ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਵਿਸ਼ਵ-ਭਾਰਤੀ ਯੂਨੀਵਰਸਿਟੀ ਦੀ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ


ਰਚਨਾਤਮਕਤਾ ਅਤੇ ਗਿਆਨ ਦੀ ਕੋਈ ਸੀਮਾ ਨਹੀਂ ਹੈ: ਪ੍ਰਧਾਨ ਮੰਤਰੀ





ਟੈਗੋਰ ਨੂੰ ਬੰਗਾਲ 'ਤੇ ਮਾਣ ਸੀ ਅਤੇ ਉਹ ਭਾਰਤ ਦੀ ਵਿਵਿਧਤਾ ‘ਤੇ ਵੀ ਮਾਣ ਕਰਦੇ ਸਨ: ਪ੍ਰਧਾਨ ਮੰਤਰੀ





‘ਰਾਸ਼ਟਰ-ਪਹਿਲਾਂ’ ਵਾਲੀ ਪਹੁੰਚ ਨਾਲ ਹੱਲ ਨਿਕਲਦੇ ਹਨ: ਪ੍ਰਧਾਨ ਮੰਤਰੀ





ਬੰਗਾਲ ‘ਏਕ ਭਾਰਤ-ਸ਼੍ਰੇਸ਼ਠ ਭਾਰਤ’ ਲਈ ਪ੍ਰੇਰਣਾ ਹੈ: ਪ੍ਰਧਾਨ ਮੰਤਰੀ





ਰਾਸ਼ਟਰੀ ਸਿੱਖਿਆ ਨੀਤੀ ਆਤਮਨਿਰਭਰ ਭਾਰਤ ਦੇ ਨਿਰਮਾਣ ਵਿੱਚ ਇੱਕ ਪ੍ਰਮੁੱਖ ਮੀਲ ਪੱਥਰ ਹੈ: ਪ੍ਰਧਾਨ ਮੰਤਰੀ

Posted On: 19 FEB 2021 1:08PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਵਿਸ਼ਵ-ਭਾਰਤੀ ਯੂਨੀਵਰਸਿਟੀ ਦੀ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ। ਇਸ ਮੌਕੇ ਪੱਛਮ ਬੰਗਾਲ ਦੇ ਰਾਜਪਾਲ ਅਤੇ ਵਿਸ਼ਵ-ਭਾਰਤੀ ਦੇ ਰੈਕਟਰ ਸ਼੍ਰੀ ਜਗਦੀਪ ਧਨਖੜ, ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ੰਕ ਅਤੇ ਕੇਂਦਰੀ ਸਿੱਖਿਆ ਰਾਜ ਮੰਤਰੀ ਸ਼੍ਰੀ ਸੰਜੈ ਧੋਤਰੇ ਵੀ ਮੌਜੂਦ ਸਨ।

 

ਪ੍ਰਧਾਨ ਮੰਤਰੀ ਨੇ ਕਨਵੋਕੇਸ਼ਨ ਨੂੰ ਸੰਬੋਧਨ ਕਰਦੇ ਹੋਏ ਵੀਰ ਸ਼ਿਵਾਜੀ ਬਾਰੇ ਗੁਰਦੇਵ ਰਬਿੰਦਰ ਨਾਥ ਟੈਗੋਰ ਦੀ ਕਵਿਤਾ ਦਾ ਹਵਾਲਾ ਦਿੱਤਾ ਜਿਸ ਨੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਅਤੇ ਭਾਰਤ ਦੀ ਏਕਤਾ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਵਿਦਿਆਰਥੀ ਅਤੇ ਫੈਕਲਟੀ ਸਿਰਫ ਇੱਕ ਯੂਨੀਵਰਸਿਟੀ ਦਾ ਹਿੱਸਾ ਹੀ ਨਹੀਂ ਹਨ, ਬਲਕਿ ਇੱਕ ਜੀਵੰਤ ਪਰੰਪਰਾ ਦੇ ਧਾਰਕ ਵੀ ਹਨ। ਉਨ੍ਹਾਂ ਕਿਹਾ ਕਿ ਗੁਰੁਦੇਵ ਨੇ ਯੂਨੀਵਰਸਿਟੀ ਦਾ ਨਾਮ ਵਿਸ਼ਵ-ਭਾਰਤੀ ਭਾਵ ਗਲੋਬਲ ਯੂਨੀਵਰਸਿਟੀ ਰੱਖਿਆ ਕਿਉਂਕਿ ਉਨ੍ਹਾਂ ਨੂੰ ਉਮੀਦ ਸੀ ਕਿ ਜੋ ਵੀ ਵਿਸ਼ਵ-ਭਾਰਤੀ ਵਿੱਚ ਸਿੱਖਿਆ ਲੈਣ ਲਈ ਆਵੇਗਾ ਉਹ ਪੂਰੀ ਦੁਨੀਆ ਨੂੰ ਭਾਰਤ ਅਤੇ ਭਾਰਤੀਅਤ ਦੇ ਨਜ਼ਰੀਏ ਤੋਂ ਦੇਖੇਗਾ। ਇਸ ਲਈ ਉਨ੍ਹਾਂ ਨੇ ਵਿਸ਼ਵ-ਭਾਰਤੀ ਨੂੰ ਸਿੱਖਿਆ ਲਈ ਇੱਕ ਅਜਿਹਾ ਸਥਾਨ ਬਣਾਇਆ, ਜਿਸ ਨੂੰ ਭਾਰਤ ਦੀ ਸਮ੍ਰਿੱਧ ਵਿਰਾਸਤ ਵਿੱਚ ਦੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਭਾਰਤੀ ਵਿਰਾਸਤ ਬਾਰੇ ਅਭੇਦ ਹੋਣ ਅਤੇ ਖੋਜ ਕਰਨ ਅਤੇ ਗ਼ਰੀਬ ਤੋਂ ਗ਼ਰੀਬ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਗੁਰੁਦੇਵ ਟੈਗੋਰ ਲਈ ਵਿਸ਼ਵ-ਭਾਰਤੀ ਸਿਰਫ ਇੱਕ ਗਿਆਨ ਦੇਣ ਵਾਲੀ ਸੰਸਥਾ ਨਹੀਂ, ਬਲਕਿ ਭਾਰਤੀ ਸੱਭਿਆਚਾਰ ਦੇ ਸਿਖਰਲੇ ਟੀਚੇ ਤੱਕ ਪਹੁੰਚਣ ਦੀ ਕੋਸ਼ਿਸ਼ ਸੀ, ਜਿਸ ਨੂੰ ਆਪਣੇ ਆਪ ਹੀ ਹਾਸਲ ਕਰਨਾ ਹੁੰਦਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਰੁਦੇਵ ਮੰਨਦੇ ਸਨ ਕਿ ਸਾਨੂੰ ਆਪਣੇ ਆਪ ਨੂੰ ਵਿਭਿੰਨ ਵਿਚਾਰਧਾਰਾਵਾਂ ਅਤੇ ਮਤਭੇਦਾਂ ਵਿੱਚੋਂ ਲੱਭਣਾ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਟੈਗੋਰ ਨੂੰ ਬੰਗਾਲ ਤੇ ਮਾਣ ਸੀ, ਪਰ ਇਸ ਦੇ ਨਾਲ ਹੀ ਉਨ੍ਹਾਂ ਨੂੰ ਭਾਰਤ ਦੀ ਵਿਵਿਧਤਾ ਦਾ ਵੀ ਉਤਨਾ ਹੀ ਮਾਣ ਸੀ, ਅਤੇ ਇਹ ਗੁਰੁਦੇਵ ਦੇ ਦਰਸ਼ਨ ਕਾਰਨ ਹੀ ਹੈ ਕਿ ਮਾਨਵਤਾ ਸ਼ਾਂਤੀਨਿਕੇਤਨ ਦੇ ਖੁੱਲ੍ਹੇ ਅਸਮਾਨ ਹੇਠ ਪੁੰਗਰ ਰਹੀ ਹੈ। ਉਨ੍ਹਾਂ ਨੇ ਵਿਸ਼ਵ-ਭਾਰਤੀ ਨੂੰ ਆਪਣੇ ਆਪ ਵਿੱਚ ਗਿਆਨ ਦਾ ਇੱਕ ਅਥਾਹ ਸਮੁੰਦਰ ਦਸਦਿਆਂ ਪ੍ਰਸੰਸਾ ਕੀਤੀ, ਜਿਸ ਦੀ ਬੁਨਿਆਦ, ਅਨੁਭਵ ਅਧਾਰਿਤ ਸਿੱਖਿਆ ਲਈ ਰੱਖੀ ਗਈ ਸੀ। ਉਨ੍ਹਾਂ ਕਿਹਾ ਕਿ ਰਚਨਾਤਮਕਤਾ ਅਤੇ ਗਿਆਨ ਦੀ ਕੋਈ ਸੀਮਾ ਨਹੀਂ ਹੈ। ਇਸ ਸੋਚ ਨਾਲ ਹੀ ਗੁਰੂਦੇਵ ਨੇ ਇਸ ਮਹਾਨ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਸੀ। ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਇਹ ਗੱਲ ਹਮੇਸ਼ਾ ਯਾਦ ਰੱਖਣ ਦੀ ਅਪੀਲ ਕੀਤੀ ਕਿ ਗਿਆਨ, ਸੋਚ ਅਤੇ ਹੁਨਰ ਸਥਿਰ ਨਹੀਂ ਬਲਕਿ ਇੱਕ ਗਤੀਸ਼ੀਲ ਅਤੇ ਨਿਰੰਤਰ ਪ੍ਰਕਿਰਿਆ ਹਨ। ਉਨ੍ਹਾਂ ਕਿਹਾ ਕਿ ਜ਼ਿੰਮੇਵਾਰੀ ਗਿਆਨ ਅਤੇ ਸ਼ਕਤੀ ਨਾਲ ਆਉਂਦੀ ਹੈ। ਜਿਸ ਤਰ੍ਹਾਂ ਸੱਤਾ ਵਿੱਚ ਰਹਿੰਦਿਆਂ ਵਿਅਕਤੀ ਨੂੰ ਸੰਜਮ ਅਤੇ ਸੰਵੇਦਨਸ਼ੀਲ ਹੋਣਾ ਪੈਂਦਾ ਹੈ, ਉਸੇ ਤਰ੍ਹਾਂ ਹਰੇਕ ਵਿਦਵਾਨ ਨੂੰ ਵੀ ਉਨ੍ਹਾਂ ਦੇ ਪ੍ਰਤੀ ਜ਼ਿੰਮੇਵਾਰ ਬਣਨਾ ਪੈਂਦਾ ਹੈ ਜਿਨ੍ਹਾਂ ਕੋਲ ਗਿਆਨ ਨਹੀਂ ਹੁੰਦਾ।

 

ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਡਾ ਗਿਆਨ ਸਿਰਫ ਤੁਹਾਡਾ ਨਹੀਂ ਬਲਕਿ ਸਮਾਜ ਦਾ ਹੈ ਅਤੇ ਦੇਸ਼ ਦੀ ਵਿਰਾਸਤ ਹੈ। ਤੁਹਾਡਾ ਗਿਆਨ ਅਤੇ ਦਕਸ਼ਤਾ ਇੱਕ ਰਾਸ਼ਟਰ ਨੂੰ ਮਾਣ ਬਖਸ਼ ਸਕਦੀ ਹੈ ਜਾਂ ਸਮਾਜ ਨੂੰ ਬਦਨਾਮੀ ਅਤੇ ਬਰਬਾਦੀ ਦੇ ਹਨੇਰੇ ਵਿੱਚ ਧੱਕ ਸਕਦੀ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਜੋ ਪੂਰੀ ਦੁਨੀਆ ਵਿੱਚ ਦਹਿਸ਼ਤ ਅਤੇ ਹਿੰਸਾ ਫੈਲਾ ਰਹੇ ਹਨ ਉੱਚ ਸਿੱਖਿਆ ਪ੍ਰਾਪਤ, ਉੱਚ ਦਕਸ਼ ਹਨ। ਦੂਸਰੇ ਪਾਸੇ, ਉਹ ਲੋਕ ਹਨ ਜੋ ਆਪਣੀ ਜਾਨ ਨੂੰ ਜੋਖਮ ਵਿਚ ਪਾ ਰਹੇ ਹਨ ਅਤੇ ਲੋਕਾਂ ਨੂੰ ਕੋਵਿਡ ਜਿਹੀ ਮਹਾਮਾਰੀ ਤੋਂ ਬਚਾਉਣ ਲਈ ਹਸਪਤਾਲਾਂ ਅਤੇ ਲੈਬਾਂ ਵਿੱਚ ਕੰਮ ਤੇ ਜੁਟੇ ਹੋਏ ਹਨ। ਉਨ੍ਹਾਂ ਕਿਹਾ ਇਹ ਵਿਚਾਰਧਾਰਾ ਬਾਰੇ ਨਹੀਂ ਬਲਕਿ ਮਾਨਸਿਕਤਾ ਬਾਰੇ ਹੈ, ਭਾਵੇਂ ਇਹ ਸਕਾਰਾਤਮਕ ਹੋਵੇ ਜਾਂ ਨਕਾਰਾਤਮਕ। ਦੋਵਾਂ ਲਈ ਗੁੰਜਾਇਸ਼ ਹੈ ਅਤੇ ਰਸਤੇ ਦੋਵਾਂ ਲਈ ਖੁੱਲ੍ਹੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਫੈਸਲਾ ਲੈਣ ਕਿ ਉਹ ਸਮੱਸਿਆ ਦਾ ਹਿੱਸਾ ਬਣਨਾ ਚਾਹੁੰਦੇ ਹਨ ਜਾਂ ਹੱਲ ਦਾ ਹਿੱਸਾ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਨੇ ਦੇਸ਼ ਨੂੰ ਤਰਜੀਹ ਦਿੱਤੀ ਤਾਂ ਉਨ੍ਹਾਂ ਦਾ ਹਰ ਫੈਸਲਾ ਕਿਸੇ ਨਾ ਕਿਸੇ ਹੱਲ ਵੱਲ ਵਧੇਗਾ। ਉਨ੍ਹਾਂ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਕੋਈ ਫੈਸਲਾ ਲੈਣ ਤੋਂ ਨਾ ਡਰਨ। ਉਨ੍ਹਾਂ ਕਿਹਾ ਜਦੋਂ ਤੱਕ ਦੇਸ਼ ਦੇ ਨੌਜਵਾਨਾਂ ਵਿੱਚ ਨਵੀਨਤਾ ਲਿਆਉਣ, ਜੋਖਮ ਲੈਣ ਅਤੇ ਅੱਗੇ ਵਧਣ ਦਾ ਜਨੂੰਨ ਹੈ ਤਾਂ ਦੇਸ਼ ਦੇ ਭਵਿੱਖ ਦੀ ਕੋਈ ਚਿੰਤਾ ਨਹੀਂ ਹੈ। ਇਸ ਕੋਸ਼ਿਸ਼ ਵਿੱਚ ਉਨ੍ਹਾਂ ਨੇ ਨੌਜਵਾਨਾਂ ਨੂੰ ਸਰਕਾਰ ਦੇ ਸਹਿਯੋਗ ਦਾ ਭਰੋਸਾ ਦਿੱਤਾ।

 

ਪਰੰਪਰਾਗਤ ਭਾਰਤੀ ਸਿੱਖਿਆ ਪ੍ਰਣਾਲੀ ਦੀ ਇਤਿਹਾਸਕ ਤਾਕਤ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਗਾਂਧੀਵਾਦੀ ਸ਼੍ਰੀ ਧਰਮਪਾਲ ਦੀ ਕਿਤਾਬ ਦਿ ਬਿਊਟੀਫੁਲ ਟ੍ਰੀ- ਇਨਡਿਜਿਨੱਸ ਇੰਡੀਅਨ ਐਜੂਕੇਸ਼ਨ ਇਨ ਦ ਏਟੀੰਨਥ ਸੈਂਚੁਰੀਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ 1820 ਦੇ ਸਰਵੇਖਣ ਵਿੱਚ ਕਿਹਾ ਗਿਆ ਸੀ ਕਿ ਹਰ ਪਿੰਡ ਵਿੱਚ ਇੱਕ ਤੋਂ ਵੱਧ ਗੁਰੂਕੁਲ ਸਨ ਜੋ ਸਥਾਨਕ ਮੰਦਰਾਂ ਨਾਲ ਜੁੜੇ ਹੋਏ ਸਨ ਅਤੇ ਸਾਖਰਤਾ ਦਰ ਬਹੁਤ ਜ਼ਿਆਦਾ ਹੋਣ ਦਾ ਅਨੁਮਾਨ ਲਗਾਇਆ ਗਿਆ ਸੀ। ਇਹ ਗੱਲ ਬ੍ਰਿਟਿਸ਼ ਵਿਦਵਾਨਾਂ ਦੁਆਰਾ ਵੀ ਮੰਨੀ ਗਈ ਸੀ। ਸ਼੍ਰੀ ਮੋਦੀ ਨੇ ਕਿਹਾ, ਗੁਰੂਦੇਵ ਰਬਿੰਦਰਨਾਥ ਨੇ ਵਿਸ਼ਵ-ਭਾਰਤੀ ਵਿੱਚ ਅਜਿਹੀਆਂ ਪ੍ਰਣਾਲੀਆਂ ਵਿਕਸਿਤ ਕੀਤੀਆਂ ਜੋ ਭਾਰਤੀ ਸਿਖਿਆ ਨੂੰ ਆਧੁਨਿਕ ਬਣਾਉਣ ਅਤੇ ਇਸ ਨੂੰ ਗੁਲਾਮੀ ਦੇ ਚੁੰਗਲ ਤੋਂ ਮੁਕਤ ਕਰਨ ਦਾ ਮਾਧਿਅਮ ਸਨ।

 

ਇਸੇ ਤਰ੍ਹਾਂ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵੀ ਪੁਰਾਣੀਆਂ ਪਾਬੰਦੀਆਂ ਤੋੜਦੀ ਹੈ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪੂਰੀ ਸਮਰੱਥਾ ਦਾ ਅਹਿਸਾਸ ਕਰਾਉਂਦੀ ਹੈ। ਇਹ ਵਿਸ਼ਿਆਂ ਅਤੇ ਮਾਧਿਅਮ ਦੀ ਚੋਣ ਵਿੱਚ ਲਚਕਤਾ ਦੀ ਆਗਿਆ ਦਿੰਦੀ ਹੈ। ਇਹ ਨੀਤੀ ਉੱਦਮਤਾ ਅਤੇ ਸਵੈ ਰੋਜ਼ਗਾਰ; ਖੋਜ ਅਤੇ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘ਇਹ ਸਿੱਖਿਆ ਨੀਤੀ ਆਤਮਨਿਰਭਰ ਭਾਰਤ ਦੇ ਨਿਰਮਾਣ ਵਿੱਚ ਇੱਕ ਵੱਡਾ ਮੀਲ ਪੱਥਰ ਹੈ।ਪ੍ਰਧਾਨ ਮੰਤਰੀ ਨੇ ਦੱਸਿਆ ਕਿ ਵਿਦਵਾਨਾਂ ਨੂੰ ਸਰਕਾਰ ਦੁਆਰਾ ਹਾਲ ਹੀ ਵਿੱਚ ਲੱਖਾਂ ਰਸਾਲਿਆਂ ਲਈ ਖੁਲ੍ਹੀ ਪਹੁੰਚ ਦਿੱਤੀ ਗਈ ਹੈ। ਇਸ ਸਾਲ ਦੇ ਬਜਟ ਵਿੱਚ ਨੈਸ਼ਨਲ ਰਿਸਰਚ ਫਾਊਂਡੇਸ਼ਨ ਦੁਆਰਾ ਖੋਜ ਲਈ 5 ਸਾਲਾਂ ਦੌਰਾਨ 50 ਹਜ਼ਾਰ ਕਰੋੜ ਰੁਪਏ ਦਾ ਪ੍ਰਸਤਾਵ ਰੱਖਿਆ ਗਿਆ ਹੈ। ਇਸ ਸਿੱਖਿਆ ਨੀਤੀ ਵਿੱਚ ਜੈਂਡਰ ਇੰਕਲੂਜ਼ਨ ਫੰਡ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ਸਦਕਾ ਲੜਕੀਆਂ ਵਿੱਚ ਨਵਾਂ ਵਿਸ਼ਵਾਸ ਪੈਦਾ ਹੋਵੇਗਾ। ਲੜਕੀਆਂ ਦੀ ਵਧੇਰੇ ਡਰਾਪ-ਆਊਟ ਦਰ ਬਾਰੇ ਡੂੰਘਾ ਅਧਿਐਨ ਕੀਤਾ ਗਿਆ ਹੈ ਅਤੇ ਡਿਗਰੀ ਕੋਰਸਾਂ ਵਿੱਚ ਦਾਖਲੇ-ਨਿਕਾਸੀ ਵਿਕਲਪਾਂ ਅਤੇ ਸਾਲਾਨਾ ਕ੍ਰੈਡਿਟ ਲਈ ਪ੍ਰਬੰਧ ਕੀਤੇ ਗਏ ਹਨ।

 

ਬੰਗਾਲ ਨੂੰ ਏਕ ਭਾਰਤ-ਸ਼੍ਰੇਸ਼ਠ ਭਾਰਤਲਈ ਇੱਕ ਪ੍ਰੇਰਣਾ ਦਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ-ਭਾਰਤੀ 21ਵੀਂ ਸਦੀ ਦੀ ਗਿਆਨ ਅਰਥਵਿਵਸਥਾ ਵਿੱਚ ਵੱਡੀ ਭੂਮਿਕਾ ਨਿਭਾਏਗੀ, ਜੋ ਭਾਰਤੀ ਗਿਆਨ ਅਤੇ ਪਹਿਚਾਣ ਨੂੰ ਦੁਨੀਆ ਦੇ ਹਰ ਕੋਨੇ ਤੱਕ ਲਿਜਾਏਗੀ। ਸ਼੍ਰੀ ਮੋਦੀ ਨੇ ਵੱਕਾਰੀ ਸੰਸਥਾ ਦੇ ਵਿਦਿਆਰਥੀਆਂ ਨੂੰ 2047 ਤੱਕ ਦੇ ਵਿਸ਼ਵ-ਭਾਰਤੀ ਦੇ 25 ਸਭ ਤੋਂ ਵੱਡੇ ਟੀਚਿਆਂ ਬਾਰੇ ਅਗਲੇ 25 ਸਾਲਾਂ ਲਈ ਵਿਜ਼ਨ ਦਸਤਾਵੇਜ਼ ਤਿਆਰ ਕਰਨ ਲਈ ਕਿਹਾ। ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਭਾਰਤ ਬਾਰੇ ਜਾਗਰੂਕਤਾ ਫੈਲਾਉਣ ਲਈ ਕਿਹਾ। ਵਿਸ਼ਵ-ਭਾਰਤੀ ਨੂੰ ਭਾਰਤ ਦੇ ਸੰਦੇਸ਼ ਨੂੰ ਫੈਲਾਉਣ ਅਤੇ ਵਿਸ਼ਵ ਪੱਧਰ ਤੇ ਭਾਰਤ ਦੇ ਅਕਸ ਨੂੰ ਵਧਾਉਣ ਲਈ ਸਾਰੇ ਵਿਦਿਅਕ ਅਦਾਰਿਆਂ ਦੀ ਅਗਵਾਈ ਕਰਨੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਨੇੜਲੇ ਪਿੰਡਾਂ ਨੂੰ ਆਤਮਨਿਰਭਰ ਬਣਾਉਣ ਦੇ ਤਰੀਕੇ ਲੱਭਣ ਅਤੇ ਉਨ੍ਹਾਂ ਦੇ ਉਤਪਾਦਾਂ ਨੂੰ ਵਿਸ਼ਵ ਪੱਧਰ ਤੇ ਲਿਜਾਣ ਦੀ ਅਪੀਲ ਕਰਦੇ ਹੋਏ ਸਮਾਪਤੀ ਕੀਤੀ।

 

 

***********

 

 

 

ਡੀਐੱਸ/ਏਕੇ



(Release ID: 1699449) Visitor Counter : 218