ਰੇਲ ਮੰਤਰਾਲਾ

ਸ਼੍ਰੀ ਪੀਯੂਸ਼ ਗੋਇਲ, ਰੇਲਵੇ, ਵਣਜ ਅਤੇ ਉਦਯੋਗ ਅਤੇ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਨੇ ਪੱਛਮੀ ਬੰਗਾਲ ਵਿੱਚ ਰੇਲਵੇ ਬੁਨਿਆਦੀ ਢਾਂਚੇ ਦੇ ਵਿਭਿੰਨ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ


ਸ਼੍ਰੀ ਪਿਯੂਸ਼ ਗੋਇਲ ਨੇ ਮਨੀਗ੍ਰਾਮ-ਨਿਮਤਿਤਾ ਦੇ ਨਵੇਂ ਬਿਜਲੀਕਰਨ ਕੀਤੇ ਸੈਕਸ਼ਨ ਉੱਤੇ ਫਰੇਟ ਟ੍ਰੇਨ ਨੂੰ ਰਵਾਨਾ ਕੀਤਾ

Posted On: 17 FEB 2021 6:27PM by PIB Chandigarh

ਸ਼੍ਰੀ ਪਿਯੂਸ਼ ਗੋਇਲ, ਮਾਨਯੋਗ ਰੇਲਵੇ, ਵਣਜ ਅਤੇ ਉਦਯੋਗ ਅਤੇ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ, ਭਾਰਤ ਸਰਕਾਰ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਪੂਰਬੀ ਰੇਲਵੇ ਦੇ ਮਾਲਦਾ ਡਵੀਜ਼ਨ ਅਧੀਨ ਪੈਂਦੇ, ਨਵੇਂ ਬਿਜਲੀਕਰਨ ਕੀਤੇ ਮਨੀਗ੍ਰਾਮ-ਨਿਮਿਤਤਾ ਸੈਕਸ਼ਨ, ਮਾਲਦਾ ਨੇੜੇ ਅਤੇ ਮਨੀਗਰਾਮ ਵਿਖੇ ਰੋਡ ਅੰਡਰ ਬ੍ਰਿਜ (ਆਰਯੂਬੀ), ਖਗਰਾਘਾਟ ਰੋਡ, ਲਾਲਬਾਗ ਕੋਰਟ ਰੋਡ, ਤੇਨਯਾ, ਦਹਿਪਰਾਧਾਮ ਅਤੇ ਨਿਯਾਲਿਸ਼ਪਾੜਾ ਸਟੇਸ਼ਨਾਂ ‘ਤੇ ਪੰਜ ਫੁੱਟ ਓਵਰ ਬ੍ਰਿਜ ਅਤੇ ਸੁਜਨੀਪਾੜਾ ਅਤੇ ਬਸੂਦੇਬਪੁਰ ਸਟੇਸ਼ਨਾਂ 'ਤੇ ਦੋ ਫੁੱਟ ਓਵਰ ਬ੍ਰਿਜ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਸ਼੍ਰੀ ਗੋਇਲ ਨੇ ਨਵੇਂ ਬਿਜਲੀਕਰਨ ਕੀਤੇ ਮਨੀਗ੍ਰਾਮ-ਨਿਮਤਿਤਾ ਸੈਕਸ਼ਨ 'ਤੇ ਮਾਲ ਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਵੀਡੀਓ ਕਾਨਫਰੰਸ ਦੌਰਾਨ ਸ਼੍ਰੀ ਬਾਬੂਲ ਸੁਪ੍ਰਿਯੋ, ਮਾਨਯੋਗ ਰਾਜ ਮੰਤਰੀ, ਵਾਤਾਵਰਣ, ਜੰਗਲਾਤ ਅਤੇ ਮੌਸਮ ਤਬਦੀਲੀ ਮੰਤਰਾਲਾ, ਭਾਰਤ ਸਰਕਾਰ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।

 

ਇਸ ਮੌਕੇ ਬੋਲਦਿਆਂ ਸ਼੍ਰੀ ਪਿਯੂਸ਼ ਗੋਇਲ ਨੇ ਕਿਹਾ ਕਿ ਜਿਵੇਂ ਕਿ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਕਿਹਾ ਹੈ, "ਸਾਡੀਆਂ ਕੋਸ਼ਿਸ਼ਾਂ ਪੱਛਮੀ ਬੰਗਾਲ ਰਾਜ ਨੂੰ ਦੇਸ਼ ਵਿੱਚ ਵਪਾਰ ਅਤੇ ਵਪਾਰਕ ਗਤੀਵਿਧੀਆਂ ਵਿੱਚ ਇੱਕ ਪ੍ਰਮੁੱਖ ਰਾਜ ਬਣਾਉਣ ਵੱਲ ਸੇਧਿਤ ਹੋਣਗੀਆਂ।” ਰੇਲਵੇ, ਯਾਤਰੀ ਸੰਪਰਕ ਵਧਾ ਕੇ, ਫ੍ਰੇਟ-ਟਰੇਨਾਂ ਦਾ ਸੰਪਰਕ ਵਧਾ ਕੇ, ਕੱਚੇ ਮਾਲ ਦੀ ਉਪਲਬਧਤਾ ਨੂੰ ਯਕੀਨੀ ਬਣਾ ਕੇ ਅਤੇ ਉਤਪਾਦਾਂ ਨੂੰ ਪੱਛਮੀ ਬੰਗਾਲ ਤੋਂ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਲਿਜਾ ਕੇ ਪੱਛਮੀ ਬੰਗਾਲ ਦੇ ਵਿਕਾਸ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੱਛਮੀ ਬੰਗਾਲ ਵਿੱਚ 2023 ਤੱਕ ਹਰ ਇੱਕ ਲਾਈਨ ਦਾ ਬਿਜਲੀਕਰਨ ਕੀਤਾ ਜਾਵੇਗਾ, ਜਿਸ ਨਾਲ ਪ੍ਰਦੂਸ਼ਣ ਨੂੰ ਘਟਾ ਦਿੱਤਾ ਜਾਏਗਾ, ਗਤੀ ਵਧਾਈ ਜਾਏਗੀ ਅਤੇ ਯਾਤਰੀ ਸੁਵਿਧਾਵਾਂ ਵਿੱਚ ਵਾਧਾ ਕੀਤਾ ਜਾਵੇਗਾ। ਪਿਛਲੇ ਛੇ ਸਾਲਾਂ ਦੌਰਾਨ ਪੱਛਮੀ ਬੰਗਾਲ ਵਿੱਚ ਰੇਲਵੇ ਦੇ ਬੁਨਿਆਦੀ ਢਾਂਚੇ ਦੇ ਸੁਧਾਰ ਲਈ 19811 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ। ਮੰਤਰੀ ਨੇ ਇਹ ਵੀ ਕਿਹਾ ਕਿ ਭਾਰਤੀ ਰੇਲਵੇ ਨੇ ਹੁਣ ਤੱਕ ਦਾ ਸਰਵਉੱਤਮ ਸੁੱਰਖਿਆ ਰਿਕਾਰਡ ਹਾਸਲ ਕਰ ਲਿਆ ਹੈ ਕਿਉਂਕਿ ਕਿਸੇ ਵੀ ਰੇਲ ਹਾਦਸੇ ਵਿੱਚ ਕਿਸੇ ਯਾਤਰੀ ਨੇ ਆਪਣੀ ਜਾਨ ਨਹੀਂ ਗੁਆਈ, ਇਹ ਵੱਡੀ ਪ੍ਰਾਪਤੀ ਰੇਲਵੇ ਕਰਮਚਾਰੀਆਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ।

  ਕਾਰਬਨ ਫੁੱਟ ਪ੍ਰਿੰਟ ਨੂੰ ਘਟਾਉਣ ਅਤੇ ਗ੍ਰੀਨ ਊਰਜਾ ਨੂੰ ਉਤਸ਼ਾਹਿਤ ਕਰਨ ਲਈ, ਪੂਰਬੀ ਰੇਲਵੇ ਦੇ 34 ਕਿਲੋਮੀਟਰ ਲੰਬੇ ਮਨੀਗ੍ਰਾਮ-ਨਿਮਤਿਤਾ ਭਾਗ ਦਾ 52.05 ਕਰੋੜ ਰੁਪਏ ਦੀ ਲਾਗਤ ਨਾਲ ਬਿਜਲੀਕਰਨ ਕੀਤਾ ਗਿਆ ਹੈ। ਇਹ ਹਾਈ ਯੂਟਿਲਿਟੀ ਨੈੱਟਵਰਕ, "ਸਾਗਰ ਪੁਰਵੋਦਯਾ ਸੰਪਰਕ ਲਾਈਨ" ਹਾਵੜਾ ਤੋਂ ਡਿਬਰੂਗੜ ਤੱਕ ਦਾ ਇੱਕ ਹਿੱਸਾ ਹੈ। ਇਸ ਨਾਲ ਸਾਗਰਦਿਘੀ ਥਰਮਲ ਪਾਵਰ ਪਲਾਂਟ ਅਤੇ ਸੋਨਾਰ ਬੰਗਲਾ ਸੀਮੈਂਟ ਪਲਾਂਟ ਨੂੰ ਜਾਣ ਵਾਲੇ ਮਾਲ ਢੁੱਆਈ ਰੇਕ ਨੂੰ ਡੀਜ਼ਲ ਤੋਂ ਇਲੈਕਟ੍ਰਿਕ ਟ੍ਰੈਕਸ਼ਨ 'ਤੇ ਸਵਿੱਚ ਕਰਨ ਵਿੱਚ ਸਹਾਇਤਾ ਮਿਲੇਗੀ। ਇਸ ਸੈਕਸ਼ਨ ਵਿੱਚ ਯਾਤਰੀ ਰੇਲ ਟ੍ਰੇਨਾਂ ਨੂੰ DEMU ਤੋਂ MEMU ਵਿੱਚ ਤਬਦੀਲ ਕਰਨ ਦਾ ਰਾਹ ਵੀ ਪੱਧਰਾ ਹੋਵੇਗਾ। ਇਸ ਨਾਲ ਡੀਜ਼ਲ ਦੇ ਬਾਲਣ ਦੀ ਬਚਤ ਹੋਵੇਗੀ ਅਤੇ ਖੇਤਰ ਦੇ ਸਰਵਪੱਖੀ ਉਦਯੋਗਿਕ ਵਿਕਾਸ ਵਿੱਚ ਯੋਗਦਾਨ ਪਏਗਾ।

ਐੱਲਸੀ ਫਾਟਕ ਨੰ. 2ਏ ਦੇ ਬਦਲੇ ਵਿੱਚ ਨਿਊ ਫਰੱਕਾ-ਮਾਲਦਾ ਟਾਊਨ ਸੈਕਸ਼ਨ ਵਿੱਚ ਮਾਲਦਾ ਨੇੜੇ 1.8 ਕਰੋੜ ਰੁਪਏ ਦੀ ਲਾਗਤ ਨਾਲ ਰੋਡ ਅੰਡਰ ਬ੍ਰਿਜ ਬਣਾਇਆ ਗਿਆ ਹੈ। ਇਹ ਸੜਕ ਟ੍ਰੈਫਿਕ ਦੀ ਆਵਾਜਾਈ ਨੂੰ ਆਸਾਨ ਬਣਾਏਗਾ ਅਤੇ ਰੇਲ ਦੀ ਨਿਰਵਿਘਨ ਆਵਾਜਾਈ ਨੂੰ ਵੀ ਤੇਜ਼ ਕਰੇਗਾ। ਰੇਲਵੇ ਅਤੇ ਸੜਕੀ ਟ੍ਰੈਫਿਕ ਦੋਵਾਂ ਦੀ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਐੱਲਸੀ ਗੇਟ ਨੰਬਰ 6 ਦੇ ਬਦਲੇ ਅਜ਼ੀਮਗੰਜ-ਨਿਊ ਫਰੱਕਾ ਸੈਕਸ਼ਨ ਦੇ ਮਨੀਗਰਾਮ ਵਿਖੇ ਵੀ, 2.63 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਹੋਰ ਰੋਡ ਅੰਡਰ ਬ੍ਰਿਜ ਦਾ ਨਿਰਮਾਣ ਕੀਤਾ ਗਿਆ ਹੈ।

ਯਾਤਰੀਆਂ ਦੀ ਆਸਾਨ ਅਤੇ ਸੁਰੱਖਿਅਤ ਆਵਾਜਾਈ ਲਈ ਬੰਦੇਲ-ਕਟਵਾ-ਅਜ਼ੀਮਗੰਜ ਸੈਕਸ਼ਨ ਦੇ ਅਧੀਨ ਖਗਰਾਘਾਟ ਰੋਡ, ਲਾਲਬਾਗ ਕੋਰਟ ਰੋਡ, ਤੇਨਯਾ, ਦਹਿਪਰਾਧਾਮ ਅਤੇ ਨਿਯਾਲਿਸ਼ਪਾੜਾ ਸਟੇਸ਼ਨਾਂ 'ਤੇ ਕੁੱਲ 9.31 ਕਰੋੜ ਰੁਪਏ ਦੀ ਲਾਗਤ ਨਾਲ ਪੰਜ ਫੁੱਟ ਓਵਰ ਬ੍ਰਿਜ ਬਣਾਏ ਗਏ ਹਨ। ਇਨ੍ਹਾਂ ਤੋਂ ਇਲਾਵਾ, ਅਜ਼ੀਮਗੰਜ-ਨਿਊ ਫਰੱਕਾ-ਮਾਲਦਾ ਟਾਊਨ ਸੈਕਸ਼ਨ ਦੇ ਅਧੀਨ ਸੁਜਨੀਪਾਰਾ ਅਤੇ ਬਸੂਦੇਬਪੁਰ ਸਟੇਸ਼ਨਾਂ 'ਤੇ 3 ਕਰੋੜ ਰੁਪਏ ਦੀ ਲਾਗਤ ਨਾਲ ਦੋ ਫੁੱਟ ਓਵਰ ਬ੍ਰਿਜ ਦੀ ਉਸਾਰੀ ਕੀਤੀ ਗਈ ਹੈ। ਇਨ੍ਹਾਂ ਨਾਲ ਦੁਰਘਟਨਾ ਦੀ ਸੰਭਾਵਨਾ ਘੱਟੇਗੀ ਅਤੇ ਮੁਸਾਫਰਾਂ ਦੀ ਸੁਰੱਖਿਅਤ ਆਵਾਜਾਈ ਯਕੀਨੀ ਬਣ ਸਕੇਗੀ।

**********

ਡੀਜੇਐੱਨ


(Release ID: 1698904) Visitor Counter : 218