ਪ੍ਰਧਾਨ ਮੰਤਰੀ ਦਫਤਰ
‘ਪ੍ਰਬੁੱਧ ਭਾਰਤ’ ਦੀ 125ਵੀਂ ਵਰ੍ਹੇਗੰਢ ਦੇ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ–ਪਾਠ
Posted On:
31 JAN 2021 3:39PM by PIB Chandigarh
ਨਮਸਤੇ!
ਇਹ ਬਹੁਤ ਖ਼ੁਸ਼ੀ ਦੀ ਗੱਲ ਹੈ ਕਿ ਅਸੀਂ ‘ਪ੍ਰਬੁੱਧ ਭਾਰਤ’ ਦੀ 125ਵੀਂ ਵਰ੍ਹੇਗੰਢ ਦੇ ਜਸ਼ਨ ਮਨਾ ਰਹੇ ਹਾਂ। ਇਹ ਕੋਈ ਸਾਧਾਰਣ ਪਰਚਾ ਨਹੀਂ ਹੈ। ਇਸ ਦੀ ਸ਼ੁਰੂਆਤ 1896 ‘ਚ ਸੁਆਮੀ ਵਿਵੇਕਾਨੰਦ ਜਿਹੀ ਸ਼ਖਸੀਅਤ ਨੇ ਕੀਤੀ ਸੀ। ਉਹ ਵੀ 33 ਸਾਲ ਦੀ ਨੌਜਵਾਨ ਉਮਰ ਵਿੱਚ। ਇਹ ਦੇਸ਼ ਦੇ ਸਭ ਤੋਂ ਲੰਮੇ ਸਮੇਂ ਤੋਂ ਚੱਲੇ ਆ ਰਹੇ ਅੰਗਰੇਜ਼ੀ ਅਖ਼ਬਾਰਾਂ ਤੇ ਪੱਤ੍ਰਿਕਾਵਾਂ ਵਿੱਚੋਂ ਇੱਕ ਹੈ।
‘ਪ੍ਰਬੁੱਧ ਭਾਰਤ’ ਦੇ ਇਸ ਨਾਮ ਪਿੱਛੇ ਬਹੁਤ ਸ਼ਕਤੀਸ਼ਾਲੀ ਸੋਚ ਹੈ। ਸੁਆਮੀ ਵਿਵੇਕਾਨੰਦ ਨੇ ਇਸ ਅਖ਼ਬਾਰ ਦਾ ਨਾਮ ‘ਪ੍ਰਬੁੱਧ ਭਾਰਤ’, ਸਾਡੇ ਰਾਸ਼ਟਰ ਦੀ ਭਾਵਨਾ ਨੂੰ ਸਪਸ਼ਟ ਕਰਨ ਲਈ ਕੀਤਾ ਸੀ। ਉਹ ਇੱਕ ‘ਜਾਗਰੂਕ ਭਾਰਤ’ ਦੀ ਸਿਰਜਣਾ ਕਰਨੀ ਚਾਹੁੰਦੇ ਸਨ। ਜੋ ਭਾਰਤ ਨੂੰ ਸਮਝਦੇ ਹਨ, ਉਹ ਇਸ ਤੱਥ ਤੋਂ ਵਾਕਿਫ਼ ਹਨ ਕਿ ਇਹ ਇੱਕ ਸਿਆਸੀ ਜਾਂ ਖੇਤਰੀ ਇਕਾਈ ਤੋਂ ਕਿਤੇ ਅਗਾਂਹ ਹੈ। ਸੁਆਮੀ ਵਿਵੇਕਾਨੰਦ ਨੇ ਇਸ ਗੱਲ ਨੂੰ ਬਹੁਤ ਦਲੇਰਾਨਾ ਢੰਗ ਤੇ ਮਾਣ ਨਾਲ ਪ੍ਰਗਟ ਕੀਤਾ ਸੀ। ਉਨ੍ਹਾਂ ਭਾਰਤ ਨੂੰ ਇੱਕ ਅਜਿਹੀ ਸੱਭਿਆਚਾਰਕ ਚੇਤੰਨਤਾ ਦੇ ਰੂਪ ਵਿੱਚ ਦੇਖਿਆ ਸੀ, ਜੋ ਕਈ ਸਦੀਆਂ ਤੋਂ ਚਲਦੀ ਤੇ ਸਾਹ ਲੈਂਦੀ ਆ ਰਹੀ ਹੈ। ਹਰੇਕ ਤਰ੍ਹਾਂ ਦੀ ਚੁਣੌਤੀ ‘ਚੋਂ ਭਾਰਤ ਸਦਾ ਪਹਿਲਾਂ ਨਾਲੋਂ ਵੀ ਮਜ਼ਬੂਤ ਹੋ ਕੇ ਉੱਭਰਿਆ ਹੈ, ਜਦ ਕਿ ਇਸ ਬਾਰੇ ਬਿਲਕੁਲ ਉਲਟ ਕਿਸਮ ਦੀਆਂ ਭਵਿੱਖਬਾਣੀਆਂ ਕੀਤੀਆਂ ਜਾਂਦੀਆਂ ਰਹੀਆਂ ਹਨ। ਸੁਆਮੀ ਵਿਵੇਕਾਨੰਦ ਭਾਰਤ ਨੂੰ ‘ਪ੍ਰਬੁੱਧ’ ਜਾਂ ਚੇਤੰਨ ਭਾਵ ਜਾਗਰੂਕ ਬਣਾਉਣਾ ਚਾਹੁੰਦੇ ਸਨ। ਉਹ ਆਤਮ–ਵਿਸ਼ਵਾਸ ਨੂੰ ਜਗਾਉਣਾ ਚਾਹੁੰਦੇ ਸਨ ਕਿ ਇੱਕ ਰਾਸ਼ਟਰ ਵਜੋਂ ਅਸੀਂ ਮਹਾਨਤਾ ਦੀ ਇੱਛਾ ਰੱਖ ਸਕਦੇ ਹਾਂ।
ਦੋਸਤੋ, ਸੁਆਮੀ ਵਿਵੇਕਾਨੰਦ ਗ਼ਰੀਬਾਂ ਪ੍ਰਤੀ ਬਹੁਤ ਦਇਆਵਾਨ ਸਨ। ਉਹ ਸੱਚਮੁਚ ਇਹ ਮੰਨਦੇ ਸਨ ਕਿ ਹਰੇਕ ਸਮੱਸਿਆ ਦੀ ਜੜ੍ਹ ਗ਼ਰੀਬੀ ਹੀ ਹੈ। ਇਸੇ ਲਈ ਦੇਸ਼ ‘ਚੋਂ ਗ਼ਰੀਬੀ ਦਾ ਖਾਤਮਾ ਕਰਨਾ ਹੋਵੇਗਾ। ਉਨ੍ਹਾਂ ‘ਦਰਿਦ੍ਰ ਨਾਰਾਇਣ’ ਨੂੰ ਸਭ ਤੋਂ ਵੱਧ ਮਹੱਤਵ ਦਿੱਤਾ ਸੀ।
ਅਮਰੀਕਾ ਤੋਂ ਸੁਆਮੀ ਵਿਵੇਕਾਨੰਦ ਨੇ ਬਹੁਤ ਸਾਰੀਆਂ ਚਿੱਠੀਆਂ ਲਿਖੀਆਂ ਸਨ। ਮੈਂ ਉਨ੍ਹਾਂ ਵੱਲੋਂ ਮੈਸੂਰ ਦੇ ਮਹਾਰਾਜਾ ਅਤੇ ਸੁਆਮੀ ਰਾਮਕ੍ਰਿਸ਼ਨਾਨੰਦ ਜੀ ਨੂੰ ਲਿਖੀਆਂ ਚਿੱਠੀਆਂ ਦਾ ਜ਼ਿਕਰ ਕਰਨਾ ਚਾਹਾਂਗਾ। ਇਨ੍ਹਾਂ ਚਿੱਠੀਆਂ ਵਿੱਚ ਗ਼ਰੀਬਾਂ ਨੂੰ ਸਸ਼ਕਤ ਬਣਾਉਣ ਲਈ ਸੁਆਮੀ ਜੀ ਦੀ ਪਹੁੰਚ ਬਾਰੇ ਦੋ ਬਹੁਤ ਸਪਸ਼ਟ ਵਿਚਾਰ ਉੱਭਰ ਕੇ ਸਾਹਮਣੇ ਆਉਂਦੇ ਹਨ। ਪਹਿਲਾ, ਉਨ੍ਹਾਂ ਗ਼ਰੀਬਾਂ ਤੱਕ ਸਸ਼ਕਤੀਕਰਣ ਲਿਜਾਣਾ ਚਾਹਿਆ, ਜੇ ਗ਼ਰੀਬ ਖ਼ੁਦ ਆਸਾਨੀ ਨਾਲ ਸਸ਼ਕਤੀਕਰਣ ਤੱਕ ਨਹੀਂ ਪੁੱਜ ਸਕਦੇ। ਦੂਜੇ ਉਨ੍ਹਾਂ ਭਾਰਤ ਦੇ ਗ਼ਰੀਬਾਂ ਬਾਰੇ ਕਿਹਾ ਸੀ,’ਉਨ੍ਹਾਂ ਨੂੰ ਵਿਚਾਰ ਦੇਣ ਦੀ ਜ਼ਰੂਰਤ ਹੈ; ਆਲ਼ੇ–ਦੁਆਲ਼ੇ ਦੇ ਵਿਸ਼ਵ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਬਾਰੇ ਉਨ੍ਹਾਂ ਗ਼ਰੀਬਾਂ ਨੂੰ ਜਾਗਰੂਕ ਕਰ ਦੇ ਉਨ੍ਹਾਂ ਦੀਆਂ ਅੱਖਾਂ ਖੋਲ੍ਹਣੀਆਂ ਹੋਣਗੀਆਂ; ਅਤੇ ਫਿਰ ਉਹ ਆਪਣੀ ਮੁਕਤੀ ਦਾ ਰਾਹ ਆਪਣੇ ਲੱਭ ਲੈਣਗੇ।’
ਭਾਰਤ ਅੱਜ ਇਸੇ ਪਹੁੰਚ ਨਾਲ ਅੱਗੇ ਵਧ ਰਿਹਾ ਹੈ। ਜੇ ਗ਼ਰੀਬ ਬੈਂਕਾਂ ਤੱਕ ਪਹੁੰਚ ਨਹੀਂ ਕਰ ਸਕਦੇ, ਤਦ ਬੈਂਕਾਂ ਨੂੰ ਹੀ ਜ਼ਰੂਰ ਗ਼ਰੀਬਾਂ ਤੱਕ ਪੁੱਜਣਾ ਚਾਹੀਦਾ ਹੈ। ‘ਜਨ ਧਨ ਯੋਜਨਾ’ ਨੇ ਇਵੇਂ ਹੀ ਕੀਤਾ ਸੀ। ਜੇ ਗ਼ਰੀਬਾਂ ਦੀ ਪਹੁੰਚ ਬੀਮਾ ਤੱਕ ਨਹੀਂ ਹੈ, ਤਾਂ ਬੀਮਾ ਨੂੰ ਜ਼ਰੂਰ ਗ਼ਰੀਬਾਂ ਤੱਕ ਪੁੱਜਣਾ ਚਾਹੀਦਾ ਹੈ। ‘ਜਨ ਸੁਰਕਸ਼ਾ’ ਯੋਜਨਾ ਨੇ ਇਵੇਂ ਹੀ ਕੀਤਾ ਸੀ। ਜੇ ਗ਼ਰੀਬ ਸਿਹਤ–ਸੰਭਾਲ਼ ਤੱਕ ਪਹੁੰਚ ਨਹੀਂ ਕਰ ਸਕਦੇ, ਤਾਂ ਸਾਨੂੰ ਗ਼ਰੀਬਾਂ ਤੱਕ ਸਿਹਤ–ਸੰਭਾਲ਼ ਨੂੰ ਜ਼ਰੂਰ ਲਿਜਾਣਾ ਚਾਹੀਦਾ ਹੈ। ‘ਆਯੁਸ਼ਮਾਨ ਭਾਰਤ’ ਯੋਜਨਾ ਨੇ ਇਵੇਂ ਹੀ ਕੀਤਾ ਸੀ। ਸੜਕਾਂ, ਸਿੱਖਿਆ, ਬਿਜਲੀ ਤੇ ਇੰਟਰਨੈੱਟ ਕਨੈਕਟੀਵਿਟੀ ਨੂੰ ਦੇਸ਼਼ ਦੇ ਹਰੇਕ ਕੋਣੇ, ਖ਼ਾਸ ਕਰਕੇ ਗ਼ਰੀਬਾਂ ਤੱਕ ਲਿਜਾਂਦਾ ਜਾ ਰਿਹਾ ਹੈ। ਇੰਝ ਗ਼ਰੀਬਾਂ ਵਿੱਚ ਖ਼ਾਹਿਸ਼ਾਂ ਜਗਾਈਆਂ ਜਾ ਰਹੀਆਂ ਹਨ। ਅਤੇ ਇਹ ਖ਼ਾਹਿਸ਼ਾਂ ਹੀ ਦੇਸ਼ ਨੂੰ ਵਿਕਾਸ ਦੇ ਰਾਹ ਵੱਲ ਲਿਜਾ ਰਹੀਆਂ ਹਨ।
ਦੋਸਤੋ, ਸੁਆਮੀ ਵਿਵੇਕਾਨੰਦ ਨੇ ਕਿਹਾ ਸੀ,’ਕਮਜ਼ੋਰੀ ਦਾ ਇਲਾਜ ਕਮਜ਼ੋਰੀ ਬਾਰੇ ਵਿਚਾਰ ਕਰ ਕੇ ਨਹੀਂ, ਬਲਕਿ ਸ਼ਕਤੀ ਬਾਰੇ ਸੋਚ ਕੇ ਕੀਤਾ ਜਾ ਸਕਦਾ ਹੈ।’ ਜਦੋਂ ਅਸੀਂ ਰੁਕਾਵਟਾਂ ਬਾਰੇ ਸੋਚ ਰਹੇ ਹੁੰਦੇ ਹਾਂ, ਤਾਂ ਅਸੀਂ ਪਰੇਸ਼ਾਨ ਹੋ ਜਾਂਦੇ ਹਨ। ਪਰ ਜਦੋਂ ਮੌਕਿਆਂ ਬਾਰੇ ਸੋਚਦੇ ਹਾਂ, ਤਦ ਸਾਨੂੰ ਅੱਗੇ ਵਧਣ ਦਾ ਰਾਹ ਲੱਭਦਾ ਹੈ। ਕੋਵਿਡ–19 ਦੀ ਵਿਸ਼ਵ–ਪੱਧਰੀ ਮਹਾਮਾਰੀ ਦੀ ਹੀ ਉਦਾਹਰਣ ਲੈ ਲਵੋ। ਭਾਰਤ ਨੇ ਕੀ ਕੀਤਾ? ਦੇਸ਼ ਨੇ ਨਾ ਸਿਰਫ਼ ਸਮੱਸਿਆ ਤੇ ਮਜਬੂਰੀ ਨੂੰ ਹੀ ਨਹੀਂ ਦੇਖਿਆ। ਭਾਰਤ ਨੇ ਸਮੱਸਿਆ ਦੇ ਹੱਲ ਲੱਭਣ ਉੱਤੇ ਧਿਆਨ ਕੇਂਦ੍ਰਿਤ ਕੀਤਾ। ਪੀਪੀਈ ਕਿਟਸ ਦਾ ਉਤਪਾਦਨ ਕਰਨ ਤੋਂ ਲੈ ਕੇ ਵਿਸ਼ਵ ਦੀ ਫ਼ਾਰਮੇਸੀ ਬਣਨ ਤੱਕ, ਸਾਡਾ ਦੇਸ਼ ਹੋਰ ਵੀ ਮਜ਼ਬੂਤ ਹੁੰਦਾ ਗਿਆ ਹੈ। ਸੰਕਟ ਦੌਰਾਨ ਇਹ ਦੁਨੀਆ ਲਈ ਮਦਦ ਦਾ ਸਰੋਤ ਵੀ ਬਣਿਆ ਹੈ। ਕੋਵਿਡ–19 ਵੈਕਸੀਨਾਂ ਵਿਕਸਤ ਕਰਨ ਦੇ ਮਾਮਲੇ ‘ਚ ਭਾਰਤ ਮੋਹਿਰੀ ਰਿਹਾ ਹੈ। ਸਿਰਫ਼ ਕੁਝ ਦਿਨ ਪਹਿਲਾਂ ਹੀ ਭਾਰਤ ਨੇ ਵਿਸ਼ਵ ਦੀ ਸਭ ਤੋਂ ਵਿਸ਼ਾਲ ਟੀਕਾਕਰਣ ਮੁਹਿੰਮ ਸ਼ੁਰੂ ਕੀਤੀ ਹੈ। ਅਸੀਂ ਇਨ੍ਹਾਂ ਸਮਰੱਥਾਵਾਂ ਦੀ ਵਰਤੋਂ ਹੋਰ ਦੇਸ਼ਾਂ ਦੀ ਮਦਦ ਕਰਨ ਲਈ ਵੀ ਕਰ ਰਹੇ ਹਾਂ।
ਦੋਸਤੋ, ਜਲਵਾਯੂ ਪਰਿਵਰਤਨ ਇੱਕ ਹੋਰ ਅੜਿੱਕਾ ਹੈ, ਜਿਸ ਦਾ ਸਾਹਮਣਾ ਸਮੁੱਚਾ ਵਿਸ਼ਵ ਇਸ ਵੇਲੇ ਕਰ ਰਿਹਾ ਹੈ। ਉਂਝ, ਅਸੀਂ ਸਿਰਫ਼ ਸਮੱਸਿਆ ਬਾਰੇ ਹੀ ਸ਼ਿਕਾਇਤ ਨਹੀਂ ਕੀਤੀ। ਅਸੀਂ ‘ਅੰਤਰਰਾਸ਼ਟਰੀ ਸੌਰ ਗੱਠਜੋੜ’ (ISA – ਇੰਟਰਨੈਸ਼ਨਲ ਸੋਲਰ ਅਲਾਇੰਸ) ਦੇ ਰੂਪ ਵਿੱਚ ਇੱਕ ਹੱਲ ਵੀ ਕੱਢਿਆ ਸੀ। ਅਸੀਂ ਅਖੁੱਟ ਸਰੋਤਾਂ ਦੀ ਵਧੇਰੇ ਵਰਤੋਂ ਦੀ ਵਕਾਲਤ ਵੀ ਕਰ ਰਹੇ ਹਾਂ। ਇੰਝ ਸੁਆਮੀ ਵਿਵੇਕਾਨੰਦ ਦੀ ‘ਪ੍ਰਬੁੱਧ ਭਾਰਤ’ ਦੀ ਦੂਰ–ਦ੍ਰਿਸ਼ਟੀ ਉਸਾਰੀ ਜਾ ਰਹੀ ਹੈ। ਇਹ ਇੱਕ ਅਜਿਹਾ ਭਾਰਤ ਹੈ, ਜੋ ਵਿਸ਼ਵ ਨੁੰ ਸਮੱਸਿਆਵਾਂ ਦੇ ਹੱਲ ਦੇ ਰਿਹਾ ਹੈ।
ਦੋਸਤੋ, ਸੁਆਮੀ ਵਿਵੇਕਾਨੰਦ ਦੇ ਭਾਰਤ ਲਈ ਵੱਡੇ ਸੁਪਨੇ ਸਨ ਕਿਉਂਕਿ ਉਨ੍ਹਾਂ ਦਾ ਭਾਰਤ ਦੇ ਨੌਜਵਾਨਾਂ ਵਿੱਚ ਅਥਾਹ ਵਿਸ਼ਵਾਸ ਸੀ। ਉਹ ਭਾਰਤ ਦੇ ਨੌਜਵਾਨਾਂ ਨੂੰ ਹੁਨਰ ਤੇ ਆਤਮ–ਵਿਸ਼ਵਾਸ ਦੇ ਬਿਜਲੀ–ਘਰ ਵਜੋਂ ਦੇਖਦੇ ਸਨ। ਉਨ੍ਹਾਂ ਕਿਹਾ ਸੀ, ‘ਮੈਨੂੰ ਸੌ ਊਰਜਾਵਾਨ ਨੌਜਵਾਨ ਦੇ ਦੇਵੋ, ਮੈਂ ਭਾਰਤ ਦੀ ਕਾਇਆ–ਕਲਪ ਕਰਕੇ ਰੱਖ ਦੇਵਾਂਗਾ।’ ਅੱਜ ਅਸੀਂ ਇਹੋ ਭਾਵਨਾ ਭਾਰਤ ਦੇ ਵਪਾਰਕ ਆਗੂਆਂ, ਖਿਡਾਰੀਆਂ, ਟੈਕਨੋਕ੍ਰੈਟਸ, ਪੇਸ਼ੇਵਰਾਂ, ਵਿਗਿਆਨੀਆਂ, ਇਨੋਵੇਟਰਾਂ ਤੇ ਹੋਰ ਬਹੁਤਿਆਂ ਵਿੱਚ ਦੇਖ ਰਹੇ ਹਾਂ। ਉਹ ਸਰਹੱਦਾਂ ਨੂੰ ਧੱਕ ਦਿੰਦੇ ਹਨ ਤੇ ਅਸੰਭਵ ਨੂੰ ਸੰਭਵ ਬਣਾ ਦਿੰਦੇ ਹਨ।
ਪਰ ਸਾਡੇ ਨੌਜਵਾਨਾਂ ਵਿੱਚ ਅਜਿਹੀ ਭਾਵਨਾ ਪ੍ਰਤੀ ਹੋਰ ਉਤਸ਼ਾਹ ਕਿਵੇਂ ਜਗਾਉਣਾ ਹੈ? ਸੁਆਮੀ ਵਿਵੇਕਾਨੰਦ ਨੇ ‘ਵਿਵਹਾਰਕ ਵੇਦਾਂਤ’ ਬਾਰੇ ਆਪਣੇ ਭਾਸ਼ਣਾਂ ਵਿੱਚ ਕੁਝ ਡੂੰਘੀਆਂ ਅੰਤਰ–ਦ੍ਰਿਸ਼ਟੀਆਂ ਸਾਹਮਣੇ ਲਿਆਂਦੀਆਂ ਸਨ। ਉਹ ਨਾਕਾਮੀਆਂ ਉੱਤੇ ਜਿੱਤ ਹਾਸਲ ਕਰਨ ਅਤੇ ਉਨ੍ਹਾਂ ਨੂੰ ਕੁਝ ਨਵਾਂ ਸਿੱਖਣ ਦੇਮੋੜ ਵਜੋਂ ਵੇਖਣ ਦੀ ਗੱਲ ਕਰਦੇ ਹਨ। ਦੂਜੀ ਗੱਲ ਜੋ ਲੋਕਾਂ ਵਿੱਚ ਜ਼ਰੂਰ ਭਰਲੀ ਚਾਹੀਦੀ ਹੈ: ਨਿਡਰ ਬਣਨਾ ਤੇ ਖ਼ੁਦ ਨੂੰ ਆਤਮ–ਵਿਸ਼ਵਾਸ ਨਾਲ ਭਰਪੂਰ ਰੱਖਣਾ। ਬੇਖ਼ੌਫ਼ ਬਣਨ ਦਾ ਸਬਕ ਅਸੀਂ ਸੁਆਮੀ ਵਿਵੇਕਾਨੰਦ ਦੇ ਆਪਣੇ ਜੀਵਨ ‘ਚੋਂ ਵੀ ਸਿੱਖਦੇ ਹਾਂ। ਉਨ੍ਹਾਂ ਜੋ ਕੁਝ ਵੀ ਕੀਤਾ, ਉਹ ਆਤਮ–ਵਿਸ਼ਵਾਸ ਨਾਲ ਹੀ ਕੀਤਾ। ਉਨ੍ਹਾਂ ਨੂੰ ਆਪਣੇ–ਆਪ ਉੱਤੇ ਭਰੋਸਾ ਸੀ। ਉਨ੍ਹਾਂ ਨੂੰ ਭਰੋਸਾ ਸੀ ਕਿ ਉਹ ਸਦੀਆਂ ਪੁਰਾਣੇ ਲੋਕਾਚਾਰ ਦੀ ਨੁਮਾਇੰਦਗੀ ਕਰ ਰਹੇ ਹਨ।
ਦੋਸਤੋ, ਸੁਆਮੀ ਵਿਵੇਕਾਨੰਦ ਦੇ ਵਿਚਾਰ ਸਦੀਵੀ ਹਨ। ਅਤੇ, ਸਾਨੂੰ ਇਹ ਗੱਲ ਸਦਾ ਚੇਤੇ ਰੱਖਣੀ ਚਾਹੀਦੀ ਹੈ: ਸੱਚਾ ਚਿਰਸਥਾਈਪਣ (ਅਮਰਤਵ) ਵਿਸ਼ਵ ਲਈ ਕੁਝ ਵਡਮੁੱਲਾ ਸਿਰਜ ਕੇ ਹਾਸਲ ਕੀਤਾ ਜਾ ਸਕਦਾ ਹੈ। ਉਹ ਸਾਨੂੰ ਸਿਖਾਉਂਦੇ ਹਨ ਕਿ ਜਿਨ੍ਹਾਂ ਨੇ ਅਮਰਤਵ ਦੀ ਭਾਲ ਕੀਤੀ, ਉਨ੍ਹਾਂ ਨੂੰ ਉਹ ਕਦੇ ਹਾਸਲ ਨਹੀਂ ਹੋਇਆ। ਪਰ ਜਿਨ੍ਹਾਂ ਦਾ ਨਿਸ਼ਾਨਾ ਹੋਰਨਾਂ ਦੀ ਸੇਵਾ ਕਰਨਾ ਰਿਹਾ ਹੈ, ਉਹ ਸਦਾ ਅਮਰ ਹੋ ਜਾਂਦੇ ਹਨ। ਜਿਵੇਂ ਕਿ ਸੁਆਮੀ ਜੀ ਨੇ ਖ਼ੁਦ ਆਖਿਆ ਸੀ, ‘ਸਿਰਫ਼ ਉਹੀ ਜਿਊਂਦੇ ਰਹਿੰਦੇ ਹਨ, ਜੋ ਹੋਰਨਾਂ ਲਈ ਜਿਊਂਦੇ ਹਨ।’ ਇਹ ਗੱਲ ਸੁਆਮੀ ਵਿਵੇਕਾਨੰਦ ਜੀ ਦੇ ਜੀਵਨ ਵਿੱਚ ਵੀ ਦੇਖੀ ਜਾ ਸਕਦੀ ਹੈ। ਉਨ੍ਹਾਂ ਆਪਣੇ ਖ਼ੁਦ ਲਈ ਕੁਝ ਹਾਸਲ ਕਰਨ ਵਾਸਤੇ ਕੁਝ ਨਹੀਂ ਕੀਤਾ। ਉਨ੍ਹਾਂ ਦਾ ਦਿਲ ਸਦਾ ਸਾਡੇ ਦੇਸ਼ ਦੇ ਗ਼ਰੀਬਾਂ ਲਈ ਹੀ ਧੜਕਿਆ। ਉਨ੍ਹਾਂ ਦਾ ਦਿਲ ਸਦਾ ਧਰਤੀ–ਮਾਂ ਲਈ ਧੜਕਿਆ, ਜੋ ਤਦ ਗ਼ੁਲਾਮ ਸੀ।
ਦੋਸਤੋ, ਸੁਆਮੀ ਵਿਵੇਕਾਨੰਦ ਨੇ ਅਧਿਆਤਮਕ ਤੇ ਆਰਥਿਕ ਪ੍ਰਗਤੀ ਨੂੰ ਪਰਸਪਰ ਖ਼ਾਸ ਵਜੋਂ ਨਹੀਂ ਦੇਖਿਆ। ਵਧੇਰੇ ਅਹਿਮ ਗੱਲ ਇਹ ਸੀ ਕਿ ਉਹ ਅਜਿਹੀ ਪਹੁੰਚ ਦੇ ਖ਼ਿਲਾਫ਼ ਸਨ, ਜਿੱਥੇ ਲੋਕ ਗ਼ਰੀਬੀ ਨੂੰ ਰੋਮਾਂਟਿਕ ਤਰੀਕੇ ਨਾਲ ਪੇਸ਼ ਕਰਦੇ ਹਨ। ‘ਵਿਵਹਾਰਕ ਵੇਦਾਂਤ’ ਬਾਰੇ ਆਪਣੇ ਭਾਸ਼ਣਾਂ ਵਿੱਚ ਉਹ ਆਖਦੇ ਹਨ,’ਧਰਮ ਅਤੇ ਵਿਸ਼ਵ ਦੇ ਜੀਵਨ ਵਿਚਾਲੇ ਫ਼ਰਜ਼ੀ ਫ਼ਰਕ ਜ਼ਰੂਰ ਖ਼ਤਮ ਹੋਣਾ ਚਾਹੀਦਾ ਹੈ ਕਿਉਂਕਿ ਵੇਦਾਂਤ ਏਕਤਾ ਦਾ ਹੀ ਸਬਕ ਦਿੰਦਾ ਹੈ।’
ਸੁਆਮੀ ਜੀ ਇੱਕ ਬਹੁਤ ਵੱਡੇ ਕੱਦ–ਬੁੱਤ ਵਾਲੀ ਅਧਿਆਤਮਕ ਸ਼ਖ਼ਸੀਅਤ ਸਨ। ਫਿਰ ਵੀ ਉਨ੍ਹਾਂ ਗ਼ਰੀਬਾਂ ਲਈ ਆਰਥਿਕ ਪ੍ਰਗਤੀ ਦਾ ਵਿਚਾਰ ਤਿਆਗਿਆ ਨਹੀਂ। ਸੁਆਮੀਜੀ ਖ਼ੁਦ ਇੱਕ ਸੰਨਿਆਸੀ ਸਨ। ਉਨ੍ਹਾਂ ਖ਼ੁਦ ਆਪਣੇ ਲਈ ਕਦੇ ਇੱਕ ਪੈਸਾ ਨਹੀਂ ਚਾਹਿਆ। ਪਰ ਉਹ ਵੱਡੇ ਸੰਸਥਾਨਾਂ ਦੇ ਨਿਰਮਾਣ ਲਈ ਫ਼ੰਡ ਇਕੱਠੇ ਕਰਨ ਵਿੱਚ ਮਦਦ ਕਰਦੇ ਸਨ। ਇਹ ਸੰਸਥਾਨ ਗ਼ਰੀਬੀ ਵਿਰੁੱਧ ਲੜਦੇ ਰਹੇ ਹਨ ਤੇ ਉਨ੍ਹਾਂ ਨਵਾਚਾਰ ਨੂੰ ਉਤਸ਼ਾਹਿਤ ਕੀਤਾ ਹੈ।
ਦੋਸਤੋ, ਸੁਆਮੀ ਵਿਵੇਕਾਨੰਦ ਦੇ ਅਹਿਜੇ ਬਹੁਤ ਸਾਰੇ ਖ਼ਜ਼ਾਨੇ ਹਨ, ਜੋ ਸਾਡਾ ਮਾਰਗ–ਦਰਸ਼ਨ ਕਰਦੇ ਹਨ। ‘ਪ੍ਰਬੁੱਧ ਭਾਰਤ’ 125 ਵਰ੍ਹਿਆਂ ਤੋਂ ਚਲਦਾ ਆ ਰਿਹਾ ਹੈ ਤੇ ਸੁਆਮੀ ਜੀ ਦੇ ਵਿਚਾਰਾਂ ਦਾ ਪ੍ਰਚਾਰ ਤੇ ਪ੍ਰਸਾਰ ਕਰਦਾ ਰਿਹਾ ਹੈ। ਉਨ੍ਹਾਂ ਦੇ ਵਿਚਾਰ ਨੌਜਵਾਨਾਂ ਨੂੰ ਸਿੱਖਿਅਤ ਕਰਨ ਤੇ ਰਾਸ਼ਟਰ ਨੂੰ ਜਾਗ੍ਰਿਤ ਬਣਾਉਣ ਦੀ ਦੂਰ–ਦ੍ਰਿਸ਼ਟੀ ਉਸਾਰਦੇ ਹਨ। ਇਸ ਪਰਚੇ ਨੇ ਸੁਆਮੀ ਵਿਵੇਕਾਨੰਦ ਦੇ ਵਿਚਾਰਾਂ ਨੂੰ ਅਮਰ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ ਹੈ। ਮੇਰੀ ਸ਼ੁਭਕਾਮਨਾ ਹੈ ਕਿ ‘ਪ੍ਰਬੁੱਧ ਭਾਰਤ’ ਆਪਣੀਆਂ ਭਵਿੱਖ ਦੀਆਂ ਕੋਸ਼ਿਸ਼ਾਂ ਵਿੱਚ ਸਰਬੋਤਮ ਰਹੇ।
ਤੁਹਾਡਾ ਧੰਨਵਾਦ।
***
ਡੀਐੱਸ/ਵੀਜੇ/ਏਕੇ
(Release ID: 1693770)
Visitor Counter : 162
Read this release in:
Hindi
,
Marathi
,
Bengali
,
Assamese
,
Gujarati
,
Odia
,
Telugu
,
Urdu
,
Kannada
,
English
,
Manipuri
,
Tamil
,
Malayalam