ਵਿੱਤ ਮੰਤਰਾਲਾ

ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਜੀਐੱਸਟੀ ਨੂੰ ਅਸਾਨ ਬਣਾਉਣ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ


ਕਸਟਮ ਡਿਊਟੀ ਢਾਂਚੇ ਵਿੱਚ ਵਿਆਪਕ ਬਦਲਾਅ ਕੀਤਾ ਜਾਵੇਗਾ, 400 ਪੁਰਾਣੀਆਂ ਰਿਆਇਤਾਂ ਦੀ ਸਮੀਖਿਆ ਕੀਤੀ ਜਾਵੇਗੀ


ਕੁਝ ਮੋਬਾਈਲ ਪਾਰਟਸ, ਔਟੋ ਪਾਰਟਸ ਅਤੇ ਕਪਾਹ 'ਤੇ ਕਸਟਮਸ ਡਿਊਟੀ ਵਿੱਚ ਵਾਧੇ ਦਾ ਪ੍ਰਸਤਾਵ


ਸੋਲਰ ਸੈੱਲਾਂ / ਪੈਨਲਾਂ ਲਈ ਪੜਾਅ-ਬੱਧ ਨਿਰਮਾਣ ਯੋਜਨਾ ਅਧਿਸੂਚਿਤ ਕੀਤੀ ਜਾਵੇਗੀ


ਖੇਤੀਬਾੜੀ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਕੇਂਦਰੀ ਬਜਟ ਵਿੱਚ ਏਆਈਡੀਸੀ ਸੈੱਸ ਦਾ ਪ੍ਰਸਤਾਵ


ਐੱਮਐੱਸਐੱਮਈਜ਼ ਨੂੰ ਲਾਭ ਪਹੁੰਚਾਉਣ ਲਈ ਟੈਕਸੇਸ਼ਨ ਵਿੱਚ ਬਦਲਾਅ ਦਾ ਪ੍ਰਸਤਾਵ

Posted On: 01 FEB 2021 1:36PM by PIB Chandigarh

ਕਸਟਮ ਡਿਊਟੀ ਢਾਂਚੇ  ਨੂੰ ਵਿਵਸਥਿਤ ਬਣਾਉਣ, ਅਨੁਪਾਲਣ ਨੂੰ ਅਸਾਨ ਬਣਾਉਣ ਅਤੇ ਘਰੇਲੂ ਨਿਰਮਾਣ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਕੇਂਦਰੀ ਬਜਟ 2021-22 ਵਿੱਚ ਕਈ ਅਪ੍ਰਤੱਖ ਟੈਕਸਾਂ ਦੇ ਪ੍ਰਸਤਾਵ ਹਨ। ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ਕੇਂਦਰੀ ਬਜਟ 2021-22 ਨੂੰ ਪੇਸ਼ ਕੀਤਾ।

 

ਜੀਐੱਸਟੀ ਨੂੰ ਹੋਰ ਸਰਲ ਬਣਾਉਣਾ

 

ਸ਼੍ਰੀਮਤੀ ਸੀਤਾਰਮਣ ਨੇ ਆਪਣੇ ਬਜਟ ਭਾਸ਼ਣ ਵਿੱਚ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਵਿੱਚ  ਜੀਐੱਸਟੀ ਦੀ ਰਿਕਾਰਡ ਕਲੈਕਸ਼ਨ ਹੋਈ ਹੈ। ਉਨ੍ਹਾਂ ਕਿਹਾ ਕਿ ਜੀਐੱਸਟੀ ਨੂੰ ਹੋਰ ਸਰਲ ਬਣਾਉਣ ਲਈ ਕਈ ਉਪਰਾਲੇ ਕੀਤੇ ਗਏ ਹਨ। ਜੀਐੱਸਟੀਐੱਨ ਸਿਸਟਮ ਦੀ ਸਮਰੱਥਾ ਨੂੰ ਵਧਾਉਣ ਦਾ ਐਲਾਨ ਕੀਤਾ ਗਿਆ ਹੈ। ਟੈਕਸ ਚੋਰੀ ਕਰਨ ਵਾਲਿਆਂ ਅਤੇ ਨਕਲੀ ਬਿੱਲ ਬਣਾਉਣ ਵਾਲਿਆਂ ਦੀ ਪਹਿਚਾਣ ਕਰਨ ਲਈ ਡੂੰਘੇ ਵਿਸ਼ਲੇਸ਼ਣ ਅਤੇ ਆਰਟੀਫੀਸ਼ਲ ਇੰਟੈਲੀਜੈਂਸ ਦੀ ਤੈਨਾਤੀ ਕੀਤੀ ਗਈ ਹੈ। ਵਿੱਤ ਮੰਤਰੀ ਨੇ ਸਦਨ ਨੂੰ ਭਰੋਸਾ ਦਿਵਾਇਆ ਕਿ ਜੀਐੱਸਟੀ ਨੂੰ ਹੋਰ ਸੁਖਾਲਾ ਕਰਨ ਅਤੇ ਇਨਵਰਟਿਡ ਡਿਊਟੀ ਸਟ੍ਰਕਚਰ ਜਿਹੀਆਂ ਵਿਸੰਗਤੀਆਂ ਨੂੰ ਦੂਰ ਕਰਨ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ।

 

ਕਸਟਮ ਡਿਊਟੀ ਨੂੰ ਤਰਕਸੰਗਤ ਬਣਾਉਣਾ

 

ਕਸਟਮ ਡਿਊਟੀ ਪਾਲਿਸੀ ਦੇ ਮਸਲੇ 'ਤੇ ਵਿੱਤ ਮੰਤਰੀ ਨੇ ਕਿਹਾ ਕਿ ਇਸ ਨੀਤੀ ਦੇ ਦੋ ਉਦੇਸ਼ ਹਨ-ਘਰੇਲੂ ਨਿਰਮਾਣ ਨੂੰ ਉਤਸ਼ਾਹਿਤ ਕਰਨਾ ਅਤੇ ਭਾਰਤ ਨੂੰ ਗਲੋਬਲ ਵੈਲਿਊ ਚੇਨ ਵਿੱਚ ਸ਼ਾਮਿਲ ਹੋਣ ਦੇਣਾ ਤੇ ਨਿਰਯਾਤ ਵਧਾਉਣ ਵਿੱਚ ਸਹਾਇਤਾ ਕਰਨਾ। ਉਨ੍ਹਾਂ ਕਿਹਾ ਕਿ ਹੁਣ ਕੱਚੇ ਮਾਲ ਦੀ ਅਸਾਨ ਪਹੁੰਚ ਅਤੇ ਵੈਲਿਊ ਐਡਿਡ ਪ੍ਰੋਡਕਟਸ ਦੇ ਨਿਰਯਾਤ 'ਤੇ ਜ਼ੋਰ ਦਿੱਤਾ ਜਾਣਾ ਹੈ। ਇਸ ਸਬੰਧ ਵਿਚ, ਉਨ੍ਹਾਂ ਨੇ ਇਸ ਸਾਲ ਕਸਟਮ ਡਿਊਟੀ  ਢਾਂਚੇ ਵਿੱਚ 400 ਪੁਰਾਣੀਆਂ ਰਿਆਇਤਾਂ ਦੀ ਸਮੀਖਿਆ ਕਰਨ ਦਾ ਪ੍ਰਸਤਾਵ ਦਿੱਤਾ। ਉਨ੍ਹਾਂ ਐਲਾਨ ਕੀਤਾ ਕਿ ਵਿਆਪਕ ਪੱਧਰ ’ਤੇ ਸਲਾਹ-ਮਸ਼ਵਰਾ ਕੀਤਾ ਜਾਵੇਗਾ ਅਤੇ 1 ਅਕਤੂਬਰ, 2021 ਤੋਂ ਵਿਸੰਗਤੀ-ਮੁਕਤ, ਇੱਕ ਸੋਧਿਆ ਹੋਇਆ ਕਸਟਮ ਡਿਊਟੀ ਢਾਂਚਾ ਸਥਾਪਿਤ ਕੀਤਾ ਜਾਵੇਗਾ। ਉਨ੍ਹਾਂ ਇਹ ਪ੍ਰਸਤਾਵ ਵੀ ਦਿੱਤਾ ਕਿ ਇਸ ਤੋਂ ਬਾਅਦ  ਕਸਟਮ ਡਿਊਟੀ ਵਿੱਚ ਕੋਈ ਵੀ ਨਵੀਂ ਰਿਆਇਤ, ਜਾਰੀ ਹੋਣ ਦੀ ਮਿਤੀ ਤੋਂ 2 ਸਾਲ ਦੇ ਬਾਅਦ 31 ਮਾਰਚ ਤੱਕ ਹੀ ਵੈਲਿਡ ਰਹੇਗੀ।

 

ਇਲੈਕਟ੍ਰੌਨਿਕ ਅਤੇ ਮੋਬਾਈਲ ਫੋਨ ਉਦਯੋਗ

 

ਵਿੱਤ ਮੰਤਰੀ ਨੇ ਚਾਰਜਰਾਂ ਦੇ ਪੁਰਜ਼ਿਆਂ ਅਤੇ ਮੋਬਾਈਲਾਂ ਦੇ ਕਲਪੁਰਜ਼ਿਆਂ  'ਤੇ ਕੁਝ ਰਿਆਇਤਾਂ ਵਾਪਸ ਲੈਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ, ਮੋਬਾਈਲ ਦੇ ਕੁਝ ਕਲਪੁਰਜ਼ੇ “ਨਿਲ” ਰੇਟ ਤੋਂ ਸਧਾਰਨ 2.5 ਪ੍ਰਤੀਸ਼ਤ ਦੀ ਸ਼੍ਰੇਣੀ ਵਿੱਚ ਚਲੇ ਜਾਣਗੇ। ਉਨ੍ਹਾਂ ਨੇ ਮਿਸ਼ਰਿਤ ਧਾਤ, ਗੈਰ ਮਿਸ਼ਰਿਤ ਧਾਤ ਅਤੇ ਸਟੇਨਲੈੱਸ ਸਟੀਲ ਦੇ ਲੰਬੇ ਉਤਪਾਦਾਂ ਉੱਤੇ ਇੱਕ ਸਮਾਨ 7.5 ਪ੍ਰਤੀਸ਼ਤ ਕਸਟਮ ਡਿਊਟੀ ਘੱਟ ਕਰਨ ਦਾ ਐਲਾਨ ਕੀਤਾ। ਮੰਤਰੀ ਨੇ 31 ਮਾਰਚ 2022 ਤੱਕ ਦੇ ਅਰਸੇ ਲਈ ਸਟੀਲ ਦੇ ਸਕ੍ਰੈਪ 'ਤੇ ਡਿਊਟੀ  'ਤੇ ਛੂਟ ਦੇਣ ਦਾ ਪ੍ਰਸਤਾਵ ਰੱਖਿਆ। ਸ਼੍ਰੀਮਤੀ ਸੀਤਾਰਮਣ ਨੇ ਕੁਝ ਸਟੀਲ ਉਤਪਾਦਾਂ 'ਤੇ ਏਡੀਡੀ ਅਤੇ ਸੀਵੀਡੀ ਨੂੰ ਵੀ ਰੱਦ ਕਰ ਦਿੱਤਾ। ਉਨ੍ਹਾਂ ਨੇ ਤਾਂਬੇ ਦੇ ਸਕ੍ਰੈਪ ਉੱਤੇ 5% ਤੋਂ ਘਟਾ ਕੇ 2.5%  ਡਿਊਟੀ ਦਾ ਐਲਾਨ ਕੀਤਾ।

 

ਟੈਕਸਟਾਈਲ / ਰਸਾਇਣ / ਸੋਨਾ ਅਤੇ ਚਾਂਦੀ

 

ਵਿੱਤ ਮੰਤਰੀ ਨੇ ਮਨੁੱਖ ਦੁਆਰਾ ਬਣਾਏ ਟੈਕਸਟਾਈਲ  ਵਿੱਚ ਲੱਗਣ ਵਾਲੇ ਕੱਚੇ ਮਾਲ  'ਤੇ ਡਿਊਟੀ ਨੂੰ ਤਰਕਸੰਗਤ ਬਣਾਉਣ ਦੀ ਜ਼ਰੂਰਤ ਦਾ ਉੱਲੇਖ ਕਰਦਿਆਂ ਨਾਈਲੋਨ ਚੇਨ ਨੂੰ ਪੋਲਿਸਟਰ ਅਤੇ ਹੋਰ ਮਨੁੱਖ ਵੱਲੋਂ ਤਿਆਰ ਕੀਤੇ ਰੇਸ਼ਿਆਂ ਦੇ ਬਰਾਬਰ ਲਿਆਉਣ ਦਾ ਐਲਾਨ ਕੀਤਾ। ਨਾਲ ਹੀ ਕੈਪਰੋਲੈਕਟਮ, ਨਾਈਲੋਨ ਚਿਪਸ ਅਤੇ ਨਾਈਲੋਨ ਫਾਈਬਰ ਅਤੇ ਉਸ ਦੇ ਧਾਗੇ 'ਤੇ ਬੀਸੀਡੀ ਰੇਟਾਂ ਨੂੰ ਇੱਕ ਸਮਾਨ ਘੱਟ ਕਰਦਿਆਂ  5 ਪ੍ਰਤੀਸ਼ਤ ਕਰਨ ਦਾ ਐਲਾਨ ਕਰਦਿਆਂ ਮੰਤਰੀ ਨੇ ਕਿਹਾ ਕਿ ਇਸ ਨਾਲ ਟੈਕਸਟਾਈਲ ਉਦਯੋਗ, ਐੱਮਐੱਸਐੱਮਈ ਅਤੇ ਨਿਰਯਾਤ ਵਿੱਚ ਵੀ ਸਹਾਇਤਾ ਮਿਲੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ  ਰਸਾਇਣਾਂ ਉੱਤੇ  ਕਸਟਮ ਡਿਊਟੀ  ਦਰ ਘਟਾਉਣ ਦਾ ਐਲਾਨ ਵੀ ਕੀਤਾ ਤਾਕਿ ਘਰੇਲੂ ਵੈਲਿਊ ਅਡੀਸ਼ਨ ਨੂੰ ਪ੍ਰੋਤਸਾਹਨ ਮਿਲੇ ਅਤੇ ਬੇਤਰਤੀਬੀ ਨੂੰ ਹਟਾਇਆ ਜਾ ਸਕੇ। ਮੰਤਰੀ ਨੇ ਸੋਨੇ ਅਤੇ ਚਾਂਦੀ 'ਤੇ ਕਸਟਮ ਡਿਊਟੀ ਨੂੰ ਤਰਕਸੰਗਤ ਬਣਾਏ ਜਾਣ ਦਾ ਐਲਾਨ ਵੀ ਕੀਤਾ।

 

ਅਖੁੱਟ ਊਰਜਾ

 

ਵਿੱਤ ਮੰਤਰੀ ਨੇ ਕਿਹਾ ਕਿ ਘਰੇਲੂ ਸਮਰੱਥਾ ਵਧਾਉਣ ਵਾਸਤੇ ਸੋਲਰ ਸੈੱਲਾਂ ਅਤੇ ਸੋਲਰ ਪੈਨਲਾਂ ਲਈ ਪੜਾਅਬੱਧ ਨਿਰਮਾਣ ਯੋਜਨਾ ਨੂੰ ਅਧਿਸੂਚਿਤ ਕੀਤਾ ਜਾਵੇਗਾ। ਉਨ੍ਹਾਂ ਸੋਲਰ ਇਨਵਰਟਰਾਂ ਉੱਤੇ ਡਿਊਟੀ 5 ਪ੍ਰਤੀਸ਼ਤ ਤੋਂ ਵਧਾ ਕੇ 20 ਪ੍ਰਤੀਸ਼ਤ ਕਰਨ ਅਤੇ ਸੋਲਰ ਲਾਲਟੇਨ ਉੱਤੇ 5% ਤੋਂ ਵਧਾ ਕੇ 15 ਪ੍ਰਤੀਸ਼ਤ ਕਰਨ ਦਾ ਐਲਾਨ ਕੀਤਾ।

 

ਮੁੱਖ ਉਪਕਰਣ

 

ਵਿੱਤ ਮੰਤਰੀ ਨੇ ਆਪਣੇ ਬਜਟ ਭਾਸ਼ਣ ਵਿੱਚ ਕਿਹਾ ਕਿ ਭਾਰੀ ਪੂੰਜੀਗਤ ਉਪਕਰਣਾਂ  ਦੇ ਘਰੇਲੂ  ਨਿਰਮਾਣ ਵਿੱਚ ਅਥਾਹ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਰੇਟ ਸਟ੍ਰਕਚਰ ਦੀ ਬਾਰੀਕੀ ਨਾਲ ਸਮੀਖਿਆ ਕੀਤੀ ਜਾਵੇਗੀ। ਉਨ੍ਹਾਂ ਸੁਰੰਗ ਬੋਰਿੰਗ ਮਸ਼ੀਨ 'ਤੇ ਛੋਟ ਵਾਪਸ ਲੈਣ ਦਾ ਪ੍ਰਸਤਾਵ ਦਿੱਤਾ। ਇਸ ’ਤੇ  7.5% ਕਸਟਮ ਡਿਊਟੀ ਲਗੇਗੀ; ਅਤੇ ਇਸਦੇ ਪੁਰਜ਼ਿਆਂ ਉੱਤੇ 2.5% ਦੀ ਡਿਊਟੀ ਲਗੇਗੀ ਜਦੋਂਕਿ ਕੁਝ ਆਟੋ ਪਾਰਟਸ 'ਤੇ ਕਸਟਮ ਡਿਊਟੀ ਨੂੰ ਵਧਾ ਕੇ 15% ਕਰ ਦਿੱਤਾ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਆਟੋ ਪਾਰਟਸ 'ਤੇ ਲਗੀ ਆਮ ਦਰ ਦੇ  ਬਰਾਬਰ ਲਿਆਂਦਾ ਜਾ ਸਕੇ।

 

ਐੱਮਐੱਸਐੱਮਈ ਉਤਪਾਦ

 

ਬਜਟ ਵਿੱਚ ਐੱਮਐੱਸਐੱਮਈਜ਼ ਨੂੰ ਲਾਭ ਪਹੁੰਚਾਉਣ ਲਈ ਕੁਝ ਤਬਦੀਲੀਆਂ ਦੀ ਤਜਵੀਜ਼ ਰੱਖੀ ਗਈ ਜਿਨ੍ਹਾਂ ਵਿੱਚ ਸਟੀਲ ਦੇ ਪੇਚਾਂ, ਪਲਾਸਟਿਕ ਦੀਆਂ ਵਸਤਾਂ ਅਤੇ ਝੀਂਗ ਫੀਡ ਉੱਤੇ 15% ਤੱਕ ਦਾ ਵਾਧਾ ਸ਼ਾਮਲ ਹੈ। ਨਾਲ ਹੀ ਗਾਰਮੈਂਟਸ, ਚਮੜੇ ਅਤੇ ਦਸਤਕਾਰੀ ਵਸਤਾਂ ਦੇ ਨਿਰਯਾਤਕਾਂ ਨੂੰ ਪ੍ਰੋਤਸਾਹਿਤ ਕਰਨ ਲਈ ਡਿਊਟੀ ਮੁਕਤ ਵਸਤਾਂ ਦੇ ਆਯਾਤ 'ਤੇ ਛੋਟ ਨੂੰ ਤਰਕਸੰਗਤ ਬਣਾਉਣ ਦਾ ਵੀ ਐਲਾਨ ਕੀਤਾ ਗਿਆ। ਇਸ ਵਿੱਚ ਇਹ ਵੀ ਵਿਵਸਥਾ ਕੀਤੀ ਗਈ ਹੈ ਕਿ ਚਮੜੇ ਦੀਆਂ ਕੁਝ ਕਿਸਮਾਂ  ਦੇ ਆਯਾਤ 'ਤੇ ਛੋਟ ਵਾਪਸ ਲਈ ਜਾਵੇ ਅਤੇ ਸਿੰਥੈਟਿਕ ਰਤਨਾਂ 'ਤੇ ਕਸਟਮ ਡਿਊਟੀ ਵਧਾ ਦਿੱਤੀ ਜਾਵੇ।

 

ਖੇਤੀਬਾੜੀ ਉਤਪਾਦ

 

ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਵਿੱਤ ਮੰਤਰੀ ਨੇ ਕਪਾਹ ਉੱਤੇ ਕਸਟਮ ਡਿਊਟੀ 10% ਅਤੇ ਕੱਚੇ ਰੇਸ਼ਮ ਅਤੇ ਰੇਸ਼ਮ ਦੇ ਧਾਗੇ ਉੱਤੇ 15% ਕਰਨ ਦਾ ਐਲਾਨ ਕੀਤਾ। 

 

ਖੇਤੀਬਾੜੀ ਬੁਨਿਆਦੀ ਢਾਂਚਾ ਅਤੇ ਵਿਕਾਸ ਸੈੱਸ

 

ਮੰਤਰੀ ਨੇ ਕੁਝ ਇੱਕ ਵਸਤਾਂ 'ਤੇ ਖੇਤੀਬਾੜੀ ਬੁਨਿਆਦੀ ਢਾਂਚਾ ਅਤੇ ਵਿਕਾਸ ਸੈੱਸ (ਏਆਈਡੀਸੀ) ਦਾ ਪ੍ਰਸਤਾਵ ਰੱਖਿਆ। ਉਨ੍ਹਾਂ ਕਿਹਾ, “ ਇਹ ਸੈੱਸ ਲਗਾਉਂਦੇ ਸਮੇਂ, ਅਸੀਂ ਧਿਆਨ ਰੱਖਿਆ ਹੈ ਕਿ ਜ਼ਿਆਦਾਤਰ ਚੀਜ਼ਾਂ ਦੇ ਸਬੰਧ ਵਿੱਚ ਉਪਭੋਗਤਾ ਉੱਤੇ ਵਾਧੂ ਬੋਝ ਨਾ ਪਏ”। ਏਆਈਡੀਸੀ ਦੇ ਤਹਿਤ  ਵਸਤਾਂ ਵਿੱਚ ਸੋਨਾ, ਚਾਂਦੀ, ਅਲਕੋਹਲ ਵਾਲੀਆਂ ਚੀਜ਼ਾਂ, ਕੱਚੇ ਪਾਮ ਦਾ ਤੇਲ, ਕੱਚੇ ਸੋਇਆਬੀਨ ਅਤੇ ਸੂਰਜਮੁਖੀ ਦਾ ਤੇਲ, ਸੇਬ, ਕੋਲਾ, ਲਿਗਨਾਈਟ ਅਤੇ ਖਾਦ, ਮਟਰ, ਕਾਬੁਲੀ ਚਨਾ, ਦਾਲ ਅਤੇ ਕਪਾਹ ਸ਼ਾਮਿਲ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਚੀਜ਼ਾਂ ਲਈ ਉਪਭੋਗਤਾ 'ਤੇ ਕੋਈ ਅਤਿਰਿਕਤ ਭਾਰ ਨਹੀਂ ਪਏਗਾ।

 

ਐਕਸਾਈਜ਼ ਦੇ ਮਾਮਲੇ ਵਿੱਚ,  ਪੈਟਰੋਲ 'ਤੇ 2.5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਤੇ 4 ਰੁਪਏ ਪ੍ਰਤੀ ਲੀਟਰ ਏਆਈਡੀਸੀ ਲਗਾਇਆ ਗਿਆ ਹੈ।  ਹਾਲਾਂਕਿ, ਬਜਟ ਵਿੱਚ ਪੈਟਰੋਲ ਅਤੇ ਡੀਜ਼ਲ 'ਤੇ ਬੇਸਿਕ ਐਕਸਾਈਜ਼ ਡਿਊਟੀ (ਬੀਈਡੀ) ਅਤੇ ਸਪੈਸ਼ਲ ਐਡੀਸ਼ਨਲ ਐਕਸਾਈਜ਼ ਡਿਊਟੀ (ਐੱਸਏਈਡੀ) ਦੀਆਂ ਦਰਾਂ ਘਟਾ ਦਿੱਤੀਆਂ ਗਈਆਂ ਹਨ ਜਿਸ ਨਾਲ ਉਪਭੋਗਤਾ ਉੱਤੇ ਕੋਈ ਵਾਧੂ ਬੋਝ ਨਹੀਂ ਪਵੇਗਾ। ਬਰਾਂਡ ਰਹਿਤ ਪੈਟਰੋਲ ਅਤੇ ਡੀਜ਼ਲ ਉੱਤੇ ਕ੍ਰਮਵਾਰ 1.4  ਰੁਪਏ ਅਤੇ 1.8 ਰੁਪਏ ਪ੍ਰਤੀ ਲੀਟਰ ਬੀਈਡੀ ਲਗੇਗਾ, ਜਦੋਂਕਿ ਉਨ੍ਹਾਂ 'ਤੇ ਐੱਸਏਈਡੀ ਕ੍ਰਮਵਾਰ 11 ਰੁਪਏ ਅਤੇ 8 ਰੁਪਏ ਪ੍ਰਤੀ ਲੀਟਰ ਲਗੇਗਾ।

 

ਕਾਰਜ-ਪ੍ਰਣਾਲੀਆਂ ਨੂੰ ਤਰਕਸੰਗਤ ਬਣਾਉਣ ਅਤੇ ਅਨੁਪਾਲਣ ਨੂੰ ਅਸਾਨ ਕਰਨ ਦੇ ਬਾਰੇ ਵਿੱਚ, ਵਿੱਤ ਮੰਤਰੀ ਨੇ ਏਡੀਡੀ ਅਤੇ ਸੀਵੀਡੀ  ਲੇਵੀ ਨਾਲ ਸਬੰਧਿਤ ਵਿਵਸਥਾਵਾਂ ਵਿੱਚ ਕੁਝ ਤਬਦੀਲੀਆਂ ਕਰਨ ਦਾ ਪ੍ਰਸਤਾਵ ਰੱਖਿਆ। ਉਨ੍ਹਾਂ ਇਹ ਵੀ ਕਿਹਾ ਕਿ ਕਸਟਮ ਡਿਊਟੀ ਦੀ ਜਾਂਚ ਨੂੰ ਪੂਰਾ ਕਰਨ ਲਈ ਨਿਸ਼ਚਿਤ ਸਮਾਂ-ਸੀਮਾ ਨਿਰਧਾਰਿਤ ਕੀਤੀ ਜਾ ਰਹੀ ਹੈ। ਮੰਤਰੀ ਨੇ ਕਿਹਾ ਕਿ  2020 ਵਿੱਚ ਸ਼ੁਰੂ ਕੀਤੀ ਤੁਰੰਤ ਕਸਟਮ ਪਹਿਲ ਨਾਲ ਐੱਫਟੀਏਜ਼ ਦੀ ਦੁਰਵਰਤੋਂ 'ਤੇ ਰੋਕ ਲਗਾਉਣ ਵਿਚ ਸਹਾਇਤਾ ਮਿਲੀ ਹੈ।

   

 

******

 

ਆਰਐੱਮ / ਵਾਈਬੀ / ਏਏ / ਐੱਸਜੇ / ਵਾਈਕੇ(Release ID: 1694229) Visitor Counter : 214