ਪ੍ਰਧਾਨ ਮੰਤਰੀ ਦਫਤਰ

ਅਸਾਮ ਵਿੱਚ ਕਈ ਵਿਕਾਸ ਪਹਿਲਾਂ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰ‍ਬੋਧਨ ਦਾ ਮੂਲ-ਪਾਠ

Posted On: 18 FEB 2021 3:23PM by PIB Chandigarh

ਨਮਸਕਾਰ ਅਸਾਮ! 

 

ਸ਼੍ਰੀਮੰਤ ਸ਼ੰਕਰਦੇਵ ਦੀ ਕਰਮਸਥਲੀ ਅਤੇ ਸਤਰਾਂ ਦੀ ਭੂਮੀ ਮਜੂਲੀ ਨੂੰ ਮੇਰਾ ਪ੍ਰਣਾਮ!  ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਸ਼੍ਰੀ ਨਿਤਿਨ ਗਡਕਰੀ ਜੀ,  ਸ਼੍ਰੀ ਰਵੀਸ਼ੰਕਰ ਪ੍ਰਸਾਦ ਜੀ,  ਸ਼੍ਰੀ ਮਨਸੁਖ ਮਾਂਡਵੀਯਾ ਜੀ,  ਅਸਾਮ ਦੇ ਮੁੱਖ ਮੰਤਰੀ, ਸ਼੍ਰੀ ਸਰਬਾਨੰਦ ਸੋਨੋਵਾਲ ਜੀ,  ਮੇਘਾਲਿਆ ਦੇ ਮੁੱਖ ਮੰਤਰੀ,  ਕੋਨਰੇਡ ਸੰਗਮਾ ਜੀ,  ਅਸਾਮ ਦੇ ਵਿੱਤ ਮੰਤਰੀ ਡਾਕਟਰ ਹਿਮੰਤਾ ਬਿਸਵਾ ਸਰਮਾ ਜੀ,  ਅਤੇ ਅਸਾਮ  ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ। ਅਜਿਹਾ ਲਗ ਰਿਹਾ ਕਿ ਆਲਿ-ਆਯੇ-ਲਿਗਾਂਗ (आलि-आये-लिगांग) ਉਤਸਵ ਦੀ ਉਮੰਗ ਦੂਸਰੇ ਦਿਨ ਵੀ ਜਾਰੀ ਹੈ। ਕੱਲ੍ਹ ਮਿਸਿੰਗ ਸਮੁਦਾਇ  ਦੇ ਲਈ,  ਖੇਤੀ ਅਤੇ ਕਿਸਾਨੀ  ਦੇ ਉਤਸਵ ਦਾ ਦਿਨ ਸੀ ਅਤੇ ਅੱਜ ਮਜੂਲੀ ਸਹਿਤ ਪੂਰੇ ਅਸਾਮ ਅਤੇ ਨੌਰਥ ਈਸਟ  ਦੇ ਵਿਕਾਸ ਦਾ ਇੱਕ ਬਹੁਤ ਵੱਡਾ ਮਹੋਤਸਵ ਹੈ।  ਤਾਕਾਮੇ ਲਿਗਾਂਗ ਆਛੇਂਗੇਂ ਛੇਲਿਡੁੰਗ!  (ताकामे लिगांग आछेँगेँ छेलिडुंग!)

 

ਭਾਈਓ ਅਤੇ ਭੈਣੋਂ,  

 

ਭਾਰਤ ਰਤਨ ਡਾਕਟਰ ਭੂਪੇਨ ਹਜ਼ਾਰਿਕਾ ਨੇ ਕਦੇ ਲਿਖਿਆ ਸੀ- ਮਹਾਬਾਹੁ ਬ੍ਰਹਮਪੁੱਤਰ ਮਹਾਮਿਲਨਰ ਤੀਰਥ (ਅ)  ਕਤ (ਅ)  ਜੁਗ ਧਰਿ ਆਹਿਛੇ ਪ੍ਰਕਾਖਿ ਹਮਨਵਯਰ ਅਰਥ (ਅ)! (महाबाहु ब्रह्मपुत्र महामिलनर तीर्थ(अ) कत(अ) जुग धरि आहिछे प्रकाखि हमन्वयर अर्थ(अ)!)  ਯਾਨੀ ਬ੍ਰਹਮਪੁੱਤਰ ਦਾ ਵਿਸਤਾਰ ਬੰਧੁਤਵ ਦਾ,  ਭਾਈਚਾਰੇ ਦਾ,  ਮਿਲਣ ਦਾ ਤੀਰਥ ਹੈ।  ਵਰ੍ਹਿਆਂ ਤੋਂ ਇਹ ਪਵਿੱਤਰ ਨਦੀ, ਮੇਲਜੋਲ ਦਾ,  ਕਨੈਕਟੀਵਿਟੀ ਦਾ ਸਮਾਨਾਰਥੀ ਰਹੀ ਹੈ।  ਲੇਕਿਨ ਇਹ ਵੀ ਸਹੀ ਹੈ ਕਿ ਬ੍ਰਹਮਪੁੱਤਰ ‘ਤੇ ਕਨੈਕਟੀਵਿਟੀ ਨਾਲ ਜੁੜੇ ਜਿਤਨੇ ਕੰਮ ਪਹਿਲਾਂ ਹੋਣੇ ਚਾਹੀਦੇ ਸਨ,  ਉਤਨੇ ਹੋਏ ਨਹੀਂ।  ਇਸ ਵਜ੍ਹਾ ਨਾਲ ਅਸਾਮ ਦੇ ਅੰਦਰ ਵੀ ਅਤੇ ਨੌਰਥ ਈਸਟ  ਦੇ ਹੋਰ ਖੇਤਰਾਂ ਵਿੱਚ ਕਨੈਕਟੀਵਿਟੀ ਹਮੇਸ਼ਾ ਇੱਕ ਵੱਡੀ ਚੁਣੌਤੀ ਬਣੀ ਰਹੀ। ਮਹਾਬਾਹੁ ਬ੍ਰਹਮਪੁੱਤਰ ਦੇ ਅਸ਼ੀਰਵਾਦ ਨਾਲ ਹੁਣ ਇਸ ਦਿਸ਼ਾ ਵਿੱਚ ਤੇਜ਼ੀ ਨਾਲ ਕੰਮ ਹੋ ਰਿਹਾ ਹੈ।  ਬੀਤੇ ਸਾਲਾਂ ਵਿੱਚ ਕੇਂਦਰ ਅਤੇ ਅਸਾਮ ਦੀ ਡਬਲ ਇੰਜਣ ਸਰਕਾਰ ਨੇ,  ਇਸ ਪੂਰੇ ਖੇਤਰ ਦੇ ਭੂਗੌਲਿਕ ਅਤੇ ਸੱਭਿਆਚਾਰਕ,  ਦੋਵੇਂ ਪ੍ਰਕਾਰ ਦੀਆਂ ਦੂਰੀਆਂ ਨੂੰ ਘੱਟ ਕਰਨ ਦਾ ਯਤਨ ਕੀਤਾ ਹੈ।  ਅਸੀਂ ਬ੍ਰਹਮਪੁੱਤਰ ਦੀ ਸਦੀਵੀ ਭਾਵਨਾ ਦੇ ਅਨੁਰੂਪ,  ਸੁਵਿਧਾ,  ਸੁਅਵਸਰਾਂ ਅਤੇ ਸੱਭਿਆਚਾਰ  ਦੇ ਪੁਲ਼ ਬਣਾਏ ਹਨ,  ਸੇਤੂ ਬਣਾਏ ਹਨ।  ਅਸਾਮ ਸਹਿਤ ਪੂਰੇ ਨੌਰਥ ਈਸਟ ਦੀ Physical ਅਤੇ Cultural Integrity ਨੂੰ ਬੀਤੇ ਸਾਲਾਂ ਵਿੱਚ ਸਸ਼ਕਤ ਕੀਤਾ ਗਿਆ ਹੈ। 

 

ਸਾਥੀਓ, 

 

ਅੱਜ ਦਾ ਦਿਨ ਅਸਾਮ ਸਹਿਤ ਪੂਰੇ ਨੌਰਥ ਈਸਟ ਲਈ ਇਸ ਵਿਆਪਕ ਵਿਜ਼ਨ ਨੂੰ ਵਿਸਤਾਰ ਦੇਣ ਵਾਲਾ ਹੈ।  ਡਾਕਟਰ ਭੂਪੇਨ ਹਜ਼ਾਰਿਕਾ ਸੇਤੂ ਹੋਵੇ,  ਬੋਗੀਬਿਲ ਬ੍ਰਿਜ ਹੋਵੇ,  ਸਰਾਯਘਾਟ ਬ੍ਰਿਜ ਹੋਵੇ,  ਅਜਿਹੇ ਅਨੇਕ ਬ੍ਰਿਜ ਅੱਜ ਅਸਾਮ ਦਾ ਜੀਵਨ ਅਸਾਨ ਬਣਾ ਰਹੇ ਹਨ। ਇਹ ਦੇਸ਼ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ  ਦੇ ਨਾਲ ਹੀ, ਸਾਡੇ ਵੀਰ ਜਾਂਬਾਜ਼ਾਂ ਨੂੰ ਵੀ ਵੱਡੀ ਸਹੂਲਤ ਦੇ ਰਹੇ ਹਨ। ਅਸਾਮ ਅਤੇ ਨੌਰਥ ਈਸਟ ਦੇ ਅਲੱਗ-ਅਲੱਗ ਹਿੱਸਿਆਂ ਨੂੰ ਜੋੜਨ  ਦੇ ਇਸ ਅਭਿਯਾਨ ਨੂੰ ਅੱਜ ਹੋਰ ਅੱਗੇ ਵਧਾਇਆ ਗਿਆ ਹੈ।  ਅੱਜ ਤੋਂ 2 ਹੋਰ ਵੱਡੇ ਬ੍ਰਿਜਾਂ ‘ਤੇ ਕੰਮ ਸ਼ੁਰੂ ਹੋ ਰਿਹਾ ਹੈ। ਜਦੋਂ ਕੁਝ ਵਰ੍ਹੇ ਪਹਿਲਾਂ ਮੈਂ ਮਾਜੂਲੀ ਟਾਪੂ ਗਿਆ ਸੀ ਤਾਂ ਉੱਥੇ ਦੀਆਂ ਸਮੱਸਿਆਵਾਂ ਨੂੰ ਕਰੀਬ ਤੋਂ ਮਹਿਸੂਸ ਕੀਤਾ ਸੀ। ਮੈਨੂੰ ਖੁਸ਼ੀ ਹੈ ਕਿ ਸਰਬਾਨੰਦ ਸੋਨੋਵਾਲ ਜੀ ਦੀ ਸਰਕਾਰ ਨੇ ਇਨ੍ਹਾਂ ਮੁਸ਼ਕਿਲਾਂ ਨੂੰ ਘੱਟ ਕਰਨ ਲਈ ਪੂਰੀ ਨਿਸ਼ਠਾ ਨਾਲ ਯਤਨ ਕੀਤਾ ਹੈ।  ਮਜੂਲੀ ਵਿੱਚ ਅਸਾਮ ਦਾ ਪਹਿਲਾ ਹੈਲੀਪੋਰਟ ਵੀ ਬਣ ਚੁੱਕਿਆ ਹੈ। 

 

ਭਾਈਓ ਅਤੇ ਭੈਣੋਂ, 

 

ਹੁਣ ਮਜੂਲੀ ਵਾਸੀਆਂ ਨੂੰ ਸੜਕ ਦਾ ਵੀ ਤੇਜ਼ ਅਤੇ ਸੁਰੱਖਿਅਤ ਵਿਕਲਪ ਮਿਲਣ ਜਾ ਰਿਹਾ ਹੈ।  ਤੁਹਾਡੀ ਵਰ੍ਹਿਆਂ ਪੁਰਾਣੀ ਮੰਗ ਅੱਜ ਪੁਲ਼ ਦੇ ਭੂਮੀ ਪੂਜਨ ਦੇ ਨਾਲ ਹੀ ਪੂਰੀ ਹੋਣੀ ਸ਼ੁਰੂ ਹੋ ਗਈ ਹੈ।  ਕਾਲੀਬਾੜੀ ਘਾਟ ਨਾਲ ਜੋਹਰਾਟ ਨੂੰ ਜੋੜਨ ਵਾਲਾ 8 ਕਿਲੋਮੀਟਰ ਦਾ ਇਹ ਪੁਲ਼ ਮਜੂਲੀ ਦੇ ਹਜ਼ਾਰਾਂ ਪਰਿਵਾਰਾਂ  ਦੀ ਜੀਵਨ ਰੇਖਾ ਬਣੇਗਾ। ਇਹ ਬ੍ਰਿਜ ਤੁਹਾਡੇ ਲਈ ਸੁਵਿਧਾ ਅਤੇ ਸੰਭਾਵਨਾਵਾਂ ਦਾ ਪੁਲ਼ ਬਣਨ ਵਾਲਾ ਹੈ। ਇਸੇ ਤਰ੍ਹਾਂ ਧੁਬਰੀ ਤੋਂ ਮੇਘਾਲਿਆ ਵਿੱਚ ਫੁਲਬਾਰੀ ਤੱਕ 19 ਕਿਲੋਮੀਟਰ ਲੰਬਾ ਪੁਲ਼ ਜਦੋਂ ਤਿਆਰ ਹੋ ਜਾਵੇਗਾ, ਤਾਂ ਇਸ ਨਾਲ ਬਰਾਕ ਘਾਟੀ ਦੀ ਕਨੈਕਟੀਵਿਟੀ ਮਜ਼ਬੂਤ ਹੋਵੇਗੀ। ਇਹੀ ਨਹੀਂ ਇਸ ਪੁਲ਼ ਨਾਲ ਮੇਘਾਲਿਆ,  ਮਣੀਪੁਰ,  ਮਿਜ਼ੋਰਮ ਅਤੇ ਤ੍ਰਿਪੁਰਾ ਦੀ ਅਸਾਮ ਤੋਂ ਦੂਰੀ ਵੀ ਬਹੁਤ ਘੱਟ ਹੋ ਜਾਵੇਗੀ।  ਸੋਚੋ,  ਮੇਘਾਲਿਆ ਅਤੇ ਅਸਾਮ ਦੇ ਦਰਮਿਆਨ ਹੁਣ ਸੜਕ ਮਾਰਗ ਤੋਂ ਜੋ ਦੂਰੀ ਕਰੀਬ ਢਾਈ ਸੌ ਕਿਲੋਮੀਟਰ ਹੈ ਭਵਿੱਖ ਵਿੱਚ ਸਿਰਫ 19-20 ਕਿਲੋਮੀਟਰ ਰਹਿ ਜਾਵੇਗੀ। ਇਹ ਬ੍ਰਿਜ ਹੋਰ ਦੇਸ਼ਾਂ ਦੇ ਨਾਲ ਅੰਤਰਰਾਸ਼ਟਰੀ ਯਾਤਾਯਾਤ ਲਈ ਵੀ ਮਹੱਤਵਪੂਰਨ ਸਾਬਤ ਹੋਵੇਗਾ। 

 

ਭਾਈਓ ਅਤੇ ਭੈਣੋਂ, 

 

ਬ੍ਰਹਮਪੁੱਤਰ ਅਤੇ ਬਰਾਕ ਸਹਿਤ ਅਸਾਮ ਨੂੰ ਅਨੇਕ ਨਦੀਆਂ ਦੀ ਜੋ ਸੁਗਾਤ ਮਿਲੀ ਹੈ,  ਉਸ ਨੂੰ ਸਮ੍ਰਿੱਧ ਕਰਨ ਲਈ ਅੱਜ ਮਹਾਬਾਹੁ ਬ੍ਰਹਮਪੁੱਤਰ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਹ ਪ੍ਰੋਗਰਾਮ,  ਬ੍ਰਹਮਪੁੱਤਰ ਦੇ ਜਲ ਨਾਲ ਇਸ ਪੂਰੇ ਖੇਤਰ ਵਿੱਚ Water Connectivity ਨੂੰ, Port Led Development ਨੂੰ ਸਸ਼ਕਤ ਕਰੇਗਾ।  ਇਸ ਅਭਿਯਾਨ ਦੀ ਸ਼ੁਰੂਆਤ ਵਿੱਚ ਅੱਜ ਨੀਮਾਤੀ-ਮਜੂਲੀ,  ਨੌਰਥ ਅਤੇ ਸਾਊਥ ਗੁਵਾਹਾਟੀ,  ਧੁਬਰੀ-ਹਤਸਿੰਗੀਮਾਰੀ ਦੇ ਦਰਮਿਆਨ 3 ਰੋ-ਪੈਕਸ ਸੇਵਾਵਾਂ ਦਾ ਉਦਘਾਟਨ ਕੀਤਾ ਗਿਆ ਹੈ। ਇਸੇ ਦੇ ਨਾਲ ਅਸਾਮ ਇਤਨੇ ਵੱਡੇ ਪੱਧਰ ‘ਤੇ ਰੋ-ਪੈਕਸ ਸਰਵਿਸ ਨਾਲ ਜੁੜਨ ਵਾਲਾ ਦੇਸ਼ ਦਾ ਮੋਹਰੀ ਰਾਜ ਬਣ ਗਿਆ ਹੈ। ਇਸ ਦੇ ਇਲਾਵਾ ਜੋਗੀਘੋਪਾ ਵਿੱਚ Inland Water Transport Terminal ਸਹਿਤ ਬ੍ਰਹਮਪੁੱਤਰ ‘ਤੇ 4 ਜਗ੍ਹਾ ਟੂਰਿਸਟ ਜੈਟੀ ਬਣਾਉਣ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਹੈ। ਮਜੂਲੀ ਸਹਿਤ ਅਸਾਮ ਨੂੰ,  ਨੌਰਥ ਈਸਟ ਨੂੰ ਬਿਹਤਰ ਕਨੈਕਟੀਵਿਟੀ ਦੇਣ ਵਾਲੇ ਇਹ ਪ੍ਰੋਜੈਕਟਸ,  ਇਸ ਖੇਤਰ ਵਿੱਚ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕਰਨਗੇ।  2016 ਵਿੱਚ ਤੁਹਾਡੇ ਦਿੱਤੇ ਇੱਕ ਵੋਟ ਨੇ,  ਕਿਤਨਾ ਕੁਝ ਕਰਕੇ ਦਿਖਾ ਦਿੱਤਾ ਹੈ।  ਤੁਹਾਡੇ ਵੋਟ ਦੀ ਇਹ ਤਾਕਤ ਹੁਣ ਅਸਾਮ ਨੂੰ ਹੋਰ ਉਚਾਈ ‘ਤੇ ਲੈ ਕੇ ਜਾਣ ਵਾਲੀ ਹੈ। 

 

ਭਾਈਓ ਅਤੇ ਭੈਣੋਂ, 

 

ਗ਼ੁਲਾਮੀ ਦੇ ਕਾਲਖੰਡ ਵਿੱਚ ਵੀ ਅਸਾਮ ਦੇਸ਼ ਦੇ ਸੰਪੰਨ ਅਤੇ ਅਧਿਕ ਰੈਵੇਨਿਊ ਦੇਣ ਵਾਲੇ ਰਾਜਾਂ ਵਿੱਚੋਂ ਇੱਕ ਸੀ। ਇੱਥੋਂ ਤੱਕ ਕਿ ਚਿਟਗਾਓਂ ਅਤੇ ਕੋਲਕਾਤਾ ਪੋਰਟ ਤੱਕ ਚਾਹ ਅਤੇ ਪੈਟਰੋਲੀਅਮ ਪਦਾਰਥ,  ਬ੍ਰਹਮਪੁੱਤਰ-ਪਦਮਾ-ਮੇਘਨਾ ਨਦੀਆਂ ਅਤੇ ਰੇਲ ਲਾਈਨਾਂ ਤੋਂ ਹੋ ਕੇ ਹੀ ਪਹੁੰਚਦੇ ਸਨ। ਕਨੈਕਟੀਵਿਟੀ ਦਾ ਇਹੀ ਨੈੱਟਵਰਕ ਅਸਾਮ ਦੀ ਸਮ੍ਰਿੱਧੀ ਦਾ ਵੱਡਾ ਕਾਰਨ ਸੀ।  ਲੇਕਿਨ ਆਜ਼ਾਦੀ  ਦੇ ਬਾਅਦ ਜਿੱਥੇ ਇਸ ਇਨਫ੍ਰਾਸਟ੍ਰਕਚਰ ਨੂੰ ਆਧੁਨਿਕ ਬਣਾਉਣਾ ਜ਼ਰੂਰੀ ਸੀ,  ਇਨ੍ਹਾਂ ਨੂੰ ਆਪਣੇ ਹਾਲ ‘ਤੇ ਛੱਡ ਦਿੱਤਾ ਗਿਆ।  ਜਲਮਾਰਗ ‘ਤੇ ਫੋਕਸ ਨਹੀਂ ਕੀਤਾ ਗਿਆ,  ਤਾਂ ਲਗਭਗ ਖਤਮ ਹੀ ਹੋ ਗਏ।  ਇਸ ਖੇਤਰ ਵਿੱਚ ਅਵਿਵਸਥਾ ਅਤੇ ਅਸ਼ਾਂਤੀ ਦੇ ਪਿੱਛੇ,  ਵਿਕਾਸ ਨੂੰ ਲੈ ਕੇ ਇਹ ਲਾਪਰਵਾਹੀ ਵੀ ਇੱਕ ਵੱਡੀ ਵਜ੍ਹਾ ਬਣੀ।  ਇਤਿਹਾਸ ਵਿੱਚ ਕੀਤੀਆਂ ਗਈਆਂ ਉਨ੍ਹਾਂ ਗਲਤੀਆਂ ਨੂੰ ਸੁਧਾਰਨ ਦੀ ਸ਼ੁਰੂਆਤ ਅਟਲ ਬਿਹਾਰੀ ਵਾਜਪੇਈ ਜੀ ਨੇ ਕੀਤੀ ਸੀ।  ਹੁਣ ਉਨ੍ਹਾਂ ਦਾ ਹੋਰ ਵਿਸਤਾਰ ਕੀਤਾ ਜਾ ਰਿਹਾ ਹੈ,  ਉਨ੍ਹਾਂ ਨੂੰ ਹੋਰ ਗਤੀ ਦਿੱਤੀ ਜਾ ਰਹੀ ਹੈ।  ਹੁਣ, ਅਸਾਮ ਦਾ ਵਿਕਾਸ ਪ੍ਰਾਥਮਿਕਤਾ ਵਿੱਚ ਵੀ ਹੈ ਅਤੇ ਇਸ ਦੇ ਲਈ ਦਿਨ-ਰਾਤ ਪ੍ਰਯਤਨ ਵੀ ਹੋ ਰਿਹਾ ਹੈ। 

 

ਭਾਈਓ ਅਤੇ ਭੈਣੋਂ, 

 

ਬੀਤੇ ਪੰਜ ਵਰ੍ਹਿਆਂ ਵਿੱਚ ਅਸਾਮ ਦੀ ਮਲਟੀ ਮੋਡਲ ਕਨੈਕਟੀਵਿਟੀ ਨੂੰ ਫਿਰ ਤੋਂ ਸਥਾਪਿਤ ਕਰਨ ਲਈ ਇੱਕ ਦੇ ਬਾਅਦ ਇੱਕ ਕਦਮ  ਉਠਾਏ ਗਏ ਹਨ।  ਕੋਸ਼ਿਸ਼ ਇਹ ਹੈ ਕਿ ਅਸਾਮ ਨੂੰ,  ਨੌਰਥ ਈਸਟ ਨੂੰ,  ਦੂਸਰੇ ਪੂਰਬੀ ਏਸ਼ਿਆਈ ਦੇਸ਼ਾਂ  ਦੇ ਨਾਲ ਸਾਡੇ ਸੱਭਿਆਚਾਰਕ ਅਤੇ ਵਪਾਰਕ ਰਿਸ਼ਤਿਆਂ ਦਾ ਵੀ ਕੇਂਦਰ ਬਣਾਇਆ ਜਾਵੇ।  ਇਸ ਲਈ Inland Waterways ਨੂੰ ਇੱਥੇ ਇੱਕ ਵੱਡੀ ਤਾਕਤ ਬਣਾਉਣ ‘ਤੇ ਕੰਮ ਚਲ ਰਿਹਾ ਹੈ। ਹਾਲ ਵਿੱਚ ਹੀ ਬੰਗਲਾਦੇਸ਼  ਦੇ ਨਾਲ Water Connectivity ਵਧਾਉਣ ਲਈ ਇੱਕ ਸਮਝੌਤਾ ਵੀ ਕੀਤਾ ਗਿਆ ਹੈ। ਬ੍ਰਹਮਪੁੱਤਰ ਅਤੇ ਬਰਾਕ ਨਦੀ ਨੂੰ ਜੋੜਨ ਲਈ ਹੁਗਲੀ ਨਦੀ ਵਿੱਚ ਇੰਡੋ-ਬੰਗਲਾਦੇਸ਼ ਪ੍ਰੋਟੋਕਾਲ ਰੂਟ ‘ਤੇ ਕੰਮ ਚਲ ਰਿਹਾ ਹੈ।  ਇਸ ਨਾਲ ਅਸਾਮ ਦੇ ਇਲਾਵਾ ਮੇਘਾਲਿਆ,  ਮਿਜ਼ੋਰਮ,  ਮਣੀਪੁਰ ਅਤੇ ਤ੍ਰਿਪੁਰਾ ਨੂੰ ਵੀ ਹਲਦੀਆ,  ਕੋਲਕਾਤਾ,  ਗੁਵਾਹਾਟੀ ਅਤੇ ਜੋਗੀਘੋਪਾ ਲਈ ਇੱਕ ਵਿਕਲਪਕ ਕਨੈਕਟੀਵਿਟੀ ਮਿਲੇਗੀ।  ਯਾਨੀ ਹੁਣ ਨੌਰਥ ਈਸਟ ਨੂੰ ਬਾਕੀ ਭਾਰਤ ਨਾਲ ਜੋੜਨ ਲਈ ਜਿਸ ਤੰਗ ਜਿਹੇ ਖੇਤਰ ‘ਤੇ ਸਾਡੀ ਨਿਰਭਰਤਾ ਰਹਿੰਦੀ ਹੈ,  ਉਸ ਨਿਰਭਰਤਾ ਨੂੰ ਇਹ ਰਸਤਾ ਘੱਟ ਕਰੇਗਾ। 

 

ਭਾਈਓ ਅਤੇ ਭੈਣੋਂ, 

 

ਜੋਗੀਘੋਪਾ ਦਾ IWT ਟਰਮੀਨਲ ਇਸ ਵਿਕਲਪਕ ਰਸਤੇ ਨੂੰ ਹੋਰ ਮਜ਼ਬੂਤ ਬਣਾਵੇਗਾ ਅਤੇ ਅਸਾਮ ਨੂੰ ਕੋਲਕਾਤਾ ਨਾਲ,  ਹਲਦੀਆ ਪੋਰਟ ਨਾਲ ਜਲਮਾਰਗ ਦੁਆਰਾ ਜੋੜੇਗਾ।  ਇਸ ਟਰਮੀਨਲ ‘ਤੇ ਭੂਟਾਨ ਅਤੇ ਬੰਗਲਾਦੇਸ਼ ਦੇ ਕਾਰਗੋ, ਜੋਗੀਘੋਪਾ ਮਲਟੀ-ਮੋਡਲ ਲੌਜਿਸਟਿਕਸ ਪਾਰਕ ਦੇ ਕਾਰਗੋ ਅਤੇ ਬ੍ਰਹਮਪੁੱਤਰ ਨਦੀ ‘ਤੇ ਅਲੱਗ-ਅਲੱਗ ਸਥਾਨਾਂ ਦੇ ਲਈ ਆਉਣ-ਜਾਣ ਦੀ ਸੁਵਿਧਾ ਮਿਲੇਗੀ। 

 

ਸਾਥੀਓ, 

 

ਅਗਰ ਆਮ ਜਨ ਦੀ ਸੁਵਿਧਾ ਪ੍ਰਾਥਮਿਕਤਾ ਹੋਵੇ ਅਤੇ ਵਿਕਾਸ ਦਾ ਟੀਚਾ ਅਟਲ ਹੋਵੇ,  ਤਾਂ ਨਵੇਂ ਰਸਤੇ ਬਣ ਹੀ ਜਾਂਦੇ ਹਨ।  ਮਜੂਲੀ ਅਤੇ ਨੇਮਾਤੀ  ਦੇ ਦਰਮਿਆਨ ਰੋ-ਪੈਕਸ ਸੇਵਾ ਅਜਿਹਾ ਹੀ ਇੱਕ ਰਸਤਾ ਹੈ।  ਇਸ ਨਾਲ ਹੁਣ ਤੁਹਾਨੂੰ ਸੜਕ  ਦੇ ਰਸਤੇ ਕਰੀਬ ਸਵਾ 4 ਸੌ ਕਿਲੋਮੀਟਰ ਘੁੰਮ ਕੇ ਆਉਣ ਦੀ ਜ਼ਰੂਰਤ ਨਹੀਂ ਪਵੇਗੀ।  ਹੁਣ ਤੁਸੀਂ ਰੋ-ਪੈਕਸ ਨਾਲ ਸਿਰਫ 12 ਕਿਲੋਮੀਟਰ ਦਾ ਸਫਰ ਕਰਦੇ ਹੋਏ ਆਪਣੀ ਸਾਈਕਲ,  ਸਕੂਟਰ,  ਬਾਈਕ ਜਾਂ ਕਾਰ ਨੂੰ ਜਹਾਜ਼ ਵਿੱਚ ਲੈ ਜਾ ਸਕਦੇ ਹੋ। ਇਸ ਰਸਤੇ ‘ਤੇ ਜੋ 2 ਜਹਾਜ਼ ਚਲਾਏ ਜਾ ਰਹੇ ਹਨ,  ਉਹ ਇੱਕ ਵਾਰ ਵਿੱਚ ਕਰੀਬ 1600 ਯਾਤਰੀ ਅਤੇ ਦਰਜਨਾਂ ਵਾਹਨਾ ਨੂੰ ਲਿਜਾ ਸਕਣਗੇ।  ਅਜਿਹੀ ਹੀ ਸੁਵਿਧਾ,  ਹੁਣ ਗੁਵਾਹਾਟੀ  ਦੇ ਲੋਕਾਂ ਨੂੰ ਵੀ ਮਿਲੇਗੀ।  ਹੁਣ ਉੱਤਰੀ ਅਤੇ ਦੱਖਣੀ ਗੁਵਾਹਾਟੀ ਦੇ ਦਰਮਿਆਨ ਦੀ ਦੂਰੀ 40 ਕਿਲੋਮੀਟਰ ਤੋਂ ਘੱਟ ਹੋ ਕੇ ਸਿਰਫ 3 ਕਿਲੋਮੀਟਰ ਤੱਕ ਸਿਮਟ ਜਾਵੇਗੀ। ਇਸੇ ਤਰ੍ਹਾਂ ਧੁਬਰੀ ਅਤੇ ਹਤਸਿੰਗੀਮਾਰੀ ਦੇ ਦਰਮਿਆਨ ਦੀ ਦੂਰੀ ਕਰੀਬ ਸਵਾ 2 ਸੌ ਕਿਲੋਮੀਟਰ ਤੋਂ ਘੱਟ ਹੋ ਕੇ 30 ਕਿਲੋਮੀਟਰ ਤੱਕ ਰਹਿ ਜਾਵੇਗੀ। 

 

ਸਾਥੀਓ, 

 

ਸਾਡੀ ਸਰਕਾਰ ਦੁਆਰਾ ਸਿਰਫ ਜਲਮਾਰਗ ਹੀ ਨਹੀਂ ਬਣਾਏ ਜਾ ਰਹੇ ਹਨ,  ਬਲਕਿ ਇਨ੍ਹਾਂ ਦਾ ਉਪਯੋਗ ਕਰਨ ਵਾਲਿਆਂ ਨੂੰ ਸਟੀਕ ਜਾਣਕਾਰੀ ਵੀ ਮਿਲੇ,  ਇਸ ਦੇ ਲਈ ਵੀ ਅੱਜ ਈ-ਪੋਰਟਲ ਲਾਂਚ ਕੀਤੇ ਗਏ ਹਨ।  Car-D ਪੋਰਟਲ ਨਾਲ ਨੈਸ਼ਨਲ ਵਾਟਰਵੇ  ਦੇ ਸਾਰੇ ਕਾਰਗੋ ਅਤੇ ਕਰੂਜ਼ ਨਾਲ ਜੁੜੇ ਟ੍ਰੈਫਿਕ ਡੇਟਾ ਨੂੰ ਰੀਅਲ ਟਾਈਮ ‘ਤੇ ਕਲੈਕਟ ਕਰਨ ਵਿੱਚ ਮਦਦ ਮਿਲੇਗੀ।  ਇਸੇ ਤਰ੍ਹਾਂ ਪਾਨੀ ਪੋਰਟਲ,  ਨੇਵੀਗੇਸ਼ਨ  ਦੇ ਇਲਾਵਾ ਵਾਟਰਵੇ  ਦੇ ਇਨਫ੍ਰਾਸਟ੍ਰਕਚਰ ਨਾਲ ਜੁੜੀ ਜਾਣਕਾਰੀ ਵੀ ਦੇਵੇਗਾ।  GIS ਅਧਾਰਿਤ ਭਾਰਤ ਮੈਪ ਪੋਰਟਲ,  ਉਨ੍ਹਾਂ ਲੋਕਾਂ ਦੀ ਮਦਦ ਕਰਦਾ ਹੈ ਜੋ ਇੱਥੇ ਘੁੰਮਣ-ਫਿਰਨ ਜਾਂ ਵਪਾਰ–ਕਾਰੋਬਾਰ ਲਈ ਆਉਣਾ ਚਾਹੁੰਦੇ ਹਨ।  ਆਤਮਨਿਰਭਰ ਭਾਰਤ ਲਈ ਮਲਟੀ ਮੋਡਲ ਕਨੈਕਟੀਵਿਟੀ ਦਾ ਦੇਸ਼ ਵਿੱਚ ਵਿਕਾਸ ਹੋ ਰਿਹਾ ਹੈ,  ਅਸਾਮ ਉਸ ਦਾ ਬਿਹਤਰੀਨ ਉਦਾਹਰਣ ਹੋਣ ਵਾਲਾ ਹੈ। 

 

ਭਾਈਓ ਅਤੇ ਭੈਣੋਂ, 

 

ਅਸਾਮ ਅਤੇ ਨੌਰਥ ਈਸਟ ਦੀ ਵਾਟਰਵੇ-ਰੇਲਵੇ-ਹਾਈਵੇ ਕਨੈਕਟੀਵਿਟੀ  ਦੇ ਨਾਲ ਹੀ ਇੰਟਰਨੈੱਟ ਕਨੈਕਟੀਵਿਟੀ ਵੀ ਉਤਨੀ ਹੀ ਜ਼ਰੂਰੀ ਹੈ।  ਇਸ ‘ਤੇ ਵੀ ਲਗਾਤਾਰ ਕੰਮ ਹੋ ਰਿਹਾ ਹੈ।  ਹੁਣ ਸੈਂਕੜੇ ਕਰੋੜ ਰੁਪਏ  ਦੇ ਨਿਵੇਸ਼ ਨਾਲ ਗੁਵਾਹਾਟੀ ਵਿੱਚ ਨੌਰਥ ਈਸਟ ਦਾ ਪਹਿਲਾ ਅਤੇ ਦੇਸ਼ ਦਾ ਛੇਵਾਂ ਡੇਟਾ ਸੈਂਟਰ ਵੀ ਬਣਨ ਵਾਲਾ ਹੈ।  ਇਹ ਸੈਂਟਰ ਨੌਰਥ ਈਸਟ  ਦੇ ਸਾਰੇ 8 ਰਾਜਾਂ ਲਈ ਡੇਟਾ ਸੈਂਟਰ ਹੱਬ ਦੇ ਰੂਪ ਵਿੱਚ ਕੰਮ ਕਰੇਗਾ।  ਇਸ ਡੇਟਾ ਸੈਂਟਰ  ਦੇ ਬਣਨ ਨਾਲ ਅਸਾਮ ਸਹਿਤ ਪੂਰੇ ਨੌਰਥ ਈਸਟ ਵਿੱਚ e-governance ਨੂੰ,  ਆਈਟੀ ਸਰਵਿਸ ਅਧਾਰਿਤ ਇੰਡਸਟ੍ਰੀ ਨੂੰ,  ਸਟਾਰਟ ਅੱਪਸ ਨੂੰ ਹੋਰ ਬਲ ਮਿਲੇਗਾ।  ਬੀਤੇ ਸਾਲਾਂ ਤੋਂ ਨੌਰਥ ਈਸਟ ਦੇ ਨੌਜਵਾਨ ਲਈ BPO ਦਾ ਜੋ ਈਕੋਸਿਸਟਮ ਤਿਆਰ ਕੀਤਾ ਜਾ ਰਿਹਾ ਹੈ,  ਉਸ ਨੂੰ ਹੁਣ ਤਾਕਤ ਮਿਲੇਗੀ।  ਯਾਨੀ ਇੱਕ ਤਰ੍ਹਾਂ ਨਾਲ ਇਹ ਸੈਂਟਰ ਡਿਜੀਟਲ ਇੰਡੀਆ  ਦੇ ਵਿਜ਼ਨ ਨੂੰ ਨੌਰਥ ਈਸਟ ਵਿੱਚ ਵੀ ਮਜ਼ਬੂਤ ਕਰੇਗਾ। 

 

ਭਾਈਓ ਅਤੇ ਭੈਣੋਂ, 

 

ਭਾਰਤ ਰਤਨ ਡਾਕਟਰ ਭੂਪੇਨ ਹਜ਼ਾਰਿਕਾ ਨੇ ਲਿਖਿਆ ਸੀ: -ਕਰਮਇ ਆਮਾਰ ਧਰਮ, ਆਮਿ ਨਤੁਨ ਜੁਗਰ ਨਤੁਨ ਮਾਨਬ, ਆਨਿਮ ਨਤੁਨ ਸਵਰਗ, ਅਬਹੇਲਿਤ ਜਨਤਾਰ ਬਾਬੇ ਧਰਾਤ ਪਾਤਿਮ ਸਵਰਗ! (कर्मइ आमार धर्म, आमि नतुन जुगर नतुन मानब, आनिम नतुन स्वर्ग, अबहेलित जनतार बाबे धरात पातिम स्वर्ग!) ਯਾਨੀ ਸਾਡੇ ਲਈ ਕੰਮ ਹੀ ਸਾਡਾ ਧਰਮ ਹੈ। ਅਸੀਂ ਨਵੇਂ ਯੁਗ ਦੇ ਨਵੇਂ ਲੋਕ ਹਾਂ। ਜਿਨ੍ਹਾਂ ਦੀ ਸੁੱਧ ਕਦੇ ਨਹੀਂ ਲਈ ਗਈ, ਅਸੀਂ ਉਨ੍ਹਾਂ ਦੇ ਲਈ ਨਵਾਂ ਸਵਰਗ ਬਣਾਵਾਂਗੇ, ਧਰਤੀ ‘ਤੇ ਸਵਰਗ ਬਣਾਵਾਂਗੇ।  ਸਬਕਾ ਸਾਥ,  ਸਬਕਾ ਵਿਕਾਸ,  ਸਬਕਾ ਵਿਸ਼ਵਾਸ ਦੀ ਇਸੇ ਭਾਵਨਾ ਦੇ ਨਾਲ ਅੱਜ ਅਸਾਮ ਅਤੇ ਨੌਰਥ ਈਸਟ ਸਹਿਤ ਪੂਰੇ ਦੇਸ਼ ਵਿੱਚ ਸਰਕਾਰ ਕੰਮ ਕਰ ਰਹੀ ਹੈ।  ਬ੍ਰਹਮਪੁੱਤਰ ਦੇ ਇਰਦ-ਗਿਰਦ ਸਮ੍ਰਿੱਧ ਹੋਇਆ ਅਸਾਮੀ ਸੱਭਿਆਚਾਰ,  ਆਧਿਆਤਮ,  ਜਨਜਾਤੀਆਂ ਦੀ ਸਮ੍ਰਿੱਧ ਪਰੰਪਰਾ ਅਤੇ biodiversity ਸਾਡੀ ਧਰੋਹਰ ਹੈ।  ਸ਼੍ਰੀਮੰਤ ਸ਼ੰਕਰਦੇਵ ਜੀ ਵੀ ਮਜੂਲੀ ਦ੍ਵੀਪ ਇਸੇ ਧਰੋਹਰ ਨੂੰ ਸਸ਼ਕਤ ਕਰਨ ਲਈ ਆਏ ਸਨ। ਇਸ ਦੇ ਬਾਅਦ ਮਜੂਲੀ ਦੀ ਪਹਿਚਾਣ ਆਧਿਆਤਮ ਦੇ ਕੇਂਦਰ  ਦੇ ਰੂਪ ਵਿੱਚ,  ਅਸਾਮ ਦੇ ਸੱਭਿਆਚਾਰ ਦੀ ਆਤਮਾ ਦੇ ਰੂਪ ਵਿੱਚ ਬਣੀ।  ਤੁਸੀਂ ਸਾਰਿਆਂ ਨੇ ਸਤ੍ਰਿਯਾ ਸੱਭਿਆਚਾਰ ਨੂੰ ਜਿਸ ਤਰ੍ਹਾਂ ਅੱਗੇ ਵਧਾਇਆ,  ਉਹ ਪ੍ਰਸ਼ੰਸਾਯੋਗ ਹੈ।  ਮੁੱਖ ਸ਼ਿਲਪ ਅਤੇ ਰਾਸ ਉਤਸਵ ਨੂੰ ਲੈ ਕੇ ਜਿਸ ਪ੍ਰਕਾਰ ਦੇਸ਼ ਅਤੇ ਦੁਨੀਆ ਵਿੱਚ ਹੁਣ ਉਤਸ਼ਾਹ ਵਧ ਰਿਹਾ ਹੈ,  ਉਹ ਅਦਭੁਤ ਹੈ।  ਇਹ ਤਾਕਤ,  ਇਹ ਆਕਰਸ਼ਣ ਸਿਰਫ ਤੁਹਾਡੇ ਪਾਸ ਹੀ ਹੈ।  ਇਸ ਨੂੰ ਬਚਾਉਣਾ ਵੀ ਹੈ ਅਤੇ ਅੱਗੇ ਵਧਾਉਣਾ ਵੀ ਹੈ। 

 

ਭਾਈਓ ਅਤੇ ਭੈਣੋਂ, 

 

ਮੈਂ ਸਰਵਾਨੰਦ ਸੋਨੋਵਾਲ ਜੀ  ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਵਧਾਈ ਦੇਵਾਂਗਾ ਕਿ ਮਜੂਲੀ  ਦੇ,  ਅਸਾਮ  ਦੇ ਇਸ ਸੱਭਿਆਚਾਰਕ, ਅਧਿਆਤਮਕ ਅਤੇ ਕੁਦਰਤੀ ਸਮਰੱਥਾ ਨੂੰ ਵਧਾਉਣ ਲਈ ਉਨ੍ਹਾਂ ਨੇ ਪ੍ਰਸ਼ੰਸਾਯੋਗ ਕੰਮ ਕੀਤੇ ਹਨ।  ਸਤ੍ਰਾਂ ਅਤੇ ਦੂਸਰੇ ਮਹੱਤਵਪੂਰਨ ਸਥਾਨਾਂ ਨੂੰ ਗ਼ੈਰ ਕਾਨੂੰਨੀ ਕਬਜ਼ਿਆਂ ਤੋਂ ਮੁਕਤ ਕਰਨ ਦਾ ਅਭਿਯਾਨ ਹੋਵੇ,  ਕਲਚਰਲ ਯੂਨੀਵਰਸਿਟੀ ਦੀ ਸਥਾਪਨਾ ਹੋਵੇ,  ਮਜੂਲੀ ਨੂੰ “Biodiversity Heritage Site” ਦਾ ਦਰਜਾ ਦੇਣਾ ਹੋਵੇ,   ਤੇਜ਼ਪੁਰ-ਮਜੂਲੀ-ਸਿਵਸਾਗਰ Heritage circuit ਹੋਵੇ,  ਨਮਾਮਿ ਬ੍ਰਹਮਪੁੱਤਰ ਅਤੇ ਨਮਾਮਿ ਬਰਾਕ ਜਿਹੇ ਉਤਸਵਾਂ ਦਾ ਆਯੋਜਨ ਹੋਵੇ,  ਅਜਿਹੇ ਕਦਮਾਂ ਨਾਲ Assam ਦੀ ਪਹਿਚਾਣ ਹੋਰ ਸਮ੍ਰਿੱਧ ਹੋ ਰਹੀ ਹੈ। 

 

ਸਾਥੀਓ, 

 

ਅੱਜ ਕਨੈਕਟੀਵਿਟੀ ਦੇ ਜਿਨ੍ਹਾਂ ਪ੍ਰੋਜੈਕਟਸ ਦੀ ਸ਼ੁਰੂਆਤ ਕੀਤੀ ਗਈ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ,  ਉਨ੍ਹਾਂ ਨਾਲ ਅਸਾਮ ਵਿੱਚ ਟੂਰਿਜ਼ਮ ਲਈ ਨਵੇਂ ਦੁਆਰ ਖੁੱਲ੍ਹਣ ਵਾਲੇ ਹਨ।  ਕਰੂਜ਼ ਟੂਰਿਜ਼ਮ ਦੇ ਮਾਮਲੇ ਵਿੱਚ ਅਸਾਮ ਦੇਸ਼ ਦਾ ਇੱਕ ਵੱਡਾ ਡੈਸਟੀਨੇਸ਼ਨ ਬਣ ਸਕਦਾ ਹੈ।  ਨੇਮਾਤੀ,  ਵਿਸ਼ਵਨਾਥ ਘਾਟ,  ਗੁਵਾਹਾਟੀ ਅਤੇ ਜੋਗੀਘੋਪਾ ਵਿੱਚ ਟੂਰਿਸਟ ਜੈਟੀ ਬਣਨ ਨਾਲ ਅਸਾਮ ਦੀ ਟੂਰਿਜ਼ਮ ਇੰਡਸਟ੍ਰੀ ਨੂੰ ਇੱਕ ਨਵਾਂ ਆਯਾਮ ਮਿਲੇਗਾ।  ਜਦੋਂ ਕਰੂਜ਼ ਵਿੱਚ ਘੁੰਮਣ ਲਈ ਦੇਸ਼ ਅਤੇ ਦੁਨੀਆ ਦਾ ਜ਼ਿਆਦਾ ਖਰਚ ਕਰਨ ਵਾਲਾ ਟੂਰਿਸਟ ਪਹੁੰਚੇਗਾ,  ਤਾਂ ਅਸਾਮ ਦੇ ਨੌਜਵਾਨਾਂ ਦੀ ਕਮਾਈ  ਦੇ ਸਾਧਨ ਵੀ ਵਧਣਗੇ।  ਟੂਰਿਜ਼ਮ ਤਾਂ ਅਜਿਹਾ ਸੈਕਟਰ ਹੈ,  ਜਿਸ ਵਿੱਚ ਘੱਟ ਤੋਂ ਘੱਟ ਪੜ੍ਹਿਆ ਲਿਖਿਆ, ਘੱਟ ਤੋਂ ਘੱਟ ਨਿਵੇਸ਼ ਕਰਨ ਵਾਲਾ ਵੀ ਕਮਾਉਂਦਾ ਹੈ ਅਤੇ ਸਕਿੱਲਡ ਪ੍ਰੋਫੈਸ਼ਨਲ ਵੀ ਕਮਾਉਂਦਾ ਹੈ। ਇਹੀ ਤਾਂ ਵਿਕਾਸ ਹੈ, ਜੋ ਗ਼ਰੀਬ ਤੋਂ ਗ਼ਰੀਬ ਨੂੰ ਵੀ,  ਆਮ ਨਾਗਰਿਕ ਨੂੰ ਵੀ ਅੱਗੇ ਵਧਣ ਦਾ ਅਵਸਰ ਦਿੰਦਾ ਹੈ। ਵਿਕਾਸ  ਦੇ ਇਸੇ ਕ੍ਰਮ ਨੂੰ ਅਸੀਂ ਬਣਾਈ ਰੱਖਣਾ ਹੈ ਅਤੇ ਗਤੀ ਦੇਣੀ ਹੈ।  ਅਸਾਮ ਨੂੰ, ਨੌਰਥ ਈਸਟ ਨੂੰ ਆਤਮਨਿਰਭਰ ਭਾਰਤ ਦਾ ਮਜ਼ਬੂਤ ਥੰਮ੍ਹ ਬਣਾਉਣ ਲਈ ਅਸੀਂ ਮਿਲ ਕੇ ਕੰਮ ਕਰਨਾ ਹੈ।  ਇੱਕ ਵਾਰ ਫਿਰ ਆਪ ਸਭ ਨੂੰ ਵਿਕਾਸ  ਦੇ ਨਵੇਂ ਪ੍ਰੋਜੈਕਟਸ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। 

 

ਬਹੁਤ-ਬਹੁਤ ਧੰਨਵਾਦ!

 

***

 

ਡੀਐੱਸ/ਵੀਜੇ/ਬੀਐੱਮ



(Release ID: 1699149) Visitor Counter : 133