ਸਿੱਖਿਆ ਮੰਤਰਾਲਾ
ਕੇਂਦਰੀ ਸਿੱਖਿਆ ਮੰਤਰੀ ਨੇ ਆਸੀਆਨ ਇੰਡੀਆ ਹੈਕਾਥਾਨ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕੀਤਾ
Posted On:
01 FEB 2021 11:36AM by PIB Chandigarh
ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਅੱਜ ਆਸੀਆਨ ਇੰਡੀਆ ਹੈਕਾਥਾਨ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕੀਤਾ। ਇਸ ਮੌਕੇ ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਸਿੱਖਿਆ ਮੰਤਰਾਲਾ ਨੇ ਭਾਰਤ ਅਤੇ ਆਸੀਆਨ ਦੇ ਸੰਬੰਧਾਂ ਨੂੰ ਅੱਗੇ ਲਿਜਾਣ ਲਈ ਅੱਜ ਆਸੀਆਨ ਇੰਡੀਆ ਹੈਕਾਥਾਨ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ 2019 ਵਿਚ ਸਿੰਗਾਪੁਰ ਇੰਡੀਆ ਹੈਕਾਥਾਨ ਦਾ ਚੇਤਾ ਕਰਵਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਸੀਆਨ ਦੇਸ਼ਾਂ ਨਾਲ ਇਕ ਹੈਕਾਥਾਨ ਆਯੋਜਿਤ ਕਰਨ ਬਾਰੇ ਆਪਣੀਆਂ ਭਾਵਨਾਵਾਂ ਵਿਅਕਤ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਇਹ ਹੈਕਾਥਾਨ ਭਾਰਤ ਅਤੇ ਆਸੀਆਨ ਦੇਸ਼ਾਂ ਨੂੰ ਬਲਿਊ ਇਕਾਨੋਮੀ ਅਤੇ ਸਿੱਖਿਆ ਦੇ ਦੋ ਵਿਸ਼ਾਲ ਵਿਸ਼ਿਆਂ ਅਧੀਨ ਪਛਾਣੀਆਂ ਗਈਆਂ ਸਾਂਝੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਇਕ ਨਿਵੇਕਲਾ ਮੌਕਾ ਪ੍ਰਦਾਨ ਕਰੇਗੀ ਅਤੇ ਇਸ ਦੇ ਨਾਲ ਹੀ ਇਹ ਸਿੱਖਿਆ, ਵਿਗਿਆਨ ਅਤੇ ਟੈਕਨੋਲੋਜੀ ਵਿਚ ਸਹਿਯੋਗ ਰਾਹੀਂ ਉਨ੍ਹਾਂ ਵਾਸਤੇ ਆਰਥਿਕ ਅਤੇ ਸੱਭਿਆਚਾਰਕ ਮੌਕੇ ਪ੍ਰਦਾਨ ਕਰੇਗੀ। ਇਹ ਹੈਕਾਥਾਨ ਸਾਡੇ ਸੱਭਿਆਚਾਰ ਦੇ ਛੇ ਬੁਨਿਆਦੀ ਗੁਣਾਂ ਦਾ ਨਿਰਮਾਣ ਕਰੇਗੀ : ਜਿਨ੍ਹਾਂ ਵਿਚ ਮਾਨ-ਸਨਮਾਨ, ਗੱਲਬਾਤ, ਸਹਿਯੋਗ, ਸ਼ਾਂਤੀ, ਖੁਸ਼ਹਾਲੀ ਅਤੇ ਨਵੀਨਤਾਕਾਰੀ ਸ਼ਾਮਿਲ ਹੈ।
ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਭਾਰਤ-ਆਸੀਆਨ ਦੇ ਸੰਬੰਧਾਂ ਦੀ ਬੁਨਿਆਦ ਸਾਂਝੇ ਵਿਸ਼ਵਾਸਾਂ, ਧਰਮਾਂ ਅਤੇ ਸੱਭਿਆਚਾਰ ਵਿਚ ਹੈ। ਉਨ੍ਹਾਂ ਕਿਹਾ ਕਿ ਇਕ ਵਿਸ਼ਾਲ ਲੋਕਤੰਤਰ ਅਤੇ ਖਿੱਤੇ ਦਾ ਡੈਮੋਗ੍ਰਾਫਿਕ ਦੇਸ਼ ਹੋਣ ਦੇ ਨਾਤੇ ਇਸ ਦੀ ਨੈਤਿਕ ਜ਼ਿੰਮੇਵਾਰੀ ਆਸੀਆਨ ਭਾਈਚਾਰੇ ਨੂੰ ਲੀਡ ਕਰਨਾ ਹੈ। ਇਸ਼ ਸੰਦਰਭ ਵਿਚ ਉਨ੍ਹਾਂ ਇਸ ਗੱਲ ਦਾ ਜ਼ਿਕਰ ਕੀਤਾ ਕਿ ਭਾਰਤ ਕੋਵਿਡ ਟੀਕੇ ਉਪਲਬਧ ਕਰਵਾ ਕੇ ਆਸੀਆਨ ਦੇਸ਼ਾਂ ਦੀ ਸਹਾਇਤਾ ਕਰ ਰਿਹਾ ਹੈ। ਮਜ਼ਬੂਤ ਵਿੱਦਿਅਕ ਅਤੇ ਖੋਜ ਸੰਬੰਧਾਂ ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਆਈਆਈਟੀ, ਦਿੱਲੀ ਅਤੇ ਤੇਜਪੁਰ ਵਰਗੀਆਂ ਕਈ ਭਾਰਤੀ ਯੂਨਿਵਰਸਿਟੀਆਂ ਨੇ ਆਪਣੇ ਆਸੀਆਨ ਭਾਈਵਾਲ ਦੇਸ਼ਾਂ ਤੋਂ ਵਿਦਿਆਰਥੀਆਂ ਦੀ ਮੇਜ਼ਬਾਨੀ ਕੀਤੀ ਹੈ। ਭਾਰਤ ਸਰਕਾਰ ਨੇ ਆਸੀਆਨ ਨਾਗਰਿਕਾਂ ਲਈ ਵਿਸ਼ੇਸ਼ ਤੌਰ ਤੇ 1000 ਆਸੀਆਨ ਪੀਐਚਡੀ ਫੈਲੋਸ਼ਿਪਾਂ ਵੀ ਸ਼ੁਰੂ ਕੀਤੀਆਂ ਹਨ।
ਰਾਸ਼ਟਰੀ ਸਿੱਖਿਆ ਨੀਤੀ, 2020 ਤੇ ਕੇਂਦਰੀ ਮੰਤਰੀ ਨੇ ਕਿਹਾ ਕਿ ਐਨਈਪੀ 2020, ਜੋ 34 ਸਾਲਾਂ ਬਾਅਦ ਲਿਆਂਦੀ ਗਈ ਹੈ, ਨਾ ਸਿਰਫ ਭਾਰਤ ਲਈ ਹੀ ਬਲਕਿ ਸਮੁੱਚੇ ਵਿਸ਼ਵ ਲਈ ਮੌਕੇ ਲਿਆਵੇਗੀ।
ਸ਼੍ਰੀ ਪੋਖਰਿਯਾਲ ਨੇ ਇਹ ਕਹਿ ਕੇ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ ਕਿ ਇਸ ਵਿਚ ਵਸੁਦੇਵ ਕਟੁੰਬਕਮ ਦੀ ਫਿਲਾਸਫੀ ਤੇ ਅਮਲ ਕਰਦਿਆਂ ਭਾਰਤ ਆਸੀਆਨ ਖੇਤਰ ਅਤੇ ਸਮੁੱਚੇ ਵਿਸ਼ਵ ਵਿਚ ਇਕ ਹਾਂ-ਪੱਖੀ ਭੂਮਿਕਾ ਨਿਭਾਉਣ ਲਈ ਮਜ਼ਬੂਤੀ ਨਾਲ ਵਚਨਬੱਧ ਹੈ।
ਆਸੀਆਨ-ਇੰਡੀਆ ਹੈਕਾਥਾਨ
ਆਸੀਆਨ-ਇੰਡੀਆ ਹੈਕਾਥਾਨ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ ਤੇ ਸਿੱਖਿਆ ਮੰਤਰਾਲਾ ਵਲੋਂ ਸ਼ੁਰੂ ਕੀਤੀ ਗਈ ਇਕ ਪਹਿਲਕਦਮੀ ਹੈ। ਆਸੀਆਨ-ਇੰਡੀਆ ਹੈਕਾਥਾਨ 1 ਤੋਂ 3 ਫਰਵਰੀ, 2021 ਤੱਕ ਔਨਲਾਈਨ ਆਯੋਜਿਤ ਕੀਤੀ ਜਾ ਰਹੀ ਹੈ ਅਤੇ ਇਨਾਮ ਵੰਡ ਸਮਾਗਮ 4 ਫਰਵਰੀ, 2021 ਨੂੰ ਹੋਵੇਗਾ। ਇਹ ਵਿਲੱਖਣ ਹੈਕਾਥਾਨ ਸਾਰੇ ਹੀ 10 ਆਸੀਆਨ ਦੇਸ਼ਾਂ ਲਈ ਮੌਕਿਆਂ ਦੀ ਪੇਸ਼ਕਸ਼ ਕਰਦੀ ਹੈ ਅਤੇ ਭਾਰਤ ਨੂੰ ਸਿੱਖਿਆ, ਵਿਗਿਆਨ ਅਤੇ ਟੈਕਨੋਲੋਜੀ ਵਿਚ ਸਹਿਯੋਗ ਰਾਹੀਂ ਉਨ੍ਹਾਂ ਦੇ ਆਰਥਿਕ ਅਤੇ ਸੱਭਿਆਚਾਰਕ ਸੰਬੰਧਾਂ ਨੂੰ ਅੱਗੇ ਲਿਜਾਣ ਦਾ ਮੌਕਾ ਪ੍ਰਦਾਨ ਕਰਦੀ ਹੈ।
ਆਸੀਆਨ-ਇੰਡੀਆ ਹੈਕਾਥਾਨ ਤੇ ਵੇਰਵਿਆਂ ਲਈ ਇਥੇ ਕਲਿੱਕ ਕਰੋ - https://india-asean.mic.gov.in/
---------------------------------
ਐਮਸੀ/ ਕੇਪੀ/ ਏਕੇ
(Release ID: 1694140)
Visitor Counter : 171