀ ਆਤਮਨਿਰਭਰ ਸਵਸਥ ਭਾਰਤ ਯੋਜਨਾ ਦੇ ਪਿੱਛੇ ਇਹੀ ਪ੍ਰੇਰਣਾ ਹੈ। ਇਸ ਯੋਜਨਾ ਦੇ ਤਹਿਤ ਇਹ ਫੈਸਲਾ ਲਿਆ ਗਿਆ ਹੈ ਕਿ ਦੇਸ਼ ਵਿੱਚ ਹੀ ਖੋਜ ਤੋਂ ਲੈ ਕੇ ਟੈਸਟਿੰਗ ਅਤੇ ਇਲਾਜ ਤੱਕ ਇੱਕ ਆਧੁਨਿਕ ਈਕੋਸਿਸਟਮ ਵਿਕਸਿਤ ਕੀਤਾ ਜਾਵੇਗਾ। ਇਹ ਯੋਜਨਾ ਹਰ ਖੇਤਰ ਵਿੱਚ ਸਾਡੀਆਂ ਸਮਰੱਥਾਵਾਂ ਨੂੰ ਵਧਾਏਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ 15ਵੇਂ ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਸਥਾਨਕ ਸੰਸਥਾਵਾਂ ਨੂੰ ਸਿਹਤ ਸੇਵਾਵਾਂ ਨੂੰ ਧਿਆਨ ਵਿੱਚ ਰੱਖਦਿਆਂ 70000 ਕਰੋੜ ਰੁਪਏ ਤੋਂ ਵੱਧ ਮਿਲਣਗੇ। ਯਾਨੀ ਕਿ ਸਰਕਾਰ ਦਾ ਜ਼ੋਰ ਸਿਰਫ ਸਿਹਤ ਦੇਖਭਾਲ਼ ਵਿੱਚ ਨਿਵੇਸ਼ 'ਤੇ ਹੀ ਨਹੀਂ ਬਲਕਿ ਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਸਿਹਤ ਦੇਖਭਾਲ਼ ਤੱਕ ਪਹੁੰਚ ਦਾ ਵਿਸਤਾਰ ਕਰਨ 'ਤੇ ਵੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਸੁਨਿਸ਼ਚਿਤ ਕੀਤਾ ਜਾਣਾ ਚਾਹੀਦਾ ਹੈ ਕਿ ਇਨ੍ਹਾਂ ਨਿਵੇਸਾਂ ਨਾਲ ਨਾ ਸਿਰਫ਼ ਸਿਹਤ ਵਿੱਚ ਸੁਧਾਰ ਹੋਵੇ ਬਲਕਿ ਰੋਜ਼ਗਾਰ ਦੇ ਮੌਕੇ ਵੀ ਵਧਣ।
ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਦੌਰਾਨ ਦਰਸਾਏ ਗਏ ਅਨੁਭਵ ਅਤੇ ਪ੍ਰਤਿਭਾ ਦੇ ਕਾਰਨ, ਦੁਨੀਆ ਭਾਰਤ ਦੇ ਸਿਹਤ ਖੇਤਰ ਦੁਆਰਾ ਦਿਖਾਈ ਗਈ ਤਾਕਤ ਅਤੇ ਲਚੀਲੇਪਣ ਦੀ ਹੁਣ ਖੁੱਲ੍ਹ ਕੇ ਪ੍ਰਸ਼ੰਸਾ ਕਰਦੀ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਭਰ ਵਿੱਚ ਸਾਡੇ ਦੇਸ਼ ਦੇ ਸਿਹਤ ਖੇਤਰ ਦਾ ਵੱਕਾਰ ਅਤੇ ਵਿਸ਼ਵਾਸ ਕਈ ਗੁਣਾ ਵਧ ਗਿਆ ਹੈ ਅਤੇ ਹੁਣ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਹੀ ਦੇਸ਼ ਨੂੰ ਭਵਿੱਖ ਦੀ ਦਿਸ਼ਾ ਵਿੱਚ ਕੰਮ ਕਰਨਾ ਪਵੇਗਾ।
ਉਨ੍ਹਾਂ ਕਿਹਾ ਕਿ ਵਿਸ਼ਵ ਭਰ ਵਿੱਚ ਭਾਰਤੀ ਡਾਕਟਰਾਂ, ਭਾਰਤੀ ਨਰਸਾਂ, ਭਾਰਤੀ ਪੈਰਾ ਮੈਡੀਕਲ ਸਟਾਫ, ਭਾਰਤੀ ਦਵਾਈਆਂ ਅਤੇ ਭਾਰਤੀ ਟੀਕਿਆਂ ਦੀ ਮੰਗ ਵਧੇਗੀ।
ਉਨ੍ਹਾਂ ਕਿਹਾ ਕਿ ਵਿਸ਼ਵ ਦਾ ਧਿਆਨ ਨਿਸ਼ਚਿਤ ਰੂਪ ਵਿੱਚ ਭਾਰਤ ਦੀ ਮੈਡੀਕਲ ਸਿੱਖਿਆ ਪ੍ਰਣਾਲੀ ਵੱਲ ਜਾਵੇਗਾ ਅਤੇ ਭਾਰਤ ਵਿੱਚ ਮੈਡੀਸਿਨ ਦੇ ਅਧਿਐਨ ਲਈ ਵਿਦੇਸ਼ੀ ਵਿਦਿਆਰਥੀਆਂ ਦੀ ਵੱਡੀ ਭੀੜ ਆਵੇਗੀ।
ਸ਼੍ਰੀ ਮੋਦੀ ਨੇ ਕਿਹਾ ਕਿ ਮਹਾਮਾਰੀ ਦੌਰਾਨ ਵੈਂਟੀਲੇਟਰਾਂ ਅਤੇ ਉਪਕਰਣਾਂ ਦੇ ਨਿਰਮਾਣ ਵਿੱਚ ਸਾਨੂੰ ਜੋ ਵੱਡੀ ਉਪਲੱਬਧੀ ਪ੍ਰਾਪਤ ਹੋਈ ਹੈ, ਇਸ ਤੋਂ ਬਾਅਦ ਸਾਨੂੰ ਹੋਰ ਵੀ ਤੇਜ਼ੀ ਨਾਲ ਕੰਮ ਕਰਨਾ ਪਵੇਗਾ ਕਿਉਂਕਿ ਇਨ੍ਹਾਂ ਦੇ ਲਈ ਅੰਤਰਰਾਸ਼ਟਰੀ ਮੰਗ ਵਧ ਰਹੀ ਹੈ।
ਉਨ੍ਹਾਂ ਪ੍ਰਤੀਭਾਗੀਆਂ ਨੂੰ ਸਵਾਲ ਕੀਤਾ, ਕੀ ਭਾਰਤ ਲਾਗਤ ਪ੍ਰਭਾਵੀ ਤਰੀਕੇ ਨਾਲ ਵਿਸ਼ਵ ਨੂੰ ਸਾਰੇ ਲੋੜੀਂਦੇ ਡਾਕਟਰੀ ਉਪਕਰਣ ਮੁਹੱਈਆ ਕਰਾਉਣ ਦਾ ਸੁਪਨਾ ਦੇਖ ਸਕਦਾ ਹੈ? ਕੀ ਅਸੀਂ ਇਸ ਗੱਲ 'ਤੇ ਫੋਕਸ ਕਰ ਸਕਦੇ ਹਾਂ ਕਿ ਉਪਭੋਗਤਾ ਅਨੁਕੂਲ ਟੈਕਨੋਲੋਜੀ ਨਾਲ, ਕਿਫਾਇਤੀ ਅਤੇ ਟਿਕਾਊ ਤਰੀਕੇ ਨਾਲ ਭਾਰਤ ਨੂੰ ਇੱਕ ਗਲੋਬਲ ਸਪਲਾਇਰ ਕਿਵੇਂ ਬਣਾਇਆ ਜਾਵੇ?
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਉੱਲਟ ਮੌਜੂਦਾ ਸਰਕਾਰ ਸਿਹਤ ਨਾਲ ਜੁੜੇ ਮੁੱਦਿਆਂ ਨਾਲ ਅੰਸ਼ਿਕ ਰੂਪ ਵਿੱਚ ਨਹੀਂ ਬਲਕਿ ਸੰਪੂਰਨ ਰੂਪ ਵਿੱਚ ਨਜਿੱਠਦੀ ਹੈ। ਇਸ ਲਈ, ਫੋਕਸ ਸਿਰਫ ਤੰਦਰੁਸਤੀ 'ਤੇ ਹੈ ਨਾ ਕਿ ਸਿਰਫ ਇਲਾਜ ਵਿੱਚ।
ਉਨ੍ਹਾਂ ਅੱਗੇ ਕਿਹਾ ਕਿ ਰੋਕਥਾਮ ਤੋਂ ਇਲਾਜ ਤੱਕ ਇੱਕ ਸੰਪੂਰਨ ਅਤੇ ਏਕੀਕ੍ਰਿਤ ਦ੍ਰਿਸ਼ਟੀਕੋਣ ਅਪਣਾਇਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਤੰਦਰੁਸਤ ਭਾਰਤ ਪ੍ਰਤੀ ਚਾਰ ਆਯਾਮੀ ਰਣਨੀਤੀ ਨਾਲ ਕੰਮ ਕਰ ਰਹੀ ਹੈ।
ਪਹਿਲੀ ਹੈ “ਬਿਮਾਰੀ ਦੀ ਰੋਕਥਾਮ ਅਤੇ ਤੰਦਰੁਸਤੀ ਨੂੰ ਪ੍ਰੋਤਸਾਹਨ”। ਸਵੱਛ ਭਾਰਤ ਅਭਿਯਾਨ, ਯੋਗ, ਗਰਭਵਤੀ ਮਹਿਲਾਵਾਂ ਅਤੇ ਸ਼ਿਸ਼ੂਆਂ ਦੀ ਸਮੇਂ ਸਿਰ ਦੇਖਭਾਲ਼ ਅਤੇ ਇਲਾਜ ਜਿਹੇ ਉਪਰਾਲੇ ਇਸ ਦਾ ਹਿੱਸਾ ਹਨ।
ਦੂਜੀ ਹੈ “ਗ਼ਰੀਬ ਤੋਂ ਗ਼ਰੀਬ ਵਿਅਕਤੀ ਨੂੰ ਸਸਤਾ ਅਤੇ ਪ੍ਰਭਾਵਸ਼ਾਲੀ ਇਲਾਜ ਉਪਲੱਬਧ ਕਰਾਉਣਾ”। ਆਯੁਸ਼ਮਾਨ ਭਾਰਤ ਅਤੇ ਪ੍ਰਧਾਨ ਮੰਤਰੀ ਜਨ- ਔਸ਼ਧਿ ਕੇਂਦਰ ਵਰਗੀਆਂ ਯੋਜਨਾਵਾਂ ਇਸੇ ਦਿਸ਼ਾ ਵੱਲ ਕੰਮ ਕਰ ਰਹੀਆਂ ਹਨ।
ਤੀਸਰੀ ਹੈ “ਸਿਹਤ ਬੁਨਿਆਦੀ ਢਾਂਚੇ ਅਤੇ ਸਿਹਤ ਦੇਖਭਾਲ਼ ਪੇਸ਼ੇਵਰਾਂ ਦੀ ਗਿਣਤੀ ਅਤੇ ਗੁਣਵੱਤਾ ਨੂੰ ਵਧਾਉਣਾ”। ਪਿਛਲੇ 6 ਸਾਲ ਤੋਂ, ਏਮਸ ਜਿਹੇ ਅਦਾਰਿਆਂ ਦਾ ਵਿਸਤਾਰ ਅਤੇ ਸਾਰੇ ਦੇਸ਼ ਵਿੱਚ ਮੈਡੀਕਲ ਕਾਲਜਾਂ ਦੀ ਗਿਣਤੀ ਵਿੱਚ ਵਾਧਾ ਇਸੇ ਦਿਸ਼ਾ ਵਿੱਚ ਕੀਤੇ ਜਾ ਰਹੇ ਪ੍ਰਯਤਨ ਹਨ।
ਚੌਥੀ ਹੈ “ਰੁਕਾਵਟਾਂ ਨੂੰ ਦੂਰ ਕਰਨ ਲਈ ਮਿਸ਼ਨ ਮੋਡ 'ਤੇ ਕੰਮ ਕਰਨਾ”। ਮਿਸ਼ਨ ਇੰਦਰਧਨੁਸ਼ ਦਾ ਦੇਸ਼ ਦੇ ਕਬਾਇਲੀ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਵਿਸਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਟੀਬੀ ਦੇ ਖਾਤਮੇ ਲਈ ਆਪਣੇ ਟੀਚੇ ਨੂੰ ਵਿਸ਼ਵ ਦੇ 2030 ਦੇ ਟੀਚੇ ਤੋਂ ਪੰਜ ਸਾਲ ਅਗੇਤਰਾ ਰੱਖਿਆ ਹੈ ਯਾਨੀ 2025 ਤੱਕ ਦਾ ਟੀਚਾ ਰੱਖਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਅਪਣਾਏ ਗਏ ਪ੍ਰੋਟੋਕੋਲ ਵੀ ਟੀਬੀ ਦੀ ਰੋਕਥਾਮ ਲਈ ਅਪਣਾਏ ਜਾ ਸਕਦੇ ਹਨ ਕਿਉਂਕਿ ਬਿਮਾਰੀ ਸੰਕ੍ਰਮਿਤ ਬੂੰਦਾਂ ਰਾਹੀਂ ਫੈਲਦੀ ਹੈ। ਟੀਬੀ ਦੀ ਰੋਕਥਾਮ ਲਈ ਮਾਸਕ ਪਹਿਨਣਾ ਅਤੇ ਜਲਦੀ ਜਾਂਚ ਅਤੇ ਇਲਾਜ ਵੀ ਮਹੱਤਵਪੂਰਨ ਹਨ।
ਪ੍ਰਧਾਨ ਮੰਤਰੀ ਨੇ ਕੋਰੋਨਾ ਕਾਲ ਦੌਰਾਨ ਆਯੁਸ਼ ਸੈਕਟਰ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਾਡਾ ਆਯੁਸ਼ ਬੁਨਿਆਦੀ ਢਾਂਚਾ ਵਧਦੀ ਰੋਗ-ਪ੍ਰਤਿਰੋਧਤਾ ਅਤੇ ਵਿਗਿਆਨਕ ਖੋਜ ਦੇ ਸਬੰਧ ਵਿੱਚ ਵੀ ਬਹੁਤ ਮਦਦਗਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਕੋਵਿਡ -19 ਨੂੰ ਨਿਯੰਤ੍ਰਿਤ ਕਰਨ ਲਈ ਵੈਕਸਿਨ ਦੇ ਨਾਲ ਨਾਲ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਰਵਾਇਤੀ ਦਵਾਈਆਂ ਅਤੇ ਮਸਾਲਿਆਂ ਦੇ ਪ੍ਰਭਾਵ ਦਾ ਵੀ ਅਨੁਭਵ ਕਰ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ ਵਿਸ਼ਵ ਸਿਹਤ ਸੰਗਠਨ ਭਾਰਤ ਵਿੱਚ ਰਵਾਇਤੀ ਮੈਡੀਸਨ ਦਾ ਗਲੋਬਲ ਸੈਂਟਰ ਸਥਾਪਿਤ ਕਰਨ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਿਹਤ ਖੇਤਰ ਦੀ ਪਹੁੰਚ ਅਤੇ ਸਮਰੱਥਾ ਨੂੰ ਆਪਣੇ ਅਗਲੇ ਪੱਧਰ ਤੱਕ ਲੈ ਜਾਣ ਦਾ ਇਹ ਉਪਯੁਕਤ ਮੌਕਾ ਹੈ। ਉਨ੍ਹਾਂ ਨੇ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਸਿਹਤ ਦੇ ਖੇਤਰ ਵਿੱਚ ਆਧੁਨਿਕ ਟੈਕਨੋਲੋਜੀ ਦੇ ਵੱਧ ਉਪਯੋਗ ਦੀ ਤਾਕੀਦ ਕੀਤੀ। ਉਨ੍ਹਾਂ ਕਿਹਾ ਕਿ ਡਿਜੀਟਲ ਹੈਲਥ ਮਿਸ਼ਨ ਆਮ ਲੋਕਾਂ ਦੀ ਸਹੂਲਤ ਅਨੁਸਾਰ ਪ੍ਰਭਾਵਸ਼ਾਲੀ ਇਲਾਜ ਕਰਵਾਉਣ ਵਿੱਚ ਸਹਾਇਤਾ ਕਰੇਗਾ। ਉਨ੍ਹਾਂ ਕਿਹਾ ਇਹ ਬਦਲਾਅ ਆਤਮਨਿਰਭਰ ਭਾਰਤ ਲਈ ਬਹੁਤ ਮਹੱਤਵਪੂਰਨ ਹਨ।
ਸ੍ਰੀ ਮੋਦੀ ਨੇ ਕਿਹਾ ਕਿ ਭਾਂਵੇਂ ਭਾਰਤ ਅੱਜ ਦੁਨੀਆ ਦੀ ਫਾਰਮੇਸੀ ਬਣ ਗਿਆ ਹੈ ਪਰ ਅਜੇ ਵੀ ਕੱਚੇ ਮਾਲ ਦੇ ਆਯਾਤ ‘ਤੇ ਨਿਰਭਰ ਹੈ। ਉਨ੍ਹਾਂ ਅਫ਼ਸੋਸ ਪ੍ਰਗਟ ਕੀਤਾ ਕਿ ਅਜਿਹੀ ਨਿਰਭਰਤਾ ਸਾਡੇ ਉਦਯੋਗ ਲਈ ਠੀਕ ਨਹੀਂ ਹੈ ਅਤੇ ਇਹ ਗਰੀਬਾਂ ਨੂੰ ਸਸਤੀਆਂ ਦਵਾਈਆਂ ਅਤੇ ਸਿਹਤ ਸਹੂਲਤਾਂ ਉਪਲੱਬਧ ਕਰਾਉਣ ਵਿੱਚ ਵੱਡੀ ਰੁਕਾਵਟ ਹੈ।
ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਹਾਲ ਹੀ ਦੇ ਕੇਂਦਰੀ ਬਜਟ ਵਿੱਚ ਆਤਮਨਿਰਭਰਤਾ ਲਈ ਚਾਰ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ।
ਇਸ ਦੇ ਤਹਿਤ ਦੇਸ਼ ਵਿੱਚ ਦਵਾਈਆਂ ਅਤੇ ਮੈਡੀਕਲ ਉਪਕਰਣਾਂ ਦੇ ਉਤਪਾਦਨ ਲਈ ਪ੍ਰੋਡਕਸ਼ਨ ਲਿੰਕਡ ਇੰਸੈਂਟਿਵ ਦਿੱਤੇ ਜਾਂਦੇ ਹਨ। ਇਸੇ ਤਰ੍ਹਾਂ ਮੈਡੀਸਨ ਅਤੇ ਮੈਡੀਕਲ ਉਪਕਰਣਾਂ ਲਈ ਮੈਗਾ ਪਾਰਕ ਸਥਾਪਿਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਵੈੱਲਨੈੱਸ ਸੈਂਟਰਾਂ, ਜ਼ਿਲ੍ਹਾ ਹਸਪਤਾਲਾਂ, ਕ੍ਰਿਟੀਕਲ ਕੇਅਰ ਯੂਨਿਟਸ, ਸਿਹਤ ਨਿਗਰਾਨੀ ਬੁਨਿਆਦੀ ਢਾਂਚੇ, ਆਧੁਨਿਕ ਲੈਬਾਂ ਅਤੇ ਟੈਲੀਮੈਡੀਸਿਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਹਰ ਪੱਧਰ 'ਤੇ ਕੰਮ ਕਰਨ ਅਤੇ ਹਰ ਪੱਧਰ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਇਹ ਸੁਨਿਸ਼ਚਿਤ ਕਰਨਾ ਪਵੇਗਾ ਕਿ ਦੇਸ਼ ਦੇ ਲੋਕ, ਭਾਵੇਂ ਉਹ ਗਰੀਬ ਤੋਂ ਗਰੀਬ ਹਨ, ਭਾਵੇਂ ਉਹ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਰਹਿੰਦੇ ਹਨ, ਉਨ੍ਹਾਂ ਦਾ ਉੱਤਮ ਇਲਾਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਲਈ ਕੇਂਦਰ ਸਰਕਾਰ, ਰਾਜ ਸਰਕਾਰਾਂ ਅਤੇ ਦੇਸ਼ ਦੀਆਂ ਸਥਾਨਕ ਸੰਸਥਾਵਾਂ ਨੂੰ ਮਿਲ ਕੇ ਕੰਮ ਕਰਨੇ ਚਾਹੀਦੇ ਹਨ ਤਾਂ ਜੋ ਬਿਹਤਰ ਨਤੀਜੇ ਪ੍ਰਾਪਤ ਕੀਤੇ ਜਾ ਸਕਣ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਾਈਵੇਟ ਸੈਕਟਰ ਜਨਤਕ ਸਿਹਤ ਪ੍ਰਯੋਗਸ਼ਾਲਾਵਾਂ ਦਾ ਨੈੱਟਵਰਕ ਬਣਾਉਣ ਦੇ ਨਾਲ ਨਾਲ ਪ੍ਰਧਾਨ ਮੰਤਰੀ ਜਨ-ਔਸ਼ਧੀ ਯੌਜਨਾ ਵਿੱਚ ਸਹਿਯੋਗ ਲਈ ਪੀਪੀਪੀ ਮਾਡਲਸ ਨੂੰ ਸਮਰਥਨ ਦੇ ਸਕਦੇ ਹਨ। ਨੈਸ਼ਨਲ ਡਿਜੀਟਲ ਹੈਲਥ ਮਿਸ਼ਨ, ਨਾਗਰਿਕਾਂ ਦੇ ਡਿਜੀਟਲ ਸਿਹਤ ਰਿਕਾਰਡਾਂ ਅਤੇ ਹੋਰ ਅਤਿ-ਆਧੁਨਿਕ ਟੈਕਨੋਲੋਜੀਆਂ 'ਤੇ ਵੀ ਸਾਂਝੇਦਾਰੀ ਕੀਤੀ ਜਾ ਸਕਦੀ ਹੈ।
****
ਡੀਐੱਸ / ਏਕੇ
(Release ID: 1700208)
Visitor Counter : 181
Read this release in:
English
,
Urdu
,
Marathi
,
Hindi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam