ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਪਹਿਲੇ ਸੜਕ ਸੁਰੱਖਿਆ ਮਹੀਨੇ ਦਾ ਉਦਘਾਟਨ

Posted On: 18 JAN 2021 6:15PM by PIB Chandigarh

ਭਾਰਤ ਵਿੱਚ ਸੜਕ ਸੁਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਸੜਕ ਹਾਦਸਿਆਂ ਨੂੰ ਘਟਾਉਣ ਲਈ ਪਹਿਲੇ ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਦਾ ਅੱਜ ਨਵੀਂ ਦਿੱਲੀ ਵਿੱਚ ਉਦਘਾਟਨ ਕੀਤਾ ਗਿਆ। ਪਿਛਲੇ ਕੁਝ ਸਾਲਾਂ ਦੌਰਾਨ, ਇੱਕ ਸੜਕ ਸੁਰੱਖਿਆ ਹਫ਼ਤਾ ਆਯੋਜਿਤ ਕੀਤਾ ਜਾ ਰਿਹਾ ਸੀ, ਪਰ ਇਸ ਮੁੱਦੇ ਦੀ ਮਹੱਤਤਾ ਨੂੰ ਵੇਖਦੇ ਹੋਏ, ਇਸ ਸਾਲ ਮਹੀਨੇ ਭਰ ਦਾ ਇੱਕ ਪ੍ਰੋਗਰਾਮ ਬਣਾਇਆ ਗਿਆ ਹੈ। ਉਦਘਾਟਨੀ ਸਮਾਰੋਹ ਦੀ ਸ਼ੁਰੂਆਤ ਕੇਂਦਰੀ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਅਤੇ ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਅਤੇ ਸੂਖਮ, ਲਘੂ ਅਤੇ ਦਰਮਿਆਨੇ ਅਦਾਰੇ (ਐੱਮਐੱਸਐੱਮਈ) ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕੀਤੀ। ਇਸ ਮੌਕੇ ਆਰਟੀਐੱਚ ਰਾਜ ਮੰਤਰੀ, ਜਨਰਲ (ਸੇਵਾਮੁਕਤ) ਡਾ. ਵੀ ਕੇ ਸਿੰਘ ਅਤੇ ਸੀਈਓ, ਨੀਤੀ ਆਯੋਗ, ਸ਼੍ਰੀ ਅਮਿਤਾਭ ਕਾਂਤ ਵੀ ਮੌਜੂਦ ਸਨ। 

 

 ਇਸ ਮੌਕੇ ਸੜਕ ਸੁਰੱਖਿਆ 'ਤੇ ਇੱਕ ਫਿਲਮ ਲਾਂਚ ਕੀਤੀ ਗਈ, ਇਸ ਤੋਂ ਇਲਾਵਾ ਇੱਕ ਨੈਸ਼ਨਲ ਚੈਂਪੀਅਨਸ਼ਿਪ ਸੇਫ ਸਪੀਡ ਚੈਲੇਂਜ ਨੂੰ ਹਰੀ ਝੰਡੀ ਦੇ ਕੇ ਅੰਮ੍ਰਿਤਸਰ ਤੋਂ ਕੰਨਿਆ ਕੁਮਾਰੀ ਤੱਕ ਲਈ ਰਵਾਨਾ ਕੀਤਾ ਗਿਆ ਅਤੇ ਸੜਕ ਸੁਰੱਖਿਆ ਲਈ ਅਵਾਰਡ ਦਿੱਤੇ ਗਏ। ਰਾਜ ਸਰਕਾਰਾਂ, ਪਬਲਿਕ ਸੈਕਟਰ ਅਦਾਰੇ (ਪੀਐੱਸਯੂ) ਅਤੇ ਬੀਮਾ ਕੰਪਨੀਆਂ ਨੇ ਸੈਮੀਨਾਰਾਂ, ਵਾਕਾਥੌਨਜ਼, ਪੋਸਟਰ ਮੇਕਿੰਗ ਪ੍ਰਤੀਯੋਗਤਾਵਾਂ ਆਦਿ ਨਾਲ, ਜਾਗਰੂਕਤਾ ਪੈਦਾ ਕਰਨ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲਿਆ।

 

 ਇਸ ਮੌਕੇ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ, ਸੜਕ ਸੁਰੱਖਿਆ ਵਿੱਚ ਸੜਕ ਜਾਗਰੂਕਤਾ ਸ਼ਾਮਲ ਹੈ। ਨਾ ਸਿਰਫ ਡਰਾਈਵਰ, ਬਲਕਿ ਸਵਾਰਾਂ ਨੂੰ ਹਾਦਸਿਆਂ ਨੂੰ ਰੋਕਣ ਲਈ ਉਨ੍ਹਾਂ ਦੇ ਕਾਰਨਾਂ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਹੋਣਾ ਪਏਗਾ।

 

ਉਨ੍ਹਾਂ ਕਿਹਾ, ਦੁਰਘਟਨਾਵਾਂ ਨਾਲ ਹੋਈਆਂ ਮੌਤਾਂ ਨਾ ਸਿਰਫ ਇੱਕ ਪਰਿਵਾਰ ਲਈ ਦੁਖਦਾਈ ਹਨ, ਬਲਕਿ ਰਾਸ਼ਟਰੀ ਸਰੋਤਾਂ ਦਾ ਵੀ ਭਾਰੀ ਨੁਕਸਾਨ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਸੁਰੱਖਿਆ ਜਾਗਰੂਕਤਾ ਫੈਲਾਅ ਕੇ ਤਕਰੀਬਨ 3 ਪ੍ਰਤੀਸ਼ਤ ਜੀਡੀਪੀ ਘਾਟੇ ਨੂੰ ਬਚਾਇਆ ਜਾ ਸਕਦਾ ਹੈ।

 

 ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਅਤੇ ਐੱਮਐੱਸਐੱਮਈ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ, ਸੜਕ ਸੁਰੱਖਿਆ ਕਾਰਜਾਂ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਰਾਜ, ਵਧੀਆ ਸਾਮਰੀਅਨ ਪੁਰਸਕਾਰ, ਵਧੀਆ ਰਾਜ ਟ੍ਰਾਂਸਪੋਰਟ ਕਾਰਪੋਰੇਸ਼ਨਾਂ, ਸੁਰੱਖਿਅਤ ਹਾਈਵੇ ਵਿਕਾਸ ਵਿੱਚ ਸਰਬੋਤਮ ਕੰਮ, ਸ਼ਾਨਦਾਰ ਕੰਮ ਕਰਨ ਵਾਲੇ ਫੀਲਡ ਅਧਿਕਾਰੀਆਂ ਅਤੇ ਐੱਨਜੀਓਜ਼ ਦੁਆਰਾ ਰੋਡ ਸੇਫਟੀ ਵਿੱਚ ਵਧੀਆ ਕੰਮ ਲਈ ਵਿਭਿੰਨ ਸ਼੍ਰੇਣੀਆਂ ਦੇ ਜੇਤੂਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਸੜਕ ਸੁਰੱਖਿਆ ਮਿਸ਼ਨ ਵਿੱਚ ਸਰਕਾਰ ਨਾਲ ਉਨ੍ਹਾਂ ਦੀ ਸਖ਼ਤ ਮਿਹਨਤ ਨੂੰ ਸਵੀਕਾਰਦਿਆਂ, ਸਾਰੇ ਹਿਤਧਾਰਕਾਂ, ਸੰਸਥਾਵਾਂ ਦਾ ਧੰਨਵਾਦ ਕੀਤਾ ਅਤੇ ਸ਼ੁਭਕਾਮਨਾਵਾਂ ਦਿੱਤੀਆਂ, ਜਿਨ੍ਹਾਂ ਨੂੰ ਅੱਜ ਪੁਰਸਕਾਰ ਪ੍ਰਾਪਤ ਨਹੀਂ ਹੋਏ।

 

 ਸ਼੍ਰੀ ਗਡਕਰੀ ਨੇ ਦੱਸਿਆ ਕਿ ਭਾਰਤ ਵਿੱਚ ਹਰ ਸਾਲ ਕੁੱਲ ਡੇਢ ਲੱਖ ਲੋਕਾਂ ਦੀ ਮੌਤ ਹੁੰਦੀ ਹੈ, ਜਦੋਂ ਕਿ 4.5 ਲੱਖ ਤੋਂ ਵੱਧ ਲੋਕ ਹਰ ਸਾਲ ਸੜਕ ਹਾਦਸਿਆਂ ਵਿੱਚ ਜ਼ਖਮੀ ਹੋ ਜਾਂਦੇ ਹਨ, ਨਤੀਜੇ ਵਜੋਂ ਹਰ ਸਾਲ ਦੁਰਘਟਨਾਵਾਂ ਵਿੱਚ ਹੋਣ ਵਾਲੀਆਂ ਮੌਤਾਂ ਤੋਂ ਜੀਡੀਪੀ ਦੇ ਹੈਰਾਨ ਕਰਨ ਵਾਲੇ 3.14% ਦੇ ਬਰਾਬਰ ਸਮਾਜਿਕ-ਆਰਥਿਕ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ, 70% ਮੌਤਾਂ 18 ਤੋਂ 45 ਸਾਲ ਉਮਰ ਵਰਗ ਦੇ ਲੋਕਾਂ ਦੀਆਂ ਹੁੰਦੀਆਂ ਹਨ।  ਭਾਰਤ ਵਿੱਚ ਪ੍ਰਤੀ ਦਿਨ ਤਕਰੀਬਨ 415 ਲੋਕਾਂ ਦੀ ਦੁਰਘਟਨਾਵਾਂ ਵਿੱਚ ਮੌਤ ਹੋ ਰਹੀ ਹੈ। ਮੰਤਰੀ ਨੇ ਕਿਹਾ, ਸਰਕਾਰ ਸੜਕ ਹਾਦਸਿਆਂ ਵਿੱਚ ਲੱਗਣ ਵਾਲੀਆਂ ਸੱਟਾਂ ਅਤੇ ਮੌਤਾਂ ਨੂੰ ਘਟਾਉਣ ਲਈ ਵਚਨਬੱਧ ਹੈ।  2030 ਤੱਕ ਵਿਭਿੰਨ ਪਹਿਲਾਂ, ਨੀਤੀਗਤ ਸੁਧਾਰਾਂ ਅਤੇ ਸੁਰੱਖਿਆ ਪ੍ਰਣਾਲੀਆਂ ਨੂੰ ਅਪਣਾਅ ਕੇ ਭਾਰਤੀ ਸੜਕਾਂ 'ਤੇ ਜ਼ੀਰੋ ਸੜਕ ਹਾਦਸਿਆਂ ਦੇ ਸੰਕਲਪ ਨੂੰ ਪ੍ਰਾਪਤ ਕਰਨ ਲਈ ਕਈ ਕਦਮ ਚੁੱਕੇ ਗਏ ਹਨ।

 

 ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੂਰਾ ਵਿਸ਼ਵਾਸ ਹੈ ਕਿ ਸਰਕਾਰ ਸਿਰਫ਼ ਤਾਂ ਹੀ ਸਫ਼ਲ ਹੋ ਸਕੇਗੀ ਜਦੋਂ ਸੜਕ ਸੁਰੱਖਿਆ ਸਿਰਫ਼ ਅਤੇ ਸਿਰਫ਼ ਇੱਕ ‘ਜਨ-ਭਾਗੀਦਰੀ’ ਅਤੇ ‘ਜਨ-ਸਹਿਭਾਗ’ ਜ਼ਰੀਏ ਇੱਕ ਜ਼ਮੀਨੀ ਹਕੀਕਤ ਵਾਲਾ ਜਨ ਅੰਦੋਲਨ ਬਣ ਜਾਏਗੀ। ਉਨ੍ਹਾਂ ਕਿਹਾ ਕਿ ਇਸ ਜਨ-ਸਹਿਭਾਗ ਨੂੰ ਸਫ਼ਲ ਬਣਾਉਣ ਲਈ ਹਰ ਪੱਧਰ ‘ਤੇ ਸਰਕਾਰਾਂ, ਕੇਂਦਰੀ, ਰਾਜ ਅਤੇ ਮਿਊਂਸਿਪਲ ਅਥਾਰਟੀਆਂ ਨੂੰ ਸਹੂਲਤਾਂ ਦੇਣ ਵਾਲੇ ਵਜੋਂ ਕਾਰਜ ਕਰਨਾ ਚਾਹੀਦਾ ਹੈ। 

 

 ਸ਼੍ਰੀ ਗਡਕਰੀ ਨੇ ਸੁਝਾਅ ਦਿੱਤਾ ਕਿ ਸਾਰੇ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਹੋਰ ਲੋਕ ਨੁਮਾਇੰਦਿਆਂ ਨੂੰ ਆਪਣੇ-ਆਪਣੇ ਹਲਕਿਆਂ ਵਿੱਚ, ਸੜਕ ਸੁਰੱਖਿਆ ਨੂੰ ਇੱਕ ਮਿਸ਼ਨ ਮੋਡ ’ਤੇ ਲੈਣ ਲਈ ਪੁਲਿਸ, ਡਾਕਟਰਾਂ, ਪੈਰਾ ਮੈਡੀਕਸ, ਪੇਸ਼ੇਵਰਾਂ, ਐੱਨਜੀਓਜ਼, ਵਿਦਿਆਰਥੀਆਂ ਅਤੇ ਸਾਰੇ ਵਿਅਕਤੀਆਂ ਨੂੰ ਸ਼ਾਮਲ ਕਰਨ ਲਈ, ਜ਼ਿਲ੍ਹਾ ਪੱਧਰੀ ਸੜਕ ਸੁਰੱਖਿਆ ਕਮੇਟੀ ਜ਼ਰੀਏ ਇੱਕ ਪਲੇਟਫਾਰਮ ਮੁਹੱਈਆ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਰਾਜ ਸਰਕਾਰਾਂ / ਕੇਂਦਰੀ ਪ੍ਰਬੰਧਤ ਪ੍ਰਦੇਸ਼ ਪ੍ਰਸ਼ਾਸਨਾਂ, ਐੱਨਐੱਚਏਆਈ, ਐੱਨਐੱਚਆਈਡੀਸੀਐੱਲ, ਓਈਐੱਮਜ਼ ਅਤੇ ਗੈਰ ਸਰਕਾਰੀ ਸੰਗਠਨਾਂ ਦੇ ਸਹਿਯੋਗ ਨਾਲ ਦੇਸ਼ ਭਰ ਵਿੱਚ ਦੇਸ਼ ਵਿਆਪੀ ਗਤੀਵਿਧੀਆਂ ਪਹਿਲਾਂ ਹੀ ਕਰਵਾਉਣ ਦੀ ਯੋਜਨਾ ਬਣਾਈ ਜਾ ਚੁੱਕੀ ਹੈ।  ਮੰਤਰੀ ਨੇ ਦੱਸਿਆ ਕਿ ਸੜਕ ਸੁਰੱਖਿਆ ਦੇ 4E ਦੇ ਪੁਨਰਗਠਨ ਅਤੇ ਇਸਨੂੰ ਮਜ਼ਬੂਤ ​​ਕਰਕੇ ਸੜਕ ਹਾਦਸਿਆਂ ਨੂੰ ਘਟਾਉਣ ਲਈ ਕਈ ਉਪਾਅ ਕੀਤੇ ਜਾ ਰਹੇ ਹਨ। ਇਹ ਬਹੁਤ ਮਹੱਤਵਪੂਰਨ ਹਨ: • ਇੰਜੀਨੀਅਰਿੰਗ • ਸਿੱਖਿਆ • ਲਾਗੂਕਰਨ • ਐਮਰਜੈਂਸੀ ਦੇਖਭਾਲ ਸੇਵਾਵਾਂ।

 

 ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ (ਆਰਟੀਐੱਚ) ਰਾਜ ਮੰਤਰੀ ਜਨਰਲ (ਸੇਵਾਮੁਕਤ) ਡਾ. ਵੀ ਕੇ ਸਿੰਘ ਨੇ ਕਿਹਾ, ਸੜਕ ਸੁਰੱਖਿਆ ਇੱਕ ਮਹੀਨਾ ਭਰ ਦਾ ਪ੍ਰੋਗਰਾਮ ਨਹੀਂ, ਬਲਕਿ ਇਹ ਉਮਰ ਭਰ ਦਾ ਮਾਮਲਾ ਹੈ। ਉਨ੍ਹਾਂ ਕਿਹਾ, ਵਾਹਨ ਚਲਾਉਣ ਦੇ ਨਾਲ-ਨਾਲ ਸੜਕ ‘ਤੇ ਹੋਰ ਵਾਹਨਾਂ ਦੇ ਡਰਾਈਵਰਾਂ ਤੋਂ ਵੀ ਸਾਨੂੰ ਚੌਕਸ ਰਹਿਣਾ ਚਾਹੀਦਾ ਹੈ। ਉਨ੍ਹਾਂ ਸੜਕ ਸੁਰੱਖਿਆ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ ਹਰ ਇੱਕ ਤੱਕ ਪਹੁੰਚ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ, ਇੱਥੇ ਇੱਕ ਸਭਿਆਚਾਰ ਨੂੰ ਅਪਨਾਉਣ ਦੀ ਜ਼ਰੂਰਤ ਹੈ ਜਿੱਥੇ ਲੋਕ ਨਾ ਸਿਰਫ਼ ਆਪਣੇ ਆਪ ਨੂੰ, ਬਲਕਿ ਹੋਰਾਂ ਨੂੰ ਵੀ ਬਚਾਉਂਦੇ ਹਨ।

 

 ਸੀਈਓ, ਨੀਤੀ ਆਯੋਗ, ਸ਼੍ਰੀ ਅਮਿਤਾਭ ਕਾਂਤ ਨੇ ਸੜਕ ਸੁਰੱਖਿਆ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਿਆਂ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਇਸ ਦਿਸ਼ਾ ਵਿੱਚ ਵਿਸ਼ਾਲ ਉਪਰਾਲੇ ਕੀਤੇ ਗਏ ਹਨ। ਉਨ੍ਹਾਂ, ਦੇਸ਼ ਦੇ ਮਾਪਦੰਡਾਂ ਨੂੰ ਵਿਸ਼ਵ ਪੱਧਰ ਦੇ ਮਾਪਦੰਡਾਂ ਤੱਕ ਅਪਗ੍ਰੇਡ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਇਸਦੇ ਲਈ, ਤਕਨਾਲੋਜੀ ਨੂੰ ਨਿਗਰਾਨੀ ਪ੍ਰਣਾਲੀਆਂ ਨਾਲ ਏਕੀਕ੍ਰਿਤ ਕਰਨ ਦੀ ਜ਼ਰੂਰਤ ਹੈ।


 

********

 

 ਬੀਐੱਨ / ਐੱਮਐੱਸ


(Release ID: 1689850) Visitor Counter : 873