ਉਪ ਰਾਸ਼ਟਰਪਤੀ ਸਕੱਤਰੇਤ

ਕੋਵਿਡ -19 ਮਹਾਮਾਰੀ ਨੇ ਸਾਨੂੰ ਸਾਡੀ ਸਿਹਤ ਲਈ ਵਧੀਆ ਵੈਂਟੀਲੇਸ਼ਨ ਅਤੇ ਸੂਰਜ ਦੀ ਰੋਸ਼ਨੀ ਦੀ ਮਹੱਤਤਾ ਬਾਰੇ ਸਿਖਿਆ ਦਿੱਤੀ ਹੈ - ਉਪ ਰਾਸ਼ਟਰਪਤੀ


ਸ਼ਹਿਰੀ ਯੋਜਨਾਕਾਰਾਂ ਨੂੰ ਨਾ ਸਿਰਫ਼ ਸ਼ਹਿਰਾਂ ਨੂੰ ਜੀਉਣਯੋਗ ਬਣਾਉਣ 'ਤੇ ਧਿਆਨ ਕੇਂਦ੍ਰਤ ਕਰਨਾ ਚਾਹੀਦਾ ਹੈ, ਬਲਕਿ ਲੋਕਾਂ ਦੀ ਖੁਸ਼ਹਾਲੀ ਨੂੰ ਵਧਾਉਣ ਲਈ ਵੀ ਕੰਮ ਕਰਨਾ ਚਾਹੀਦਾ ਹੈ - ਉਪ ਰਾਸ਼ਟਰਪਤੀ


ਉਪ ਰਾਸ਼ਟਰਪਤੀ ਨੇ ਸ਼ਹਿਰਾਂ ਨੂੰ ਪਹੁੰਚਯੋਗ, ਸਮਾਵੇਸ਼ੀ ਅਤੇ ਸਸਟੇਨੇਬਲ ਬਣਾਉਣ ਦਾ ਸੱਦਾ ਦਿੱਤਾ


ਕਿਹਾ, ਬਹੁਤ ਸਾਰੇ ਸ਼ਹਿਰੀ ਗ਼ਰੀਬ ਅਕਸਰ ਸ਼ਹਿਰੀ ਪਰਿਪੇਖ ਤੋਂ ਵਾਂਝੇ ਰਹਿੰਦੇ ਹਨ


ਸ਼ਹਿਰੀ ਯੋਜਨਾਬੰਦੀ ਸਥਾਨਕ ਸੁਹਜ ਅਤੇ ਸਥਾਨਕ ਪਰੰਪਰਾਵਾਂ ਅਨੁਸਾਰ ਹੋਣੀ ਚਾਹੀਦੀ ਹੈ - ਉਪ ਰਾਸ਼ਟਰਪਤੀ


ਹਰੇਕ ਸ਼ਹਿਰ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਅਤੇ ਵਿਰਾਸਤ ਨੂੰ ਸੁਰੱਖਿਅਤ ਰੱਖਿਆ ਜਾਣਾ ਚਾਹੀਦਾ ਹੈ- ਉਪ ਰਾਸ਼ਟਰਪਤੀ


ਸ਼੍ਰੀ ਨਾਇਡੂ ਨੇ ਕਿਹਾ ਨਾਗਰਿਕ ਸੰਸਥਾਵਾਂ ਨੂੰ ਸਵੈ-ਵਿੱਤੀ ਮੋਡਲਾਂ ਨੂੰ ਅਪਣਾਉਣਾ ਚਾਹੀਦਾ ਹੈ ਜੋ ਜਨਤਕ ਸੁਵਿਧਾਵਾਂ ਦੇ ਸੰਚਾਲਨ ਨੂੰ ਵਿਵਹਾਰਕ ਬਣਾਉਂਦੇ ਹਨ


ਸ਼ਹਿਰਾਂ ਵਿੱਚ ਲਾਇਬ੍ਰੇਰੀਆਂ ਅਤੇ ਪਾਰਕਾਂ ਜਿਹੀਆਂ ਵਧੇਰੇ ਸਾਂਝੀਆਂ ਥਾਵਾਂ ਬਣਾਉਣ ਦਾ ਸੱਦਾ ਦਿੱਤਾ


ਲੋਕਾਂ ਨੂੰ ਕੁਦਰਤ ਦੇ ਸੁਮੇਲ ਵਿੱਚ ਰਹਿਣ ਲਈ ਕਿਹਾ ‘ਅ ਟੈਕਸਟਬੁੱਕ ਆਵ੍ ਅਰਬਨ ਪਲੈਨਿੰਗ ਐਂਡ ਜਿਓਗ੍ਰਾਫੀ’- ਨਾਮ ਦੀ ਪੁਸਤਕ ਜਾਰੀ ਕੀਤੀ

Posted On: 20 JAN 2021 7:30PM by PIB Chandigarh

ਉਪ-ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਕੋਵਿਡ -19 ਮਹਾਮਾਰੀ ਨੇ ਸਾਨੂੰ ਸਾਡੀ ਸਿਹਤ ਲਈ ਚੰਗੀ ਵੈਂਟੀਲੇਸ਼ਨ ਅਤੇ ਸੂਰਜ ਦੀ ਰੋਸ਼ਨੀ ਦੀ ਮਹੱਤਤਾ ਬਾਰੇ ਸਿਖਾਇਆ ਹੈ। ਉਨ੍ਹਾਂ ਬੰਦ ਥਾਵਾਂ ‘ਤੇ ਰਹਿਣ ਦੀ ਵੱਧ ਰਹੀ ਪ੍ਰਵਿਰਤੀ ਨੂੰ ਨਕਾਰਦੇ ਹੋਏ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਘਰਾਂ, ਦਫ਼ਤਰਾਂ, ਰੈਸਟੋਰੈਂਟਾਂ ਅਤੇ ਕਾਨਫ਼ਰੰਸ ਹਾਲਾਂ ਵਿੱਚ ਹਵਾ ਦੇ ਸਹੀ ਗੇੜ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।


 

ਉਪ-ਰਾਸ਼ਟਰਪਤੀ ਨੇ ਇਹ ਟਿੱਪਣੀ ਅੱਜ ਹੈਦਰਾਬਾਦ ਵਿੱਚ ਇੰਡੀਅਨ ਇੰਸਟੀਟਿਊਟ ਆਫ ਕਾਰਪੋਰੇਟ ਅਫੇਅਰਜ਼ ਦੇ ਡਾਇਰੈਕਟਰ ਜਨਰਲ ਅਤੇ ਸੀਈਓ, ਡਾ. ਸਮੀਰ ਸ਼ਰਮਾ ਦੁਆਰਾ ਲਿਖੀ ਗਈ ‘ਅ ਟੈਕਸਟਬੁੱਕ ਆਫ਼ ਅਰਬਨ ਪਲੈਨਿੰਗ ਐਂਡ ਜਿਓਗ੍ਰਾਫੀ’ ਸਿਰਲੇਖ ਹੇਠਲੀ ਪੁਸਤਕ ਵਰਚੁਅਲੀ ਰਿਲੀਜ਼ ਕਰਦਿਆਂ ਕੀਤੀ।

 

 

ਸ਼੍ਰੀ ਨਾਇਡੂ ਨੇ ਦਲੀਲ ਦਿੱਤੀ ਕਿ ਆਧੁਨਿਕ ਜੀਵਨ ਸ਼ੈਲੀ ਦੀ ਇੱਛਾ ਵਿੱਚ, ਸ਼ਹਿਰ ਵਾਸੀਆਂ ਨੇ ਕੁਦਰਤ ਨਾਲ ਸੰਪਰਕ ਗੁਆ ਲਿਆ ਹੈ, ਅਤੇ ਕਈ ਵਾਰ ਅਸੀਂ ਪਾਇਆ ਹੈ ਕਿ ਸੂਰਜ ਦੀਆਂ ਕਿਰਨਾਂ ਵੀ ਸਾਡੇ ਘਰਾਂ ਵਿੱਚ ਨਹੀਂ ਦਾਖਲ ਹੁੰਦੀਆਂ। ਉਨ੍ਹਾਂ ਸ਼ਹਿਰੀ ਯੋਜਨਾਕਾਰਾਂ ਅਤੇ ਆਰਕੀਟੈਕਟਾਂ ਨੂੰ ਸੁਝਾਅ ਦਿੱਤਾ ਕਿ ਉਹ ਅਜਿਹੀਆਂ ਫੈਸ਼ਨ ਅਤੇ ਡਿਜ਼ਾਈਨ ਢਾਂਚੇ ਵਾਲੀਆਂ ਇਮਾਰਤਾਂ ਬਣਾਉਣ ਜਿਨ੍ਹਾਂ ਵਿੱਚ ਕੁਦਰਤ ਦੇ ਅਨੁਕੂਲ ਸੁਵਿਧਾਵਾਂ ਨੂੰ ਤਰਜੀਹ ਦਿੱਤੀ ਜਾਂਦੀ ਹੋਵੇ। ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿੱਚ ਸਾਹ ਲੈਣ ਦੀਆਂ ਵਧੇਰੇ ਥਾਵਾਂ ਹੋਣੀਆਂ ਚਾਹੀਦੀਆਂ ਹਨ, ਜਿਵੇਂ ਪਾਰਕ, ਬਗੀਚੇ ਅਤੇ ਖੇਡ ਦੇ ਮੈਦਾਨ। ਉਨ੍ਹਾਂ ਕਿਹਾ ਕਿ ਇੱਕ ਸਖਤ ਪੱਕਾ ਸ਼ਹਿਰੀ ਖੇਤਰ ਹੜ੍ਹਾਂ ਦਾ ਇੱਕ ਕਾਰਨ ਹੈ।


 

ਚੰਗੀ ਸ਼ਹਿਰੀ ਯੋਜਨਾਬੰਦੀ ਲਈ ਪਹੁੰਚ, ਸਮਾਵੇਸ਼ਿਤਾ ਅਤੇ ਸਥਿਰਤਾ ਦੇ ਸਿਧਾਂਤਾਂ 'ਤੇ ਚਾਨਣਾ ਪਾਉਂਦਿਆਂ ਉਪ-ਰਾਸ਼ਟਰਪਤੀ ਨੇ ਕਿਹਾ ਕਿ ਜੀਊਣਯੋਗ ਸ਼ਹਿਰਾਂ ਦੀ ਸਿਰਜਣਾ ਲਈ ਸ਼ਹਿਰੀ ਯੋਜਨਾਬੰਦੀ ਦੀ ਐਡਹਾਕ ਪਹੁੰਚ ਨੂੰ ਇੱਕ ਲੰਮੇ ਸਮੇਂ ਅਤੇ ਅਗਾਂਹਵਧੂ ਪਹੁੰਚ ਦੁਆਰਾ ਬਦਲਣਾ ਲਾਜ਼ਮੀ ਹੈ।


 

ਇਸ ਗੱਲ ‘ਤੇ ਜ਼ੋਰ ਦਿੰਦਿਆਂ ਕਿ ‘ਸ਼ਹਿਰ ਕੁਝ ਲੋਕਾਂ ਲਈ ਨਹੀਂ ਹੋ ਸਕਦਾ’, ਉਨ੍ਹਾਂ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਕਿ ਬਹੁਤ ਸਾਰੇ ਸ਼ਹਿਰੀ ਗ਼ਰੀਬ ਅਕਸਰ ਸ਼ਹਿਰ ਦੇ ਪ੍ਰੀਪੇਖ ਤੋਂ ਬਾਹਰ ਰਹਿੰਦੇ ਹਨ ਅਤੇ ਸਮਾਵੇਸ਼ਿਤਾ ਨੂੰ ਸ਼ਹਿਰ ਦੀ ਯੋਜਨਾਬੰਦੀ ਦਾ ਇੱਕ ਅਨਿੱਖੜਵਾਂ ਅੰਗ ਬਣਾਉਣ ਲਈ ਕਿਹਾ। 


 

ਸ਼੍ਰੀ ਨਾਇਡੂ ਨੇ ਸ਼ਹਿਰ ਦੀ ਯੋਜਨਾਬੰਦੀ ਦੇ ਹਰ ਹਿੱਸੇ ਵਿਚ ਸਸਟੇਨੇਬਿਲਟੀ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ - ਭਾਵੇਂ ਇਹ ਨਾਗਰਿਕ ਸੁਵਿਧਾਵਾਂ ਲਈ ਵਿੱਤ ਦਾ ਮਾਮਲਾ ਹੋਵੇ, ਚਾਹੇ ਉਹ ਗ੍ਰੀਨ ਇਮਾਰਤਾਂ ਨੂੰ ਉਤਸ਼ਾਹਿਤ ਕਰਨ ਦਾ ਮਾਮਲਾ ਹੋਵੇ, ਕੂੜਾ-ਕਰਕਟ ਦੀ ਮੁੜ ਵਰਤੋਂ ਹੋਵੇ, ਬਰਸਾਤੀ ਪਾਣੀ ਦੀ ਸੰਭਾਲ ਹੋਵੇ ਜਾਂ ਜਨਤਕ ਆਵਾਜਾਈ ਨੂੰ ਉਤਸ਼ਾਹਿਤ ਕਰਨ ਦਾ ਮਾਮਲਾ ਹੋਵੇ। ਕੰਕਰੀਟ ਦੇ  ਢਾਂਚਿਆਂ ਕਾਰਨ ਕਈ ਸ਼ਹਿਰਾਂ ਵਿੱਚ ਹੜ੍ਹਾਂ ਦੇ ਬਾਰ-ਬਾਰ ਵਰਤਾਰੇ 'ਤੇ ਚਿੰਤਾ ਜ਼ਾਹਰ ਕਰਦਿਆਂ ਉਪ-ਰਾਸ਼ਟਰਪਤੀ ਨੇ ਕੁਦਰਤ ਦੇ ਅਨੁਸਾਰ ਚੱਲਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ “ਸਾਲਾਨਾ ਹੜ੍ਹਾਂ ਤੋਂ ਬਚਣ ਲਈ ਝੀਲਾਂ ਜੋ ਕੁਦਰਤੀ ਬਫਰ ਦਾ ਕੰਮ ਕਰਦੀਆਂ ਹਨ, ਨੂੰ ਮੁੜ ਕਾਇਮ ਕੀਤਾ ਜਾਣਾ ਚਾਹੀਦਾ ਹੈ।”


 

ਵਾਹਨਾਂ ਦੇ ਪ੍ਰਦੂਸ਼ਣ ਨੂੰ ਘਟਾਉਣ ਲਈ, ਸ਼੍ਰੀ ਨਾਇਡੂ ਨੇ ਜਨਤਕ ਟ੍ਰਾਂਸਪੋਰਟ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ ਹੋਰ ਗ੍ਰੀਨ ਪਹਿਲਾਂ ਜਿਵੇਂ ਕਾਰ-ਪੂਲਿੰਗ, ਸੀਐੱਨਜੀ ਜਾਂ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਕਰਨ ਦਾ ਸੁਝਾਅ ਦਿੱਤਾ। ਨਾਗਰਿਕਾਂ ਦੇ ਹਿੱਸੇ 'ਤੇ ਵੀ, ਉਨ੍ਹਾਂ ਸੜਕ ਦੀ ਜਗ੍ਹਾ ਦੀ ਵਰਤੋਂ ਕਰਨ ਦੇ ਢੰਗ ਵਿੱਚ ਇਮਾਨਦਾਰ ਵਿਵਹਾਰਵਾਦੀ ਤਬਦੀਲੀ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ “ਸਾਈਕਲਿੰਗ ਨੂੰ ਉਤਸ਼ਾਹਿਤ ਕਰਨ ਲਈ ਲੋਕਾਂ ਦੀ ਲਹਿਰ ਹੋਣੀ ਚਾਹੀਦੀ ਹੈ, ਜਿਹੜਾ ਨਾ ਸਿਰਫ ਸਿਹਤਮੰਦ ਵਿਕਲਪ ਹੈ ਬਲਕਿ ਪ੍ਰਦੂਸ਼ਣ ਨੂੰ ਵੀ ਘੱਟ ਕਰਦਾ ਹੈ।”


 

ਸ਼ਹਿਰ ਦੇ ਬੇਘਰੇ ਅਤੇ ਗ਼ਰੀਬਾਂ ਦੇ ਹਿਤਾਂ ਦੀ ਰਾਖੀ ਅਤੇ ਸੁਰੱਖਿਆ ਦੀ ਜ਼ਰੂਰਤ 'ਤੇ ਜ਼ੋਰ ਦਿੰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕਿਸੇ ਗ੍ਰਾਮੀਣ ਖੇਤਰ ਤੋਂ ਆਉਣ ਵਾਲੇ ਪ੍ਰਵਾਸੀ ਘਟੀਆ ਹਾਲਤਾਂ ਵਿੱਚ ਨਾ ਰਹਿਣ ਅਤੇ ਸ਼ਹਿਰ ਦੇ ਬਾਹਰ-ਵਾਰ ਦੇ ਖੇਤਰਾਂ ਵਿੱਚ ਰਹਿੰਦੇ ਘਰੇਲੂ ਸਹਾਇਕਾਂ ਨੂੰ ਕੰਮ ‘ਤੇ ਆਉਣ ਜਾਣ ਲਈ ਸੰਘਰਸ਼ ਨਾ ਕਰਨਾ ਪਵੇ।


 

ਇਹ ਵੇਖਦਿਆਂ ਕਿ ‘ਈਜ਼ ਆਵ੍ ਲਿਵਿੰਗ ਇੰਡੈਕਸ’ ਵਿੱਚ ਸੁਧਾਰ ਕਰਨਾ ਭਾਰਤ ਦੇ ਸਾਰੇ ਸ਼ਹਿਰਾਂ ਦਾ ਟੀਚਾ ਹੋਣਾ ਚਾਹੀਦਾ ਹੈ, ਸ਼੍ਰੀ ਨਾਇਡੂ ਨੇ ਉਨ੍ਹਾਂ ਸ਼ਹਿਰਾਂ ਦੀ ਪ੍ਰਸ਼ੰਸਾ ਕੀਤੀ ਜੋ ਇਨ੍ਹਾਂ ਰੈਂਕਿੰਗਾਂ ਵਿੱਚ ਪਹਿਲੇ 10 ਵਿੱਚ ਨਿਰੰਤਰ ਦਿਖਾਈ ਦਿੰਦੇ ਰਹੇ ਹਨ।


 

ਉਪ ਰਾਸ਼ਟਰਪਤੀ ਨੇ ਕਿਹਾ ਕਿ ਯੋਜਨਾਕਾਰਾਂ ਨੂੰ ਸਿਰਫ ਸ਼ਹਿਰਾਂ ਨੂੰ ਜੀਉਣਯੋਗ ਸ਼ਹਿਰੀ ਕੇਂਦਰ ਬਣਾਉਣ ’ਤੇ ਧਿਆਨ ਨਹੀਂ ਦੇਣਾ ਚਾਹੀਦਾ, ਬਲਕਿ ਉਨ੍ਹਾਂ ਨੂੰ ਲੋਕਾਂ ਦੀ ਖੁਸ਼ਹਾਲੀ ਵਧਾਉਣ ਲਈ ਵੀ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਸ਼ਹਿਰੀ ਯੋਜਨਾਬੰਦੀ ਸਥਾਨਕ ਸੁਹਜ ਅਤੇ ਸਥਾਨਕ ਪਰੰਪਰਾਵਾਂ ਨਾਲ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ “ਪੱਛਮ ਪ੍ਰਤੀ ਸਾਡੀ ਅੰਨ੍ਹੀ ਨਕਲ ਵਿੱਚ, ਅਸੀਂ ਆਪਣੇ ਸਾਰੇ ਸ਼ਹਿਰ ਇਕੋ ਜਹੀ ਦਿੱਖ ਵਾਲੇ, ਇਕਸਾਰ, ਗੁਮਨਾਮ ਅਤੇ ਉਨ੍ਹਾਂ ਦੇ ਇਤਿਹਾਸ ਦੇ ਬਿਨਾ ਕਿਸੇ ਹਵਾਲੇ ਦੇ ਬਣਾਏ ਹਨ।” ਇਹ ਚੇਤਾਵਨੀ ਦਿੰਦੇ ਹੋਏ ਕਿ ਇੱਕ ਸ਼ਹਿਰ ਜੋ ਆਪਣੇ ਅਤੀਤ ਨੂੰ ਨਹੀਂ ਮੰਨਦਾ, ਉਸਦਾ ਭਵਿੱਖ ਨਹੀਂ ਹੋ ਸਕਦਾ, ਸ਼੍ਰੀ ਨਾਇਡੂ ਨੇ ਇਤਿਹਾਸਿਕ ਸ਼ਹਿਰਾਂ ਵਿੱਚ ਵਿਰਾਸਤ ਅਤੇ ਪਰੰਪਰਾਵਾਂ ਦੀ ਸੰਭਾਲ ਕਰਨ ਦਾ ਸੱਦਾ ਦਿੱਤਾ।


 

ਸ਼ਹਿਰਾਂ ਨੂੰ ਕਿਸੇ ਵੀ ਆਧੁਨਿਕ ਅਰਥਵਿਵਸਥਾ ਵਿੱਚ ਆਰਥਿਕ ਵਿਕਾਸ ਦੇ ਇੰਜਣ ਦੱਸਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਸ਼ਹਿਰ ਸਾਡੀ ਬਹੁਸੱਭਿਆਚਾਰਕ ਅਤੇ ਵਿਭਿੰਨਤਾ ਵਾਲੇ ਦੇਸ਼ ਲਈ ਇੱਕ ਕੁਠਾਲੀ ਹਨ। ਇਹ ਦੱਸਦੇ ਹੋਏ ਕਿ ਸਮੇਂ ਦੇ ਨਾਲ ਨਾਲ, ਹਰੇਕ ਸ਼ਹਿਰ ਦਾ ਆਪਣਾ ਇੱਕ ਖ਼ਾਸ ਕਿਰਦਾਰ ਵਿਕਸਿਤ ਹੁੰਦਾ ਹੈ ਜੋ ਇਸਦੇ ਲਈ ਵਿਲੱਖਣ ਬਣ ਜਾਂਦਾ ਹੈ, ਸ਼੍ਰੀ ਨਾਇਡੂ ਨੇ ਉਨ੍ਹਾਂ ਦੇ ਅਜਿਹੇ ਵਿਲੱਖਣ ਗੁਣਾਂ ਨੂੰ ਸੁਰੱਖਿਅਤ ਰੱਖਣ ਲਈ ਕਿਹਾ।


 

ਸ਼ਹਿਰੀ ਯੋਜਨਾਬੰਦੀ ਵਿੱਚ ਭਾਰਤ ਦੀ ਮਹਾਨ ਵਿਰਾਸਤ ਨੂੰ ਯਾਦ ਕਰਦਿਆਂ ਉਪ ਰਾਸ਼ਟਰਪਤੀ ਨੇ ਹੜੱਪਾ ਅਤੇ ਮੋਹੇਂਜੋਦਾੜੋ, ਇੰਦਰਪ੍ਰਸਥ, ਮਦੁਰੈ ਅਤੇ ਕਾਂਚੀਪੁਰਮ ਵਰਗੇ ਸ਼ਹਿਰਾਂ ਦੀਆਂ ਉਦਾਹਰਣਾਂ ਦਾ ਹਵਾਲਾ ਦਿੱਤਾ ਜੋ ਉਨ੍ਹਾਂ ਦੀ ਉੱਨਤ ਸ਼ਹਿਰ ਦੀ ਯੋਜਨਾਬੰਦੀ ਲਈ ਜਾਣੇ ਜਾਂਦੇ ਸਨ।


 

ਸ਼ਹਿਰੀਕਰਨ ਦੇ ਵੱਧ ਰਹੇ ਰੁਝਾਨ ਵੱਲ ਧਿਆਨ ਖਿੱਚਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਵਿਚ 2050 ਤੱਕ ਸ਼ਹਿਰੀ ਆਬਾਦੀ ਦਾ ਹਿੱਸਾ 60 ਪ੍ਰਤੀਸ਼ਤ ਤੱਕ ਪਹੁੰਚਣ ਦੀ ਉਮੀਦ ਹੈ।  ਉਨ੍ਹਾਂ ਕਿਹਾ, ਇਹ ਤੇਜ਼ ਸ਼ਹਿਰੀਕਰਣ ਮੌਕੇ ਅਤੇ ਚੁਣੌਤੀਆਂ ਦੋਵੇਂ ਪੈਦਾ ਕਰਦਾ ਹੈ। ਉਪ ਰਾਸ਼ਟਰਪਤੀ ਨੇ ਕੁਝ ਚੁਣੌਤੀਆਂ ਦੀ ਸੂਚੀ ਦਿੰਦਿਆਂ ਜਿਵੇਂ ਕਿ ਜ਼ਮੀਨ ਦੇ ਸੀਮਿਤ ਸਰੋਤ, ਪਾਣੀ, ਗ੍ਰਾਮੀਣ ਖੇਤਰਾਂ ਤੋਂ ਪਰਵਾਸ ਅਤੇ ਸ਼ਹਿਰ ਦੇ ਬੁਨਿਆਦੀ ਢਾਂਚੇ 'ਤੇ ਦਬਾਅ, ਬਾਰੇ ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਕਾਰਕਾਂ ਦੇ ਪ੍ਰਬੰਧਨ ਨਾਲ ਕਿਵੇਂ ਨਜਿਠਦੇ ਹਾਂ, ਇਹ ਇੱਕ ਸ਼ਹਿਰ ਦੀ ਕਿਸਮਤ ਤੈਅ ਕਰੇਗਾ।


 

ਟ੍ਰਾਂਸਪੋਰਟ, ਰਿਹਾਇਸ਼ ਅਤੇ ਨਾਗਰਿਕ ਸੁਵਿਧਾਵਾਂ ਜਿਵੇਂ ਪਾਣੀ, ਗੈਸ ਅਤੇ ਕੂੜਾ ਪ੍ਰਬੰਧਨ ਜਿਹੀਆਂ ਸੁਵਿਧਾਵਾਂ ਤੱਕ ਪਹੁੰਚ ਯਕੀਨੀ ਬਣਾਉਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਨਾਗਰਿਕ ਸੰਸਥਾਵਾਂ ਨੂੰ ਸਵੈ-ਵਿੱਤ ਮੋਡਲ ਅਪਣਾਉਣੇ ਚਾਹੀਦੇ ਹਨ ਜੋ ਜਨਤਕ ਸੁਵਿਧਾਵਾਂ ਨੂੰ ਚਲਾਉਣ ਯੋਗ ਬਣਾਉਣ। ਉਨ੍ਹਾਂ ਕਿਹਾ “ਜਦੋਂ ਨਾਗਰਿਕ ਆਪਣੇ ਦੁਆਰਾ ਵਰਤੇ ਜਾਂਦੇ ਸਰੋਤਾਂ ਲਈ ਭੁਗਤਾਨ ਕਰਦੇ ਹਨ, ਭਾਵੇਂ ਇਹ ਮਾਮੂਲੀ ਫੀਸ ਹੀ ਹੋਵੇ, ਸਿਰਫ ਤਾਂ ਹੀ ਉਪਭੋਗਤਾਵਾਂ ਵਿੱਚ ਜ਼ਿੰਮੇਦਾਰੀ ਅਤੇ ਮਾਲਕੀਅਤ ਦੀ ਭਾਵਨਾ ਪੈਦਾ ਹੁੰਦੀ ਹੈ। ਇਹ ਇੱਕ ਸਾਬਿਤ ਹੋਇਆ ਸਭ ਤੋਂ ਵਧੀਆ ਅਭਿਆਸ ਹੈ, ਭਾਰਤ ਅਤੇ ਹੋਰ ਕਿਤੇ ਵੀ।”


 

ਉਪ-ਰਾਸ਼ਟਰਪਤੀ ਨੇ ਇਹ ਵੀ ਜ਼ੋਰ ਦਿੱਤਾ ਕਿ ਸ਼ਹਿਰਾਂ ਵਿੱਚ ਜੀਵੰਤ ਜਨਤਕ ਥਾਵਾਂ ਜ਼ਰੂਰ ਹੋਣੀਆਂ ਚਾਹੀਦੀਆਂ ਹਨ ਅਤੇ ਸਿਰਫ ਇਕੱਲੇ ਇਕਾਂਤ ਅਪਾਰਮੈਂਟ ਨਹੀਂ ਹੋਣੇ ਚਾਹੀਦੇ। ਇਹ ਦੱਸਦੇ ਹੋਏ ਕਿ ਅੱਜ ਕੱਲ੍ਹ ਸਾਂਝੀਆਂ ਗਤੀਵਿਧੀਆਂ ਬਹੁਤ ਘੱਟ ਗਈਆਂ ਹਨ ਅਤੇ ਭਾਈਚਾਰਕ ਸਾਂਝ ਦੀ ਭਾਵਨਾ ਬਹੁਤ ਘੱਟ ਹੋ ਗਈ ਹੈ, ਉਨ੍ਹਾਂ ਕਿਹਾ ਕਿ ਇੱਕ ਕਮਿਊਨਿਟੀ ਦਾ ਬੰਧਨ ਉਦੋਂ ਹੀ ਵੱਧਦਾ ਹੈ ਜਦੋਂ ਪਰਿਵਾਰ ਨਿਯਮਤ ਤੌਰ 'ਤੇ ਗੱਲਬਾਤ ਕਰਦੇ ਹਨ, ਸਾਂਝ ਕਰਦੇ ਹਨ ਅਤੇ ਇੱਕ ਦੂਜੇ ਦੇ ਅਨੁਭਵ ਤੋਂ ਸਿੱਖਦੇ ਹਨ। ਉਨ੍ਹਾਂ ਅੱਗੇ ਕਿਹਾ “ਸਾਨੂੰ ਲਾਇਬ੍ਰੇਰੀਆਂ, ਜਨਤਕ ਪਾਰਕਾਂ ਅਤੇ ਅਜਾਇਬ ਘਰ ਬਣਾਉਣ ਲਈ ਪੈਸੇ ਖਰਚਣੇ ਚਾਹੀਦੇ ਹਨ। ਲੋਕਾਂ ਨੂੰ ਆਪਸ ਵਿੱਚ ਮੇਲ ਮਿਲਾਪ ਕਰਨ ਅਤੇ ਵਿਚਾਰ-ਵਟਾਂਦਰੇ ਵਿੱਚ ਸ਼ਾਮਲ ਕਰਨ ਲਈ ਸਾਨੂੰ ਸੱਭਿਆਚਾਰਕ ਪ੍ਰਦਰਸ਼ਨੀਆਂ, ਆਡੀਟੋਰੀਅਮ ਅਤੇ ਜਨਤਕ ਮਨੋਰੰਜਨ ਕੇਂਦਰਾਂ ਲਈ ਯੋਜਨਾ ਬਣਾਉਣੀ ਚਾਹੀਦੀ ਹੈ।”


 

ਗ੍ਰਾਮੀਣ-ਸ਼ਹਿਰੀ ਪਰਵਾਸ ਬਾਰੇ, ਉਪ ਰਾਸ਼ਟਰਪਤੀ ਦੀ ਰਾਏ ਸੀ ਕਿ ਸਾਨੂੰ ਇਸ ਮੁੱਦੇ ਦੀ ਜੜ੍ਹ ਵੱਲ ਜਾਣਾ ਚਾਹੀਦਾ ਹੈ ਅਤੇ ਵੇਖਣਾ ਚਾਹੀਦਾ ਹੈ ਕਿ ਲੋਕ ਗ੍ਰਾਮੀਣ ਖੇਤਰਾਂ ਤੋਂ ਕਿਉਂ ਪਰਵਾਸ ਕਰ ਰਹੇ ਹਨ। ਇਹ ਦੇਖਦਿਆਂ ਕਿ ਲੋਕ ਮੁੱਖ ਤੌਰ 'ਤੇ ਬੇਰੋਜ਼ਗਾਰੀ ਜਾਂ ਮੁੱਢਲੀਆਂ ਸੁਵਿਧਾਵਾਂ ਦੀ ਘਾਟ ਕਾਰਨ ਪਿੰਡ ਛੱਡਦੇ ਹਨ, ਸ਼੍ਰੀ ਨਾਇਡੂ ਨੇ ਸ਼ਹਿਰੀ ਜੀਉਣਯੋਗਤਾ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਗ੍ਰਾਮੀਣ ਖੇਤਰਾਂ ਵਿਚ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਲਈ ਕਿਹਾ।


 

ਲੇਖਕ, ਡਾ. ਸਮੀਰ ਸ਼ਰਮਾ ਅਤੇ ਪ੍ਰਕਾਸ਼ਕ ਦੀ ਪੁਸਤਕ ਛਾਪਣ ਲਈ ਸ਼ਲਾਘਾ ਕਰਦਿਆਂ ਸ਼੍ਰੀ ਨਾਇਡੂ ਨੇ ਖੁਸ਼ੀ ਜ਼ਾਹਰ ਕੀਤੀ ਕਿ ਲੇਖਕ ਨੇ, ਅੱਖਾਂ ਮੀਚ ਕੇ ਪੱਛਮ ਦੀ ਨਕਲ ਕਰਨ ਦੀ ਬਜਾਏ ਸ਼ਹਿਰਾਂ ਦੀ ਯੋਜਨਾਬੰਦੀ ‘ਤੇ ਸਾਡੇ ਅਨੁਭਵਾਂ ਅਤੇ ਸਵਦੇਸ਼ੀ ਗਿਆਨ ਦੇ ਅਧਾਰ ‘ਤੇ ਸ਼ਹਿਰਾਂ ਲਈ ਘਰੇਲੂ ਉਪਚਾਰਾਂ ਦੀ ਵਕਾਲਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਪੁਸਤਕ ਬਹੁਤ ਸਮੇਂ ਸਿਰ ਆਈ ਹੈ ਕਿਉਂਕਿ ਅਸੀਂ ਇੱਕ ਤਬਦੀਲੀ ਵਿਚੋਂ ਲੰਘ ਰਹੇ ਹਾਂ ਕਿ ਕੋਵਿਡ ਦੇ ਬਾਅਦ ਦੇ ਯੁੱਗ ਵਿੱਚ ਅਸੀਂ ‘ਸ਼ਹਿਰੀ ਖੇਤਰ’ ਬਾਰੇ ਕਿਵੇਂ ਸੋਚਦੇ ਹਾਂ।

 

ਡਾ. ਸਮੀਰ ਸ਼ਰਮਾ, ਕਿਤਾਬ ਦੇ ਲੇਖਕ, ਸ਼੍ਰੀ ਹਿਤੇਸ਼ ਵੈਦਿਆ, ਡਾਇਰੈਕਟਰ, ਨੈਸ਼ਨਲ ਇੰਸਟੀਟਿਊਟ ਆਵ੍ ਅਰਬਨ ਅਫੇਅਰਜ਼, ਸ਼੍ਰੀ ਅਸ਼ੋਕ ਕੇ ਘੋਸ਼, ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, ਪੀਐੱਚਆਈ ਲਰਨਿੰਗ ਪ੍ਰਾਈਵੇਟ ਲਿਮਿਟਿਡ, ਵਰਚੁਅਲ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲੀਆਂ ਸ਼ਖਸੀਅਤਾਂ ਵਿੱਚ ਸ਼ਾਮਲ ਸਨ।


 

                  *********


 

ਐੱਮਐੱਸ / ਆਰਕੇ / ਡੀਪੀ(Release ID: 1690670) Visitor Counter : 179