ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਆਦਿਵਾਸੀਆਂ ਦੀ ਵਿਸ਼ੇਸ਼ ਪਹਿਚਾਣ ਨੂੰ ਸੁਰੱਖਿਅਤ ਵਾਲੇ ਵਿਕਾਸ ਮਾਡਲ ਦੀ ਮੰਗ ਕੀਤੀ
ਉਪ ਰਾਸ਼ਟਰਪਤੀ ਨੇ ਆਮਦਨੀ ਦੇ ਸਰੋਤਾਂ ਨੂੰ ਬਿਹਤਰ ਬਣਾਉਣ ਲਈ ਕਬੀਲਿਆਂ ਦੇ ਉਤਪਾਦਾਂ ਨੂੰ ਉਤਸ਼ਾਹਿਤ ਅਤੇ ਪ੍ਰਸਿੱਧ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ
ਆਦਿਵਾਸੀਆਂ ਦਾ ਸੱਭਿਆਚਾਰ ਉਨ੍ਹਾਂ ਦੀ ਪਹਿਚਾਣ ਹੈ - ਉਪ ਰਾਸ਼ਟਰਪਤੀ
ਸ਼੍ਰੀ ਨਾਇਡੂ ਨੇ ਟ੍ਰਾਈਫੈੱਡ ਵਲੋਂ ਜੈਵਿਕ ਭੋਜਨ ਪਦਾਰਥਾਂ ਦੀ ਮੰਗ ਨੂੰ ਪੂਰਾ ਕਰਨ ਦੀ ਇੱਛਾ ਜਤਾਈ
ਦਿੱਲੀ ਹਾਟ ਵਿੱਚ ਰਾਸ਼ਟਰੀ ਕਬਾਇਲੀ ਉਤਸਵ “ਆਦੀ ਮਹੋਤਸਵ” ਦਾ ਉਦਘਾਟਨ ਕੀਤਾ
Posted On:
01 FEB 2021 6:56PM by PIB Chandigarh
ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਆਦਿਵਾਸੀਆਂ ਦੀ ਵਿਸ਼ੇਸ਼ ਪਹਿਚਾਣ ਨੂੰ ਸੁਰੱਖਿਅਤ ਰੱਖਣ ਆਲੇ ਵਿਕਾਸ ਦੇ ਇੱਕ ਨਮੂਨੇ ਦੀ ਮੰਗ ਕੀਤੀ। ਉਨ੍ਹਾਂ ਕਿਹਾ, “ਉਨ੍ਹਾਂ ਦਾ ਸੱਭਿਆਚਾਰ ਉਨ੍ਹਾਂ ਦੀ ਪਹਿਚਾਣ ਹੈ” ਅਤੇ ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਆਦਿਵਾਸੀਆਂ ਨੂੰ ਮੁੱਖ ਧਾਰਾ ਵਿੱਚ ਲਿਆਉਂਦੇ ਹੋਏ ਇਹ ਸੱਭਿਆਚਾਰ ਬਰਕਰਾਰ ਰਹੇ।
ਨਵੀਂ ਦਿੱਲੀ ਦੇ ਦਿੱਲੀ ਹਾਟ ਵਿਖੇ ਰਾਸ਼ਟਰੀ ਕਬਾਇਲੀ ਉਤਸਵ “ਆਦੀ ਮਹੋਤਸਵ” ਦੇ ਉਦਘਾਟਨ ਤੋਂ ਬਾਅਦ ਅੱਜ ਇੱਕ ਫੇਸਬੁੱਕ ਪੋਸਟ ਵਿੱਚ ਉਪ ਰਾਸ਼ਟਰਪਤੀ ਨੇ ਕਿਹਾ ਕਿ ਕਬਾਇਲੀ ਸੱਭਿਆਚਾਰ ਦਾ ਕੋਈ ਨੁਕਸਾਨ ਮਾਨਵਤਾ ਦਾ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੋਵੇਗਾ। ਇਹ ਦੇਖਦਿਆਂ ਕਿ ਆਦੀਵਾਸੀ ਵਿਕਾਸ ਦੇ ਖੇਤਰ ਵਿੱਚ ਵਿਲੱਖਣ ਚੁਣੌਤੀਆਂ ਹਨ, ਉਨ੍ਹਾਂ ਕਿਹਾ ਕਿ ਸਰਕਾਰ ਨੇ ਹਮੇਸ਼ਾਂ ਇੱਕ ਵਿਸ਼ੇਸ਼ ਚਿੰਤਾ ਨਾਲ ਆਦਿਵਾਸੀਆਂ ਨਾਲ ਸਲੂਕ ਕੀਤਾ ਹੈ।
ਸ਼ਹਿਰੀ ਮੁੱਖਧਾਰਾ ਦੇ ਰਵੱਈਏ ਨੂੰ ਨਕਾਰਦਿਆਂ, ਜੋ ਕਿ ਅਕਸਰ ਇਸ ਵਿਸ਼ਵਾਸ਼ ਨਾਲ ਦਰਸਾਇਆ ਜਾਂਦਾ ਹੈ ਕਿ ਉਨ੍ਹਾਂ ਕੋਲ ਕਬੀਲਿਆਂ ਦੇ ਵਿਕਾਸ ਲਈ ਸਹਾਇਤਾ ਕਰਨ ਲਈ ਬਹੁਤ ਕੁਝ ਹੈ, ਸ਼੍ਰੀ ਨਾਇਡੂ ਨੇ ਕਿਹਾ, “ਜੋ ਅਸੀਂ ਆਮ ਤੌਰ 'ਤੇ ਭੁੱਲ ਜਾਂਦੇ ਹਾਂ ਉਹ ਇਹ ਹੈ ਕਿ ਅਸਲ ਵਿੱਚ ਕਬੀਲਿਆਂ ਕੋਲ ਸ਼ਹਿਰੀ ਅਬਾਦੀ ਨੂੰ ਸਿਖਾਉਣ ਲਈ ਬਹੁਤ ਕੁਝ ਹੈ।” ਉਨ੍ਹਾਂ ਕਬੀਲਿਆਂ ਨਾਲ ਵਰਤਣ ਵੇਲੇ ਖੁੱਲਾ ਮਨ ਰੱਖਣ ਅਤੇ ਨਿਮਰਤਾ ਦੀ ਪਾਲਣਾ ਕਰਨ ਲਈ ਕਿਹਾ।
ਇਹ ਦੱਸਦੇ ਹੋਏ ਕਿ ਆਦਿਵਾਸੀ ਮੂਲ ਵਾਸੀ ਹਨ, ਉਪ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦੀ ਜੀਵਨ ਜਾਚ ਮੁੱਢਲੀ ਸਚਾਈ, ਸਦੀਵੀ ਕਦਰਾਂ-ਕੀਮਤਾਂ ਅਤੇ ਕੁਦਰਤੀ ਸਾਦਗੀ ਦੁਆਰਾ ਪ੍ਰੇਰਿਤ ਹੁੰਦੀ ਹੈ। ਉਨ੍ਹਾਂ ਕਿਹਾ, “ਕਬੀਲਿਆਂ ਦੀ ਮਹਾਨਤਾ ਇਸ ਤੱਥ ਵਿੱਚ ਹੈ ਕਿ ਉਹ ਆਪਣੀ ਮੁੱਢਲੀ ਅਤੇ ਕੁਦਰਤੀ ਸਰਲਤਾ ਨੂੰ ਬਰਕਰਾਰ ਰੱਖਣ ਵਿੱਚ ਕਾਮਯਾਬ ਰਹੇ ਹਨ” ਅਤੇ ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਗੁਣ ਉਨ੍ਹਾਂ ਦੀਆਂ ਕਲਾਵਾਂ ਅਤੇ ਸ਼ਿਲਪਕਲਾ ਨੂੰ ਇੱਕ ਸਦੀਵੀ ਅਪੀਲ ਦਿੰਦਾ ਹੈ। ਉਨ੍ਹਾਂ ਮਹਿਸੂਸ ਕੀਤਾ ਕਿ ਮਿੱਟੀ ਅਤੇ ਕੁਦਰਤ ਨਾਲ ਜੁੜੀ ਕਬਾਇਲੀ ਦਸਤਕਾਰੀ ਤੁਰੰਤ ਸਾਡੇ ਸਾਰਿਆਂ ਵਿੱਚ ਮੂਲ ਬਿਰਤੀ ਨੂੰ ਛੂਹ ਲੈਂਦੀ ਹੈ।
ਕਬਾਇਲੀ ਦਸਤਕਾਰੀ ਦੀ ਵਿਸ਼ਾਲ ਸ਼੍ਰੇਣੀ ਦਾ ਨੋਟਿਸ ਲੈਂਦਿਆਂ, ਉਪ ਰਾਸ਼ਟਰਪਤੀ ਨੇ ਉਨ੍ਹਾਂ ਦੇ ਉਤਪਾਦਾਂ ਨੂੰ ਉਤਸ਼ਾਹਿਤ ਅਤੇ ਪ੍ਰਸਿੱਧ ਕਰਨ ਅਤੇ ਉਨ੍ਹਾਂ ਦੇ ਆਮਦਨੀ ਦੇ ਸਰੋਤਾਂ ਨੂੰ ਬਿਹਤਰ ਬਣਾਉਣ ਲਈ ਆਦਿਵਾਸੀਆਂ ਦੇ ਕੁਦਰਤੀ ਹੁਨਰਾਂ ਦੇ ਨਵੀਨੀਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਬਾਇਲੀ ਕਾਰੀਗਰਾਂ ਅਤੇ ਨਾਮਵਰ ਸੰਗਠਨਾਂ ਦੇ ਮੁੱਖ ਧਾਰਾ ਦੇ ਡਿਜ਼ਾਈਨਰਾਂ ਵਿਚਾਲੇ ਆਪਸੀ ਤਾਲਮੇਲ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੀ ਸ਼ਲਾਘਾ ਕੀਤੀ। ਇਨ੍ਹਾਂ ਦੋਵਾਂ ਵਿਚਾਲੇ ਮੇਲ-ਮਿਲਾਪ ਉੱਤਮ ਆਲਮੀ ਬਜ਼ਾਰ ਲਈ ਕਲਾ ਅਤੇ ਸ਼ਿਲਪਕਲਾ ਦੇ ਬਜ਼ਾਰ ਯੋਗ ਉਤਪਾਦ ਪੈਦਾ ਕਰ ਸਕਦਾ ਹੈ ਅਤੇ ਇਹ ਦੋਵਾਂ ਲਈ ਇੱਕ ਲਾਭਕਰੀ ਸਥਿਤੀ ਹੋਵੇਗੀ।
ਸ਼ਹਿਰਾਂ ਅਤੇ ਅੰਤਰਰਾਸ਼ਟਰੀ ਬਜ਼ਾਰ ਵਿੱਚ ਕਬਾਇਲੀ ਉਤਪਾਦਾਂ ਦੀ ਉੱਚ ਮੰਗ ਦੀ ਗੱਲ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਸ ਆਦੀ ਮਹਾਉਤਸਵ ਵਰਗੇ ਸਮਾਗਮ ਇਸ ਸਬੰਧ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਅਦਾ ਕਰਨਗੇ। ਉਨ੍ਹਾਂ ਨੇ ਟ੍ਰਾਈਬਲ ਕੋਆਪਰੇਟਿਵ ਮਾਰਕਿਟਿੰਗ ਡਿਵੈਲਪਮੈਂਟ ਫੈਡਰੇਸ਼ਨ ਆਵ੍ ਇੰਡੀਆ (ਟ੍ਰਾਈਫੈੱਡ) ਦੀ ਕਬਾਇਲੀ ਭਾਈਚਾਰੇ ਦੇ ਆਰਥਿਕ ਸਸ਼ਕਤੀਕਰਨ ਲਈ ਮਹੱਤਵਪੂਰਨ ਕੰਮ ਕਰਨ ਲਈ ਕਾਰੋਬਾਰ ਨੂੰ ਅੱਗੇ ਲਿਜਾਣ ਲਈ ਈ-ਕਮਰਸ ਅਤੇ ਡਿਜੀਟਲ ਪਲੈਟਫਾਰਮ ਨੂੰ ਉਤਸ਼ਾਹਿਤ ਕਰਨ ਦੀ ਸ਼ਲਾਘਾ ਕੀਤੀ।
ਸ਼੍ਰੀ ਨਾਇਡੂ ਨੇ ਇਹ ਵੀ ਕਿਹਾ ਕਿ ਜੈਵਿਕ ਭੋਜਨ ਪਦਾਰਥਾਂ ਦੀ ਮੰਗ ਵੱਧ ਰਹੀ ਹੈ ਅਤੇ ਟ੍ਰਾਈਫੈੱਡ ਨੂੰ ਲਾਜ਼ਮੀ ਤੌਰ 'ਤੇ ਇਸ ਮੰਡੀ ਵਿੱਚ ਦਖਲ ਦੇਣਾ ਚਾਹੀਦਾ ਹੈ। ਉਨ੍ਹਾਂ ਟ੍ਰਾਈਫੈੱਡ ਵਲੋਂ ਇਹ ਯਕੀਨੀ ਬਣਾਉਣ ਦੀ ਇੱਛਾ ਜ਼ਾਹਰ ਕੀਤੀ ਕਿ ਉੱਚ ਕੀਮਤਾਂ ਦਾ ਲਾਭ ਕਬਾਇਲੀ ਲੋਕਾਂ ਤੱਕ ਪਹੁੰਚੇ।
ਇਹ ਨੋਟ ਕਰਦਿਆਂ ਕਿ ਆਦੀਵਾਸੀ ਦੇਸ਼ ਦੀ 8% ਆਬਾਦੀ ਤੋਂ ਵੱਧ ਹਨ, ਉਪ ਰਾਸ਼ਟਰਪਤੀ ਨੇ ਕਿਹਾ ਕਿ ਕਬੀਲਿਆਂ ਦਾ ਵਿਕਾਸ ਸਰਵ ਵਿਆਪਕ ਵਿਕਾਸ ਦੇ ਰਾਸ਼ਟਰੀ ਉਦੇਸ਼ ਦਾ ਇੱਕ ਮਹੱਤਵਪੂਰਨ ਫੋਕਸ ਖੇਤਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਡਾ ਸੰਵਿਧਾਨ ਸਾਡੇ ਆਦਿਵਾਸੀ ਭਰਾਵਾਂ ਅਤੇ ਭੈਣਾਂ ਦੀਆਂ ਵਿਸ਼ੇਸ਼ ਲੋੜਾਂ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਸਰਕਾਰ ਨੂੰ ਦਿੰਦਾ ਹੈ।
ਆਦੀ ਮਹਾਉਤਸਵ ਦੇ ਆਯੋਜਨ ਲਈ ਕਬਾਇਲੀ ਮਾਮਲੇ ਮੰਤਰਾਲੇ ਅਤੇ ਟ੍ਰਾਈਫੈੱਡ ਨੂੰ ਮੁਬਾਰਕਬਾਦ ਦਿੰਦਿਆਂ ਉਪ ਰਾਸ਼ਟਰਪਤੀ ਨੇ ਆਦੀਵਾਸੀ ਕਾਰੀਗਰਾਂ ਅਤੇ ਵਨ ਧਨ ਸਪਲਾਇਰਾਂ ਨੂੰ ਅਪੀਲ ਕੀਤੀ ਕਿ ਉਹ ਹੋਰ ਕਾਰੀਗਰਾਂ ਅਤੇ ਬਜ਼ਾਰ ਚਾਲਕਾਂ ਨਾਲ ਸਬੰਧ ਬਣਾਉਣ ਲਈ ਇਸ ਮੌਕੇ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ।
ਇਸ ਤੋਂ ਪਹਿਲਾਂ ਉਪ-ਰਾਸ਼ਟਰਪਤੀ ਵੱਖ-ਵੱਖ ਸਟਾਲਾਂ 'ਤੇ ਗਏ ਅਤੇ ਪ੍ਰਦਰਸ਼ਨ ਵਿੱਚ ਉਤਪਾਦਾਂ ਦੀ ਵਿਸ਼ਾਲ ਸ਼੍ਰੇਣੀ 'ਤੇ ਆਪਣੀ ਖੁਸ਼ੀ ਜ਼ਾਹਰ ਕੀਤੀ।
ਕੇਂਦਰੀ ਕਬਾਇਲੀ ਮਾਮਲੇ ਮੰਤਰੀ ਸ਼੍ਰੀ ਅਰਜੁਨ ਮੁੰਡਾ, ਕਬਾਇਲੀ ਮਾਮਲਿਆਂ ਬਾਰੇ ਕੇਂਦਰੀ ਰਾਜ ਮੰਤਰੀ ਸ਼੍ਰੀਮਤੀ ਰੇਨੁਕਾ ਸਿੰਘ ਸਰੂਤਾ, ਕਬਾਇਲੀ ਮਾਮਲਿਆਂ ਦੇ ਸਕੱਤਰ ਸ਼੍ਰੀ ਐੱਸ ਸੁਬਰਾਮਣੀਅਮ, ਟ੍ਰਾਈਫੈੱਡ ਦੇ ਚੇਅਰਮੈਨ ਸ਼੍ਰੀ ਆਰ ਸੀ ਮੀਨਾ ਅਤੇ ਟ੍ਰਾਈਫੈੱਡ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਪ੍ਰਵੀਨ ਕ੍ਰਿਸ਼ਨ ਇਸ ਮੌਕੇ ਹਾਜ਼ਰ ਸਨ।
****
ਐੱਮਐੱਸ/ਆਰਕੇ/ਡੀਪੀ
(Release ID: 1694298)
Visitor Counter : 110