ਪ੍ਰਧਾਨ ਮੰਤਰੀ ਦਫਤਰ
ਇੰਡੀਆ-ਆਸਟ੍ਰੇਲੀਆ ਸਰਕੂਲਰ ਇਕੌਨਮੀ ਹੈਕਾਥੌਨ (ਆਈ-ਏਸੀਈ) ਦੇ ਸਮਾਪਨ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
19 FEB 2021 10:21AM by PIB Chandigarh
ਮਿੱਤਰੋ,
ਪਿਛਲੇ ਸਾਲ ਜੂਨ ਵਿੱਚ, ਪ੍ਰਧਾਨ ਮੰਤਰੀ ਮੌਰਿਸਨ ਅਤੇ ਮੈਂ ਸਰਕੂਲਰ ਇਕੌਨਮੀ 'ਤੇ ਹੈਕਾਥੌਨ ਦਾ ਆਯੋਜਨ ਕਰਨ ਦੀ ਸੰਭਾਵਨਾ ‘ਤੇ ਚਰਚਾ ਕੀਤੀ।
ਮੈਨੂੰ ਖੁਸ਼ੀ ਹੈ ਕਿ ਸਾਡਾ ਵਿਚਾਰ ਇੰਨੀ ਜਲਦੀ ਸਾਕਾਰ ਹੋ ਗਿਆ ਹੈ।
ਮੈਂ ਆਪਣੇ ਪਿਆਰੇ ਮਿੱਤਰ, ਪ੍ਰਧਾਨ ਮੰਤਰੀ ਸਕੌਟ ਮੌਰਿਸਨ ਦਾ ਇਸ ਸਾਂਝੇ ਉੱਦਮ ਵਿੱਚ ਸਮਰਥਨ ਲਈ ਧੰਨਵਾਦ ਕਰਦਾ ਹਾਂ।
ਮੈਂ ਕੋਵਿਡ-19 ਮਹਾਮਾਰੀ ਦੇ ਬਾਵਜੂਦ ਸਾਰੇ ਪ੍ਰਤੀਭਾਗੀਆਂ ਦੀ ਪ੍ਰਤੀਬੱਧਤਾ ਲਈ ਪ੍ਰਸ਼ੰਸਾ ਕਰਦਾ ਹਾਂ।
ਮੇਰੇ ਲਈ ਤੁਸੀਂ ਸਾਰੇ ਵਿਜੇਤਾ ਹੋ।
ਮਿੱਤਰੋ,
ਜਿਵੇਂ ਕਿ ਮਾਨਵਤਾ ਜਲਵਾਯੂ ਪਰਿਵਰਤਨ ਦੁਆਰਾ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ, ਇਸ ਹੈਕਾਥੌਨ ਦਾ ਵਿਸ਼ਾ ਪੂਰੀ ਦੁਨੀਆ ਲਈ ਪ੍ਰਾਸੰਗਿਕ ਹੈ।
ਖਪਤ-ਅਧਾਰਿਤ ਆਰਥਿਕ ਮਾਡਲਾਂ ਨੇ ਸਾਡੇ ਗ੍ਰਹਿ ਦੇ ਸੰਸਾਧਨਾਂ ‘ਤੇ ਬਹੁਤ ਵੱਡਾ ਦਬਾਅ ਪਾਇਆ ਹੈ।
ਸਾਨੂੰ ਕਦੀ ਵੀ ਇਹ ਨਹੀਂ ਭੁੱਲਣਾ ਚਾਹੀਦਾ ਕਿ ਅਸੀਂ ਉਸ ਸਭ ਦੇ ਮਾਲਕ ਨਹੀਂ ਹਾਂ ਜੋ ਧਰਤੀ ਮਾਤਾ ਸਾਨੂੰ ਪੇਸ਼ ਕਰ ਰਹੀ ਹੈ, ਬਲਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਿਰਫ ਇਸ ਦੇ ਟ੍ਰੱਸਟੀ ਹਾਂ।
ਸਾਡੀਆਂ ਉਤਪਾਦਨ ਪ੍ਰਕਿਰਿਆਵਾਂ ਨੂੰ ਵਧੇਰੇ ਕੁਸ਼ਲ ਅਤੇ ਘੱਟ ਪ੍ਰਦੂਸ਼ਿਤ ਕਰਨਾ ਹੀ ਕਾਫ਼ੀ ਨਹੀਂ ਹੈ।
ਕੋਈ ਗੱਲ ਨਹੀਂ ਕਿ ਡ੍ਰਾਇਵ ਕਿੰਨੀ ਵੀ ਤੇਜ਼ ਜਾਂ ਹੌਲ਼ੀ ਕੀਤੀ ਜਾਵੇ, ਜੇ ਦਿਸ਼ਾ ਗਲਤ ਹੈ, ਤਾਂ ਵਿਅਕਤੀ ਗਲਤ ਮੰਜ਼ਿਲ 'ਤੇ ਪਹੁੰਚਣ ਲਈ ਪਾਬੰਦ ਹੈ।
ਅਤੇ ਇਸ ਲਈ, ਸਾਨੂੰ ਸਹੀ ਦਿਸ਼ਾ ਨਿਰਧਾਰਿਤ ਕਰਨੀ ਚਾਹੀਦੀ ਹੈ।
ਸਾਨੂੰ ਆਪਣੇ ਖਪਤ ਦੇ ਤਰੀਕਿਆਂ ਨੂੰ ਦੇਖਣਾ ਚਾਹੀਦਾ ਹੈ, ਅਤੇ ਇਹ ਵੀ ਕਿ ਅਸੀਂ ਉਨ੍ਹਾਂ ਦੇ ਵਾਤਾਵਰਣ ਪ੍ਰਭਾਵ ਨੂੰ ਕਿਵੇਂ ਘਟਾ ਸਕਦੇ ਹਾਂ।
ਇਹ ਉਹ ਥਾਂ ਹੈ ਜਿੱਥੇ ਇੱਕ ਸਰਕੂਲਰ ਇਕੌਨਮੀ ਦੀ ਧਾਰਣਾ ਆਉਂਦੀ ਹੈ।
ਸਾਡੀਆਂ ਬਹੁਤ ਸਾਰੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਇਹ ਇੱਕ ਅਹਿਮ ਕਦਮ ਹੋ ਸਕਦਾ ਹੈ।
ਸਾਨੂੰ ਵਸਤਾਂ ਦੇ ਰੀਸਾਈਕਲਿੰਗ ਤੇ ਦੁਬਾਰਾ ਉਪਯੋਗ ਅਤੇ ਕਚਰੇ ਦੇ ਨਿਪਟਾਰੇ ਅਤੇ ਸੰਸਾਧਨਾਂ ਦੀ ਕੁਸ਼ਲਤਾ ਵਿੱਚ ਸੁਧਾਰ ਆਪਣੀ ਜੀਵਨ ਸ਼ੈਲੀ ਦਾ ਅੰਗ ਬਣਾਉਣਾ ਹੋਵੇਗਾ।
ਇਸ ਹੈਕਾਥੌਨ ਵਿੱਚ ਭਾਰਤੀ ਅਤੇ ਆਸਟ੍ਰੇਲੀਆਈ ਵਿਦਿਆਰਥੀਆਂ, ਸਟਾਰਟਅੱਪਸ ਅਤੇ ਉੱਦਮੀਆਂ ਦੁਆਰਾ ਨਵੀਨਤਾਕਾਰੀ ਹੱਲ ਸੁਝਾਏ ਗਏ ਹਨ।
ਇਹ ਇਨੋਵੇਸ਼ਨ ਸਰਕੂਲਰ ਇਕੌਨਮੀ ਦੇ ਫਲਸਫੇ ਪ੍ਰਤੀ ਤੁਹਾਡੀ ਪ੍ਰਤੀਬੱਧਤਾ ਦਰਸਾਉਂਦੇ ਹਨ।
ਮੈਨੂੰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਤੁਹਾਡੀਆਂ ਕਾਢਾਂ ਸਾਡੇ ਦੋਵਾਂ ਦੇਸ਼ਾਂ ਨੂੰ ਸਰਕੂਲਰ ਇਕੌਨਮੀ ਦੇ ਹੱਲ ਲਈ ਅਗਵਾਈ ਕਰਨ ਲਈ ਪ੍ਰੇਰਿਤ ਕਰਨਗੀਆਂ।
ਅਤੇ, ਇਸ ਦੇ ਲਈ, ਸਾਨੂੰ ਹੁਣ ਇਨ੍ਹਾਂ ਵਿਚਾਰਾਂ ਨੂੰ ਸਕੇਲ-ਅੱਪ ਕਰਨ ਅਤੇ ਪ੍ਰਫੁੱਲਤ ਕਰਨ ਦੇ ਤਰੀਕਿਆਂ ਦੀ ਵੀ ਖੋਜ ਕਰਨੀ ਚਾਹੀਦੀ ਹੈ।
ਮਿੱਤਰੋ,
ਨੌਜਵਾਨਾਂ ਦੀ ਤਾਕਤ ਖੁੱਲ੍ਹੇਪਨ ਤੋਂ ਲੈ ਕੇ ਨਵੇਂ ਵਿਚਾਰਾਂ ਅਤੇ ਇਨੋਵੇਸ਼ਨਾਂ, ਅਤੇ ਜੋਖਮ ਲੈਣ ਦੀ ਯੋਗਤਾ ਤੋਂ ਆਉਂਦੀ ਹੈ।
ਅੱਜ ਦੇ ਯੁਵਾ ਭਾਗੀਦਾਰਾਂ ਦੀ ਊਰਜਾ ਅਤੇ ਉਤਸ਼ਾਹ ਭਾਰਤ ਅਤੇ ਆਸਟ੍ਰੇਲੀਆ ਦੇ ਦਰਮਿਆਨ ਅਗਾਂਹਵਧੂ ਭਾਈਵਾਲੀ ਦਾ ਪ੍ਰਤੀਕ ਹੈ।
ਮੈਨੂੰ ਸਾਡੀ ਯੁਵਾ ਸ਼ਕਤੀ, ਰਚਨਾਤਮਕਤਾ ਅਤੇ ਨਵੀਂ ਸੋਚ 'ਤੇ ਪੂਰਾ ਭਰੋਸਾ ਹੈ।
ਉਹ ਨਾ ਸਿਰਫ ਸਾਡੇ ਦੋਵਾਂ ਦੇਸ਼ਾਂ ਲਈ, ਬਲਕਿ ਸਾਰੇ ਵਿਸ਼ਵ ਲਈ ਟਿਕਾਊ ਅਤੇ ਸੰਪੂਰਨ ਹੱਲ ਪੇਸ਼ ਕਰ ਸਕਦੇ ਹਨ।
ਭਾਰਤ-ਆਸਟ੍ਰੇਲੀਆ ਦੀ ਮਜ਼ਬੂਤ ਸਾਂਝੇਦਾਰੀ ਕੋਵਿਡ ਦੇ ਬਾਅਦ ਦੇ ਵਿਸ਼ਵ ਨੂੰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰੇਗੀ।
ਅਤੇ ਸਾਡੇ ਯੁਵਾ, ਸਾਡੇ ਯੁਵਾ ਇਨੋਵੇਟਰਸ, ਸਾਡੇ ਸਟਾਰਟ-ਅੱਪਸ, ਇਸ ਸਾਂਝੇਦਾਰੀ ਵਿੱਚ ਸਭ ਤੋਂ ਅੱਗੇ ਹੋਣਗੇ।
ਤੁਹਾਡਾ ਧੰਨਵਾਦ!
ਤੁਹਾਡਾ ਬਹੁਤ-ਬਹੁਤ ਧੰਨਵਾਦ!
*******
ਡੀਐੱਸ
(Release ID: 1699422)
Visitor Counter : 179
Read this release in:
Assamese
,
Telugu
,
English
,
Urdu
,
Hindi
,
Marathi
,
Manipuri
,
Bengali
,
Gujarati
,
Odia
,
Tamil
,
Kannada
,
Malayalam