ਉਪ ਰਾਸ਼ਟਰਪਤੀ ਸਕੱਤਰੇਤ
ਮਾਂ ਬੋਲੀ ਵਿੱਚ ਪ੍ਰਾਇਮਰੀ ਸਿੱਖਿਆ ਬੱਚਿਆਂ ਦੇ ਸਵੈ-ਮਾਣ ਅਤੇ ਸਿਰਜਣਾਤਮਕਤਾ ਨੂੰ ਉਤਸ਼ਾਹਿਤ ਕਰ ਸਕਦੀ ਹੈ: ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਮਾਂ-ਬੋਲੀ ਦੇ ਪੁਨਰ-ਉਭਾਰ ਅਤੇ ਉੱਨਤੀ ਲਈ ਪੰਜ ਮੁੱਖ ਖੇਤਰਾਂ ਉੱਤੇ ਚਾਨਣਾ ਪਾਇਆ
ਪ੍ਰਸ਼ਾਸਨ ਦੀ ਭਾਸ਼ਾ ਲੋਕਾਂ ਦੀ ਭਾਸ਼ਾ ਵਿੱਚ ਹੀ ਹੋਣੀ ਚਾਹੀਦੀ ਹੈ: ਉਪ ਰਾਸ਼ਟਰਪਤੀ
ਨਾਜ਼ੁਕ ਭਾਸ਼ਾਵਾਂ ਦੀ ਵਿਰਾਸਤ ਨੂੰ ਨਸ਼ਟ ਹੋ ਜਾਣ ਤੋਂ ਬਚਾਓ: ਸ਼੍ਰੀ ਨਾਇਡੂ
ਬਹੁਭਾਸ਼ਾਵਾਦ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰ ਸਕਦਾ ਹੈ: ਉਪ ਰਾਸ਼ਟਰਪਤੀ
ਉਪ-ਰਾਸ਼ਟਰਪਤੀ ਨੇ ‘ਅੰਤਰਰਾਸ਼ਟਰੀ ਮਾਂ ਬੋਲੀ ਦਿਵਸ’ ਮੌਕੇ ਵੈਬੀਨਾਰ ਲਾਂਚ ਕੀਤਾ
Posted On:
21 FEB 2021 2:51PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਮਾਤ੍ਰ ਭਾਸ਼ਾ ਨੂੰ ਘੱਟੋ-ਘੱਟ 5ਵੀਂ ਕਲਾਸ ਤੱਕ ਸਿੱਖਿਆ ਦਾ ਮੁੱਢਲਾ ਮਾਧਿਅਮ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਸੁਝਾਅ ਦਿੱਤਾ ਕਿ ਬੱਚੇ ਨੂੰ ਉਸ ਭਾਸ਼ਾ ਵਿੱਚ ਸਿੱਖਿਆ ਦੇਣਾ ਜੋ ਘਰ ਵਿੱਚ ਨਹੀਂ ਬੋਲੀ ਜਾਂਦੀ, ਖ਼ਾਸ ਕਰਕੇ ਮੁੱਢਲੇ ਪੜਾਅ ‘ਤੇ ਸਿੱਖਣ ਵਿੱਚ ਵੱਡੀ ਰੁਕਾਵਟ ਹੋ ਸਕਦੀ ਹੈ।
ਕਈ ਅਧਿਐਨਾਂ ਦਾ ਜ਼ਿਕਰ ਕਰਦਿਆਂ, ਸ਼੍ਰੀ ਨਾਇਡੂ ਨੇ ਕਿਹਾ ਕਿ ਸਿੱਖਿਆ ਦੇ ਮੁੱਢਲੇ ਪੜਾਅ ਵਿੱਚ ਮਾਂ ਬੋਲੀ ਰਾਹੀਂ ਪੜ੍ਹਾਉਣਾ ਬੱਚੇ ਦੇ ਸਵੈ-ਮਾਣ ਨੂੰ ਵਧਾ ਸਕਦਾ ਹੈ ਅਤੇ ਉਸ ਦੀ ਰਚਨਾਤਮਕਤਾ ਵਿੱਚ ਵਾਧਾ ਕਰ ਸਕਦਾ ਹੈ। ਨਵੀਂ ਸਿੱਖਿਆ ਨੀਤੀ ਨੂੰ ਇੱਕ ਦੂਰਦਰਸ਼ੀ ਅਤੇ ਅਗਾਂਹਵਧੂ ਦਸਤਾਵੇਜ਼ ਦੱਸਦਿਆਂ ਉਨ੍ਹਾਂ ਨੀਤੀ ਨੂੰ ਉਸ ਦੇ ਸਹੀ ਮਾਇਨਿਆਂ ਵਿੱਚ ਲਾਗੂ ਕਰਨ ਦੀ ਅਪੀਲ ਕੀਤੀ।
ਸਿੱਖਿਆ ਮੰਤਰਾਲੇ ਅਤੇ ਸੱਭਿਆਚਾਰ ਮੰਤਰਾਲੇ ਵੱਲੋਂ ਆਯੋਜਿਤ ਵੈਬੀਨਾਰ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਮਾਂ ਬੋਲੀ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਪੰਜ ਮੁੱਖ ਖੇਤਰਾਂ ’ਤੇ ਧਿਆਨ ਕੇਂਦ੍ਰਿਤ ਕੀਤਾ। ਪ੍ਰਾਇਮਰੀ ਸਿੱਖਿਆ ਵਿੱਚ ਮਾਂ ਬੋਲੀ ਦੀ ਵਰਤੋਂ 'ਤੇ ਜ਼ੋਰ ਦੇਣ ਤੋਂ ਇਲਾਵਾ, ਹੋਰ ਪ੍ਰਮੁੱਖ ਖੇਤਰਾਂ ਵਿੱਚ ਪ੍ਰਸ਼ਾਸਨ, ਅਦਾਲਤੀ ਕਾਰਵਾਈਆਂ ਵਿੱਚ ਸਥਾਨਕ ਭਾਸ਼ਾਵਾਂ ਦੀ ਵਰਤੋਂ ਅਤੇ ਉਨ੍ਹਾਂ ਵਿੱਚ ਫ਼ੈਸਲੇ ਸੁਣਾਉਣੇ ਸ਼ਾਮਲ ਹਨ। ਉਨ੍ਹਾਂ ਉੱਚ ਅਤੇ ਤਕਨੀਕੀ ਸਿੱਖਿਆ ਵਿੱਚ ਵੀ ਸਵਦੇਸ਼ੀ ਭਾਸ਼ਾਵਾਂ ਦੀ ਵਰਤੋਂ ਵਿੱਚ ਹੌਲ਼ੀ-ਹੌਲ਼ੀ ਵਾਧਾ ਕਰਨ ਲਈ ਕਿਹਾ। ਉਨ੍ਹਾਂ ਹਰੇਕ ਨੂੰ ਆਪਣੇ ਘਰਾਂ ਵਿੱਚ ਆਪਣੀ ਮਾਂ-ਬੋਲੀ ਦੀ ਮਾਣ ਨਾਲ ਅਤੇ ਤਰਜੀਹੀ ਵਰਤੋਂ ਕਰਨ ‘ਤੇ ਜ਼ੋਰ ਦਿੱਤਾ।
ਸ਼੍ਰੀ ਵੈਂਕਈਆ ਨਾਇਡੂ ਨੇ ਕਿਹਾ ਕਿ ਸੈਂਕੜੇ ਭਾਸ਼ਾਵਾਂ ਦੀ ਇਕੱਠਿਆਂ ਮੌਜੂਦਗੀ ਕਰਕੇ ਭਾਸ਼ਾਈ ਵਿਵਿਧਤਾ ਸਾਡੀ ਪ੍ਰਾਚੀਨ ਸਭਿਅਤਾ ਦੀਆਂ ਬੁਨਿਆਦਾਂ ਵਿੱਚੋਂ ਇੱਕ ਹੈ। ਇਹ ਵੇਖਦਿਆਂ ਕਿ ਸਾਡੀ ਮਾਂ ਬੋਲੀ ਕਿਵੇਂ ਲੋਕਾਂ ਵਿੱਚ ਭਾਵਨਾਤਮਕ ਹੁੰਗਾਰਾ ਪੈਦਾ ਕਰ ਸਕਦੀ ਹੈ, ਸ਼੍ਰੀ ਨਾਇਡੂ ਨੇ ਉਨ੍ਹਾਂ ਨੂੰ 'ਸਾਡੀ ਸਮਾਜਿਕ-ਸੱਭਿਆਚਾਰਕ ਪਹਿਚਾਣ ਦਾ ਇੱਕ ਮਹੱਤਵਪੂਰਨ ਲਿੰਕ', 'ਸਾਡੀ ਸਮੂਹਿਕ ਗਿਆਨ ਅਤੇ ਬੁੱਧੀ ਦਾ ਭੰਡਾਰ' ਦਸਿਆ ਅਤੇ ਕਿਹਾ ਕਿ ਇਸ ਲਈ ਉਨ੍ਹਾਂ ਨੂੰ ਬਚਾਉਣ, ਸੁਰੱਖਿਅਤ ਰੱਖਣ ਅਤੇ ਪ੍ਰਚਾਰਨ ਦੀ ਜ਼ਰੂਰਤ ਹੈ।
ਸ਼ਾਸਨ ਵਿੱਚ ਮਾਂ ਬੋਲੀ ਦੀ ਮਹੱਤਤਾ ਉੱਤੇ ਚਾਨਣਾ ਪਾਉਂਦਿਆਂ, ਸ਼੍ਰੀ ਨਾਇਡੂ ਨੇ ਸਲਾਹ ਦਿੱਤੀ ਕਿ ਸਾਨੂੰ ਉਨ੍ਹਾਂ ਦੀ ਵਰਤੋਂ, ਖ਼ਾਸ ਕਰਕੇ ਰਾਜ ਅਤੇ ਸਥਾਨਕ ਪੱਧਰਾਂ ਵਿੱਚ ਵਧਾਉਂਣੀ ਚਾਹੀਦੀ ਹੈ। ਸ਼ਾਸਨ ਦੇ ਇੱਕ ਸਮਾਵੇਸ਼ੀ ਮਾਡਲ ਦੀ ਵਕਾਲਤ ਕਰਦਿਆਂ ਉਨ੍ਹਾਂ ਕਿਹਾ, “ਇੱਕ ਆਮ ਵਿਅਕਤੀ ਨਾਲ ਸਿਰਫ਼ ਉਸ ਦੀ ਭਾਸ਼ਾ ਵਿੱਚ ਗੱਲ ਕਰਨ ਨਾਲ ਹੀ ਉਹ ਸਮਝਦਾ ਹੈ ਕਿ ਅਸੀਂ ਉਸ ਨੂੰ ਸ਼ਾਸਨ ਅਤੇ ਵਿਕਾਸ ਦੀ ਪ੍ਰਕਿਰਿਆ ਵਿੱਚ ਸ਼ਾਮਲ ਕਰ ਸਕਦੇ ਹਾਂ। ਪ੍ਰਸ਼ਾਸਨ ਦੀ ਭਾਸ਼ਾ ਲੋਕਾਂ ਦੀ ਹੀ ਭਾਸ਼ਾ ਹੋਣੀ ਚਾਹੀਦੀ ਹੈ।” ਇਹ ਸੁਝਾਅ ਦਿੰਦਿਆਂ ਕਿ ਭਾਸ਼ਾ ਦੀ ਉੱਚ ਪੱਧਰਾਂ 'ਤੇ ਵੀ ਸ਼ਮੂਲੀਅਤ ਹੋਣੀ ਚਾਹੀਦੀ ਹੈ, ਸ਼੍ਰੀ ਨਾਇਡੂ ਨੇ ਰਾਜ ਸਭਾ ਦੀ ਉਦਾਹਰਣ ਦਿੱਤੀ, ਜਿੱਥੇ ਇਸ ਦੇ ਮੈਂਬਰਾਂ ਲਈ 22 ਅਨੁਸੂਚਿਤ ਭਾਸ਼ਾਵਾਂ ਵਿੱਚੋਂ ਕਿਸੇ ਵਿੱਚ ਵੀ ਆਪਣੇ ਵਿਚਾਰ ਪ੍ਰਗਟ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ।”
ਇਸ ਤੋਂ ਪਹਿਲਾਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮੌਕੇ ਹੈਦਰਾਬਾਦ ਦੇ ਮੁਚਿੰਤਲ ਵਿਖੇ ਸਵਰਨ ਭਾਰਤ ਟਰੱਸਟ ਵੱਲੋਂ ਆਯੋਜਿਤ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਸਵਦੇਸ਼ੀ ਭਾਸ਼ਾਵਾਂ ਨੂੰ ਉੱਚ ਸਿੱਖਿਆ ਵਿੱਚ ਵੀ ਵਰਤਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਆਮ ਲੋਕਾਂ ਤੱਕ ਪਹੁੰਚ ਬਣਾਉਣ ਲਈ ਨਿਆਂਪਾਲਿਕਾ ਅਤੇ ਅਦਾਲਤਾਂ ਵਿੱਚ ਸਥਾਨਕ ਭਾਸ਼ਾਵਾਂ ਹੋਣ ਦੀ ਜ਼ਰੂਰਤ ਬਾਰੇ ਚਾਨਣਾ ਪਾਇਆ।
ਵੈਬੀਨਾਰ ਵਿੱਚ, ਸ਼੍ਰੀ ਨਾਇਡੂ ਨੇ ਖ਼ਤਰੇ ਵਿੱਚ ਆਈਆਂ ਭਾਸ਼ਾਵਾਂ ਦੀ ਸਥਿਤੀ 'ਤੇ ਚਿੰਤਾ ਵੀ ਜ਼ਾਹਰ ਕੀਤੀ ਜੋ ਸਦਾ ਲਈ ਗੁੰਮ ਹੋ ਜਾਣ ਦੇ ਜੋਖਮ ਵਿੱਚ ਹਨ। ਉਨ੍ਹਾਂ ਵਿਸ਼ਵੀਕਰਨ ਅਤੇ ਸਮਰੂਪਤਾ ਨੂੰ ਦਰਸਾਉਂਦਿਆਂ, ਸੰਯੁਕਤ ਰਾਸ਼ਟਰ ਦੀ ਚੇਤਾਵਨੀ ਨੂੰ ਦੁਹਰਾਇਆ ਕਿ ਹਰ ਦੋ ਹਫ਼ਤਿਆਂ ਬਾਅਦ ਇੱਕ ਭਾਸ਼ਾ ਆਪਣੇ ਨਾਲ ਇੱਕ ਪੂਰੀ ਸੱਭਿਆਚਾਰਕ ਅਤੇ ਬੌਧਿਕ ਵਿਰਾਸਤ ਨੂੰ ਲੈ ਕੇ ਅਲੋਪ ਹੋ ਜਾਂਦੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ 196 ਭਾਸ਼ਾਵਾਂ ਵਾਲੇ ਦੇਸ਼ ਭਾਰਤ ਵਿੱਚ, ਦੁਨੀਆ ਵਿੱਚ ਸਭ ਤੋਂ ਵੱਧ ਖ਼ਤਰੇ ਵਾਲੀਆਂ ਭਾਸ਼ਾਵਾਂ ਹਨ। ਸ਼੍ਰੀ ਨਾਇਡੂ ਨੇ ਇਸ ਸਬੰਧ ਵਿੱਚ ਸਿੱਖਿਆ ਮੰਤਰਾਲੇ ਦੀ ਖ਼ਤਰੇ ਵਾਲੀ ਭਾਸ਼ਾਵਾਂ ਦੀ ਸੁਰੱਖਿਆ ਅਤੇ ਸੰਭਾਲ ਲਈ ਯੋਜਨਾ (ਐੱਸਪੀਪੀਈਐੱਲ) ਦੀ ਸ਼ਲਾਘਾ ਕੀਤੀ।
ਬਹੁ-ਭਾਸ਼ਾਵਾਦ ਦੀ ਮਹੱਤਤਾ ਬਾਰੇ ਬੋਲਦਿਆਂ, ਉਪ ਰਾਸ਼ਟਰਪਤੀ ਨੇ ਸਲਾਹ ਦਿੱਤੀ ਕਿ ਅਸੀਂ ਆਪਣੀ ਮਾਂ-ਬੋਲੀ ਦੀ ਮਜ਼ਬੂਤ ਨੀਂਹ ਦੇ ਨਾਲ-ਨਾਲ ਜਿੰਨੀਆਂ ਵੀ ਸੰਭਵ ਹੋ ਸਕਦੀਆਂ ਹਨ, ਭਾਸ਼ਾਵਾਂ ਨੂੰ ਸਿੱਖੀਏ। ਉਨ੍ਹਾਂ ਮਾਪਿਆਂ ਅਤੇ ਸਿੱਖਿਅਕਾਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਆਪਣੀ ਮਾਂ ਬੋਲੀ ਤੋਂ ਇਲਾਵਾ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਭਾਸ਼ਾ ਸਿੱਖਣ ਲਈ ਉਤਸ਼ਾਹਿਤ ਕਰਨ। ਸ਼੍ਰੀ ਨਾਇਡੂ ਨੇ ਕਿਹਾ ਕਿ ਜਿਵੇਂ ਕਿ ਕਈ ਅਧਿਐਨ ਦਰਸਾਉਂਦੇ ਹਨ, ਅਜਿਹੀ ਭਾਸ਼ਾਈ ਕੁਸ਼ਲਤਾ ਬੱਚਿਆਂ ਵਿੱਚ ਬਿਹਤਰ ਬੋਧਵਾਦੀ ਵਿਕਾਸ ਦੀ ਅਗਵਾਈ ਕਰ ਸਕਦੀ ਹੈ।
ਇਸ ਤੋਂ ਇਲਾਵਾ, ਉਪ ਰਾਸ਼ਟਰਪਤੀ ਨੇ ਕਿਹਾ ਕਿ ਦੂਜੀਆਂ ਭਾਸ਼ਾਵਾਂ ਦੇ ਸੰਪਰਕ ਵਿੱਚ ਆਉਣ ਨਾਲ ਸੱਭਿਆਚਾਰਕ ਪੁਲਾਂ ਅਤੇ ਨਵੇਂ ਅਨੁਭਵਾਂ ਲਈ ਵਿੰਡੋਜ਼ ਬਣਾਉਣ ਵਿੱਚ ਵੀ ਸਹਾਇਤਾ ਮਿਲ ਸਕਦੀ ਹੈ। ਸ਼੍ਰੀ ਨਾਇਡੂ ਨੇ ਕਿਹਾ ਕਿ ਇੱਕ-ਦੂਜੇ ਦੀਆਂ ਭਾਸ਼ਾਵਾਂ ਵਿੱਚ ਸਿਹਤਮੰਦ ਸਤਿਕਾਰ ਅਤੇ ਦਿਲਚਸਪੀ ਦੇ ਨਾਲ, ਅਸੀਂ ਰਾਸ਼ਟਰੀ ਏਕਤਾ ਅਤੇ “ਏਕ ਭਾਰਤ ਸ਼੍ਰੇਸ਼ਠ ਭਾਰਤ” ਨੂੰ ਉਤਸ਼ਾਹਿਤ ਕਰ ਸਕਦੇ ਹਾਂ।
ਇਸ ਮੌਕੇ, ਸ਼੍ਰੀ ਨਾਇਡੂ ਨੇ ਬਹੁ-ਭਾਸ਼ਾਈ ਸਮਾਜ ਜਿਵੇਂ ਕਿ ਰਾਸ਼ਟਰੀ ਅਨੁਵਾਦ ਮਿਸ਼ਨ, ਭਾਰਤਵਾਨੀ ਪ੍ਰੋਜੈਕਟ ਅਤੇ ਭਾਰਤੀਯਾ ਭਾਸ਼ਾ ਵਿਸ਼ਵਵਿਦਿਆਲਿਆ (ਬੀਬੀਵੀ) ਦੀ ਸਥਾਪਨਾ ਅਤੇ ਇੰਡੀਅਨ ਇੰਸਟੀਟਿਊਟ ਆਵ੍ ਟ੍ਰਾਂਸਲੇਸ਼ਨ ਐਂਡ ਇੰਟਰਪ੍ਰੀਟੇਸ਼ਨ (ਆਈਆਈਟੀਟੀ) ਜਿਹੀਆਂ ਕਈ ਸਰਕਾਰੀ ਪਹਿਲਾਂ ਦੀ ਸ਼ਲਾਘਾ ਕੀਤੀ।
ਅੰਤ ਵਿੱਚ, ਉਪ ਰਾਸ਼ਟਰਪਤੀ ਨੇ ਦੁਹਰਾਇਆ ਕਿ ਭਾਸ਼ਾਵਾਂ ਦੀ ਸਿਰਫ ਨਿਰੰਤਰ ਵਰਤੋਂ ਨਾਲ ਹੀ ਪਾਲਣ ਪੋਸ਼ਣ ਹੁੰਦਾ ਹੈ ਅਤੇ ਹਰ ਦਿਨ ਮਾਂ ਬੋਲੀ ਦਿਵਸ ਹੋਣਾ ਚਾਹੀਦਾ ਹੈ। ਉਨ੍ਹਾਂ ਮਾਂ ਬੋਲੀ ਨੂੰ ਮੁੜ ਪ੍ਰਾਪਤ ਕਰਨ ਲਈ ਸਰਬਪੱਖੀ ਪ੍ਰਤੀਬੱਧਤਾ ਅਤੇ ਯਤਨਾਂ ਦਾ ਸੱਦਾ ਦਿੰਦਿਆਂ ਘਰਾਂ, ਭਾਈਚਾਰੇ, ਸਭਾਵਾਂ ਅਤੇ ਪ੍ਰਸ਼ਾਸਨ ਵਿੱਚ ‘ਮਾਂ ਬੋਲੀ ਵਿੱਚ ਸੁਤੰਤਰ ਅਤੇ ਵਿਸ਼ਵਾਸ ਨਾਲ ਬੋਲਣ ‘ਤੇ ਮਾਣ ਮਹਿਸੂਸ ਕਰਨ ਲਈ ਕਿਹਾ।
ਇਸ ਮੌਕੇ ਸ਼੍ਰੀ ਨਾਇਡੂ ਨੇ ਅੰਤਰਰਾਸ਼ਟਰੀ ਵਰਚੁਅਲ ਕੈਲੀਗ੍ਰਾਫੀ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ। ਇਸ ਵਰਚੁਅਲ ਈਵੈਂਟ ਦੌਰਾਨ ਮਾਣਯੋਗ ਸਿੱਖਿਆ ਮੰਤਰੀ, ਡਾ. ਰਮੇਸ਼ ਪੋਖਰਿਯਾਲ; ਮਾਣਯੋਗ ਸੱਭਿਆਚਾਰ ਮੰਤਰੀ, ਸ਼੍ਰੀ ਪ੍ਰਹਿਲਾਦ ਸਿੰਘ ਪਟੇਲ; ਮਾਣਯੋਗ ਸਿੱਖਿਆ ਰਾਜ ਮੰਤਰੀ, ਸ਼੍ਰੀ ਸੰਜੈ ਧੋਤ੍ਰੇ; ਆਈਜੀਐੱਨਸੀਏ ਦੇ ਮੈਂਬਰ ਸੱਕਤਰ, ਡਾ. ਸਚਿਦਾਨੰਦ ਜੋਸ਼ੀ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
**********
ਐੱਮਐੱਸ / ਆਰਕੇ / ਡੀਪੀ
(Release ID: 1699831)
Visitor Counter : 229