ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਨੌਜਵਾਨਾਂ ਨੂੰ ਗ਼ਰੀਬੀ, ਅਨਪੜ੍ਹਤਾ ਅਤੇ ਸਮਾਜਿਕ ਵਿਤਕਰੇ ਵਿਰੁੱਧ ਲੜਨ ਦੀ ਅਪੀਲ ਕੀਤੀ
ਇੱਕ ਨਵੇਂ ਭਾਰਤ ਅਤੇ ਖੁਸ਼ਹਾਲ ਭਾਰਤ ਦਾ ਨਿਰਮਾਣ ਕਰੋ ਜਿੱਥੇ ਹਰ ਨਾਗਰਿਕ ਨੂੰ ਬਰਾਬਰ ਦੇ ਮੌਕੇ ਮਿਲਦੇ ਹਨ - ਨੌਜਵਾਨਾਂ ਨੂੰ ਉਪ ਰਾਸ਼ਟਰਪਤੀ
ਨੇਤਾ ਜੀ ਬੋਸ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ 'ਤੇ ਭਰਪੂਰ ਸ਼ਰਧਾਂਜਲੀ ਅਰਪਿਤ ਕੀਤੀ; ਇਸ ਦਿਨ ਨੂੰ ਪਰਾਕ੍ਰਮ ਦਿਵਸ ਵਜੋਂ ਮਨਾਉਣ ਦੇ ਸਰਕਾਰ ਦੇ ਫੈਸਲੇ ਦੀ ਪ੍ਰਸ਼ੰਸਾ ਕੀਤੀ
ਨੇਤਾ ਜੀ ਨੂੰ ਇੱਕ ਕ੍ਰਿਸ਼ਮਾਈ ਨੇਤਾ ਕਿਹਾ ਜਿਨ੍ਹਾਂ ਨੇ ਲੋਕਾਂ ਨੂੰ ਉਤਸ਼ਾਹਿਤ ਕੀਤਾ
ਨੇਤਾ ਜੀ ਦੇ ਲੋਕਤੰਤਰੀ ਆਦਰਸ਼ ਕੁਰਬਾਨੀ ਅਤੇ ਤਿਆਗ ਦੇ ਸਿਧਾਂਤਾਂ ਉੱਤੇ ਅਧਾਰਿਤ ਸਨ - ਉਪ ਰਾਸ਼ਟਰਪਤੀ
ਐੱਮਸੀਆਰ ਐੱਚਆਰਡੀ ਇੰਸਟੀਟਿਊਟ, ਹੈਦਰਾਬਾਦ ਵਿਖੇ ਭਾਗ ਲੈ ਰਹੇ ਅਫਸਰ ਟ੍ਰੇਨੀਆਂ ਨੂੰ ਸੰਬੋਧਨ ਕੀਤਾ
Posted On:
23 JAN 2021 1:25PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਨੌਜਵਾਨਾਂ ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਜੀਵਨ ਤੋਂ ਪ੍ਰੇਰਣਾ ਲੈਣ ਅਤੇ ਗ਼ਰੀਬੀ, ਅਨਪੜ੍ਹਤਾ, ਸਮਾਜਿਕ ਅਤੇ ਲਿੰਗ ਭੇਦਭਾਵ, ਭ੍ਰਿਸ਼ਟਾਚਾਰ, ਜਾਤੀਵਾਦ ਅਤੇ ਫਿਰਕਾਪ੍ਰਸਤੀ ਦੇ ਖਾਤਮੇ ਲਈ ਕੰਮ ਕਰਨ ਦੀ ਅਪੀਲ ਕੀਤੀ।
ਉਪ ਰਾਸ਼ਟਰਪਤੀ ਨੇ ਇਹ ਟਿੱਪਣੀਆਂ ਐੱਮਸੀਆਰ ਐੱਚਆਰਡੀ ਇੰਸਟੀਟਿਊਟ, ਹੈਦਰਾਬਾਦ ਵਿੱਚ ਫਾਊਂਡੇਸ਼ਨ ਕੋਰਸ ਵਿੱਚ ਭਾਗ ਲੈਣ ਵਾਲੇ ਅਫਸਰ ਟ੍ਰੇਨੀਆਂ ਨੂੰ, ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ 125ਵੀਂ ਜਨਮ ਵਰ੍ਹੇਗੰਢ ਦੇ ਮੌਕੇ ਜੋ ਦੇਸ਼ ਭਰ ਵਿੱਚ ‘ਪਰਾਕ੍ਰਮ ਦਿਵਸ’ ਵਜੋਂ ਮਨਾਇਆ ਜਾ ਰਿਹਾ ਹੈ, ਸੰਬੋਧਨ ਕਰਦਿਆਂ ਕੀਤੀਆਂ।
ਇਹ ਦੱਸਦੇ ਹੋਏ ਕਿ ਸਾਡੀ 65 ਪ੍ਰਤੀਸ਼ਤ ਆਬਾਦੀ 35 ਸਾਲ ਤੋਂ ਘੱਟ ਉਮਰ ਦੀ ਹੈ, ਸ਼੍ਰੀ ਨਾਇਡੂ ਨੇ ਕਿਹਾ ਕਿ ਨੌਜਵਾਨਾਂ ਨੂੰ ਇੱਕ ਨਵਾਂ ਭਾਰਤ - ਖੁਸ਼ਹਾਲ ਅਤੇ ਸਮ੍ਰਿਧ ਭਾਰਤ ਦੀ ਉਸਾਰੀ ਵਿੱਚ ਅੱਗਵਾਈ ਕਰਨੀ ਚਾਹੀਦੀ ਹੈ ਜਿੱਥੇ ਹਰ ਨਾਗਰਿਕ ਨੂੰ ਬਰਾਬਰ ਦੇ ਮੌਕੇ ਮਿਲਦੇ ਹਨ ਅਤੇ ਜਿੱਥੇ ਕਿਸੇ ਨਾਲ ਕਿਸੇ ਕਿਸਮ ਦਾ ਕੋਈ ਵਿਤਕਰਾ ਨਹੀਂ ਹੁੰਦਾ।
‘ਪਰਾਕ੍ਰਮ’ ਜਾਂ ਹਿੰਮਤ ਨੂੰ ਨੇਤਾ ਜੀ ਦੀ ਸ਼ਖਸੀਅਤ ਦੀ ਸਭ ਤੋਂ ਪ੍ਰਭਾਸ਼ਿਤ ਵਿਸ਼ੇਸ਼ਤਾ ਕਰਾਰ ਦਿੰਦੇ ਹੋਏ ਉਪ ਰਾਸ਼ਟਰਪਤੀ ਨੇ ਦੇਸ਼ ਦੇ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਸਰਕਾਰ ਦੇ ਨੇਤਾ ਜੀ ਦੇ ਜਨਮਦਿਨ ਨੂੰ “ਪਰਾਕ੍ਰਮ ਦਿਵਸ” ਵਜੋਂ ਮਨਾਉਣ ਦੇ ਫੈਸਲੇ ਦੀ ਸ਼ਲਾਘਾ ਕੀਤੀ।
ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਭਰਪੂਰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਕਿਹਾ ਕਿ ਨੇਤਾ ਜੀ ਸੁਤੰਤਰਤਾ ਅੰਦੋਲਨ ਦੇ ਇੱਕ ਕ੍ਰਿਸ਼ਮਾਈ ਨੇਤਾ ਅਤੇ ਸਭ ਤੋਂ ਪ੍ਰਭਾਵਸ਼ਾਲੀ ਸ਼ਖਸੀਅਤਾਂ ਵਿੱਚੋਂ ਇੱਕ ਸਨ ਜਿਨ੍ਹਾਂ ਦਾ ਵਿਸ਼ਵਾਸ ਸੀ ਕਿ ਭਾਰਤ ਦੀ ਤਰੱਕੀ ਲਈ ਸਾਨੂੰ ਜਾਤ, ਅਕੀਦੇ, ਧਰਮ ਅਤੇ ਖੇਤਰ ਤੋਂ ਉੱਪਰ ਉਠ ਕੇ ਆਪਣੇ ਆਪ ਨੂੰ ਪਹਿਲਾਂ ਭਾਰਤੀਆਂ ਵਜੋਂ ਵਿਚਾਰਨ ਦੀ ਲੋੜ ਹੈ।
ਸੁਭਾਸ਼ ਚੰਦਰ ਬੋਸ ਅਤੇ ਵੱਖੋ-ਵੱਖਰੇ ਖੇਤਰਾਂ ਦੇ ਬੇਨਾਮ ਨਾਇਕਾਂ ਸਮੇਤ ਕਈ ਸੁਤੰਤਰਤਾ ਸੈਨਾਨੀਆਂ, ਸਮਾਜ ਸੁਧਾਰਕਾਂ ਦੁਆਰਾ ਨਿਭਾਈ ਗਈ ਅਹਿਮ ਭੂਮਿਕਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਉਨ੍ਹਾਂ ਦੀ ਮਹਾਨਤਾ ਬਾਰੇ ਨਹੀਂ ਜਾਣਦੇ ਕਿਉਂਕਿ ਉਨ੍ਹਾਂ ਵੱਲੋਂ ਦਿੱਤੇ ਯੋਗਦਾਨ ਨੂੰ ਇਤਿਹਾਸ ਦੀਆਂ ਕਿਤਾਬਾਂ ਵਿੱਚ ਸਹੀ ਤਰ੍ਹਾਂ ਨਹੀਂ ਦਰਸਾਇਆ ਗਿਆ। ਉਨ੍ਹਾਂ ਜ਼ੋਰ ਦੇਕੇ ਕਿਹਾ “ਸਾਨੂੰ ਆਪਣੇ ਬਹੁਤ ਸਾਰੇ ਮਹਾਨ ਨੇਤਾਵਾਂ ਦੇ ਜੀਵਨ ਦਾ ਜਸ਼ਨ ਮਨਾਉਣਾ ਹੋਵੇਗਾ। ਸਾਨੂੰ ਬਸਤੀਵਾਦੀ ਸੋਚ ਤੋਂ ਬਾਹਰ ਆਉਣਾ ਪਏਗਾ।”
ਸ਼੍ਰੀ ਨਾਇਡੂ ਨੇ ਕਿਹਾ, “ਇਹ ਕਿਹਾ ਜਾਂਦਾ ਹੈ ਕਿ ਭਾਰਤੀ ਹਥਿਆਰਬੰਦ ਸੈਨਾਵਾਂ ਦੀ ਆਪਣੀ ਮਾਤ ਭੂਮੀ ਪ੍ਰਤੀ ਵੱਧ ਰਹੀ ਵਫ਼ਾਦਾਰੀ ਨੇ ਬ੍ਰਿਟਿਸ਼ ਦੇ ਭਾਰਤ ਛੱਡਣ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ।” ਇਹ ਵੇਖਦਿਆਂ ਕਿ ਵਿਭਿੰਨ ਨੇਤਾਵਾਂ ਨੇ ਵੱਖੋ-ਵੱਖਰੇ ਤਰੀਕਿਆਂ ਨਾਲ ਸੁਤੰਤਰਤਾ ਅੰਦੋਲਨ ਪ੍ਰਤੀ ਆਪਣਾ ਰਵੱਈਆ ਅਪਣਾਇਆ, ਉਪ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਸਾਰਿਆਂ ਦਾ ਅੰਤਮ ਟੀਚਾ ਬਸਤੀਵਾਦੀ ਰਾਜ ਤੋਂ ਭਾਰਤ ਨੂੰ ਆਜ਼ਾਦ ਕਰਾਉਣਾ ਸੀ।
ਇਹ ਦੱਸਦੇ ਹੋਏ ਕਿ ਨੇਤਾ ਜੀ ਭਾਰਤ ਵਿੱਚ ਜਾਤ ਪ੍ਰਣਾਲੀ ਦਾ ਖਾਤਮਾ ਕਰਨਾ ਚਾਹੁੰਦੇ ਸਨ, ਸ਼੍ਰੀ ਨਾਇਡੂ ਨੇ ਕਿਹਾ ਕਿ 1940 ਦੇ ਦਹਾਕੇ ਤੱਕ ਸਾਰੀਆਂ ਜਾਤਾਂ, ਪੰਥ ਅਤੇ ਧਰਮਾਂ ਦੇ ਸਿਪਾਹੀ ਇਕੱਠੇ ਰਹਿੰਦੇ ਸਨ, ਆਮ ਰਸੋਈਆਂ ਵਿੱਚ ਇਕੱਠੇ ਖਾਂਦੇ ਸਨ ਅਤੇ ਪਹਿਲੇ ਅਤੇ ਆਖਰੀ ਤੌਰ ‘ਤੇ ਭਾਰਤੀਆਂ ਵਜੋਂ ਲੜਦੇ ਸਨ। ਉਨ੍ਹਾਂ ਕਿਹਾ ਕਿ ਨੇਤਾ ਜੀ ਨੇ ਹਮੇਸ਼ਾ ਜ਼ੋਰ ਦਿੱਤਾ ਕਿ ਭਾਰਤ ਦੀ ਤਰੱਕੀ ਸਿਰਫ ਦੱਬੇ ਕੁਚਲੇ ਅਤੇ ਹਾਸ਼ੀਏ 'ਤੇ ਰਹਿ ਰਹੀਆਂ ਜਮਾਤਾਂ ਦੇ ਵਿਕਾਸ ਨਾਲ ਹੀ ਸੰਭਵ ਹੋਵੇਗੀ।
ਇਹ ਯਾਦ ਕਰਦਿਆਂ ਕਿ ਸ਼੍ਰੀ ਬੋਸ ਆਪਣੇ ਸਕੂਲ ਦੇ ਦਿਨਾਂ ਤੋਂ ਹੀ ਹਰ ਰੂਪ ਵਿੱਚ ਬੇਇਨਸਾਫੀ ਦੇ ਵਿਰੁੱਧ ਖੜ੍ਹਦੇ ਸਨ, ਉਪ ਰਾਸ਼ਟਰਪਤੀ ਨੇ ਉਨ੍ਹਾਂ 'ਤੇ ਰਾਮਕ੍ਰਿਸ਼ਨ ਪਰਮਹੰਸ, ਸੁਆਮੀ ਵਿਵੇਕਾਨੰਦ ਅਤੇ ਸ਼੍ਰੀ ਅਰੌਬਿੰਦੋ ਦੀਆਂ ਸਿੱਖਿਆਵਾਂ ਦੇ ਪ੍ਰਭਾਵ ਬਾਰੇ ਦੱਸਿਆ। ਸ਼੍ਰੀ ਨਾਇਡੂ ਨੇ ਕਿਹਾ ਕਿ ਇਹ ਰੂਹਾਨੀਅਤ ਅੰਦਰੂਨੀ ਤਾਕਤ ਦਾ ਸੋਮਾ ਬਣ ਗਈ।
ਇਹ ਨੋਟ ਕਰਦਿਆਂ ਕਿ ਨੇਤਾ ਜੀ ਦੇ ਲੋਕਤੰਤਰੀ ਆਦਰਸ਼ ਕੁਰਬਾਨੀ ਅਤੇ ਤਿਆਗ ਦੇ ਸਿਧਾਂਤਾਂ 'ਤੇ ਅਧਾਰਿਤ ਸਨ, ਉਪ ਰਾਸ਼ਟਰਪਤੀ ਨੇ ਕਿਹਾ ਕਿ ਸ਼੍ਰੀ ਬੋਸ ਚਾਹੁੰਦੇ ਸਨ ਕਿ ਅਜ਼ਾਦ ਭਾਰਤ ਵਿੱਚ ਲੋਕਤੰਤਰ ਦੇ ਪ੍ਰਫੁੱਲਤ ਹੋਣ ਲਈ ਨਾਗਰਿਕ ਅਨੁਸ਼ਾਸਨ, ਜ਼ਿੰਮੇਵਾਰੀ, ਸੇਵਾ ਅਤੇ ਦੇਸ਼ ਭਗਤੀ ਦੀਆਂ ਕਦਰਾਂ-ਕੀਮਤਾਂ ਤੋਂ ਸੇਧ ਲੈਣ।
ਸ਼੍ਰੀ ਨਾਇਡੂ ਨੇ ਕਿਹਾ ਕਿ ਰਾਸ਼ਟਰਵਾਦ ਦੀ ਅਸਲ ਭਾਵਨਾ ਦੇਸ਼ ਦੇ ਸਾਰੇ ਨਾਗਰਿਕਾਂ ਦੀ ਭਲਾਈ ਲਈ ਕੰਮ ਕਰਨ ਬਾਰੇ ਹੈ।
ਉਪ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਨੇਤਾਜੀ ਸੁਭਾਸ਼ ਚੰਦਰ ਬੋਸ ਹਮੇਸ਼ਾ ਭਾਰਤ ਦੀਆਂ ਸੱਭਿਅਕ ਕਦਰਾਂ-ਕੀਮਤਾਂ ਅਤੇ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਵਿੱਚ ਮਾਣ ਕਰਦੇ ਸਨ, ਜਿਸ ਨੂੰ ਉਹ ਸਾਡੇ ਕੌਮੀ ਮਾਣ ਅਤੇ ਸਮੂਹਕ ਸਵੈ-ਵਿਸ਼ਵਾਸ ਦਾ ਅਧਾਰ ਮੰਨਦੇ ਸਨ।
ਸ਼੍ਰੀ ਨਾਇਡੂ ਨੇ ਕਿਹਾ ਕਿ ਨੇਤਾ ਜੀ ਨਾ ਸਿਰਫ ਰਾਜਨੀਤਕ ਗ਼ੁਲਾਮੀ ਤੋਂ ਮੁਕਤੀ ਚਾਹੁੰਦੇ ਸਨ, ਬਲਕਿ ਸੰਪਦਾ ਦੀ ਬਰਾਬਰ ਵੰਡ, ਜਾਤੀ ਰੁਕਾਵਟਾਂ ਅਤੇ ਸਮਾਜਿਕ ਅਸਮਾਨਤਾਵਾਂ ਦੇ ਖਾਤਮੇ ਵਿੱਚ ਵੀ ਵਿਸ਼ਵਾਸ਼ ਰੱਖਦੇ ਸਨ।
ਨੇਤਾ ਜੀ ਦੀ ਪ੍ਰੇਰਣਾਦਾਇਕ ਲੀਡਰਸ਼ਿਪ ਦੇ ਗੁਣਾਂ ਬਾਰੇ ਦਸਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਆਪਣੀ ਜਾਦੂਈ ਮੌਜੂਦਗੀ ਨਾਲ ਉਹ ‘ਜੰਗੀ ਕੈਦੀ’ ਸਿਪਾਹੀਆਂ ਨੂੰ ਉਤਸ਼ਾਹਤ ਕਰਕੇ ‘ਆਜ਼ਾਦੀ ਘੁਲਾਟੀਆਂ’ ਵਿੱਚ ਬਦਲ ਸਕਦੇ ਸਨ ਅਤੇ ਉਹ ਆਪਣੇ ਪਿਆਰੇ ਨੇਤਾ ਅਤੇ ਆਪਣੀ ਮਾਤ ਭੂਮੀ ਲਈ ਆਖਰੀ ਸਾਹਾਂ ਤੱਕ ਲੜਨ ਲਈ ਤਿਆਰ ਹੋ ਗਏ ਸਨ।
ਸ਼੍ਰੀ ਨਾਇਡੂ ਨੇ ਕਿਹਾ ਕਿ ਨੇਤਾ ਜੀ ਅਤੇ ਅਜ਼ਾਦ ਹਿੰਦ ਫ਼ੌਜ ਨੇ ਲੋਕਾਂ ਦੀ ਕਲਪਨਾ ਨੂੰ ਆਪਣੇ ਵੱਲ ਖਿੱਚ ਲਿਆ ਸੀ, ਜੋ ਕਿ ਬ੍ਰਿਟਿਸ਼ ਅਧਿਕਾਰੀਆਂ ਦੁਆਰਾ ਆਈਐੱਨਏ ਕੈਦੀਆਂ ਦੀ ਸੁਣਵਾਈ ਦੌਰਾਨ ਉਨ੍ਹਾਂ ਨੂੰ ਪ੍ਰਾਪਤ ਹੋਏ ਲੋਕਪ੍ਰਿਯ ਸਮਰਥਨ ਤੋਂ ਸਪਸ਼ਟ ਹੁੰਦਾ ਹੈ।
ਉਪ-ਰਾਸ਼ਟਰਪਤੀ ਨੇ ਰੇਖਾਂਕਿਤ ਕੀਤਾ ਕਿ ਸ਼੍ਰੀ ਬੋਸ ਜ਼ਿੰਦਗੀ ਦੇ ਹਰ ਖੇਤਰ ਵਿੱਚ ਮਹਿਲਾਵਾਂ ਨੂੰ ਬਰਾਬਰ ਦਾ ਦਰਜਾ ਦੇਣ ਵਿੱਚ ਵਿਸ਼ਵਾਸ ਰੱਖਦੇ ਸਨ- ਭਾਵੇਂ ਉਹ ਸਮਾਜਿਕ, ਆਰਥਿਕ ਜਾਂ ਰਾਜਨੀਤਕ ਖੇਤਰ ਹੋਣ। ਉਨ੍ਹਾਂ ਕਿਹਾ “ਨੇਤਾ ਜੀ ਦੇ ਵਿਚਾਰਾਂ ਦੀ ਪ੍ਰਗਤੀਸ਼ੀਲਤਾ ਦਾ ਅੰਦਾਜ਼ਾ ਆਈਐੱਨਏ ਵਿੱਚ ਰਾਣੀ ਝਾਂਸੀ ਰੈਜੀਮੈਂਟ ਨਾਮੀ ਮਹਿਲਾਵਾਂ ਦੀ ਕੋਰ ਬਣਾਉਣ ਦੇ ਉਨ੍ਹਾਂ ਦੇ ਫੈਸਲੇ ਤੋਂ ਲਗਾਇਆ ਜਾ ਸਕਦਾ ਹੈ।” ਉਨ੍ਹਾਂ ਸਰਕਾਰ ਦੇ ਸੈਨਿਕ ਬਲਾਂ ਵਿੱਚ ਮਹਿਲਾਵਾਂ ਲਈ ਸਥਾਈ ਕਮਿਸ਼ਨ ਦੇਣ ਦੇ ਫੈਸਲੇ ਦੀ ਸ਼ਲਾਘਾ ਕੀਤੀ।
ਸਿੱਖਿਆ ਨੂੰ ਚਰਿੱਤਰ ਨਿਰਮਾਣ ਅਤੇ ਮਨੁੱਖੀ ਜੀਵਨ ਦੇ ਸਰਬਪੱਖੀ ਵਿਕਾਸ ਲਈ ਜ਼ਰੂਰੀ ਹੋਣ ਪ੍ਰਤੀ ਨੇਤਾ ਜੀ ਦੇ ਵਿਸ਼ਵਾਸ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਨਾਇਡੂ ਨੇ ਸਾਰਥਕ ਸਿਖਿਆ ਲਈ ਸਾਡੇ ਸਿਖਾਉਣ ਦੇ ਢੰਗਾਂ ਅਤੇ ਨੈਤਿਕ ਸ਼ਾਸਤਰ ਨੂੰ ਨਵਾਂ ਰੂਪ ਦੇਣ ਅਤੇ ਭਾਰਤ ਨੂੰ ਸਿੱਖਿਆ ਦੇ ਕੇਂਦਰ ਅਤੇ ਗਿਆਨ-ਅਧਾਰਿਤ ਅਰਥਵਿਵਸਥਾ ਵਜੋਂ ਉੱਭਾਰਨ ਦਾ ਸੱਦਾ ਦਿੱਤਾ।
ਸ਼੍ਰੀ ਹਰਪ੍ਰੀਤ ਸਿੰਘ, ਐੱਮਸੀਆਰ ਐੱਚਆਰਡੀ ਇੰਸਟੀਟਿਊਟ ਦੇ ਡਾਇਰੈਕਟਰ ਜਨਰਲ, ਸ਼੍ਰੀ ਬਨਹੂਰ ਮਹੇਸ਼ ਦੱਤਾ ਏਕਾ, ਸੰਸਥਾ ਦੇ ਐਡੀਸ਼ਨਲ ਡਾਇਰੈਕਟਰ ਜਨਰਲ, ਫੈਕਲਟੀ, ਸਟਾਫ ਅਤੇ ਅਫਸਰ ਟ੍ਰੇਨੀ ਇਸ ਸਮਾਰੋਹ ਵਿੱਚ ਸ਼ਾਮਲ ਸਨ।
**********
ਐੱਮਐੱਸ / ਆਰਕੇ / ਡੀਪੀ
(Release ID: 1691602)
Visitor Counter : 157