ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਕਾਰਪੋਰੇਟਾਂ ਨੂੰ ਵ੍ਹਿਸਲ ਬਲੋਇੰਗ ਮੈਕੇਨਿਜ਼ਮ ਨੂੰ ਉਤਸ਼ਾਹਿਤ ਕਰਨ ਦਾ ਸੁਝਾਅ ਦਿੱਤਾ


ਉਪ ਰਾਸ਼ਟਰਪਤੀ ਨੇ ਉਮੀਦ ਜ਼ਾਹਿਰ ਕੀਤੀ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਅਰਥਵਿਵਸਥਾ ਮੁੜ ਲੀਹਾਂ ‘ਤੇ ਆ ਜਾਵੇਗੀ



ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਅਤੇ ਅਰਥਵਿਵਸਥਾ ਨੂੰ ਮੁੜ ਸੁਰਜੀਤ ਕਰਨ ਵਿੱਚ ਭਾਰਤ ਨੇ ਕਾਫ਼ੀ ਚੰਗਾ ਪ੍ਰਦਰਸ਼ਨ ਕੀਤਾ: ਉਪ ਰਾਸ਼ਟਰਪਤੀ



ਉਪ ਰਾਸ਼ਟਰਪਤੀ ਨੇ ਇੰਡੀਆ ਇੰਕ ਨੂੰ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣ ਵਿੱਚ ਅਗਵਾਈ ਕਰਨ ਦੀ ਅਪੀਲ ਕੀਤੀ



ਉਪ ਰਾਸ਼ਟਰਪਤੀ ਨੇ ਕੰਪਨੀ ਸਕੱਤਰਾਂ ਨੂੰ ਬਿਹਤਰ ਪੇਸ਼ੇਵਾਰਾਨਾ ਅਭਿਆਸਾਂ ਨੂੰ ਅਪਣਾਅ ਕੇ ਵਧੀਆ ਕਾਰਪੋਰੇਟ ਗਵਰਨੈਂਸ ਸੁਨਿਸ਼ਚਿਤ ਕਰਨ ਲਈ ਕਿਹਾ



ਨਿਵੇਸ਼ ਕਰਨ ਦਾ ਫੈਸਲਾ ਲੈਂਦੇ ਸਮੇਂ ਵਾਤਾਵਰਣ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਵੇ: ਉਪ ਰਾਸ਼ਟਰਪਤੀ



ਇੰਸਟੀਟਿਊਟ ਆਵ੍ ਕੰਪਨੀ ਸੈਕ੍ਰੇਟੇਰੀਜ਼ ਆਵ੍ ਇੰਡੀਆ ਵਿਖੇ ਕਨਵੋਕੇਸ਼ਨ ਭਾਸ਼ਣ ਦਿੱਤਾ

Posted On: 18 JAN 2021 1:23PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਸਾਰੇ ਕਾਰਪੋਰੇਟਾਂ ਨੂੰ ਸੁਚੇਤ ਤੌਰ 'ਤੇ ਵ੍ਹਿਸਲ ਬਲੋਇੰਗ ਮੈਕੇਨਿਜ਼ਮ ਨੂੰ ਉਤਸ਼ਾਹਿਤ ਕਰਨ ਅਤੇ ਵ੍ਹਿਸਲ ਬਲੋਅਰਜ਼ ਦੀ ਸੁਰੱਖਿਆ ਲਈ ਢੁਕਵੇਂ ਰੱਖਿਆ ਪ੍ਰਬੰਧ ਕਰਨ ਦਾ ਸੁਝਾਅ ਦਿੱਤਾ।

 

ਇੰਸਟੀਟਿਊਟ ਆਵ੍ ਕੰਪਨੀ ਸੈਕ੍ਰੇਟੇਰੀਜ਼ ਆਵ੍ ਇੰਡੀਆ ਵਿਖੇ ਕਨਵੋਕੇਸ਼ਨ ਭਾਸ਼ਣ ਦਿੰਦੇ ਹੋਏ ਉਪ ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਸ਼ੇਅਰ ਧਾਰਕਾਂ ਸਮੇਤ ਸਾਰੇ ਹਿਤਧਾਰਕਾਂ ਦਾ ਵਿਸ਼ਵਾਸ ਵਧਾਉਣ ਲਈ ਕਾਰਪੋਰੇਟ ਗਵਰਨੈਂਸ ਦੇ ਸਾਰੇ ਮਾਮਲਿਆਂ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣਾ ਮਹੱਤਵਪੂਰਨ ਹੈ।

 

ਜਨਤਾ ਦੇ ਪੈਸੇ ਦੀ ਰਾਖੀ ਦੀ ਜ਼ਰੂਰਤ 'ਤੇ ਜ਼ੋਰ ਦਿੰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਕਿਸੇ ਵੀ ਬੇਨਿਯਮਗੀ ਦੀ ਗੁੰਜਾਇਸ਼ ਨੂੰ ਘਟਾਉਣ ਲਈ ਸਿਸਟਮ ਨੂੰ ਸਰਲ ਹੋਣਾ ਚਾਹੀਦਾ ਹੈ। ਇਹ ਉਜਾਗਰ ਕਰਦਿਆਂ ਕਿ ਕੁਝ ਲੋਕਾਂ ਦੀਆਂ ਕਾਰਵਾਈਆਂ ਨੇ ਭਾਰਤੀ ਕਾਰੋਬਾਰ ਨੂੰ ਬਦਨਾਮ ਕੀਤਾ ਹੈ, ਉਪ ਰਾਸ਼ਟਰਪਤੀ ਨੇ ਨੌਜਵਾਨ ਕੰਪਨੀ ਸੈਕਟਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮਾਰਗ-ਦਰਸ਼ਨ ਅਤੇ ਹੈਂਡਹੋਲਡਿੰਗ ਦੁਆਰਾ ਕਾਰਪੋਰੇਟ ਗਵਰਨੈਂਸ ਵਿੱਚ ਨੈਤਿਕਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ “ਇਸ ਪੇਸ਼ੇ ਨੂੰ ਇੱਕ ਮਿਸ਼ਨ ਵਜੋਂ ਲਿਆ ਜਾਣਾ ਚਾਹੀਦਾ ਹੈ।”

 

ਇਹ ਉਮੀਦ ਪ੍ਰਗਟਾਉਂਦਿਆਂ ਕਿ ਆਉਣ ਵਾਲੇ ਮਹੀਨਿਆਂ ਵਿੱਚ ਅਰਥਵਿਵਸਥਾ ਮੁੜ ਸੁਰਜੀਤ ਹੋਵੇਗੀ, ਉਨ੍ਹਾਂ ਇੰਡੀਆ ਇੰਕ ਨੂੰ ਇਸ ਨੂੰ ਮਜ਼ਬੂਤ ਬਣਾਉਣ ਵਿੱਚ ਅਗਵਾਈ ਕਰਨ ਦੀ ਅਪੀਲ ਕੀਤੀ।

 

ਇਹ ਦੱਸਦਿਆਂ ਕਿ ਭਾਰਤ ਨੇ ਨੋਵੇਲ ਕੋਰੋਨਾਵਾਇਰਸ ਵਿਰੁੱਧ ਲੜਾਈ ਅਤੇ ਅਰਥਵਿਵਸਥਾ ਨੂੰ ਮੁੜ ਸੁਰਜੀਤ ਕਰਨ ਲਈ ਕਦਮ ਉਠਾਉਂਦੇ ਹੋਏ ਵਿਕਸਿਤ ਮੁਲਕਾਂ ਸਮੇਤ ਹੋਰ ਬਹੁਤ ਸਾਰੇ ਦੇਸ਼ਾਂ ਨਾਲੋਂ ਵਧੀਆ ਪ੍ਰਦਰਸ਼ਨ ਕੀਤਾ ਹੈ, ਉਨ੍ਹਾਂ ਆਈਐੱਮਐੱਫ ਦੀ ਚੀਫ, ਸੁਸ਼੍ਰੀ ਕ੍ਰਿਸਟਲੀਨਾ ਜਾਰਜੀਵਾ ਦੀ ਤਾਜ਼ਾ ਟਿੱਪਣੀ ਦਾ ਜ਼ਿਕਰ ਕੀਤਾ, ਜਿਨ੍ਹਾਂ ਨੇ ਕਿਹਾ ਸੀ ਕਿ ਮਹਾਮਾਰੀ ਅਤੇ ਇਸ ਦੇ ਆਰਥਿਕ ਨਤੀਜਿਆਂ ਨਾਲ ਨਜਿੱਠਣ ਲਈ ਭਾਰਤ ਨੇ ਬਹੁਤ ਫੈਸਲਾਕੁੰਨ ਕਦਮ ਚੁੱਕੇ।

 

ਅਰਥਵਿਵਸਥਾ ਨੂੰ ਮੁੜ ਮਜ਼ਬੂਤ ਬਣਾਉਣ ਵਿੱਚ ਸਾਰੇ ਹਿਤਧਾਰਕਾਂ ਦੁਆਰਾ ਠੋਸ ਯਤਨਾਂ ਦਾ ਸੱਦਾ ਦਿੰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਆਈਸੀਐੱਸਆਈ ਜਿਹੇ ਸੰਸਥਾਨ ਚੰਗੇ ਕਾਰਪੋਰੇਟ ਗਵਰਨੈਂਸ ਉੱਤੇ ਧਿਆਨ ਕੇਂਦ੍ਰਿਤ ਕਰਦਿਆਂ ਅਰਥਵਿਵਸਥਾ ਨੂੰ ਮੁੜ ਲੀਹ ’ਤੇ ਲਿਆਉਣ ਵਿੱਚ ਅਹਿਮ ਭੂਮਿਕਾ ਅਦਾ ਕਰਨਗੇ।

 

ਇਹ ਦੱਸਦੇ ਹੋਏ ਕਿ ਕਾਰਪੋਰੇਟ ਗਵਰਨੈਂਸ ਦੇ ਮਜ਼ਬੂਤ ਸਿਧਾਂਤ ਕਿਸੇ ਵੀ ਕੰਪਨੀ ਦੀ ਸੰਚਾਲਨ ਸ਼ਕਤੀ ਹੋਣੇ ਚਾਹੀਦੇ ਹਨ, ਉਨ੍ਹਾਂ ਕਿਹਾ ਕਿ ਪਾਰਦਰਸ਼ਿਤਾ, ਨੇਕ ਨੀਅਤੀ ਅਤੇ ਇਮਾਨਦਾਰੀ ਨੂੰ ਹਰ ਸਮੇਂ ਕਾਇਮ ਰੱਖਿਆ ਜਾਣਾ ਚਾਹੀਦਾ ਹੈ ਅਤੇ ਹਰ ਕਾਰੋਬਾਰੀ ਗਤੀਵਿਧੀਆਂ ਵਿੱਚ ਇਹ ਪ੍ਰਤੀਬਿੰਬਤ ਹੋਣੀ ਚਾਹੀਦੀ ਹੈ।

 

ਵਿਦਿਆਰਥੀਆਂ ਨੂੰ ਭਾਰਤ ਦੇ ਸ਼ਾਨਦਾਰ ਅਤੀਤ ਬਾਰੇ ਯਾਦ ਦਿਵਾਉਂਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਵਿੱਚ ਪ੍ਰਤਿਭਾ ਦੀ ਘਾਟ ਨਹੀਂ ਹੈ।  ਸਮੇਂ ਦੀ ਜ਼ਰੂਰਤ ਹੈ ਕਿ ਪ੍ਰਤਿਭਾ ਦੀ ਪਹਿਚਾਣ ਕੀਤੀ ਜਾਵੇ ਅਤੇ ਇਸ ਨੂੰ ਉਤਸ਼ਾਹਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਦੁਨੀਆ ਦਾ 130 ਕਰੋੜ ਤੋਂ ਵੱਧ ਲੋਕਾਂ ਦਾ ਸਭ ਤੋਂ ਵੱਡਾ ਸੰਸਦੀ ਲੋਕਤੰਤਰ, ਭਾਰਤ, ਆਤਮਨਿਰਭਰ ਰਾਸ਼ਟਰ ਬਣਨ ਦੀ ਸੰਭਾਵਨਾ ਰੱਖਦਾ ਹੈ।

 

ਇਹ ਵੇਖਦਿਆਂ ਕਿ ਕਿਉਂਕਿ ਭਾਰਤ ਵਿਭਿੰਨ ਸੈਕਟਰਾਂ ਵਿੱਚ ਆਤਮਨਿਰਭਰ ਬਣਨ ਦੀ ਆਪਣੀ ਯਾਤਰਾ ਵਿਚ ਅੱਗੇ ਵੱਧ ਰਿਹਾ ਹੈ, ਅਤੇ ਕੰਪਨੀ ਸੈਕਟਰੀਆਂ ਵਰਗੇ ਪੇਸ਼ੇਵਰ ਅਰਥਵਿਵਸਥਾ ਨੂੰ ਮੁੜ ਸੁਰਜੀਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ, ਉਪ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਉੱਚੀਆਂ ਸਦਾਚਾਰਕ ਕਦਰਾਂ ਕੀਮਤਾਂ ਅਤੇ ਨੈਤਿਕਤਾ ਨੂੰ ਕਾਇਮ ਰੱਖਣ ਲਈ ਹਮੇਸ਼ਾ ਪ੍ਰਤੀਬੱਧ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਅੱਗੇ ਕਿਹਾ “ਤੁਹਾਨੂੰ ਕਦੇ ਵੀ ਧਰਮ ਦੇ ਰਾਹ ਤੋਂ ਭਟਕਣਾ ਨਹੀਂ ਚਾਹੀਦਾ।”

 

ਕੰਪਨੀ ਸੈਕਟਰੀਆਂ ਨੂੰ ਕਾਰਪੋਰੇਟਾਂ ਦਾ ਜ਼ਮੀਰ ਕਾਇਮ ਰੱਖਣ ਵਾਲੇ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਲਾਜ਼ਮੀ ਹੈ ਕਿ ਉਹ ਇਮਾਨਦਾਰ ਰਹਿਣ ਅਤੇ ਪ੍ਰਬੰਧਨ ਦੇ ਕਿਸੇ ਦਬਾਅ ਅੱਗੇ ਨਾ ਝੁਕਣ।

 

ਸ਼੍ਰੀ ਨਾਇਡੂ ਨੇ ਕਿਹਾ ਕਿ ਆਈਸੀਐੱਸਆਈ ਜਿਹੀਆਂ ਪੇਸ਼ੇਵਰ ਸੰਸਥਾਵਾਂ ਨੂੰ ਲਾਜ਼ਮੀ ਤੌਰ 'ਤੇ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਕਾਰਪੋਰੇਟ ਸੰਸਥਾਵਾਂ ਸਿਰਫ ਪੇਸ਼ੇਵਰ ਤੌਰ ‘ਤੇ ਕਾਬਲ ਨਹੀਂ ਹਨ, ਬਲਕਿ ਕਾਨੂੰਨ ਦੀ ਪਾਲਣਾ ਵੀ ਕਰਦੀਆਂ ਹਨ।

 

ਇਸ ਗੱਲ ‘ਤੇ ਜ਼ੋਰ ਦਿੰਦਿਆਂ ਕਿ ਕੰਪਨੀ ਸਕੱਤਰਾਂ ਦਾ ਭਾਰਤੀ ਆਰਥਿਕ ਦ੍ਰਿਸ਼ ਵਿੱਚ ਇੱਕ ਵੱਖਰਾ ਸਥਾਨ ਹੈ, ਉਪ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਉੱਤਮ ਪੇਸ਼ੇਵਰ ਅਭਿਆਸਾਂ ਨੂੰ ਅਪਣਾਅ ਕੇ ਵਧੀਆ ਕਾਰਪੋਰੇਟ ਪ੍ਰਸ਼ਾਸਨ ਨੂੰ ਯਕੀਨੀ ਬਣਾਉਣ। 

 

ਨੋਟ ਕਰਦਿਆਂ ਕਿ ਇਨਸੋਲਵੈਂਸੀ ਅਤੇ ਦੀਵਾਲੀਆਪਣ ਕੋਡ ਨੇ ਆਰਥਿਕ ਸੁਧਾਰਾਂ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ, ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਕੰਪਨੀ ਸਕੱਤਰ ਕਾਰਪੋਰੇਟ ਇਨਸੋਲਵੈਂਸੀ ਰੈਜ਼ੋਲਿਊਸ਼ਨ ਪ੍ਰਕਿਰਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।

 

ਉਪ ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ, ਰਾਜ ਅਤੇ ਸਥਾਨਕ ਸੰਸਥਾਵਾਂ, ਸਾਰਿਆਂ ਨੂੰ ਦੇਸ਼ ਦੇ ਵਿਕਾਸ ਲਈ ਟੀਮ ਇੰਡੀਆ ਵਜੋਂ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਸੰਸਦ ਦੁਆਰਾ ਕਾਨੂੰਨ ਬਣਾਏ ਜਾਂਦੇ ਹਨ, ਪਰੰਤੂ ਉਨ੍ਹਾਂ ਦਾ ਲਾਗੂਕਰਨ ਸਥਾਨਕ ਪ੍ਰਸ਼ਾਸਨ ‘ਤੇ ਨਿਰਭਰ ਕਰਦਾ ਹੈ ਅਤੇ ਇਹ ਇਨ੍ਹਾਂ ਕਾਨੂੰਨਾਂ ਜਾਂ ਨੀਤੀਆਂ ਦੀ ਕਾਰਜਸ਼ੀਲਤਾ ਦਾ ਫੈਸਲਾ ਕਰਦਾ ਹੈ। ਉਨ੍ਹਾਂ ਕਿਹਾ, ਇਸ ਲਈ ਸਾਨੂੰ ਚੰਗੇ ਪ੍ਰਸ਼ਾਸਨ ਨੂੰ ਜ਼ਮੀਨੀ ਪੱਧਰ 'ਤੇ ਲਿਜਾਣ ਦੀ ਜ਼ਰੂਰਤ ਹੈ। ਉਨ੍ਹਾਂ ਖੁਸ਼ੀ ਜ਼ਾਹਰ ਕੀਤੀ ਕਿ ਆਈਸੀਐੱਸਆਈ ਦੇ ਗ੍ਰਾਮ ਪੰਚਾਇਤ ਦੇ ਮੋਡਲ ਕੋਡਜ਼ ਆਵ੍ ਗਵਰਨੈਂਸ ਅਤੇ ਚੈਰਿਟੀ ਗਵਰਨੈਂਸ ਦਾ 12 ਖੇਤਰੀ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ ਅਤੇ ਇਸਨੂੰ ਪਿੰਡ ਜਾਂ ਗ੍ਰਾਮ ਪੱਧਰ 'ਤੇ ਪ੍ਰਸ਼ਾਸਨ ਦੇ ਢਾਂਚੇ ਨੂੰ ਮਜ਼ਬੂਤ ਕਰਨ ਲਈ ਸੰਸਥਾ ਦੀ ਪ੍ਰਤੀਬੱਧਤਾ ਦਾ ਪ੍ਰਮਾਣ ਕਿਹਾ ਗਿਆ ਹੈ।

 

ਇਹ ਵੇਖਦਿਆਂ ਕਿ ਕੋਈ ਵੀ ਰਾਸ਼ਟਰ ਆਪਣੇ ਅਤੀਤ ਨੂੰ ਭੁੱਲ ਕੇ ਅੱਗੇ ਨਹੀਂ ਵੱਧ ਸਕਦਾ, ਉਪ ਰਾਸ਼ਟਰਪਤੀ ਨੇ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਸਾਡੇ ਸਮ੍ਰਿੱਧ ਇਤਿਹਾਸ ਅਤੇ ਮਹਾਨ ਸਭਿਅਕ ਕਦਰਾਂ ਕੀਮਤਾਂ ਤੋਂ ਜਾਣੂ ਹੋਣ।

 

ਇਸ ਗੱਲ ਵੱਲ ਇਸ਼ਾਰਾ ਕਰਦਿਆਂ ਕਿ ਮੌਸਮ ਵਿੱਚ ਤਬਦੀਲੀ ਇੱਕ ਵੱਡੀ ਚਿੰਤਾ ਵਜੋਂ ਉੱਭਰੀ ਹੈ ਅਤੇ ਇਸ ਵੱਲ ਧਿਆਨ ਦੇਣ ਦੀ ਲੋੜ ਹੈ, ਸ਼੍ਰੀ ਨਾਇਡੂ ਨੇ ਨਿਵੇਸ਼ ਦਾ ਫੈਸਲਾ ਲੈਂਦੇ ਹੋਏ ਹਰ ਕਾਰਪੋਰੇਟ ਸੰਸਥਾ ਨੂੰ ਵਾਤਾਵਰਣ ਦੀ ਸੁਰੱਖਿਆ ਨੂੰ ਉੱਚ ਤਰਜੀਹ ਦੇਣ ਦੀ ਅਪੀਲ ਕੀਤੀ।

 

ਸ਼੍ਰੀ ਮੁਹੰਮਦ ਮਹਿਮੂਦ ਅਲੀ, ਤੇਲੰਗਾਨਾ ਦੇ ਗ੍ਰਹਿ ਮੰਤਰੀ, ਸ਼੍ਰੀ ਅਸ਼ੀਸ਼ ਗਰਗ, ਪ੍ਰਧਾਨ ਆਈਸੀਐੱਸਆਈ, ਸ਼੍ਰੀ ਅਸ਼ੀਸ਼ ਮੋਹਨ, ਸਕੱਤਰ ਆਈਸੀਐੱਸਆਈ ਅਤੇ ਸ਼੍ਰੀ ਅੰਕੁਰ ਯਾਦਵ, ਸੰਯੁਕਤ ਸਕੱਤਰ, ਆਈਸੀਐੱਸਆਈ ਇਸ ਮੌਕੇ ਹਾਜ਼ਰ ਸਨ।


 

               ********


 

ਐੱਮਐੱਸ/ਆਰਕੇ/ਡੀਪੀ



(Release ID: 1689721) Visitor Counter : 105