ਪ੍ਰਧਾਨ ਮੰਤਰੀ ਦਫਤਰ

ਚੇਨਈ ਵਿੱਚ ਕਈ ਪ੍ਰੋਜੈਕਟਾਂ ਦੇ ਉਦਘਾਟਨ/ ਸੌਂਪਣ/ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 14 FEB 2021 2:32PM by PIB Chandigarh

ਵਾਣੇਕਮ ਚੇਨਈ!

 

ਵਾਣੇਕਮ ਤਮਿਲ ਨਾਡੂ!

 

ਤਮਿਲ ਨਾਡੂ ਦੇ ਰਾਜਪਾਲ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਜੀ, ਤਮਿਲ ਨਾਡੂ ਦੇ ਮੁੱਖ ਮੰਤਰੀ ਸ਼੍ਰੀ ਪਲਾਨੀਸਵਾਮੀ ਜੀ, ਉਪ ਮੁੱਖ ਮੰਤਰੀ ਸ਼੍ਰੀ ਪਨੀਰਸੇਲਵਮ ਜੀ, ਤਮਿਲ ਨਾਡੂ ਅਸੈਂਬਲੀ ਦੇ ਸਪੀਕਰ ਸ਼੍ਰੀ ਧਨਪਾਲ ਜੀ, ਉਦਯੋਗ ਮੰਤਰੀ ਸ਼੍ਰੀ ਸੰਪਤ ਜੀ, ਪਤਵੰਤੇ ਸੱਜਣੋਂ, ਦੇਵੀਓ ਅਤੇ ਸੱਜਣੋਂ,

 

ਮੇਰੇ ਪਿਆਰੇ ਦੋਸਤੋ,

 

ਮੈਂ ਅੱਜ ਚੇਨਈ ਵਿੱਚ ਆ ਕੇ ਖੁਸ਼ ਹਾਂ। ਇਸ ਸ਼ਹਿਰ ਦੇ ਲੋਕਾਂ ਨੇ ਜਿਸ ਤਰ੍ਹਾਂ ਅੱਜ ਮੇਰਾ ਨਿੱਘਾ ਸਵਾਗਤ ਕੀਤਾ, ਉਸ ਦੇ ਲਈ ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਇਹ ਸ਼ਹਿਰ ਊਰਜਾ ਅਤੇ ਜੋਸ਼ ਨਾਲ ਭਰਪੂਰ ਹੈ। ਇਹ ਗਿਆਨ ਅਤੇ ਰਚਨਾਤਮਿਕਤਾ ਦਾ ਸ਼ਹਿਰ ਹੈ। ਚੇਨਈ ਤੋਂ ਅੱਜ, ਅਸੀਂ ਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟ ਸ਼ੁਰੂ ਕਰਦੇ ਹਾਂ। ਇਹ ਪ੍ਰੋਜੈਕਟ ਇਨੋਵੇਸ਼ਨ ਅਤੇ ਸਵਦੇਸ਼ੀ ਵਿਕਾਸ ਦੇ ਪ੍ਰਤੀਕ ਹਨ। ਇਹ ਪ੍ਰੋਜੈਕਟ ਤਮਿਲ ਨਾਡੂ ਦੀ ਪ੍ਰਗਤੀ ਨੂੰ ਹੋਰ  ਅੱਗੇ ਵਧਾਉਣਗੇ।

 

ਦੋਸਤੋ,

 

ਇਹ ਪ੍ਰੋਗਰਾਮ ਵਿਸ਼ੇਸ਼ ਹੈ ਕਿਉਂਕਿ ਅੱਜ ਅਸੀਂ ਛੇ ਸੌ ਤੀਹ ਕਿਲੋਮੀਟਰ ਲੰਬੀ ਗ੍ਰੈਂਡ ਐਨਿਕੱਟ ਨਹਿਰ ਪ੍ਰਣਾਲੀ ਦੇ ਆਧੁਨਿਕੀਕਰਨ ਦੀ ਨੀਂਹ ਰੱਖ ਰਹੇ ਹਾਂ। ਇਸਦਾ ਪ੍ਰਭਾਵ ਬਹੁਤ ਵੱਡਾ ਹੋਣ ਵਾਲਾ ਹੈ। ਇਸ ਨਾਲ 2.27 ਲੱਖ ਏਕੜ ਰਕਬੇ ਲਈ ਸਿੰਚਾਈ ਸਹੂਲਤਾਂ ਵਿੱਚ ਸੁਧਾਰ ਹੋਵੇਗਾ। ਤੰਜਾਵਰ ਅਤੇ ਪੁਦੁਕੋਟਈ ਜ਼ਿਲ੍ਹਿਆਂ ਨੂੰ ਵਿਸ਼ੇਸ਼ ਲਾਭ ਪਹੁੰਚੇਗਾ। ਮੈਂ ਅਨਾਜ ਦੇ ਰਿਕਾਰਡ ਉਤਪਾਦਨ ਅਤੇ ਪਾਣੀ ਦੇ ਸਰੋਤਾਂ ਦੀ ਸੁਚਾਰੂ ਵਰਤੋਂ ਲਈ  ਤਾਮਿਲਨਾਡੂ ਦੇ ਕਿਸਾਨਾਂ ਦੀ ਸ਼ਲਾਘਾ ਕਰਨਾ ਚਾਹੁੰਦਾ ਹਾਂ। ਹਜ਼ਾਰਾਂ ਸਾਲਾਂ ਤੋਂ, ਇਹ ਗ੍ਰੈਂਡ ਐਨਿਕੱਟ ਅਤੇ ਇਸ ਦੀਆਂ ਨਹਿਰੀ ਪ੍ਰਣਾਲੀਆਂ, ਤਮਿਲ ਨਾਡੂ ਦੇ ਚਾਵਲ ਕਟੋਰੇ ਦੀ ਜੀਵਨ ਰੇਖਾ ਬਣੀਆਂ ਹੋਈਆਂ ਹਨ। ਗ੍ਰੈਂਡ ਐਨਿਕੱਟ ਸਾਡੇ ਸ਼ਾਨਦਾਰ ਅਤੀਤ ਦਾ ਇੱਕ ਜੀਵਿਤ ਪ੍ਰਮਾਣ ਹੈ। ਇਹ ਸਾਡੇ ਰਾਸ਼ਟਰ ਦੇ "ਆਤਮਨਿਰਭਰ ਭਾਰਤ" ਟੀਚਿਆਂ ਲਈ ਵੀ ਇੱਕ ਪ੍ਰੇਰਣਾ ਹੈ। ਮਸ਼ਹੂਰ ਤਮਿਲ ਕਵੀ ਅਵਇਆਰ ਦੇ ਸ਼ਬਦਾਂ ਵਿੱਚ

ਵਰੱਪੂ ਓਯਰਾ ਨੀਰ ਓਯਰੂਮ

ਨੀਰ ਓਯਰਾ ਨੇਲ ਓਯਰੂਮ

ਨੇਲ ਓਯਰਾ ਕੁੜੀ ਓਯਰੂਮ

ਕੁੜੀ ਓਯਰਾ ਕੋਲ ਓਯਰੂਮ

ਕੋਲ ਓਯਰਾ ਕੋਣ ਓਯਰਵਾਨ

(वरप्पु  उयरा  नीर  उयरूम

नीर  उयरा  नेल  उयरूम

नेल  उयरा  कुड़ी  उयरूम

कुड़ी  उयरा  कोल  उयरूम

कोल  उयरा  कोण  उयरवान)

 

ਜਦੋਂ ਪਾਣੀ ਦਾ ਪੱਧਰ ਵਧਦਾ ਹੈ, ਕਾਸ਼ਤ ਵਧਦੀ ਹੈ, ਲੋਕ ਖੁਸ਼ਹਾਲ ਹੁੰਦੇ ਹਨ ਅਤੇ ਰਾਜ ਖੁਸ਼ਹਾਲ ਹੁੰਦਾ ਹੈ। ਅਸੀਂ ਪਾਣੀ ਦੀ ਸੰਭਾਲ ਲਈ ਜੋ ਕਰ ਸਕਦੇ ਹਾਂ, ਉਹ ਸਾਨੂੰ ਕਰਨਾ ਪਏਗਾ। ਇਹ ਸਿਰਫ ਇੱਕ ਰਾਸ਼ਟਰੀ ਮੁੱਦਾ ਨਹੀਂ ਹੈ। ਇਹ ਇੱਕ ਗਲੋਬਲ ਵਿਸ਼ਾ ਹੈ। ਪ੍ਰਤੀ ਡ੍ਰੌਪ ਵਧੇਰੇ ਫ਼ਸਲ ਦਾ ਮੰਤਰ ਹਮੇਸ਼ਾ ਯਾਦ ਰੱਖੋ, ਇਹ ਆਉਣ ਵਾਲੀਆਂ ਪੀੜ੍ਹੀਆਂ ਦੀ ਸਹਾਇਤਾ ਕਰੇਗਾ।

 

ਦੋਸਤੋ,

 

ਇਸ ਗੱਲ ਨਾਲ ਹਰੇਕ ਨੂੰ ਖੁਸ਼ੀ ਮਿਲੇਗੀ ਕਿ ਅਸੀਂ ਚੇਨਈ ਮੈਟਰੋ ਰੇਲ ਫੇਜ਼ ਵਨ ਦੇ ਨੌਂ ਕਿਲੋਮੀਟਰ ਲੰਬੇ ਸਟ੍ਰੈੱਚ ਦਾ ਉਦਘਾਟਨ ਕਰ ਰਹੇ ਹਾਂ। ਇਹ ਵਾਸ਼ਰਮੈੱਨਪੈੱਟ ਤੋਂ ਵਿਮਕੋ ਨਗਰ ਤੱਕ ਜਾਏਗੀ। ਇਹ ਪ੍ਰੋਜੈਕਟ ਗਲੋਬਲ ਮਹਾਮਾਰੀ ਦੇ ਬਾਵਜੂਦ, ਸਮੇਂ ਸਿਰ ਪੂਰਾ ਹੋ ਗਿਆ ਹੈ। ਸਿਵਲ ਕੰਸਟ੍ਰਕਸ਼ਨ ਗਤੀਵਿਧੀਆਂ ਭਾਰਤੀ ਠੇਕੇਦਾਰਾਂ ਦੁਆਰਾ ਕੀਤੀਆਂ ਗਈਆਂ ਸਨ। ਰੋਲਿੰਗ ਸਟਾਕ ਸਥਾਨਕ ਤੌਰ 'ਤੇ ਖਰੀਦਿਆ ਗਿਆ ਹੈ। ਇਹ ਆਤਮਨਿਰਭਰ ਭਾਰਤ ਨੂੰ ਉਤਸ਼ਾਹਿਤ ਕਰਨ ਦੇ ਅਨੁਰੂਪ ਹੈ। ਚੇਨਈ ਮੈਟਰੋ ਦਾ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ। ਇਸ ਸਾਲ ਦੇ ਬਜਟ ਵਿੱਚ, ਪ੍ਰੋਜੈਕਟ ਦੇ ਦੂਜੇ ਪੜਾਅ ਦੇ ਇੱਕ ਸੌ ਉੱਨੀ ਕਿਲੋਮੀਟਰ ਲਈ ਤ੍ਰੇਹਠ ਹਜ਼ਾਰ ਕਰੋੜ ਰੁਪਏ ਰੱਖੇ ਗਏ ਹਨ। ਇਹ ਇੱਕ ਵਾਰ ਵਿੱਚ ਕਿਸੇ ਵੀ ਸ਼ਹਿਰ ਲਈ ਮਨਜ਼ੂਰ ਕੀਤੇ ਗਏ ਸਭ ਤੋਂ ਵੱਡੇ ਪ੍ਰੋਜੈਕਟਾਂ ਵਿੱਚੋਂ ਇੱਕ ਹੈ। ਸ਼ਹਿਰੀ ਆਵਾਜਾਈ 'ਤੇ ਧਿਆਨ ਕੇਂਦ੍ਰਿਤ ਕਰਕੇ ਇੱਥੋਂ ਦੇ ਨਾਗਰਿਕਾਂ ਨੂੰ ' 'ਈਜ਼ ਆਵ ਲਿਵਿੰਗ' ' ਲਈ ਪ੍ਰੋਤਸਾਹਨ ਮਿਲੇਗਾ।

 

ਦੋਸਤੋ,

 

ਸੁਧਰੀ ਹੋਈ ਕਨੈਕਟੀਵਿਟੀ ਸੁਵਿਧਾ ਲਿਆਉਂਦੀ ਹੈ। ਇਹ ਵਣਜ ਵਿੱਚ ਵੀ ਸਹਾਇਕ ਹੁੰਦੀ ਹੈ। ਚੇਨਈ ਬੀਚ ਸੁਨਹਿਰੀ ਚਤੁਰਭੁਜ ਦਾ ਐਨੋਰ ਅੱਟੀਪੱਟੂ ਸਟ੍ਰੈੱਚ ਇੱਕ ਉੱਚ ਟ੍ਰੈਫਿਕ ਘਣਤਾ ਵਾਲਾ ਮਾਰਗ ਹੈ। ਚੇਨਈ ਬੰਦਰਗਾਹ ਅਤੇ ਕਾਮਰਾਜਾਰ ਪੋਰਟ ਦਰਮਿਆਨ ਤੇਜ਼ੀ ਨਾਲ ਮਾਲ ਦੀ ਆਵਾਜਾਈ ਨੂੰ ਯਕੀਨੀ ਬਣਾਉਣ ਦੀ ਜ਼ਰੂਰਤ ਹੈ। ਚੇਨਈ ਬੀਚ ਅਤੇ ਅੱਟੀਪੱਟੂ ਦਰਮਿਆਨ ਚੌਥੀ ਲਾਈਨ ਇਸ ਸਬੰਧ ਵਿੱਚ ਸਹਾਇਤਾ ਕਰੇਗੀ। ਵਿੱਲੂਪੁਰਮ- ਤੰਜਾਵੁਰ- ਤਿਰੂਵਰੂਰ ਪ੍ਰੋਜੈਕਟ ਦਾ ਬਿਜਲੀਕਰਨ ਡੈਲਟਾ ਜ਼ਿਲ੍ਹਿਆਂ ਲਈ ਇੱਕ ਵੱਡਾ ਵਰਦਾਨ ਹੋਵੇਗਾ। ਪ੍ਰਮੁੱਖ ਗੱਲਾਂ ਵਿੱਚੋਂ ਇੱਕ ਇਹ ਹੈ ਕਿ ਇਹ ਦੋ ਸੌ ਅਠਾਈ ਕਿਲੋਮੀਟਰ ਦੀ ਲਾਈਨ ਅਨਾਜਾਂ ਦੀ ਤੇਜ਼ ਆਵਾਜਾਈ ਨੂੰ ਸੁਨਿਸ਼ਚਿਤ  ਕਰਨ ਵਿੱਚ ਸਹਾਇਤਾ ਕਰੇਗੀ। 

 

ਦੋਸਤੋ,

 

ਕੋਈ ਵੀ ਭਾਰਤੀ ਇਸ ਦਿਨ ਨੂੰ ਨਹੀਂ ਭੁੱਲ ਸਕਦਾ। ਦੋ ਸਾਲ ਪਹਿਲਾਂ, ਪੁਲਵਾਮਾ ਹਮਲਾ ਹੋਇਆ ਸੀ। ਅਸੀਂ ਉਨ੍ਹਾਂ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਜਿਨ੍ਹਾਂ ਨੂੰ ਅਸੀਂ ਉਸ ਹਮਲੇ ਵਿੱਚ ਗੁਆ ਚੁੱਕੇ ਹਾਂ। ਸਾਨੂੰ ਆਪਣੇ ਸੁਰੱਖਿਆ ਬਲਾਂ 'ਤੇ ਮਾਣ ਹੈ। ਉਨ੍ਹਾਂ ਦੀ ਬਹਾਦਰੀ  ਕਈ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ।

 

ਦੋਸਤੋ,

 

ਵਿਸ਼ਵ ਦੀ ਸਭ ਤੋਂ ਪੁਰਾਣੀ ਭਾਸ਼ਾ ਦੀ ਇੱਕ ਲਿਖਤ ਵਿੱਚ ,

ਤਮਿਲ, ਮਹਾਕਵੀ ਸੁਬਰਾਮਣਯ ਭਾਰਤੀ ਨੇ ਕਿਹਾ:

ਆਯੁਥਮ ਸੇਯਵੋਮ ਨੱਲਾ ਕਾਕੀਤਮ ਸੇਯਵੋਮ

ਆਲੇਕਲ ਵਾਈਪੋਮ ਕਲਵੀ ਸਾਲਾਈਕਲ ਵਾਈਪੋਮ

ਨਡੇਯੁਮ ਪਰੱਪੂ ਮੁਨਰ ਵੰਡੀਕਲ ਸੇਯਵੋਮ

ਗਨਯਲਮ ਨਡੁਨਕਾ ਵਰੂੰ ਕੱਪਲਕਲ ਸੇਯਵੋਮ

(आयुथम सेयवोम नल्ला काकीतम सेयवोम

आलेकल वाईप्पोम कल्वी सालाइकल वाईप्पोम

नडेयुम परप्पु मुनर वंडीकल सेयवोम

ग्न्यलम नडुनका वरुं कप्पलकल सेयवोम)

 

ਇਸ ਦਾ ਮਤਲਬ ਹੈ:-

ਆਓ ਹਥਿਆਰ ਬਣਾਈਏ; ਚਲੋ ਕਾਗਜ਼ ਤਿਆਰ ਕਰੀਏ।

ਆਉ ਫੈਕਟਰੀਆਂ ਲਗਾਈਏ; ਚਲੋ ਸਕੂਲ ਖੋਲ੍ਹੀਏ।

ਆਓ  ਵਾਹਨ ਤਿਆਰ ਕਰੀਏ ਜੋ ਚਲ ਅਤੇ ਉੱਡ ਸਕਣ।

ਆਓ ਜਹਾਜ਼ ਤਿਆਰ ਕਰੀਏ ਜੋ ਦੁਨੀਆਂ ਨੂੰ ਹਿਲਾ ਦੇਣ।

 

ਇਸ ਵਿਜ਼ਨ ਤੋਂ ਪ੍ਰੇਰਿਤ ਹੋ ਕੇ, ਭਾਰਤ ਨੇ ਰੱਖਿਆ ਖੇਤਰ ਵਿੱਚ ਆਤਮ-ਨਿਰਭਰ ਬਣਨ ਲਈ ਕਈ ਉਪਰਾਲੇ ਕੀਤੇ ਹਨ। ਦੋ ਰੱਖਿਆ ਕੌਰੀਡੋਰਾਂ ਵਿਚੋਂ ਇੱਕ ਤਾਮਿਲਨਾਡੂ ਵਿੱਚ ਹੈ। ਇਸ ਗਲਿਆਰੇ 'ਤੇ ਅੱਠ ਹਜ਼ਾਰ ਇੱਕ ਸੌ ਕਰੋੜ ਰੁਪਏ ਦੀ ਨਿਵੇਸ਼ ਪ੍ਰਤੀਬੱਧਤਾ ਪਹਿਲਾਂ ਹੀ ਮਿਲ ਚੁੱਕੀ ਹੈ। ਅੱਜ, ਮੈਨੂੰ ਆਪਣੀਆਂ ਸਰਹੱਦਾਂ ਦੀ ਰਾਖੀ ਲਈ ਦੇਸ਼ ਨੂੰ ਇੱਕ ਹੋਰ ਯੋਧਾ ਸਮਰਪਿਤ ਕੀਤੇ ਜਾਣ 'ਤੇ ਮਾਣ ਹੈ। ਮੈਂ, ਸਵਦੇਸ਼ੀ ਢੰਗ ਨਾਲ ਡਿਜ਼ਾਈਨ  ਅਤੇ ਤਿਆਰ ਕੀਤੇ ਗਏ “ਮੇਨ ਬੈਟਲ ਟੈਂਕ ਅਰਜੁਨ ਮਾਰਕ 1 ਏ” ਨੂੰ ਸੁਰੱਖਿਆ ਬਲਾਂ ਨੂੰ ਸੌਂਪਣ ਵਿੱਚ ਮਾਣ ਮਹਿਸੂਸ ਕਰਦਾ ਹਾਂ। ਇਹ ਸਵਦੇਸ਼ੀ ਗੋਲਾ-ਬਾਰੂਦ ਦੀ ਵਰਤੋਂ ਵੀ ਕਰਦਾ ਹੈ। ਤਮਿਲ ਨਾਡੂ ਪਹਿਲਾਂ ਹੀ ਭਾਰਤ ਦਾ ਉੱਘਾ ਵਾਹਨ ਨਿਰਮਾਣ ਕੇਂਦਰ ਹੈ।

 

ਹੁਣ, ਮੈਂ ਤਾਮਿਲਨਾਡੂ ਨੂੰ ਭਾਰਤ ਦੇ ਟੈਂਕ ਨਿਰਮਾਣ ਕੇਂਦਰ ਵਜੋਂ ਵਿਕਸਿਤ ਹੁੰਦੇ ਹੋਏ ਦੇਖਦਾ ਹਾਂ। ਤਮਿਲ ਨਾਡੂ ਵਿੱਚ ਬਣੇ ਟੈਂਕਾਂ ਨੂੰ ਸਾਡੀਆਂ ਉੱਤਰੀ ਸਰਹੱਦਾਂ ਵਿੱਚ ਦੇਸ਼ ਨੂੰ ਸੁਰੱਖਿਅਤ ਰੱਖਣ ਲਈ ਇਸਤੇਮਾਲ ਕੀਤਾ ਜਾਵੇਗਾ। ਇਹ ਭਾਰਤ ਦੀ ਸੰਯੁਕਤ ਭਾਵਨਾ - ਭਾਰਤ ਦੇ ਏਕਤਾ ਦਰਸ਼ਨ ਨੂੰ ਪ੍ਰਦਰਸ਼ਿਤ ਕਰਦਾ ਹੈ। ਅਸੀਂ ਆਪਣੀਆਂ ਹਥਿਆਰਬੰਦ ਫੌਜਾਂ ਨੂੰ ਵਿਸ਼ਵ ਦੇ ਸਭ ਤੋਂ ਆਧੁਨਿਕ ਬਲਾਂ ਵਿੱਚੋਂ ਇੱਕ ਬਣਾਉਣ ਲਈ ਕੰਮ ਕਰਨਾ ਜਾਰੀ ਰੱਖਾਂਗੇ। ਇਸ ਦੇ ਨਾਲ ਹੀ, ਰੱਖਿਆ ਖੇਤਰ ਵਿੱਚ ਵੀ ਭਾਰਤ ਨੂੰ ਆਤਮਨਿਰਭਰ ਬਣਾਉਣ 'ਤੇ ਪੂਰਾ ਫੋਕਸ ਹੈ। ਸਾਡੇ ਸਸ਼ਸਤ੍ਰ ਬਲ ਸਾਹਸ ਦੇ ਸਦਾਚਾਰਾਂ ਨੂੰ ਦਰਸਾਉਂਦੇ ਹਨ। ਉਨ੍ਹਾਂ ਨੇ ਵਾਰ-ਵਾਰ ਇਹ ਦਰਸਾਇਆ ਹੈ ਕਿ ਉਹ ਸਾਡੀ ਮਾਤ੍ਰ- ਭੂਮੀ ਦੀ ਰੱਖਿਆ ਕਰਨ ਲਈ ਪੂਰੀ ਤਰ੍ਹਾਂ ਸਮਰੱਥ ਹਨ। ਸਮੇਂ-ਸਮੇਂ ਤੇ ਉਨ੍ਹਾਂ ਨੇ ਇਹ ਵੀ ਦਰਸਾ ਦਿੱਤਾ ਹੈ ਕਿ ਭਾਰਤ ਸ਼ਾਂਤੀ ਵਿੱਚ ਵਿਸ਼ਵਾਸ ਰੱਖਦਾ ਹੈ। ਪਰੰਤੂ, ਭਾਰਤ ਆਪਣੀ ਪ੍ਰਭੂਸੱਤਾ ਦੀ ਹਰ ਕੀਮਤ ’ਤੇ ਰੱਖਿਆ ਕਰੇਗਾ। ਧੀਰ ਭੀ ਹੈ, ਵੀਰ ਭੀ ਹੈ, ਸੈਨਯ ਸ਼ਕਤੀ (धीर भी है, वीर भी है , सैन्य शक्ति) ਅਤੇ ਸਾਡੇ ਸੁਰੱਖਿਆ ਬਲਾਂ ਦੀ ਧੀਰਜ ਸ਼ਕਤੀ ਕਮਾਲ ਦੀ ਹੈ।

 

ਦੋਸਤੋ,

 

ਆਈਆਈਟੀ ਮਦਰਾਸ ਦੇ ਡਿਸਕਵਰੀ ਕੈਂਪੱਸ ਵਿੱਚ ਵਿਸ਼ਵ ਪੱਧਰੀ ਖੋਜ ਕੇਂਦਰਾਂ ਲਈ 2 ਲੱਖ ਵਰਗ ਮੀਟਰ ਦਾ ਬੁਨਿਆਦੀ ਢਾਂਚਾ ਹੋਵੇਗਾ। ਮੈਨੂੰ ਯਕੀਨ ਹੈ ਕਿ ਬਹੁਤ ਜਲਦੀ, ਆਈਆਈਟੀ ਮਦਰਾਸ ਦਾ ਡਿਸਕਵਰੀ ਕੈਂਪੱਸ ਖੋਜ ਦਾ ਪ੍ਰਮੁੱਖ ਕੇਂਦਰ ਹੋਵੇਗਾ। ਇਹ ਸਾਰੇ ਭਾਰਤ ਵਿੱਚੋਂ ਬਿਹਤਰੀਨ ਪ੍ਰਤਿਭਾਵਾਂ ਨੂੰ ਆਕਰਸ਼ਿਤ ਕਰੇਗਾ।

 

ਦੋਸਤੋ,

 

ਇੱਕ ਗੱਲ ਪੱਕੀ ਹੈ- ਵਿਸ਼ਵ ਭਾਰਤ ਵੱਲ ਬਹੁਤ ਉਤਸ਼ਾਹ ਅਤੇ ਸਕਾਰਾਤਮਕਤਾ ਨਾਲ ਦੇਖ ਰਿਹਾ ਹੈ। ਇਹ ਦਹਾਕਾ ਭਾਰਤ ਦਾ ਦਹਾਕਾ ਹੋਣ ਵਾਲਾ ਹੈ। ਅਤੇ, ਇਹ 130 ਕਰੋੜ ਭਾਰਤੀਆਂ ਦੀ ਸਖਤ ਮਿਹਨਤ ਅਤੇ ਪਸੀਨੇ ਦੇ ਕਾਰਨ ਹੀ ਸੰਭਵ ਹੈ। ਭਾਰਤ ਸਰਕਾਰ ਆਕਾਂਖਿਆ ਅਤੇ ਇਨੋਵੇਸ਼ਨ ਦੇ ਇਸ ਉੱਭਾਰ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਪ੍ਰਤੀਬੱਧ ਹੈ। ਇਸ ਸਾਲ ਦੇ ਬਜਟ ਨੇ ਇੱਕ ਵਾਰ ਫਿਰ ਸਰਕਾਰ ਦੀ ਸੁਧਾਰਾਂ ਸਬੰਧੀ ਪ੍ਰਤੀਬੱਧਤਾ ਦਾ ਪ੍ਰਦਰਸ਼ਨ ਕੀਤਾ ਹੈ। ਤੁਹਾਨੂੰ ਖੁਸ਼ੀ ਹੋਵੇਗੀ ਕਿ ਇਸ ਸਾਲ ਦੇ ਬਜਟ ਵਿੱਚ, ਭਾਰਤ ਦੇ ਤਟਵਰਤੀ ਖੇਤਰਾਂ ਦੇ ਵਿਕਾਸ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ।

 

ਭਾਰਤ ਨੂੰ ਸਾਡੇ ਮਛੇਰਾ ਭਾਈਚਾਰਿਆਂ 'ਤੇ ਮਾਣ ਹੈ। ਉਹ ਮਿਹਨਤ ਅਤੇ ਦਿਆਲਤਾ ਦੇ ਪ੍ਰਤੀਕ ਹਨ। ਬਜਟ ਵਿੱਚ ਉਨ੍ਹਾਂ ਲਈ ਅਤਿਰਿਕਤ ਰਿਣ ਵਿਵਸਥਾ ਸੁਨਿਸ਼ਚਿਤ ਕਰਨ ਦੇ  ਪ੍ਰਾਵਧਾਨ ਹਨ। ਮੱਛੀ ਫੜਨ ਨਾਲ ਜੁੜੇ ਬੁਨਿਆਦੀ  ਢਾਂਚੇ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ। ਆਧੁਨਿਕ ਫਿਸ਼ਿੰਗ ਹਾਰਬਰਸ, ਚੇਨਈ ਸਮੇਤ ਪੰਜ ਕੇਂਦਰਾਂ ਵਿੱਚ ਆਉਣਗੇ। ਅਸੀਂ ਤਟਵਰਤੀ ਖੇਤੀ ਬਾਰੇ ਆਸ਼ਾਵਾਦੀ ਹਾਂ। ਇਹ ਤਟਵਰਤੀ ਭਾਈਚਾਰਿਆਂ ਦੀ ਜ਼ਿੰਦਗੀ ਵਿੱਚ ਸੁਧਾਰ ਕਰੇਗੀ। ਸਮੁੰਦਰੀ ਨਦੀਨ ਦੀ ਕਾਸ਼ਤ ਲਈ, ਤਾਮਿਲਨਾਡੂ ਵਿੱਚ ਇੱਕ ਬਹੁ-ਉਦੇਸ਼ੀ ਸਮੁੰਦਰੀ ਨਦੀਨ ਪਾਰਕ ਬਣਾਇਆ ਜਾਵੇਗਾ।

 

ਦੋਸਤੋ,

 

ਭਾਰਤ ਤੇਜ਼ ਰਫਤਾਰ ਨਾਲ ਭੌਤਿਕ ਅਤੇ ਸਮਾਜਿਕ ਬੁਨਿਆਦੀ ਢਾਂਚੇ ਨੂੰ ਵਧਾ ਰਿਹਾ ਹੈ। ਅੱਜ, ਭਾਰਤ  ਦੁਨੀਆ ਦੀਆਂ ਸਭ ਤੋਂ ਵੱਡੀਆਂ ਇਨਫਰਾ ਡਰਾਈਵਸ ਵਿੱਚੋਂ ਇੱਕ ਹੈ। ਹੁਣੇ ਹੁਣੇ ਅਸੀਂ ਆਪਣੇ ਸਾਰੇ ਪਿੰਡਾਂ ਨੂੰ ਇੰਟਰਨੈਟ ਨਾਲ ਜੋੜਨ ਦੀ ਲਹਿਰ ਸ਼ੁਰੂ ਕੀਤੀ ਹੈ। ਇਸੇ ਤਰ੍ਹਾਂ, ਵਿਸ਼ਵ ਵਿੱਚ ਸਿਹਤ ਸੇਵਾ ਦਾ ਸਭ ਤੋਂ ਵੱਡਾ ਪ੍ਰੋਗਰਾਮ ਭਾਰਤ ਵਿੱਚ ਹੈ।  ਆਊਟ-ਆਵ੍-ਦ-ਬੌਕਸ ਲਰਨਿੰਗ ਅਤੇ ਟੈਕਨੋਲੋਜੀ ਨੂੰ ਦਿੱਤੇ ਮਹੱਤਵ ਨਾਲ ਭਾਰਤ ਸਿੱਖਿਆ ਦੇ ਖੇਤਰ ਵਿੱਚ ਵੀ ਬਦਲਾਅ ਲਿਆ  ਰਿਹਾ ਹੈ। ਇਹ ਘਟਨਾਕ੍ਰਮ ਨੌਜਵਾਨਾਂ ਲਈ ਅਣਗਿਣਤ ਮੌਕੇ ਲੈ ਕੇ ਆਉਣਗੇ।

 

ਦੋਸਤੋ,

 

ਤਮਿਲ ਨਾਡੂ ਦੇ ਸੱਭਿਆਚਾਰ ਨੂੰ ਸੰਭਾਲਣ ਅਤੇ ਉਸ ਨੂੰ ਮਨਾਉਣ ਲਈ ਕੰਮ ਕਰਨਾ ਸਾਡੇ ਲਈ ਸਨਮਾਨ ਦੀ ਗੱਲ ਹੈ। ਤਮਿਲ ਨਾਡੂ ਦਾ ਸੱਭਿਆਚਾਰ ਗਲੋਬਲ ਪੱਧਰ 'ਤੇ ਪ੍ਰਸਿੱਧ ਹੈ। ਅੱਜ, ਮੇਰੇ ਕੋਲ ਤਮਿਲ ਨਾਡੂ ਵਿੱਚ ਦੇਵੇਂਦਰਕੁਲਾ ਵੇਲਾਲਰ ਭਾਈਚਾਰੇ ਦੇ ਭੈਣਾਂ - ਭਰਾਵਾਂ  ਲਈ ਇੱਕ ਸੁਖਦ ਸੰਦੇਸ਼ ਹੈ। ਕੇਂਦਰ ਸਰਕਾਰ ਨੇ ਦੇਵੇਂਦਰਕੁਲਾ ਵੇਲਾਲਰ ਵਜੋਂ ਜਾਣੇ ਜਾਣ ਦੀ  ਉਨ੍ਹਾਂ ਦੀ ਚਿਰੋਕਣੀ ਮੰਗ ਨੂੰ ਮੰਨ ਲਿਆ ਹੈ, ਉਹ ਹੁਣ ਉਨ੍ਹਾਂ ਦੀ ਵਿਰਾਸਤ ਦੇ ਨਾਮ ਨਾਲ ਜਾਣੇ ਜਾਣਗੇ ਨਾ ਕਿ ਸੰਵਿਧਾਨ ਦੀ ਸੂਚੀ ਵਿੱਚ ਸੂਚੀਬੱਧ ਛੇ-ਸੱਤ ਨਾਮਾਂ ਦੇ ਨਾਲ। ਸੰਵਿਧਾਨਿਕ ਅਨੁਸੂਚੀ ਵਿੱਚ ਸੋਧ ਕਰਨ ਲਈ ਡਰਾਫਟ ਗਜ਼ਟ  ਨੂੰ ਉਨ੍ਹਾਂ ਦੇ ਨਾਮ ਦਵੇਂਦਰਕੁਲਾ ਵੇਲਾਲਰ ਦੇ ਰੂਪ ਵਿੱਚ ਬਦਲਣ ਲਈ ਕੇਂਦਰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਅਗਲੇ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਇਸ ਨੂੰ ਸੰਸਦ ਦੇ ਸਾਹਮਣੇ ਰੱਖਿਆ ਜਾਵੇਗਾ। ਮੈਂ ਇਸ ਮੰਗ ਬਾਰੇ ਕੀਤੇ ਗਏ ਵਿਸਤ੍ਰਿਤ ਅਧਿਐਨ ਲਈ ਤਮਿਲ ਨਾਡੂ ਸਰਕਾਰ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਨਾ ਚਾਹੁੰਦਾ ਹਾਂ। ਇਸ ਮੰਗ ਲਈ ਉਨ੍ਹਾਂ ਦਾ ਸਮਰਥਨ ਲੰਬੇ ਸਮੇਂ ਤੋਂ ਹੈ।

 

ਦੋਸਤੋ,

 

ਮੈਂ 2015 ਵਿੱਚ ਦੇਵੇਂਦਰਾਰਾਂ ਦੇ ਨੁਮਾਇੰਦਿਆਂ ਨਾਲ ਦਿੱਲੀ ਵਿੱਚ ਆਪਣੀ ਮੁਲਾਕਾਤ ਕਦੇ ਨਹੀਂ ਭੁੱਲ ਸਕਦਾ।

 

ਉਨ੍ਹਾਂ ਦੀ ਉਦਾਸੀ ਦੇਖੀ ਜਾ ਸਕਦੀ ਸੀ। ਬਸਤੀਵਾਦੀ ਹਾਕਮਾਂ ਨੇ ਉਨ੍ਹਾਂ ਦਾ ਮਾਣ ਅਤੇ ਸਨਮਾਨ ਖੋਹ ਲਿਆ ਸੀ। ਦਹਾਕਿਆਂ ਤੋਂ ਕੁਝ ਨਹੀਂ ਹੋਇਆ। ਉਨ੍ਹਾਂ ਨੇ ਮੈਨੂੰ ਦੱਸਿਆ- ਉਨ੍ਹਾਂ ਨੇ ਸਰਕਾਰਾਂ ਅੱਗੇ ਬੇਨਤੀ ਕੀਤੀ  ਪਰ ਕੁਝ ਨਹੀਂ ਬਦਲਿਆ। ਮੈਂ ਉਨ੍ਹਾਂ ਨੂੰ ਇੱਕ ਗੱਲ ਦੱਸੀ। ਮੈਂ ਕਿਹਾ ਕਿ ਉਨ੍ਹਾਂ ਦਾ ਨਾਮ ਦਵੇਂਦਰ ਮੇਰੇ ਆਪਣੇ ਨਾਮ-ਨਰੇਂਦਰ ਨਾਲ ਮਿਲਦਾ ਜੁਲਦਾ ਹੈ। ਮੈਂ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਦਾ ਹਾਂ। ਇਹ ਫੈਸਲਾ ਨਾਮ ਬਦਲਣ ਨਾਲੋਂ ਕਿਤੇ ਅਹਿਮ  ਹੈ। ਇਹ ਨਿਆਂ, ਗੌਰਵ ਅਤੇ ਮੌਕਿਆਂ ਬਾਰੇ ਹੈ। ਸਾਡੇ ਸਾਰਿਆਂ ਕੋਲ ਦੇਵੇਂਦਰ ਕੁਲਾ ਸਮਾਜ ਦੇ ਸੱਭਿਆਚਾਰ ਤੋਂ ਸਿੱਖਣ ਲਈ ਬਹੁਤ ਕੁਝ ਹੈ। ਉਹ ਸਦਭਾਵਨਾ, ਦੋਸਤੀ ਅਤੇ ਭਾਈਚਾਰੇ ਦਾ ਜਸ਼ਨ ਮਨਾਉਂਦੇ ਹਨ। ਉਨ੍ਹਾਂ ਦੀ ਇੱਕ ਸੱਭਿਅਤਾਵਾਦੀ ਲਹਿਰ ਸੀ। ਇਹ ਉਨ੍ਹਾਂ ਦੇ ਆਤਮ-ਵਿਸ਼ਵਾਸ ਅਤੇ ਸਵੈ-ਮਾਣ ਨੂੰ ਦਰਸਾਉਂਦਾ ਹੈ - ਸਵੈ-ਗੌਰਵ ਨੂੰ ਦਰਸਾਉਂਦਾ ਹੈ।

 

ਦੋਸਤੋ,

 

ਸਾਡੀ ਸਰਕਾਰ ਨੇ ਸ੍ਰੀ ਲੰਕਾ ਵਿੱਚ ਸਾਡੇ ਤਮਿਲ ਭਰਾਵਾਂ ਅਤੇ ਭੈਣਾਂ ਦੀ ਭਲਾਈ ਅਤੇ ਆਕਾਂਖਿਆਵਾਂ ਦਾ ਹਮੇਸ਼ਾ ਧਿਆਨ ਰੱਖਿਆ ਹੈ। ਇਹ ਮੇਰੇ ਲਈ ਮਾਣ ਦੀ ਗੱਲ ਹੈ ਕਿ ਮੈਂ ਜਾਫਨਾ ਦਾ ਦੌਰਾ ਕਰਨ ਵਾਲਾ ਇੱਕਲੌਤਾ ਪ੍ਰਧਾਨ ਮੰਤਰੀ ਰਿਹਾ ਹਾਂ। ਵਿਕਾਸ ਕਾਰਜਾਂ ਰਾਹੀਂ ਅਸੀਂ ਸ੍ਰੀ ਲੰਕਾ ਦੇ ਤਮਿਲ ਭਾਈਚਾਰੇ ਦੀ ਭਲਾਈ ਨੂੰ ਯਕੀਨੀ ਬਣਾ ਰਹੇ ਹਾਂ। ਸਾਡੀ ਸਰਕਾਰ ਵੱਲੋਂ ਤਮਿਲਾਂ ਲਈ ਦਿੱਤੇ ਗਏ ਸੰਸਾਧਨ ਪਿਛਲੇ ਸਮੇਂ ਨਾਲੋਂ ਬਹੁਤ ਜ਼ਿਆਦਾ ਰਹੇ ਹਨ। ਸਾਡੇ ਪ੍ਰੋਜੈਕਟਾਂ ਵਿੱਚ : ਉੱਤਰ-ਪੂਰਬੀ ਸ੍ਰੀ ਲੰਕਾ ਵਿੱਚ ਵਿਸਥਾਪਿਤ ਤਮਿਲਾਂ ਲਈ ਪੰਜਾਹ ਹਜ਼ਾਰ ਮਕਾਨ, ਪਲਾਂਟੇਸ਼ਨ ਖੇਤਰਾਂ ਵਿੱਚ ਚਾਰ ਹਜ਼ਾਰ ਘਰ ਸ਼ਾਮਲ ਹਨ। ਸਿਹਤ ਪੱਖੋਂ, ਅਸੀਂ ਇੱਕ ਮੁਫਤ ਐਂਬੂਲੈਂਸ ਸੇਵਾ ਲਈ ਵਿੱਤੀ ਸਹਾਇਤਾ ਦਿੱਤੀ ਜੋ ਤਮਿਲ ਕਮਿਊਨਿਟੀ ਦੁਆਰਾ ਵਿਆਪਕ ਤੌਰ ’ਤੇ ਇਸਤੇਮਾਲ ਕੀਤੀ ਜਾਂਦੀ ਹੈ। ਡਿਕੋਇਆ ਵਿੱਚ ਇੱਕ ਹਸਪਤਾਲ ਬਣਾਇਆ ਗਿਆ ਹੈ। ਕਨੈਕਟੀਵਿਟੀ ਨੂੰ ਉਤਸ਼ਾਹਿਤ ਕਰਨ ਲਈ, ਜਾਫਨਾ ਅਤੇ ਮੰਨਾਰ ਲਈ ਰੇਲਵੇ ਨੈੱਟਵਰਕ ਦੁਬਾਰਾ ਬਣਾਇਆ ਜਾ ਰਿਹਾ ਹੈ। ਚੇਨਈ ਤੋਂ ਜਾਫਨਾ ਤੱਕ ਫਲਾਈਟਾਂ ਸਥਾਪਿਤ ਕੀਤੀਆਂ ਗਈਆਂ ਹਨ। ਮੈਂ ਇਹ ਦੱਸਦਿਆਂ ਖੁਸ਼ੀ ਮਹਿਸੂਸ ਕਰਦਾ ਹਾਂ ਕਿ ਭਾਰਤ ਨੇ ਜਾਫਨਾ ਸੱਭਿਆਚਾਰਕ ਕੇਂਦਰ ਬਣਾਇਆ ਹੈ ਜਿਸ ਦੇ  ਜਲਦੀ ਹੀ ਖੋਲ੍ਹੇ ਜਾਣ ਦੀ ਉਮੀਦ ਹੈ। ਤਮਿਲ ਅਧਿਕਾਰਾਂ ਦਾ ਮੁੱਦਾ ਵੀ ਅਸੀਂ ਸ੍ਰੀ ਲੰਕਾ ਦੇ ਨੇਤਾਵਾਂ ਕੋਲ ਲਗਾਤਾਰ ਉਠਾਇਆ ਹੈ। ਅਸੀਂ ਹਮੇਸ਼ਾ ਇਹ ਸੁਨਿਸ਼ਚਿਤ ਕਰਨ ਲਈ ਪ੍ਰਤੀਬੱਧ ਹਾਂ ਕਿ ਉਹ ਸਮਾਨਤਾ, ਨਿਆਂ, ਸ਼ਾਂਤੀ ਅਤੇ ਮਾਣ ਨਾਲ ਰਹਿਣ।

 

ਮਿੱਤਰੋ,

 

ਸਾਡੇ ਮਛੇਰਿਆਂ ਨੂੰ ਪੇਸ਼ ਆਉਣ ਵਾਲੀ ਇੱਕ ਸਮੱਸਿਆ ਲੰਬੇ ਸਮੇਂ ਤੋਂ ਚਲੀ ਆ ਰਹੀ ਹੈ। ਮੈਂ ਸਮੱਸਿਆ ਦੇ ਇਤਿਹਾਸ ਵਿੱਚ ਜਾਣ ਦੀ ਇੱਛਾ ਨਹੀਂ ਰੱਖਦਾ। ਪਰ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੇਰੀ ਸਰਕਾਰ ਹਮੇਸ਼ਾ ਉਨ੍ਹਾਂ ਦੇ ਸਹੀ ਹਿਤਾਂ ਦੀ ਰੱਖਿਆ ਕਰੇਗੀ। ਸ੍ਰੀ ਲੰਕਾ ਵਿੱਚ ਜਦੋਂ ਵੀ ਮਛੇਰਿਆਂ ਨੂੰ ਫੜਿਆ ਜਾਂਦਾ ਹੈ ਤਾਂ ਅਸੀਂ ਜਲਦੀ ਰਿਹਾਈ ਨੂੰ ਸੁਨਿਸ਼ਚਿਤ ਕੀਤਾ ਹੈ।

 

ਸਾਡੇ ਕਾਰਜਕਾਲ ਦੌਰਾਨ ਸੋਲਾਂ ਸੌ ਤੋਂ ਵੱਧ ਮਛੇਰੇ ਰਿਹਾ ਕੀਤੇ ਗਏ ਹਨ। ਇਸ ਵੇਲੇ ਸ੍ਰੀ ਲੰਕਾ ਦੀ ਹਿਰਾਸਤ ਵਿੱਚ ਕੋਈ ਵੀ ਭਾਰਤੀ ਮਛੇਰਾ ਨਹੀਂ ਹੈ। ਇਸੇ ਤਰ੍ਹਾਂ ਤਿੰਨ ਸੌ ਤੇਰਾਂ ਕਿਸ਼ਤੀਆਂ ਛੱਡਾਈਆਂ  ਗਈਆਂ ਹਨ ਅਤੇ ਅਸੀਂ ਬਾਕੀ ਕਿਸ਼ਤੀਆਂ ਦੀ ਵਾਪਸੀ ਲਈ ਕੰਮ ਕਰ ਰਹੇ ਹਾਂ।

 

ਦੋਸਤੋ,

 

ਮਾਨਵ ਕੇਂਦ੍ਰਿਤ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਹੋ ਕੇ ਭਾਰਤ ਕੋਵਿਡ -19 ਵਿਰੁੱਧ ਵਿਸ਼ਵ ਦੀ ਲੜਾਈ ਨੂੰ ਹੋਰ ਮਜ਼ਬੂਤ ਬਣਾ ਰਿਹਾ ਹੈ। ਆਪਣੇ ਰਾਸ਼ਟਰ ਦਾ ਵਿਕਾਸ ਕਰਨ ਅਤੇ ਵਿਸ਼ਵ ਨੂੰ ਇੱਕ ਬਿਹਤਰ ਜਗ੍ਹਾ ਬਣਾਉਣ ਲਈ ਜੋ ਕੁਝ ਵੀ  ਕਰ ਸਕਦੇ ਹਾਂ, ਅਸੀਂ ਕਰਦੇ ਰਹਿਣਾ ਹੈ। ਸਾਡੇ ਸੰਵਿਧਾਨ ਦੇ ਨਿਰਮਾਤਾ ਸਾਡੇ ਕੋਲੋਂ ਇਹੀ ਚਾਹੁੰਦੇ ਸਨ। ਮੈਂ ਇੱਕ ਵਾਰ ਫਿਰ ਤਮਿਲ ਨਾਡੂ ਦੇ ਲੋਕਾਂ ਨੂੰ ਅੱਜ ਸ਼ੁਰੂ ਕੀਤੇ ਗਏ ਵਿਕਾਸ ਕਾਰਜਾਂ ਲਈ ਵਧਾਈ ਦਿੰਦਾ ਹਾਂ।

 

ਤੁਹਾਡਾ ਧੰਨਵਾਦ!

 

ਤੁਹਾਡਾ ਬਹੁਤ-ਬਹੁਤ ਧੰਨਵਾਦ।

 

ਵਾਣੇਕਮ!

 

*****

 

ਡੀਐੱਸ / ਏਕੇਜੇ



(Release ID: 1698324) Visitor Counter : 177