ਟੈਕਸਟਾਈਲ ਮੰਤਰਾਲਾ

ਕੱਪੜਾ ਮੰਤਰਾਲੇ ਦੀ ਟੈਕਸਟਾਈਲ ਕਮੇਟੀ ਨੇ ਜਾਪਾਨ ਦੇ ਬਾਜ਼ਾਰ ਵਿੱਚ ਟੈਕਸਟਾਈਲ ਅਤੇ ਲਿਬਾਸਾਂ ਦੀ ਬਰਾਮਦ ਨੂੰ ਵਧਾਉਣ ਲਈ ਮੈਸਰਜ਼ ਨਿਸੇਨਕੇਨ ਕੁਆਲਟੀ ਈਵੈੱਲਯੂਏਸ਼ਨ ਸੈਂਟਰ, ਜਾਪਾਨ ਨਾਲ ਸਹਿਮਤੀ ਪੱਤਰ ‘ਤੇ ਦਸਤਖਤ ਕੀਤੇ

Posted On: 27 JAN 2021 6:39PM by PIB Chandigarh

 ਟੈਕਸਟਾਈਲ ਕਮੇਟੀ, ਕੱਪੜਾ ਮੰਤਰਾਲੇ, ਭਾਰਤ ਸਰਕਾਰ ਅਤੇ ਮੈਸਰਜ਼ ਨੀਸੇਨਕੇਨ ਕੁਆਲਟੀ ਈਵੈੱਲਯੂਏਸ਼ਨ ਸੈਂਟਰ ਜਪਾਨ, ਦੇ ਵਿਚਕਾਰ ਇੱਕ ਸਹਿਮਤੀ ਪੱਤਰ ‘ਤੇ ਦਸਤਖਤ ਕਰਨ ਸਬੰਧੀ ਅੱਜ ਦਿੱਲੀ ਵਿੱਚ ਵੀਡੀਓ ਕਾਨਫਰੰਸਿੰਗ ਦੁਆਰਾ ਇੱਕ ਸਮਾਰੋਹ ਆਯੋਜਿਤ ਕੀਤਾ ਗਿਆ। ਮਾਨਯੋਗ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਕੈਬਨਿਟ ਨੇ 2 ਸਤੰਬਰ, 2020 ਨੂੰ ਹੋਈ ਆਪਣੀ ਬੈਠਕ ਵਿੱਚ ਦੋਵਾਂ ਸੰਗਠਨਾਂ ਦਰਮਿਆਨ ਸਹਿਮਤੀ ਪੱਤਰ (ਐੱਮਓਯੂ) ’ਤੇ ਦਸਤਖਤ ਕਰਨ ਦੀ ਪ੍ਰਵਾਨਗੀ ਦਿੱਤੀ ਸੀ। ਹਸਤਾਖਰ ਸਮਾਰੋਹ ਦੀ ਪ੍ਰਧਾਨਗੀ ਭਾਰਤ ਦੀ ਤਰਫੋਂ ਮਾਨਯੋਗ ਟੈਕਸਟਾਈਲ ਮੰਤਰੀ ਅਤੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜੁਬਿਨ ਇਰਾਨੀ ਨੇ ਅਤੇ ਜਪਾਨੀ ਪਾਸੇ ਤੋਂ ਮਹਾਮਹਿਮ ਸ਼੍ਰੀ ਯਸੂਮਾਸਾ ਨਾਗਾਸਾਕਾ, ਮਾਨਯੋਗ ਅਰਥਵਿਵਸਥਾ, ਵਪਾਰ ਅਤੇ ਉਦਯੋਗ ਰਾਜ ਮੰਤਰੀ, ਜਪਾਨ ਸਰਕਾਰ, ਨੇ ਕੀਤੀ।

 

 ਸਮਝੌਤੇ ਦਾ ਮੁੱਖ ਮੰਤਵ ਟੈਕਸਟਾਈਲ ਦੇ ਵਪਾਰ ਅਤੇ ਉਦਯੋਗ ਨੂੰ ਟੈਸਟਿੰਗ, ਇਨਸਪੈਕਸ਼ਨ ਅਤੇ ਅਨੁਕੂਲਤਾ ਮੁਲਾਂਕਣ, ਸਿਖਲਾਈ ਅਤੇ ਸਮਰੱਥਾ ਨਿਰਮਾਣ, ਖੋਜ ਅਤੇ ਵਿਕਾਸ (ਆਰਐਂਡਡੀ) ਅਤੇ ਸਲਾਹ-ਮਸ਼ਵਰੇ ਰਾਹੀਂ ਜਾਪਾਨੀ ਖਰੀਦਦਾਰਾਂ ਦੀ ਜ਼ਰੂਰਤ ਅਨੁਸਾਰ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਲੋੜੀਂਦੀ ਸਹਾਇਤਾ ਪ੍ਰਦਾਨ ਕਰਨਾ ਹੈ।  ਉਮੀਦ ਕੀਤੀ ਜਾਂਦੀ ਹੈ ਕਿ ਇਹ ਸਮਝੌਤਾ ਭਾਰਤ ਦੇ ਟੈਕਸਟਾਈਲ ਅਤੇ ਲਿਬਾਸ (ਟੀਐਂਡਏ) ਦੀ ਜਾਪਾਨ ਨੂੰ, ਜੋ ਕਿ ਵਿਸ਼ਵ ਦੀ ਤੀਜੀ ਸਭ ਤੋਂ ਵੱਡੀ ਨਿਰਯਾਤ ਮੰਜ਼ਿਲ ਹੈ, ਬਰਾਮਦ ਵਧਾ ਕੇ ਦੁਵੱਲੇ ਵਪਾਰ ਨੂੰ ਮਜ਼ਬੂਤ ​​ਕਰੇਗਾ।

 

 ਇਹ ਸਹਿਮਤੀ ਪੱਤਰ ਆਪਸੀ ਗੱਲਬਾਤ ਨੂੰ ਰਸਮੀ ਬਣਾਏਗਾ ਅਤੇ ਮੁਹਾਰਤ ਵਾਲੇ ਆਪੋ ਆਪਣੇ ਖੇਤਰਾਂ ਅਨੁਸਾਰ ਸਬੰਧਾਂ ਨੂੰ ਮਜ਼ਬੂਤ ​​ਕਰੇਗਾ। ਦੋਵੇਂ ਸੰਸਥਾਵਾਂ ਨਿਯਮਤ ਅਧਾਰ 'ਤੇ ਢੁੱਕਵੀਂ ਤਕਨੀਕੀ ਜਾਣਕਾਰੀ ਅਤੇ ਦਸਤਾਵੇਜ਼ਾਂ ਨੂੰ ਸਾਂਝਾ ਕਰਨ ਅਤੇ ਆਦਾਨ-ਪ੍ਰਦਾਨ ਕਰਨ ਅਤੇ ਮਿਆਰਾਂ, ਗੁਣਵਤਾ ਭਰੋਸਾ ਨਿਯਮਾਂ, ਪ੍ਰੀਖਣ 'ਤੇ ਸਾਂਝੇ ਖੋਜ ਪ੍ਰੋਜੈਕਟ, ਉਦਯੋਗ ਲਈ ਡੇਟਾ ਦੇ ਪ੍ਰਸਾਰ ਲਈ ਉਪਭੋਗਤਾ ਦੇ ਅਨੁਕੂਲ ਯੰਤਰਾਂ ਦੇ ਵਿਕਾਸ ਅਤੇ ਸੁਵਿਧਾਵਾਂ ਨਾਲ ਸਬੰਧਤ ਗਤੀਵਿਧੀਆਂ ਕਰਨ ਅਤੇ ਦੋਵਾਂ ਦੇਸ਼ਾਂ ਤੋਂ ਟੈਕਸਟਾਈਲ ਵੈਲਯੂ ਚੇਨ (ਟੀਵੀਸੀ) ਵਿੱਚ ਸੋਰਸਿੰਗ ਸਾਂਝਾ ਕਰਨ ਅਤੇ ਸਹਿਮਤੀ ਦੇਣ ‘ਤੇ ਸਹਿਮਤ ਹੋ ਗਈਆਂ ਹਨ।  

 

 ਦਸਤਖਤ ਸਮਾਰੋਹ ਮੌਕੇ ਬੋਲਦਿਆਂ ਸ਼੍ਰੀਮਤੀ ਸਮ੍ਰਿਤੀ ਜੁਬਿਨ ਇਰਾਨੀ ਨੇ ਭਾਰਤ ਅਤੇ ਜਾਪਾਨ ਦਰਮਿਆਨ ਰੂਹਾਨੀ ਸਦਭਾਵਨਾ ਅਤੇ ਮਜ਼ਬੂਤ ​​ਸਭਿਆਚਾਰਕ ਅਤੇ ਸਭਿਅਕਵਾਦੀ ਸਬੰਧਾਂ ਵਿੱਚ ਅਧਾਰਿਤ ਦੋਸਤੀ ਅਤੇ ਲੰਬੇ ਇਤਿਹਾਸ ਨੂੰ ਪਿਆਰ ਨਾਲ ਯਾਦ ਕੀਤਾ। ਉਨ੍ਹਾਂ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਯੋਗ ਅਗਵਾਈ ਹੇਠ ਭਾਰਤ-ਜਾਪਾਨ ਸਬੰਧਾਂ ਨੂੰ ਹੋਰ ਡੂੰਘਾਈ ਅਤੇ ਮਜ਼ਬੂਤ ​​ਕਰਨ ਬਾਰੇ ਵੀ ਦੱਸਿਆ। ਮੰਤਰੀ ਨੇ ਜਾਪਾਨ ਨੂੰ ਨਿਰਯਾਤ ਕਰਨ ਲਈ ਸਖ਼ਤ ਗੁਣਵੱਤਾ ਮਿਆਰਾਂ ਨਾਲ ਜੁੜੀ ਚੁਣੌਤੀ ਬਾਰੇ ਚਾਨਣਾ ਪਾਇਆ ਅਤੇ ਵਿਸ਼ਵਾਸ ਜਤਾਇਆ ਕਿ ਸਹਿਮਤੀ ਪੱਤਰ ਜਪਾਨ ਵਿੱਚ ਸਥਿਤ ਦਰਾਮਦ ਕਰਨ ਵਾਲਿਆਂ ਦੁਆਰਾ ਮੰਗੇ ਜਾ ਰਹੇ ਵਿਭਿੰਨ ਕੁਆਲਟੀ ਦੇ ਮਾਪਦੰਡਾਂ ਬਾਰੇ ਜਾਗਰੂਕਤਾ ਪੈਦਾ ਕਰਨ ਵਿੱਚ ਸਹਾਇਤਾ ਕਰੇਗਾ ਅਤੇ ਭਾਰਤੀ ਬਰਾਮਦਕਾਰਾਂ ਨੂੰ ਜਾਪਾਨੀ ਦਰਾਮਦਕਾਰਾਂ ਦੁਆਰਾ ਲੋੜੀਂਦੀਆਂ ਸ਼ਰਤਾਂ ਨੂੰ ਪੂਰਾ ਕਰਨ ਲਈ ਉਤਪਾਦਾਂ ਦੀ ਗੁਣਵੱਤਾ ਨੂੰ ਵਧਾਉਣ ਅਤੇ ਲੁੜੀਂਦੀਆਂ ਤਕਨਾਲੋਜੀਆਂ ਨੂੰ ਅਪਣਾਉਣ ਅਤੇ ਅਪਗ੍ਰੇਡ ਕਰਨ ਵਿੱਚ ਹੈਂਡ ਹੋਲਡਿੰਗ ਦੀ ਸਹਾਇਤਾ ਪ੍ਰਦਾਨ ਕਰੇਗਾ।

 

 ਉਨ੍ਹਾਂ ਦੋਵਾਂ ਸੰਗਠਨਾਂ ਦੇ ਕੰਮਕਾਜ ਵਿੱਚ ਸਾਂਝ ਦੀ ਗੱਲ ਵੀ ਕੀਤੀ ਅਤੇ ਵਿਸ਼ਵਾਸ ਜ਼ਾਹਰ ਕੀਤਾ ਕਿ ਇਹ ਮਿਲ ਕੇ ਤਕਨੀਕੀ ਟੈਕਸਟਾਈਲ ਸੈਕਟਰ ਨੂੰ ਵੀ ਉਤਸ਼ਾਹਤ ਕਰੇਗੀ ਅਤੇ ਭਾਰਤ ਤੋਂ ਸੋਰਸਿੰਗ ਵਿੱਚ ਸੁਧਾਰ ਕਰੇਗੀ। ਉਨ੍ਹਾਂ ਟੀਐਂਡਏ ਉਦਯੋਗ ਨੂੰ ਵੀ ਅਪੀਲ ਕੀਤੀ ਕਿ ਉਹ ਭਾਰਤੀ ਹਿੱਤਾਂ ਨੂੰ ਅੱਗੇ ਵਧਾਉਣ ਦੇ ਅਵਸਰ ਦਾ ਪੂਰਾ ਇਸਤੇਮਾਲ ਕਰਨ।

 

 ਇਸ ਮੌਕੇ ਸੰਬੋਧਨ ਕਰਦਿਆਂ ਜਾਪਾਨ ਦੇ ਆਰਥਿਕਤਾ, ਵਪਾਰ ਅਤੇ ਉਦਯੋਗ ਰਾਜ ਮੰਤਰੀ ਸ਼੍ਰੀ ਯਸੂਮਾਸਾ ਨਾਗਾਸਾਕਾ ਨੇ ਚਾਨਣਾ ਪਾਇਆ ਕਿ ਭਾਰਤ ਜਾਪਾਨ ਦੇ ਉਦਯੋਗ ਲਈ ਇੱਕ ਵਿਸ਼ਾਲ ਬਾਜ਼ਾਰ ਹੈ ਅਤੇ ਵਿਸ਼ਵਾਸ ਜਤਾਇਆ ਕਿ ਅੱਗੇ ਜਾ ਕੇ ਭਾਰਤ-ਜਾਪਾਨ ਵਪਾਰਕ ਸਬੰਧ ਵਿੱਚ ਮਹੱਤਵਪੂਰਨ ਵਿਕਾਸ ਹੋਏਗਾ।

 

 ਭਾਰਤ ਅਤੇ ਜਾਪਾਨ ਨੇ ਸਾਲ 2011 ਵਿੱਚ ਇੱਕ ਵਿਆਪਕ ਆਰਥਿਕ ਭਾਈਵਾਲੀ ਸਮਝੌਤਾ (ਸੀਈਪੀਏ) ਉੱਤੇ ਦਸਤਖਤ ਕੀਤੇ ਹਨ ਜੋ ਹੋਰਨਾਂ ਗੱਲਾਂ ਤੋਂ ਇਲਾਵਾ ਭਾਰਤ ਤੋਂ ਜਾਪਾਨ ਨੂੰ ਜ਼ੀਰੋ ਡਿਊਟੀ ‘ਤੇ ਕੱਪੜਿਆਂ ਦੀ ਦਰਾਮਦ ਕਰਨ ਵਿੱਚ ਸਹਾਇਤਾ ਕਰਦਾ ਹੈ। ਸੀਈਪੀਏ ਦੇ ਬਾਵਜੂਦ, ਦੋਵਾਂ ਦੇਸ਼ਾਂ ਦਰਮਿਆਨ ਟੈਕਸਟਾਈਲ ਅਤੇ ਲਿਬਾਸ (ਟੀਐਂਡਏ) ਦੇ ਵਪਾਰ ਵਿਚ ਵਾਧਾ ਮੱਧਮ ਰਿਹਾ ਹੈ। ਜਪਾਨ ਦੁਨੀਆ ਵਿੱਚ ਤੀਸਰਾ ਸਭ ਤੋਂ ਵੱਡਾ ਟੀਐਂਡਏ ਦਰਾਮਦ ਕਰਨ ਵਾਲਾ ਦੇਸ਼ ਹੈ ਅਤੇ ਭਾਰਤ 6ਵਾਂ ਸਭ ਤੋਂ ਵੱਡਾ ਬਰਾਮਦਕਾਰ ਹੈ ਅਤੇ ਵਪਾਰ ਲਈ ਬਹੁਤ ਸਾਰੀਆਂ ਅਪ੍ਰਯੁਕਤ ਸੰਭਾਵਨਾਵਾਂ ਹਨ ਜੋ ਅਣ-ਵਰਤੀਆਂ ਰਹੀਆਂ  ਹਨ।

 

 ਇਸ ਪਿਛੋਕੜ ਵਿੱਚ, ਟੈਕਸਟਾਈਲ ਸੈਕਟਰ ਵਿੱਚ ਬਰਾਮਦ ਅਤੇ ਸਹਿਕਾਰਤਾ ਵਧਾਉਣ ਅਤੇ ਸੀਈਪੀਏ ਦੇ ਲਾਭ ਨੂੰ ਅਨੁਕੂਲ ਬਣਾਉਣ ਲਈ ਖੇਤਰਾਂ ਦੀ ਪਛਾਣ ਕਰਨ ਦੇ ਮੰਤਵ ਨਾਲ ਫਰਵਰੀ, 2019 ਵਿੱਚ ਟੈਕਸਟਾਈਲ ਮੰਤਰਾਲੇ ਦੇ ਇੱਕ ਉੱਚ ਪੱਧਰੀ ਵਫ਼ਦ ਨੂੰ ਕੰਮ ‘ਤੇ ਲਗਾਇਆ ਗਿਆ ਸੀ। ਇਨ੍ਹਾਂ ਘਟਨਾਵਾਂ ਦੇ ਸਿੱਟੇ ਵਜੋਂ, ਟੈਕਸਟਾਈਲ ਕਮੇਟੀ ਨੇ ਦੋਵਾਂ ਸੰਗਠਨਾਂ ਦਰਮਿਆਨ ਸਹਿਯੋਗੀ ਯਤਨਾਂ ਰਾਹੀਂ ਦੋਵਾਂ ਦੇਸ਼ਾਂ ਦੇ ਟੈਕਸਟਾਈਲ ਵਪਾਰ ਅਤੇ ਉਦਯੋਗ ਨੂੰ ਵੱਡਮੁੱਲੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਮੈਸਰਜ਼ ਨੀਸੇਨਕੇਨ ਕੁਆਲਟੀ ਈਵੈੱਲਯੂਏਸ਼ਨ ਸੈਂਟਰ, ਜਾਪਾਨ ਨਾਲ ਗੱਲਬਾਤ ਕੀਤੀ।

 

 ਟੈਕਸਟਾਈਲ ਕਮੇਟੀ ਬਾਰੇ

 

 ਟੈਕਸਟਾਈਲ ਕਮੇਟੀ ਦੀ ਸਥਾਪਨਾ ਸਾਲ 1963 ਵਿੱਚ ਸੰਸਦ ਦੇ ਇੱਕ ਐਕਟ ਦੁਆਰਾ ਕੀਤੀ ਗਈ ਸੀ ਜੋ ਹੋਰਨਾਂ ਗੱਲਾਂ ਤੋਂ ਇਲਾਵਾ  ਘਰੇਲੂ ਅਤੇ ਨਿਰਯਾਤ ਬਾਜ਼ਾਰਾਂ ਲਈ ਸਾਰੇ ਟੈਕਸਟਾਈਲ ਅਤੇ ਕੱਪੜਾ ਉਤਪਾਦਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਟੈਕਸਟਾਈਲ ਮੰਤਰਾਲੇ ਦੇ ਅਧੀਨ ਇੱਕ ਕਾਨੂੰਨੀ ਸੰਸਥਾ ਹੈ। ਟੈਕਸਟਾਈਲ ਕਮੇਟੀ ਇਕੋ ਇੱਕ ਸੰਸਥਾ ਹੈ ਜੋ ਸੰਬੰਧਿਤ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਮਾਪਦੰਡ ਅਧੀਨ ਮਾਨਤਾ ਪ੍ਰਾਪਤ ਦੇਸ਼-ਭਰ ਦੀਆਂ 19 ਕਲਾ ਪ੍ਰਯੋਗਸ਼ਾਲਾਵਾਂ ਸਮੇਤ 28 ਦਫਤਰਾਂ ਦੇ ਆਪਣੇ ਨੈੱਟਵਰਕ ਜ਼ਰੀਏ ਪੂਰੇ ਟੈਕਸਟਾਈਲ ਵੈਲਿਊ ਚੇਨ (ਟੀਵੀਸੀ) ਦੀਆਂ ਸਾਰੀਆਂ ਕੁਆਲਿਟੀ ਨਾਲ ਸਬੰਧਿਤ ਜ਼ਰੂਰਤਾਂ ਨੂੰ ਇੱਕ ਏਕੀਕ੍ਰਿਤ ਫਾਰਮੈਟ ਵਿੱਚ ਮੁਹੱਈਆ ਕਰਵਾਉਂਦੀ ਹੈ।

 

 ਨੀਸੇਨਕੇਨ ਕੁਆਲਟੀ ਈਵੈੱਲਯੂਏਸ਼ਨ ਸੈਂਟਰ, ਜਾਪਾਨ ਬਾਰੇ

 

ਮੈਸਰਜ਼ ਨੀਸੇਨਕੇਨ ਕੁਆਲਟੀ ਈਵੈੱਲਯੂਏਸ਼ਨ ਸੈਂਟਰ, 1948 ਵਿੱਚ ਜਾਪਾਨ ਵਿੱਚ ਸਥਾਪਿਤ ਪ੍ਰਮੁੱਖ ਟੈਸਟਿੰਗ ਅਤੇ ਜਾਂਚ ਸੰਸਥਾਵਾਂ ਵਿਚੋਂ ਇੱਕ ਹੈ ਅਤੇ ਇਹ ਜਪਾਨ ਵਿੱਚ ਵਿਸ਼ਵ ਪੱਧਰੀ ਸਹੂਲਤਾਂ ਅਤੇ ਟੈਕਸਟਾਈਲ ਵਪਾਰ ਅਤੇ ਉਦਯੋਗ ਅਤੇ ਚੀਨ, ਇੰਡੋਨੇਸ਼ੀਆ, ਮਿਆਂਮਾਰ, ਵੀਅਤਨਾਮ, ਬੰਗਲਾਦੇਸ਼, ਕੰਬੋਡੀਆ ਅਤੇ ਭਾਰਤ ਸਮੇਤ 7 ਹੋਰ ਦੇਸ਼ਾਂ ਵਿੱਚ ਕੀਮਤੀ ਸੇਵਾਵਾਂ ਪ੍ਰਦਾਨ ਕਰਦਾ ਹੈ।

 

*********

 

ਬੀਵਾਈ/ਟੀਐੱਫਕੇ

 (Release ID: 1692996) Visitor Counter : 174