ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਅਸਾਮ ਦੀ ਤੇਜ਼ਪੁਰ ਯੂਨੀਵਰਸਿਟੀ ਦੀ 18ਵੀਂ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ


ਆਤਮਨਿਰਭਰ ਭਾਰਤ ਦੀ ਭਾਵਨਾ ਅਜੋਕੇ ਯੁਵਾ ਮਿਜ਼ਾਜ ਦੇ ਅਨੁਕੂਲ ਹੈ: ਪ੍ਰਧਾਨ ਮੰਤਰੀ

ਆਸਟ੍ਰੇਲੀਆ ਵਿੱਚ ਭਾਰਤ ਦੀ ਕ੍ਰਿਕਟ ਜਿੱਤ ਨਵੇਂ ਯੁਵਾ ਭਾਰਤ ਦੇ ਜੋਸ਼ ਨੂੰ ਦਰਸਾਉਂਦੀ ਹੈ: ਪ੍ਰਧਾਨ ਮੰਤਰੀ

ਨਵੀਂ ਸਿੱਖਿਆ ਨੀਤੀ (ਐੱਨਈਪੀ) ਸਾਡੀ ਸਿੱਖਿਆ ਪ੍ਰਣਾਲੀ ਨੂੰ ਡੇਟਾ ਅਤੇ ਡੇਟਾ-ਵਿਸ਼ਲੇਸ਼ਣ ਲਈ ਤਿਆਰ ਕਰੇਗੀ: ਪ੍ਰਧਾਨ ਮੰਤਰੀ

Posted On: 22 JAN 2021 2:15PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਅਸਾਮ ਦੀ ਤੇਜ਼ਪੁਰ ਯੂਨੀਵਰਸਿਟੀ ਦੀ 18ਵੀਂ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ। ਇਸ ਮੌਕੇ ਅਸਾਮ ਦੇ ਰਾਜਪਾਲ ਪ੍ਰੋ: ਜਗਦੀਸ਼ ਮੁਖੀ, ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਯਾਲ ‘ਨਿਸ਼ੰਕ’ ਅਤੇ ਅਸਾਮ ਦੇ ਮੁੱਖ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਵੀ ਮੌਜੂਦ ਸਨ।

 

ਇਸ ਮੌਕੇ ’ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ 1200 ਤੋਂ ਵੱਧ ਵਿਦਿਆਰਥੀਆਂ ਲਈ ਜੀਵਨ ਭਰ ਯਾਦ ਰੱਖਣ ਵਾਲਾ ਅਤੇ ਨਿਵਾਜਿਆ ਜਾਣ ਵਾਲਾ ਇੱਕ ਪਲ ਹੈ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਤੇਜ਼ਪੁਰ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਨੇ ਜੋ ਸਿੱਖਿਆ ਪ੍ਰਾਪਤ ਕੀਤੀ ਹੈ, ਉਹ ਅਸਾਮ  ਅਤੇ ਦੇਸ਼ ਦੀ ਪ੍ਰਗਤੀ ਵਿੱਚ ਤੇਜ਼ੀ ਲਿਆਵੇਗੀ। ਉਨ੍ਹਾਂ ਕਿਹਾ ਕਿ ਭਾਰਤ- ਰਤਨ ਭੂਪੇਨ ਹਜ਼ਾਰਿਕਾ ਦੁਆਰਾ ਲਿਖੇ ਯੂਨੀਵਰਸਿਟੀ  ਗੀਤ ਵਿਚਲੀ ਭਾਵਨਾ  ਤੇਜ਼ਪੁਰ ਦੇ ਮਹਾਨ ਇਤਿਹਾਸ ਨਾਲ ਮੇਲ ਖਾਂਦੀ ਹੈ। ਪ੍ਰਧਾਨ ਮੰਤਰੀ ਨੇ ਯੂਨੀਵਰਸਿਟੀ ਗੀਤ ਵਿੱਚੋਂ ਕੁਝ ਪੰਕਤੀਆਂ ਦਾ ਹਵਾਲਾ ਦਿੱਤਾ,

 

“ਅਗਨੀਗੜਰ ਸਥਾਪਤਯ, ਕਲਿਯਾਭੋਮੋਰਾਰ ਸੇਤੁ ਨਿਰਮਾਣ,

ਗਯਾਨ ਜਯੋਤਿਰਮਯ,

ਸੇਹਿ ਸਥਾਨਤੇ ਬਿਰਾਜਿਸੇ ਤੇਜ਼ਪੁਰ ਵਿਸ਼ਵਵਿਦਿਆਲਯ”

(“अग्निगड़र स्थापत्य, कलियाभोमोरार सेतु निर्माण,

ज्ञान ज्योतिर्मय,

सेहि स्थानते बिराजिसे तेजपुर विश्वविद्यालय”)

 

ਯਾਨੀ ਤੇਜ਼ਪੁਰ ਯੂਨੀਵਰਸਿਟੀ ਇੱਕ ਅਜਿਹੀ ਜਗ੍ਹਾ 'ਤੇ ਸਥਿਤ ਹੈ ਜਿੱਥੇ ਅਗਨੀਗੜ ਜਿਹੀ ਇੱਕ ਵਾਸਤੂਕਲਾ ਹੈ, ਜਿੱਥੇ ਇੱਕ ਕਾਲੀਆ-ਭੋਮੋਰਾ ਪੁਲ਼ ਹੈ, ਜਿੱਥੇ ਗਿਆਨ ਦੀ ਰੋਸ਼ਨੀ ਹੈ। ਉਨ੍ਹਾਂ ਕਿਹਾ ਕਿ ਭੂਪੇਨ ਦਾ, ਜਯੋਤੀ ਪ੍ਰਸਾਦ ਅਗਰਵਾਲ ਅਤੇ ਬਿਸ਼ਨੂ ਪ੍ਰਸਾਦ ਰਾਭਾ ਵਰਗੀਆਂ ਉੱਘੀਆਂ ਸ਼ਖਸੀਅਤਾਂ ਦੀ ਪਹਿਚਾਣ ਤੇਜ਼ਪੁਰ ਨਾਲ ਜੁੜੀ ਹੋਈ ਹੈ।

 

ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਤੋਂ ਲੈ ਕੇ ਭਾਰਤ ਦੀ ਆਜ਼ਾਦੀ ਦੇ 100 ਸਾਲ ਪੂਰੇ ਹੋਣ ਤੱਕ ਦੇ ਸਾਲ, ਤੁਹਾਡੀ ਜ਼ਿੰਦਗੀ ਦੇ ਸੁਨਹਿਰੇ ਸਾਲ ਵੀ ਹਨ। ਉਨ੍ਹਾਂ ਨੇ ਤਾਕੀਦ ਕੀਤੀ ਕਿ ਉਹ ਤੇਜ਼ਪੁਰ ਦੇ ਗੌਰਵ ਨੂੰ ਪੂਰੇ ਭਾਰਤ ਅਤੇ ਵਿਸ਼ਵ ਭਰ ਵਿੱਚ ਫੈਲਾਉਣ, ਅਸਾਮ ਅਤੇ ਉੱਤਰ- ਪੂਰਬ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ ਤੇ ਲੈ ਜਾਣ। ਉਨ੍ਹਾਂ ਨੇ  ਵਿਦਿਆਰਥੀਆਂ ਨੂੰ ਉੱਤਰ ਪੂਰਬ ਦੇ ਵਿਕਾਸ ਲਈ, ਵਿਸ਼ੇਸ਼ ਕਰਕੇ ਕਨੈਕਟੀਵਿਟੀ, ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਸਰਕਾਰ ਦੇ ਪ੍ਰਯਤਨਾਂ  ਨਾਲ ਪੈਦਾ ਹੋਈਆਂ ਸੰਭਾਵਨਾਵਾਂ, ਦਾ ਪੂਰਾ ਲਾਭ ਉਠਾਉਣ ਲਈ ਕਿਹਾ।

 

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਤੇਜ਼ਪੁਰ ਯੂਨੀਵਰਸਿਟੀ ਆਪਣੇ ਇਨੋਵੇਸ਼ਨ ਸੈਂਟਰ ਲਈ ਵੀ ਜਾਣੀ ਜਾਂਦੀ ਹੈ। ਇਹ ਬੁਨਿਆਦੀ ਇਨੋਵੇਸ਼ਨਸ ਵੋਕਲ ਫਾਰ ਲੋਕਲ ਨੂੰ ਗਤੀ ਪ੍ਰਦਾਨ ਕਰ ਰਹੀਆਂ ਹਨ ਅਤੇ ਸਥਾਨਕ ਸਮੱਸਿਆਵਾਂ ਦੇ ਸਮਾਧਾਨ ਲਈ ਇਨ੍ਹਾਂ ਦਾ ਉਪਯੋਗ ਕੀਤਾ ਜਾ ਰਿਹਾ ਹੈ। ਇਹਵਿਕਾਸ ਦੇ ਨਵੇਂ ਦਰਵਾਜ਼ੇ ਖੋਲ੍ਹ ਰਹੀਆਂ ਹਨ। ਉਨ੍ਹਾਂ ਤੇਜ਼ਪੁਰ ਯੂਨੀਵਰਸਿਟੀ ਦੀਆਂ ਇਨੋਵੇਸ਼ਨਜ਼, ਜਿਵੇਂ ਕਿ  ਪੀਣ ਵਾਲੇ ਸਾਫ਼ ਪਾਣੀ ਦੀ ਘੱਟ ਲਾਗਤ ਵਾਲੀ ਟੈਕਨੋਲੋਜੀ, ਹਰ ਪਿੰਡ ਵਿੱਚ ਰਹਿੰਦ-ਖੂੰਦ ਨੂੰ ਊਰਜਾ ਵਿੱਚ ਤਬਦੀਲ ਕਰਨ ਦਾ ਸੰਕਲਪ, ਬਾਇਓ ਗੈਸ ਅਤੇ ਜੈਵਿਕ ਖਾਦਾਂ ਨਾਲ ਜੁੜੀ ਸਸਤੀ ਅਤੇ ਪ੍ਰਭਾਵਸ਼ਾਲੀ ਟੈਕਨੋਲੋਜੀ, ਉੱਤਰ-ਪੂਰਬ ਦੀ ਜੈਵਿਕ-ਵਿਵਿਧਤਾ ਅਤੇ ਸਮ੍ਰਿੱਧ ਵਿਰਾਸਤ ਨੂੰ ਸੰਭਾਲਣ ਦੀ ਮੁਹਿੰਮ , ਉੱਤਰ-ਪੂਰਬੀ ਕਬਾਇਲੀ ਸਮਾਜ ਦੀਆਂ ਜੋ ਭਾਸ਼ਾਵਾਂ ਅਲੋਪ ਹੋਣ ਦੇ ਖਤਰੇ ਵਿੱਚ ਹਨ ਉਨ੍ਹਾਂ ਦਾ ਦਸਤਾਵੇਜ਼ੀਕਰਨ,ਬਟਦਰਵ ਥਾਣਾ, ਨਾਗਾਓਂ ਵਿਖੇ ਸਦੀਆਂ ਪੁਰਾਣੀ ਲੱਕੜ-ਤਰਾਸ਼ੀ ਕਲਾ ਦੀ ਸੰਭਾਲ, ਬਸਤੀਵਾਦੀ ਸਮੇਂ ਦੌਰਾਨ ਲਿਖੀਆਂ ਅਸਾਮ ਦੀਆਂ ਕਿਤਾਬਾਂ ਅਤੇ ਪੇਪਰਾਂ ਦੀ ਡਿਜੀਟਾਈਜ਼ੇਸ਼ਨ ਆਦਿ ਦੀ ਸ਼ਲਾਘਾ ਕੀਤੀ।

 

ਪ੍ਰਧਾਨ ਮੰਤਰੀ ਨੇ ਤੇਜ਼ਪੁਰ ਯੂਨੀਵਰਸਿਟੀ ਕੈਂਪਸ ਦੀ, ਬਹੁਤ ਸਾਰੀਆਂ ਸਥਾਨਕ ਜ਼ਰੂਰਤਾਂ ’ਤੇ ਕੰਮ ਕਰਨ ਦੀ ਪ੍ਰੇਰਣਾ ਦਾ ਕਾਰਨ ਬਣਨ ਦੀ ਮਿਸਾਲ ਦਿੱਤੀ। ਇੱਥੇ ਹੋਸਟਲਾਂ ਦੇ ਨਾਮ  ਇਸ ਖੇਤਰ ਦੇ ਪਹਾੜਾਂ ਅਤੇ ਨਦੀਆਂ ਦੇ ਨਾਮ ਉੱਤੇ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਸਿਰਫ ਨਾਮ ਨਹੀਂ ਹਨ, ਬਲਕਿ ਜੀਵਨ ਲਈ ਪ੍ਰੇਰਣਾ ਵੀ ਹਨ। ਉਨ੍ਹਾਂ ਕਿਹਾ ਕਿ ਜ਼ਿੰਦਗੀ ਦੇ ਸਫ਼ਰ ਵਿੱਚ, ਸਾਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਬਹੁਤ ਸਾਰੇ ਪਹਾੜ ਅਤੇ ਕਈ ਨਦੀਆਂ ਨੂੰ ਪਾਰ ਕਰਨਾ ਪੈਂਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਹਰੇਕ ਪਰਬਤ ਆਰੋਹਣ ਨਾਲ ਮੁਹਾਰਤ ਵਧਦੀ ਹੈ ਅਤੇ ਤੁਹਾਡੀ ਦ੍ਰਿਸ਼ਟੀ ਸੀਮਾ ਨਵੀਆਂ ਚੁਣੌਤੀਆਂ ਲਈ ਤਿਆਰ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਕਈ ਸਹਾਇਕ ਨਦੀਆਂ ਇੱਕ ਨਦੀ ਵਿੱਚ ਲੀਨ ਹੋ ਜਾਂਦੀਆਂ ਹਨ ਅਤੇ ਸਮੁੰਦਰ ਵਿੱਚ ਰਲ ਜਾਂਦੀਆਂ ਹਨ, ਉਸੇ ਪ੍ਰਕਾਰ ਸਾਨੂੰ ਵੀ ਜੀਵਨ ਵਿੱਚ ਵੱਖ-ਵੱਖ ਲੋਕਾਂ ਤੋਂ ਗਿਆਨ ਲੈਣਾ ਚਾਹੀਦਾ ਹੈ, ਸਿੱਖਣਾ ਚਾਹੀਦਾ ਹੈ ਅਤੇ ਆਪਣਾ ਟੀਚਾ ਪ੍ਰਾਪਤ ਕਰਨਾ ਚਾਹੀਦਾ ਹੈ ਅਤੇ ਉਸ ਸਿੱਖਿਆ ਦੇ ਨਾਲ ਅੱਗੇ ਵਧਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਜੇਕਰ ਇਸ ਦ੍ਰਿਸ਼ਟੀਕੋਣ ਨਾਲ ਅੱਗੇ ਵਧੋਗੇ ਤਾਂ ਉੱਤਰ-ਪੂਰਬ, ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦੇ ਸਮਰੱਥ ਹੋ ਜਾਵੇਗਾ।

 

ਪ੍ਰਧਾਨ ਮੰਤਰੀ ਨੇ ਆਤਮਨਿਰਭਰ ਅਭਿਯਾਨ ਦੇ ਸੰਕਲਪ ਬਾਰੇ ਵਿਸਤਾਰ ਪੂਰਵਕ ਦੱਸਿਆ। ਉਨ੍ਹਾਂ ਉਲੇਖ ਕੀਤਾ ਕਿ ਇਹ ਅੰਦੋਲਨ ਸੰਸਾਧਨਾਂ, ਭੌਤਿਕ ਬੁਨਿਆਦੀ ਢਾਂਚੇ, ਟੈਕਨੋਲੋਜੀ ਅਤੇ ਆਰਥਿਕ ਤੇ ਰਣਨੀਤਕ ਤਾਕਤ ਵਿੱਚ ਪਰਿਵਰਤਨ ਨਾਲ ਸਬੰਧਿਤ ਹੈ, ਸਭ ਤੋਂ ਵੱਡਾ ਬਦਲਾਅ ਸਹਿਜ ਪਰਵਿਰਤੀ, ਕਿਰਿਆਸ਼ੀਲਤਾ ਅਤੇ ਪ੍ਰਤੀਕਿਰਿਆ ਦੇ ਖੇਤਰ ਵਿੱਚ ਹੈ ਜੋ ਕਿ ਅਜੋਕੇ ਯੁਵਾ ਮਿਜ਼ਾਜ ਦੇ ਅਨੁਰੂਪ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇ ਯੁਵਾ ਭਾਰਤ ਕੋਲ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਇੱਕ ਵਿਲੱਖਣ ਤਰੀਕਾ ਹੈ। ਉਨ੍ਹਾਂ ਆਪਣੀ ਗੱਲ ਨੂੰ ਸਪਸ਼ਟ ਕਰਨ ਲਈ ਆਸਟ੍ਰੇਲੀਆ ਵਿੱਚ ਯੁਵਾ ਭਾਰਤੀ ਕ੍ਰਿਕਟ ਟੀਮ ਦੇ ਤਾਜ਼ਾ ਪ੍ਰਦਰਸ਼ਨ ਦਾ ਜ਼ਿਕਰ ਕੀਤਾ। ਭਾਰਤੀ ਕ੍ਰਿਕਟ ਟੀਮ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਫਿਰ ਵੀ ਤੇਜ਼ੀ ਨਾਲ ਸੁਧਾਰ ਕੀਤਾ ਅਤੇ ਅਗਲਾ ਮੈਚ ਜਿੱਤ ਲਿਆ। ਖਿਡਾਰੀਆਂ ਨੇ ਸੱਟਾਂ ਦੇ ਬਾਵਜੂਦ ਦ੍ਰਿੜ੍ਹਤਾ ਦਿਖਾਈ। ਉਨ੍ਹਾਂ ਨੇ ਚੁਣੌਤੀ ਦਾ ਸਾਹਮਣਾ ਕੀਤਾ ਅਤੇ ਕਠਿਨ ਪਰਿਸਥਿਤੀਆਂ ਵਿੱਚ ਨਿਰਾਸ਼ ਹੋਣ ਦੀ ਬਜਾਏ ਨਵੇਂ ਸਮਾਧਾਨਾਂ ਦੀ ਤਲਾਸ਼ ਕੀਤੀ। ਉੱਥੇ ਅਨੁਭਵਹੀਣ ਖਿਡਾਰੀ ਸਨ ਪਰ ਉਨ੍ਹਾਂ ਦਾ ਮਨੋਬਲ ਉੱਚਾ ਸੀ ਅਤੇ ਉਨ੍ਹਾਂ ਨੇ ਮਿਲੇ ਹੋਏ ਮੌਕੇ ਨੂੰ ਸਾਂਭ ਲਿਆ। ਉਨ੍ਹਾਂ ਨੇ ਆਪਣੀ ਪ੍ਰਤਿਭਾ ਅਤੇ ਮਨੋਦਸ਼ਾ ਨਾਲ ਇੱਕ ਬਿਹਤਰ ਟੀਮ ਨੂੰ ਪਛਾੜ ਦਿੱਤਾ।

 

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਾਡੇ ਖਿਡਾਰੀਆਂ ਦਾ ਇਹ ਸ਼ਾਨਦਾਰ ਪ੍ਰਦਰਸ਼ਨ ਕੇਵਲ ਖੇਡ ਖੇਤਰ ਦੇ ਦ੍ਰਿਸ਼ਟੀਕੋਣ ਤੋਂ ਹੀ ਮਹੱਤਵਪੂਰਨ ਨਹੀਂ ਹੈ। ਸ਼੍ਰੀ ਮੋਦੀ ਨੇ ਇਸ ਪ੍ਰਦਰਸ਼ਨ ਤੋਂ ਮਿਲਣ ਵਾਲੇ ਜੀਵਨ ਦੇ ਮਹੱਤਵਪੂਰਨ ਸਬਕਾਂ ਨੂੰ ਸੂਚੀਬੱਧ ਕੀਤਾ। ਪਹਿਲਾ, ਸਾਨੂੰ ਆਪਣੀ ਸਮਰੱਥਾ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ ਹੈ; ਦੂਸਰਾ, ਸਕਾਰਾਤਮਕ ਮਾਨਸਿਕਤਾ ਸਕਾਰਾਤਮਕ ਨਤੀਜਿਆਂ ਨੂੰ ਜਨਮ ਦਿੰਦੀ ਹੈ।ਤੀਜਾ ਅਤੇ ਸਭ ਤੋਂ ਮਹੱਤਵਪੂਰਨ ਸਬਕ ਜੋ ਪ੍ਰਧਾਨ ਮੰਤਰੀ ਨੇ ਦੱਸਿਆ–ਜੇਕਰ ਕੋਈ ਦੋ ਵਿਕਲਪਾਂ ਦਾ ਸਾਹਮਣਾ ਕਰ ਰਿਹਾ ਹੈ ਜਿਨ੍ਹਾਂ ਵਿੱਚੋਂ ਇੱਕ ਸੁਰੱਖਿਅਤ ਅਤੇ ਦੂਸਰਾ ਇੱਕ ਮੁਸ਼ਕਿਲ ਜਿੱਤ ਦਾ ਵਿਕਲਪ ਹੈ ਤਾਂ ਨਿਸ਼ਚਿਤ ਰੂਪ ਵਿੱਚ ਜਿੱਤ ਦੇ ਵਿਕਲਪ ਦੀ ਹੀ ਪੜਚੋਲ ਕਰਨੀ ਚਾਹੀਦੀ ਹੈ। ਕਦੀ-ਕਦਾਈਂ ਅਸਫ਼ਲ ਹੋਣ ਵਿੱਚ ਕੋਈ ਨੁਕਸਾਨ ਨਹੀਂ ਹੁੰਦਾ ਅਤੇ ਜੋਖਮ ਲੈਣ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ। ਸਾਨੂੰ ਪ੍ਰੋਐਕਟਿਵ ਅਤੇ ਨਿਡਰ ਹੋਣ ਦੀ ਲੋੜ ਹੈ। ਜੇ ਅਸੀਂ ਅਸਫ਼ਲਤਾ ਅਤੇ ਬੇਲੋੜੇ ਦਬਾਅ ਦੇ ਡਰ 'ਤੇ ਕਾਬੂ ਪਾ ਲੈਂਦੇ ਹਾਂ, ਤਾਂ ਅਸੀਂ ਨਿਡਰ ਹੋ ਕੇ ਉੱਭਰਾਂਗੇ। ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਇਹ ਵਿਸ਼ਵਾਸੀ ਅਤੇ ਟੀਚਿਆਂ ਨੂੰ ਸਮਰਪਿਤ ਨਿਊ ਇੰਡੀਆ ਕੇਵਲ ਕ੍ਰਿਕਟ ਦੇ ਖੇਤਰ ਵਿੱਚ ਹੀ ਸਪਸ਼ਟ ਨਹੀਂ ਹੋਇਆ ਬਲਕਿ ਤੁਸੀਂ ਸਾਰੇ ਇਸ ਤਸਵੀਰ ਦਾ ਹਿੱਸਾ ਹੋ।

 

ਨਵੇਂ ਪਥ ਉੱਤੇ ਚਲਣ ਦੇ ਆਤਮ-ਵਿਸ਼ਵਾਸ, ਨਿਡਰਤਾ ਅਤੇ ਯੁਵਾ ਊਰਜਾ ਨੇ ਕੋਰੋਨਾ ਦੇ ਖ਼ਿਲਾਫ਼ ਲੜਾਈ ਵਿੱਚ ਦੇਸ਼ ਨੂੰ ਮਜ਼ਬੂਤ ਕੀਤਾ ਹੈ। ਭਾਰਤ ਨੇ ਸ਼ੁਰੂਆਤੀ ਸ਼ੰਕਿਆਂ 'ਤੇ ਕਾਬੂ ਪਾਇਆ ਅਤੇ ਦਿਖਾਇਆ ਕਿ ਜੇਕਰ ਸੰਕਲਪ ਅਤੇ ਅਨੁਕੂਲਤਾ ਨਾਲ ਚਲੋ ਤਾਂ ਸੰਸਾਧਨ ਵੀ ਜੁਟ ਹੀ ਜਾਂਦੇ ਹਨ। ਭਾਰਤ ਨੇ ਸਥਿਤੀ ਨਾਲ ਸਮਝੌਤਾ ਕਰਨ ਦੀ ਬਜਾਏ ਤੇਜ਼, ਪ੍ਰੋਐਕਟਿਵ ਫੈਸਲੇ ਲਏ ਅਤੇ ਵਾਇਰਸ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ। ਮੇਡ ਇਨ ਇੰਡੀਆ ਸਮਾਧਾਨਾਂ ਨੇ ਫੈਲਾਅ ਨੂੰ ਰੋਕਿਆ ਅਤੇ ਸਿਹਤ  ਬੁਨਿਆਦੀ ਢਾਂਚੇ ਵਿੱਚ ਸੁਧਾਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਵੈਕਸਿਨ ਨਾਲ ਜੁੜੀ ਖੋਜ ਅਤੇ ਉਤਪਾਦਨ ਸਮਰੱਥਾ, ਭਾਰਤ ਅਤੇ ਵਿਸ਼ਵ ਦੇ ਕਈ ਹੋਰ ਦੇਸ਼ਾਂ ਨੂੰ ਇੱਕ ਸੁਰੱਖਿਆ ਢਾਲ ਦਾ ਭਰੋਸਾ ਦੇ ਰਹੀ ਹੈ।

 

ਪ੍ਰਧਾਨ ਮੰਤਰੀ ਨੇ ਪ੍ਰਤੱਖ ਲਾਭ ਤਬਾਦਲਾ, ਫਿਨਟੈੱਕ ਡਿਜੀਟਲ ਸਮਾਵੇਸ਼ਤਾ, ਵਿਸ਼ਵ ਦੀ ਸਭ ਤੋਂ ਵੱਡੀ ਬੈਂਕਿੰਗ ਸਮਾਵੇਸ਼ਤਾ, ਵਿਸ਼ਵ ਦੇ ਸਭ ਤੋਂ ਵੱਡੇ ਟੌਇਲਟ ਨਿਰਮਾਣ ਅੰਦੋਲਨ, ਹਰ ਘਰ ਵਿੱਚ ਨਲ ਰਾਹੀਂ ਪਾਣੀ ਉਪਲੱਬਧ ਕਰਵਾਉਣ ਦੇ ਸਭ ਤੋਂ ਵੱਡੇ ਅੰਦੋਲਨ, ਵਿਸ਼ਵ ਦੀ ਸਭ ਤੋਂ ਵੱਡੀ ਸਿਹਤ ਬੀਮਾ ਯੋਜਨਾ ਅਤੇ ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਨੂੰ ਸਮਰੱਥ ਬਣਾਉਣ ਲਈ ਡਿਜੀਟਲ ਬੁਨਿਆਦੀ ਢਾਂਚੇ ਨੂੰ ਵੀ  ਸੂਚੀਬੱਧ ਕੀਤਾ। ਅੱਜ ਦਾ ਭਾਰਤ ਸਮਾਧਾਨ  ਲਈ ਪ੍ਰਯੋਗ ਕਰਨ ਅਤੇ ਵੱਡੇ ਪੈਮਾਨੇ ਦੇ ਪ੍ਰੋਜੈਕਟਾਂ ਨੂੰ ਸ਼ੁਰੂ ਕਰਨ ਦੇ ਖਿਲਾਫ਼ ਨਹੀਂ ਹੈ। ਇਹ ਪ੍ਰੋਜੈਕਟ ਅਸਾਮ ਅਤੇ ਉੱਤਰ ਪੂਰਬ ਨੂੰ ਲਾਭ ਪਹੁੰਚਾ ਰਹੇ ਹਨ।

 

ਪ੍ਰਧਾਨ ਮੰਤਰੀ ਨੇ ਨਵੀਆਂ ਟੈਕਨੋਲੋਜੀਆਂ ਦੀ ਗੱਲ ਕੀਤੀ ਜੋ ਕਿ ਨਵੀਆਂ ਸੰਭਾਵਨਾਵਾਂ ਪੈਦਾ ਕਰ ਰਹੀਆਂ ਹਨ। ਭਵਿੱਖੀ ਯੂਨੀਵਰਸਿਟੀਆਂ ਜੋ ਕਿ ਪੂਰੀ ਤਰ੍ਹਾਂ ਨਾਲ ਵਰਚੁਅਲ ਹੋਣਗੀਆਂ ਅਤੇ ਉਹ ਵਿਦਿਆਰਥੀਆਂ ਤੇ ਫੈਕਲਟੀ ਨੂੰ ਵਿਸ਼ਵ ਦੀ ਕਿਸੇ ਵੀ ਯੂਨੀਵਰਸਿਟੀ ਦਾ ਹਿੱਸਾ ਬਣ ਸਕਣ ਦੇ ਸਮਰੱਥ ਬਣਾਉਣਗੀਆਂ, ਦੀ ਸੰਭਾਵਨਾ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਅਜਿਹੇ ਬਦਲਾਅ ਦੇ ਵਾਸਤੇ ਇੱਕ ਰੈਗੂਲੇਟਰੀ ਫਰੇਮਵਰਕ  ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਇਸੇ ਦਿਸ਼ਾ ਵਿੱਚ ਇੱਕ ਕਦਮ ਹੈ। ਇਹ ਨੀਤੀ ਟੈਕਨੋਲੋਜੀ ਦੀ ਵੱਧ ਤੋਂ ਵੱਧ ਵਰਤੋਂ, ਬਹੁ-ਵਿਸ਼ਿਅਕ ਸਿੱਖਿਆ ਅਤੇ ਲਚਕਤਾ ਨੂੰ ਉਤਸ਼ਾਹਿਤ ਕਰਦੀ ਹੈ। ਐੱਨਈਪੀ ਸਾਡੀ ਸਿੱਖਿਆ ਪ੍ਰਣਾਲੀ ਨੂੰ ਡੇਟਾ ਅਤੇ ਡੇਟਾ-ਵਿਸ਼ਲੇਸ਼ਣ ਲਈ ਤਿਆਰ ਕਰਨ 'ਤੇ ਜ਼ੋਰ ਦਿੰਦੀ ਹੈ। ਡੇਟਾ ਵਿਸ਼ਲੇਸ਼ਣ ਦਾਖਲੇ ਤੋਂ ਲੈ ਕੇ ਪੜ੍ਹਾਈ ਤੱਕ, ਅਤੇ ਫਿਰ ਮੁੱਲਾਂਕਣ ਤੱਕ ਦੀਆਂ ਪ੍ਰਕਿਰਿਆਵਾਂ ਵਿੱਚ ਵੱਡੇ ਪੱਧਰ 'ਤੇ ਸੁਧਾਰ ਕਰੇਗਾ।

 

ਪ੍ਰਧਾਨ ਮੰਤਰੀ ਨੇ ਤੇਜ਼ਪੁਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਇਨ੍ਹਾਂ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਨ। ਉਨ੍ਹਾਂ ਕਿਹਾ ਕਿ ਆਪਣੀ ਰਸਮੀ ਸਿੱਖਿਆ ਪੂਰੀ ਕਰਨ ਤੋਂ ਬਾਅਦ, ਉਹ ਨਾ ਸਿਰਫ ਆਪਣੇ ਭਵਿੱਖ ਲਈ, ਬਲਕਿ ਦੇਸ਼ ਦੇ ਭਵਿੱਖ ਲਈ ਵੀ ਕੰਮ ਕਰਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਆਦਰਸ਼  ਉੱਚੇ ਰੱਖਣ ਦੀ ਸਲਾਹ ਦਿੱਤੀ ਜੋ ਉਨ੍ਹਾਂ ਨੂੰ ਜ਼ਿੰਦਗੀ ਦੀਆਂਵਿਸੰਗਤੀਆਂ ਤੋਂ ਬਚਾਉਣਗੇ। ਉਨ੍ਹਾਂ ਕਿਹਾ ਕਿ ਅਗਲੇ 25-26 ਸਾਲ ਉਨ੍ਹਾਂ ਦੇ ਨਾਲ-ਨਾਲ  ਦੇਸ਼ ਲਈ ਵੀ ਮਹੱਤਵਪੂਰਨ ਹਨ ਅਤੇ ਉਮੀਦ ਜਤਾਈ ਕਿ ਵਿਦਿਆਰਥੀ ਦੇਸ਼ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਣਗੇ।

 

***

 

ਡੀਐੱਸ / ਏਕੇ



(Release ID: 1691400) Visitor Counter : 121