ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਹੈਦਰਾਬਾਦ ਦੇ ਡਾ. ਏਪੀਜੇ ਅਬਦੁਲ ਕਲਾਮ ਮਿਜ਼ਾਈਲ ਕੰਪਲੈਕਸ ਵਿਖੇ ਦੋ ਨਵੀਆਂ ਸੁਵਿਧਾਵਾਂ ਦਾ ਉਦਘਾਟਨ ਕੀਤਾ


ਭਾਰਤ ਨੂੰ ਮਿਜ਼ਾਈਲ ਟੈਕਨੋਲੋਜੀ ਵਿੱਚ ਆਤਮ ਨਿਰਭਰਤਾ ਦੇ ਬਹੁਤ ਨੇੜੇ ਲਿਜਾਣ ਲਈ ਡੀਆਰਡੀਓ ਦੀ ਪ੍ਰਸ਼ੰਸਾ ਕੀਤੀ


ਭਾਰਤ ਹਥਿਆਰਾਂ ਦੇ ਦਰਾਮਦਕਾਰ ਤੋਂ ਬਰਾਮਦਕਾਰ ਬਣਨ ਬਾਰੇ ਆਪਣੀ ਸਥਿਤੀ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ - ਉਪ ਰਾਸ਼ਟਰਪਤੀ


ਡੀਆਰਡੀਓ ਨੂੰ ਭਵਿੱਖਵਾਦੀ ਰੱਖਿਆ ਟੈਕਨੋਲੋਜੀਆਂ 'ਤੇ ਧਿਆਨ ਕੇਂਦ੍ਰਿਤ ਕਰਨ ਲਈ ਕਿਹਾ


ਕੋਵਿਡ-19 ਦੇ ਖ਼ਿਲਾਫ਼ ਭਾਰਤ ਦੀ ਲੜਾਈ ਵਾਇਰਸ ਉੱਤੇ ਕਾਬੂ ਰੱਖਣ ਦੀ ਇੱਕ ਸਫ਼ਲ ਕਹਾਣੀ ਦੱਸਦੀ ਹੈ - ਉਪ ਰਾਸ਼ਟਰਪਤੀ


ਉਪ ਰਾਸ਼ਟਰਪਤੀ ਨੇ ਰਿਕਾਰਡ ਸਮੇਂ ਵਿੱਚ ਕੋਵਿਡ -19 ਵੈਕਸੀਨ ਬਣਾਉਣ ਲਈ ਵਿਗਿਆਨੀਆਂ ਦੀ ਸ਼ਲਾਘਾ ਕੀਤੀ; ਉਮੀਦ ਹੈ ਕਿ ਟੀਕਾ ਬਹੁਤ ਜਲਦੀ ਹੀ ਹਰ ਭਾਰਤੀ ਤੱਕ ਪਹੁੰਚ ਜਾਵੇਗਾ


ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਪੂਰੇ ਦਿਲ ਨਾਲ ਸਮਰਥਨ ਕਰਨ ਲਈ ਡੀਆਰਡੀਓ ਦੀ ਪ੍ਰਸ਼ੰਸਾ ਕੀਤੀ

Posted On: 25 JAN 2021 12:13PM by PIB Chandigarh

ਉਪ-ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਡੀਆਰਡੀਓ ਵਿਗਿਆਨੀਆਂ ਅਤੇ ਇੰਜੀਨੀਅਰਾਂ ਦੀ ਉਨ੍ਹਾਂ ਦੀ ਸਖਤ ਮਿਹਨਤ, ਲਗਨ ਅਤੇ ਦ੍ਰਿੜ੍ਹਤਾ ਨਾਲ ਮਿਜ਼ਾਈਲ ਟੈਕਨੋਲੋਜੀ ਵਿੱਚ ਭਾਰਤ ਨੂੰ ਆਤਮ ਨਿਰਭਰਤਾ ਦੇ ਬਹੁਤ ਨੇੜੇ ਲੈ ਜਾਣ ਲਈ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ, “ਰੱਖਿਆ ਖੇਤਰ ਵਿੱਚ ਆਤਮਨਿਰਭਰਤਾ ਪ੍ਰਾਪਤ ਕਰਨਾ ਦੇਸ਼ ਲਈ ਨਾ ਸਿਰਫ ਗੰਭੀਰ ਰੂਪ ਵਿੱਚ ਜਾਂ ਰਣਨੀਤਕ ਤੌਰ ‘ਤੇ ਮਹੱਤਵਪੂਰਨ ਹੈ, ਬਲਕਿ ਇਹ ਰਾਸ਼ਟਰੀ ਸਵੈਮਾਣ ਲਈ ਵੀ ਜ਼ਰੂਰੀ ਹੈ।”

 

ਉਪ ਰਾਸ਼ਟਰਪਤੀ ਨੇ ਇਹ ਟਿੱਪਣੀਆਂ ਅੱਜ ਹੈਦਰਾਬਾਦ ਦੇ ਡਾ. ਏਪੀਜੇ ਅਬਦੁਲ ਕਲਾਮ ਮਿਜ਼ਾਈਲ ਕੰਪਲੈਕਸ ਵਿਖੇ ਦੋ ਨਵੀਆਂ ਸੁਵਿਧਾਵਾਂ ਦਾ ਉਦਘਾਟਨ ਕਰਨ ਤੋਂ ਬਾਅਦ ਵਿਗਿਆਨਕ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਕੀਤੀਆਂ। ਉਪ ਰਾਸ਼ਟਰਪਤੀ ਨੇ ਮਿਜ਼ਾਈਲ ਕੰਪਲੈਕਸ ਪ੍ਰਯੋਗਸ਼ਾਲਾਵਾਂ ਦੁਆਰਾ ਐਕਸਪੋਜ਼ੀਸ਼ਨ ਆਵ੍ ਟੈਕਨੋਲੋਜੀ ਦਾ ਵੀ ਦੌਰਾ ਕੀਤਾ ਅਤੇ ਕਿਹਾ ਕਿ ਸਵਦੇਸ਼ੀ ਉਤਪਾਦਾਂ ਨੂੰ ਵੇਖ ਕੇ ਉਨ੍ਹਾਂ ਨੂੰ ਖੁਸ਼ੀ ਹੋ ਰਹੀ ਹੈ। ਸ਼੍ਰੀ ਨਾਇਡੂ ਨੇ ਕਿਹਾ, “ਮੈਨੂੰ ਡੀਆਰਡੀਓ ਦੇ ਵਿਗਿਆਨੀਆਂ ਦੁਆਰਾ ਆਤਮਨਿਰਭਰ ਮਿਜ਼ਾਈਲ ਟੈਕਨੋਲੋਜੀ ਦੇ ਵਿਕਾਸ ਵਿੱਚ ਕੀਤੀ ਗਈ ਸ਼ਾਨਦਾਰ ਤਰੱਕੀ ਬਾਰੇ ਜਾਣ ਕੇ ਦੇਸ਼ ਦੀ ਸੁਰੱਖਿਆ ਅਤੇ ਸਮਰੱਥਾ ਬਾਰੇ ਭਰੋਸਾ ਮਹਿਸੂਸ ਹੋਇਆ ਹੈ।” ਉਨ੍ਹਾਂ ਵਿਸ਼ਵਾਸ ਜ਼ਾਹਰ ਕੀਤਾ ਕਿ ਡੀਆਰਡੀਓ ਦੇ ਵਿਗਿਆਨੀ ਅਤੇ ਟੈਕਨੋਲੋਜਿਸਟ ਆਪਣੀ ਕਾਬਲੀਅਤ ਅਤੇ ਪ੍ਰਤੀਬੱਧਤਾ ਨਾਲ ਭਾਰਤ ਨੂੰ ਇੰਨੇ ਆਤਮ ਨਿਰਭਰ ਬਣਾ ਦੇਣਗੇ ਕਿ ਆਤਮਨਿਰਭਰ ਭਾਰਤ ਇੱਕ ਅਜਿਹੀ ਸਥਿਤੀ ਵਿਚ ਪਹੁੰਚ ਜਾਵੇਗਾ ਜਿੱਥੇ ਕਿ ਵਿਸ਼ਵ ‘ਭਾਰਤ ਪਰ ਨਿਰਭਰ’ (ਭਾਰਤ ‘ਤੇ ਨਿਰਭਰ) ਹੋਵੇਗਾ।

 

ਆਤਮਨਿਰਭਰ ਭਾਰਤ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਆਤਮਨਿਰਭਰ ਟੈਕਨੋਲੋਜੀ ਸਥਾਨਕ ਉਦਯੋਗ ਨੂੰ ਹੁਲਾਰਾ ਦਿੰਦੀ ਹੈ, ਰੋਜ਼ਗਾਰ ਦੇ ਅਵਸਰ ਪੈਦਾ ਕਰਦੀ ਹੈ ਅਤੇ ਕੀਮਤੀ ਵਿਦੇਸ਼ੀ ਮੁਦਰਾ ਕਮਾਉਂਦੀ ਹੈ।

 

ਇਹ ਨੋਟ ਕਰਦਿਆਂ ਕਿ ਆਕਾਸ਼ ਮਿਜ਼ਾਈਲ ਪ੍ਰਣਾਲੀ ਨੂੰ ਹਾਲ ਹੀ ਵਿੱਚ ਰੱਖਿਆ ਮੰਤਰਾਲੇ ਦੁਆਰਾ ਦਰਾਮਦ ਕੀਤੀਆਂ ਜਾਣ ਵਾਲੀਆਂ ਵਸਤਾਂ ਦੀ ਨਕਾਰਾਤਮਕ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ ਇਸ ਨੂੰ ਡੀਆਰਡੀਓ ਦੀ ਇੱਕ ਸ਼ਲਾਘਾਯੋਗ ਪ੍ਰਾਪਤੀ ਦੱਸਿਆ। ਉਨ੍ਹਾਂ ਕਿਹਾ “ਇਸ ਦਾ ਮਤਲਬ ਹੈ ਕਿ ਭਾਰਤ ਹੁਣ ਇਸ ਕਿਸਮ ਦੀ ਮਿਜ਼ਾਈਲ ਪ੍ਰਣਾਲੀ ਵਿੱਚ ਆਤਮਨਿਰਭਰ ਹੈ ਅਤੇ ਇਸ ਲਈ ਹਥਿਆਰਬੰਦ ਬਲਾਂ ਨੂੰ ਇਸ ਤਰ੍ਹਾਂ ਦੀਆਂ ਮਿਜ਼ਾਈਲ ਪ੍ਰਣਾਲੀਆਂ ਨੂੰ ਦਰਾਮਦ ਕਰਨ ਦੀ ਜ਼ਰੂਰਤ ਨਹੀਂ ਹੈ।”

 

ਸਾਲ 2018 ਵਿੱਚ ਮਿਜ਼ਾਈਲ ਟੈਕਨੋਲੋਜੀ ਕੰਟਰੋਲ ਨਿਯਮ (ਐੱਮਟੀਸੀਆਰ) ਦੇ ਦਸਤਖਤ ਕੀਤੇ ਜਾਣ ਤੋਂ ਪਹਿਲਾਂ ਵਿਕਸਿਤ ਦੇਸ਼ਾਂ ਦੀ ਉੱਚ ਪੱਧਰੀ ਮਿਜ਼ਾਈਲ ਟੈਕਨੋਲੋਜੀ ਤੱਕ ਪਹੁੰਚ ਕਰਨ ਵਿੱਚ ਭਾਰਤ ਨੂੰ ਦਰਪੇਸ਼ ਕਠਿਨਾਈਆਂ ਦਾ ਜ਼ਿਕਰ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਡੀਆਰਡੀਓ ਨੇ ਸਵਦੇਸ਼ੀ ਮਿਜ਼ਾਈਲ ਪ੍ਰਣਾਲੀਆਂ ਦੀ ਰੇਂਜ  ਵਿਕਸਿਤ ਕਰਕੇ ਇਸ ਸੰਕਟ ਨੂੰ ਇੱਕ ਅਵਸਰ ਵਿੱਚ ਬਦਲ ਦਿੱਤਾ। 

 

ਸ਼੍ਰੀ ਨਾਇਡੂ ਨੇ ਇਸ ਗੱਲ 'ਤੇ ਖੁਸ਼ੀ ਜ਼ਾਹਰ ਕੀਤੀ ਕਿ ਭਾਰਤ ਹੁਣ ਆਪਣੀ ਸਥਿਤੀ ਨੂੰ ਰੱਖਿਆ ਉਤਪਾਦਾਂ ਦੇ ਸਭ ਤੋਂ ਵੱਡੇ ਦਰਾਮਦਕਾਰ ਦੇਸ਼ਾਂ ਵਿਚੋਂ ਇੱਕ ਦੀ ਬਜਾਏ ਰੱਖਿਆ ਉਤਪਾਦਾਂ ਦੇ ਚੋਟੀ ਦੇ ਬਰਾਮਦਕਾਰਾਂ ਵਿਚੋਂ ਇੱਕ ਵਜੋਂ ਤਬਦੀਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿ ਹਾਲ ਹੀ ਵਿੱਚ 7 ਗੁਣਾ ਵਾਧਾ ਹੋਣ ਦੇ ਬਾਵਜੂਦ, ਭਾਰਤ ਦੀ ਰੱਖਿਆ ਬਰਾਮਦ ਅਜੇ ਵੀ ਬਹੁਤ ਘੱਟ ਹੈ, ਉਨ੍ਹਾਂ ਕਿਹਾ ਕਿ ਬਰਾਮਦ ਦੀ ਸੰਭਾਵਨਾ ਵਾਲੀਆਂ ਰੱਖਿਆ ਟੈਕਨੋਲੋਜੀਆਂ ਵਿਕਸਿਤ ਕਰਨ ਦੀ ਬਹੁਤ ਗੁੰਜਾਇਸ਼ ਹੈ। ਉਨ੍ਹਾਂ ਵਿਗਿਆਨੀਆਂ ਅਤੇ ਟੈਕਨੋਲੋਜਿਸਟਾਂ ਨੂੰ ਨਾ ਸਿਰਫ ਦੇਸ਼ ਦੀਆਂ ਭਵਿੱਖ ਦੀਆਂ ਰੱਖਿਆ ਜ਼ਰੂਰਤਾਂ ਦੀ ਪਹਿਚਾਣ ਕਰਨ, ਬਲਕਿ ਬਰਾਮਦ ਕੀਤੀਆਂ ਜਾਣ ਵਾਲੀਆਂ ਟੈਕਨੋਲੋਜੀਆਂ ਨੂੰ ਵਿਕਸਿਤ ਕਰਨ ਲਈ ਵੀ ਕਿਹਾ।

 

ਤੇਜ਼ੀ ਨਾਲ ਬਦਲ ਰਹੇ ਟੈਕਨੋਲੋਜੀਕਲ ਲੈਂਡਸਕੇਪ ਦਾ ਹਵਾਲਾ ਦਿੰਦਿਆਂ ਉਪ ਰਾਸ਼ਟਰਪਤੀ ਨੇ ਡੀਆਰਡੀਓ ਨੂੰ ਰਣਨੀਤਕ ਰੱਖਿਆ ਟੈਕਨੋਲੋਜੀ ਅਤੇ ਅਜਿਹੀਆਂ ਆਊਟਸੋਰਸ ਕੀਤੀਆਂ ਜਾ ਸਕਣ ਵਾਲੀਆਂ ਗਤੀਵਿਧੀਆਂ 'ਤੇ ਆਪਣਾ ਧਿਆਨ ਮੁੜ ਪਰਿਭਾਸ਼ਤ ਕਰਨ ਲਈ ਕਿਹਾ ਜੋ ਪ੍ਰਾਈਵੇਟ ਸੈਕਟਰ ਦੇ ਭਾਗੀਦਾਰ ਕਰਨ ਦੇ ਸਮਰੱਥ ਹਨ। ਉਨ੍ਹਾਂ ਨੂੰ ਖੁਸ਼ੀ ਹੋਈ ਕਿ ਡੀਆਰਡੀਓ ਨੇ ਭਵਿੱਖ ਦੀਆਂ ਮਿਲਟਰੀ ਐਪਲੀਕੇਸ਼ਨਾਂ 'ਤੇ ਖੋਜ ਕਰਨ ਲਈ 8 ਅਡਵਾਂਸਡ ਟੈਕਨੋਲੋਜੀ ਕੇਂਦਰ ਸਥਾਪਤ ਕੀਤੇ ਹਨ। ਸ਼੍ਰੀ ਨਾਇਡੂ ਨੇ ਇਹ ਵੀ ਕਿਹਾ ਕਿ ਮਹਿਲਾਵਾਂ ਨੂੰ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਹਿੱਸਾ ਲੈਣ ਲਈ ਉਤਸ਼ਾਹਤ ਕੀਤਾ ਜਾਵੇ। 

 

ਇਹ ਨੋਟ ਕਰਦਿਆਂ ਕਿ ਕੋਵਿਡ-19 ਮਹਾਮਾਰੀ ਦੇ ਕਾਰਨ ਹੋਈ ਅਸਾਧਾਰਣ ਰੁਕਾਵਟ ਨੇ ਸਾਰੇ ਵਰਗਾਂ ਦੇ ਲੋਕਾਂ, ਖ਼ਾਸਕਰ ਗਰੀਬਾਂ ਨੂੰ ਪ੍ਰਭਾਵਿਤ ਕੀਤਾ ਹੈ, ਸ਼੍ਰੀ ਨਾਇਡੂ ਨੇ ਵਾਇਰਸ ਨੂੰ ਫੈਲਣ ਤੋਂ ਰੋਕਣ ਬਾਰੇ ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਰਿਕਾਰਡ ਸਮੇਂ ਵਿੱਚ ਵੈਕਸੀਨ ਤਿਆਰ ਕਰਨ ਲਈ ਵਿਗਿਆਨੀਆਂ ਦੀ ਸ਼ਲਾਘਾ ਕੀਤੀ ਅਤੇ ਉਮੀਦ ਕੀਤੀ ਕਿ ਬਹੁਤ ਜਲਦੀ ਇਹ ਟੀਕਾ ਭਾਰਤ ਦੇ ਹਰ ਨਾਗਰਿਕ ਤੱਕ ਪਹੁੰਚੇਗਾ ਅਤੇ ਮਹਾਮਾਰੀ ਖ਼ਤਮ ਹੋ ਜਾਵੇਗੀ।

 

ਇਸ ਗੱਲ ਨੂੰ ਕਾਇਮ ਰੱਖਦਿਆਂ ਕਿ ਕੋਵਿਡ-19 ਦੇ ਖ਼ਿਲਾਫ਼ ਭਾਰਤ ਦੀ ਲੜਾਈ ਵਾਇਰਸ ਨੂੰ ਰੋਕਣ ਦੀ ਇੱਕ ਸਫਲ ਕਹਾਣੀ ਦੱਸਦੀ ਹੈ, ਸ਼੍ਰੀ ਨਾਇਡੂ ਨੇ ਕਿਹਾ ਕਿ ਇਸ ਲੜਾਈ ਦੇ ਬਹਾਦਰ ਹੀਰੋ ਭਾਰਤ ਦੇ ਲੋਕ, ਪੁਲਿਸ ਬਲ, ਮੈਡੀਕਲ ਭਾਈਚਾਰੇ, ਵਿਗਿਆਨੀ ਅਤੇ ਟੈਕਨੋਲੋਜਿਸਟ ਅਤੇ ਜ਼ਰੂਰੀ ਵਸਤਾਂ ਅਤੇ ਸੇਵਾਵਾਂ ਦੇਣ ਵਾਲੇ ਹਨ।  ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੇ ਸੰਕਰਮਣ ਦੇ ਜੋਖਮ ਦੇ ਬਾਵਜੂਦ ਰਾਸ਼ਟਰੀ ਉਦੇਸ਼ ਦਾ ਪੂਰੇ ਦਿਲ ਨਾਲ ਸਮਰਥਨ ਕੀਤਾ। ਉਨ੍ਹਾਂ ਕਿਸਾਨਾਂ ਦੀ ਵੀ ਪ੍ਰਸ਼ੰਸਾ ਕੀਤੀ ਜਿਨ੍ਹਾਂ ਨੇ ਮਹਾਮਾਰੀ ਦੁਆਰਾ ਪੇਸ਼ ਚੁਣੌਤੀਆਂ ਨੂੰ ਨਕਾਰਦਿਆਂ ਅਨਾਜ ਦੀ ਰਿਕਾਰਡ ਪੈਦਾਵਾਰ ਕੀਤੀ।

 

ਇਸ ਗੱਲ ਨੂੰ ਜਾਣਦਿਆਂ ਕਿ ਮਹਾਮਾਰੀ ਨੇ ਅਰਥਵਿਵਸਥਾ ਅਤੇ ਆਜੀਵਕਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਉਪ ਰਾਸ਼ਟਰਪਤੀ ਨੇ ਕਿਹਾ ਕਿ ਇਸ ਨੇ ਸਾਨੂੰ ਆਪਣੀ ਤਾਕਤ ਅਤੇ ਸਮਰੱਥਾਵਾਂ ਸਥਾਪਿਤ ਕਰਨ ਦਾ ਅਵਸਰ ਵੀ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਵਦੇਸ਼ੀ ਟੀਕਿਆਂ, ਪੀਪੀਈ ਕਿੱਟਾਂ ਅਤੇ ਸਿਹਤ ਸੰਭਾਲ ਪ੍ਰਣਾਲੀਆਂ ਦੇ ਤੇਜ਼ੀ ਨਾਲ ਉਤਪਾਦਨ ਅਤੇ ਨਿਰਯਾਤ ਨੇ ਆਤਮਨਿਰਭਰ ਭਾਰਤ ਬਣਾਉਣ ਵਿੱਚ ਸਾਡੀ ਤਾਕਤ ਦਾ ਪ੍ਰਦਰਸ਼ਨ ਕੀਤਾ ਹੈ।

 

ਉਨ੍ਹਾਂ ਬਹੁਤ ਸਾਰੇ ਨਵੀਨਤਾਕਾਰੀ ਟੈਕਨੋਲੋਜੀ ਹੱਲ ਮੁਹੱਈਆ ਕਰਵਾ ਕੇ ਕੋਰੋਨਾਵਾਇਰਸ ਵਿਰੁੱਧ ਲੜਾਈ ਵਿਚ ਦਿਲੋਂ ਸਹਾਇਤਾ ਕਰਨ ਲਈ ਡੀਆਰਡੀਓ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ  “ਸਿਰਫ 12 ਦਿਨਾਂ ਵਿੱਚ 1000 ਬੈੱਡਾਂ ਦੇ ਹਸਪਤਾਲ ਦੀ ਸਥਾਪਨਾ ਇਹ ਦਰਸਾਉਂਦੀ ਹੈ ਕਿ ਡੀਆਰਡੀਓ ਦੀਆਂ ਕਿਸ ਤਰ੍ਹਾਂ ਦੀਆਂ ਸਮਰੱਥਾਵਾਂ ਹਨ ਅਤੇ ਜੰਗ ਵਰਗੀ ਸਥਿਤੀ ਵਿੱਚ ਇਹ ਕਿੰਨੀ ਜਲਦੀ ਪ੍ਰਤੀਕ੍ਰਿਆ ਦੇ ਸਕਦਾ ਹੈ।”

 

ਇਸ ਮੌਕੇ, ਉਪ ਰਾਸ਼ਟਰਪਤੀ ਨੇ ਡਾ. ਏਪੀਜੇ ਅਬਦੁਲ ਕਲਾਮ ਮਿਜ਼ਾਈਲ ਕੰਪਲੈਕਸ ਵਿਖੇ ਦੋ ਨਵੀਆਂ ਸੁਵਿਧਾਵਾਂ ਦਾ ਉਦਘਾਟਨ ਕੀਤਾ - ਇੱਕ ਡੀਆਰਡੀਐੱਲ ਸੈਮੀਨਾਰ ਹਾਲ ਅਤੇ ਮਿਜ਼ਾਈਲ ਟੈਕਨੋਲੋਜੀ ਐਕਸਪੋਜ਼ੀਸ਼ਨ ਹਾਲ ਅਤੇ ਏਅਰ ਕਮੋਡੋਰ ਵੀ ਗਨੇਸ਼ਨ ਇੰਟੀਗ੍ਰੇਟਿਡ ਵੈਪਨ ਸਿਸਟਮ ਡਿਜ਼ਾਈਨ ਐਂਡ ਡਿਵੈਲਪਮੈਂਟ ਸੈਂਟਰ।

 

ਉਪ ਰਾਸ਼ਟਰਪਤੀ ਨੇ 1961 ਵਿੱਚ ਆਪਣੀ ਸ਼ੁਰੂਆਤ ਤੋਂ ਹੀ ਭਾਰਤ ਦੇ ਮਿਜ਼ਾਈਲ ਟੈਕਨੋਲੋਜੀ ਦੇ ਵਿਕਾਸ ਵਿੱਚ ਡੀਆਰਡੀਐੱਲ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਏਕੀਕ੍ਰਿਤ ਮਿਜ਼ਾਈਲ ਵਿਕਾਸ ਪ੍ਰੋਗਰਾਮ (ਆਈਜੀਐੱਮਡੀਪੀ) ਦੀ ਸਫ਼ਲਤਾ ਵਿੱਚ ਡਾ. ਕਲਾਮ ਵਰਗੇ ਦਿੱਗਜਾਂ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਸ਼੍ਰੀ ਨਾਇਡੂ ਨੇ ਸਾਬਕਾ ਰਾਸ਼ਟਰਪਤੀ ਨਾਲ ਆਪਣੀ ਨਿੱਜੀ ਸਾਂਝ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਹ ਉਨ੍ਹਾਂ ਦੀ ਸਾਦਗੀ, ਉਨ੍ਹਾਂ ਦੇ ਗਿਆਨ ਦੀ ਗਹਿਰਾਈ ਅਤੇ ਭਾਰਤ ਨੂੰ ਇੱਕ ਮਹਾਂਸ਼ਕਤੀ ਬਣਾਉਣ ਦੀ ਉਨ੍ਹਾਂ ਦੀ ਡੂੰਘੀ ਇੱਛਾ ਤੋਂ ਪ੍ਰਭਾਵਿਤ ਹੋਏ। ਉਨ੍ਹਾਂ ਨੂੰ ਖੁਸ਼ੀ ਹੋਈ ਕਿ ਡੀਆਰਡੀਓ ਦੇ ਮਿਜ਼ਾਈਲ ਸਮੂਹ ਦੇ ਵਿਗਿਆਨੀ ਡਾ. ਕਲਾਮ ਦੀ ਵਿਰਾਸਤ ਨੂੰ ਕਾਇਮ ਰੱਖ ਰਹੇ ਹਨ ਅਤੇ ਉਨ੍ਹਾਂ ਨਵੀਂ ਪੀੜ੍ਹੀ ਦੇ ਆਧੁਨਿਕ ਮਿਜ਼ਾਈਲ ਪ੍ਰਣਾਲੀਆਂ ਦਾ ਵਿਕਾਸ ਕੀਤਾ ਹੈ।

 

ਉਨ੍ਹਾਂ ਕੋਵਿਡ-19 ਮਹਾਮਾਰੀ ਦੀਆਂ ਚੁਣੌਤੀਆਂ ਦੇ ਬਾਵਜੂਦ ਮਿਜ਼ਾਈਲ ਵਿਕਾਸ ਪ੍ਰੋਗਰਾਮਾਂ ਦੇ ਮਹੱਤਵਪੂਰਨ ਮੀਲ ਪੱਥਰਾਂ ਨੂੰ ਸਖਤ ਮਿਹਨਤ ਕਰਕੇ ਪੂਰਾ ਕਰਨ ਲਈ ਵਿਗਿਆਨੀਆਂ ਦੀ ਸ਼ਲਾਘਾ ਕੀਤੀ ਅਤੇ ਕਈ ਪ੍ਰਸ਼ੰਸਾਯੋਗ ਪ੍ਰਾਪਤੀਆਂ ਜਿਵੇਂ ਕਿ ਕਿਊਆਰਐੱਸਏਐੱਮ (ਕੁਇੱਕ ਰਿਐਕਸ਼ਨ ਸਰਫੇਸ-ਟੂ-ਏਅਰ ਮਿਜ਼ਾਈਲ), MRSAM-ਮੀਡੀਅਮ ਰੇਂਜ ਸਰਫੇਸ-ਟੂ-ਏਅਰ ਮਿਜ਼ਾਈਲ), SAAW (ਸਮਾਰਟ ਐਂਟੀ-ਏਅਰਫੀਲਡ ਵੇਪਨ), SMART- (ਸੁਪਰਸੋਨਿਕ ਮਿਜ਼ਾਈਲ ਅਸਿਸਟੈਂਟ ਰੀਲੀਜ਼ ਟੋਰਪੀਡੋ) ਅਤੇ MPATGM -ਐੱਮਪੀਏਟੀਜੀਐੱਮ (ਮੈਨ ਪੋਰਟੇਬਲ ਐਂਟੀ-ਟੈਂਕ ਗਾਈਡਡ ਮਿਜ਼ਾਈਲ) ਦੇ ਸਫ਼ਲ ਪਰੀਖਣ ਦਾ ਜ਼ਿਕਰ ਕੀਤਾ। 

 

ਚੇਅਰਮੈਨ ਡੀਆਰਡੀਓ, ਡਾ. ਜੀ ਸਤੀਸ਼ ਰੈੱਡੀ, ਡਾਇਰੈਕਟਰ ਜਨਰਲ (ਮਿਜ਼ਾਈਲ ਅਤੇ ਰਣਨੀਤਕ ਪ੍ਰਣਾਲੀਆਂ), ਸ਼੍ਰੀ ਐੱਮਐੱਸਆਰ ਪ੍ਰਸਾਦ, ਡੀਆਰਡੀਓ ਦੇ ਵਿਗਿਆਨੀ ਵੀ ਇਸ ਅਵਸਰ ‘ਤੇ ਮੌਜੂਦ ਸਨ।


 

                 ***********


 

ਐੱਮਐੱਸ / ਆਰਕੇ / ਡੀਪੀ



(Release ID: 1692187) Visitor Counter : 117