ਇਸਪਾਤ ਮੰਤਰਾਲਾ

"ਉਸਾਰੀ ਅਤੇ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਇਸਪਾਤ ਲਈ ਨਵੇਂ ਅਵਸਰ" ਵਿਸ਼ੇ 'ਤੇ ਵੈਬੀਨਾਰ ਆਯੋਜਿਤ ਕੀਤਾ ਜਾਵੇਗਾ

Posted On: 14 JAN 2021 2:39PM by PIB Chandigarh

 ਸਟੀਲ ਮੰਤਰਾਲੇ ਦੁਆਰਾ ਇੰਡੀਅਨ ਸਟੀਲ ਐਸੋਸੀਏਸ਼ਨ (ਆਈਐੱਸਏ) ਦੇ ਸਹਿਯੋਗ ਨਾਲ ਕਲ੍ਹ ਨੂੰ "ਉਸਾਰੀ ਅਤੇ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਇਸਪਾਤ ਦੇ ਨਵੇਂ ਮੌਕੇ" ਸਿਰਲੇਖ ਦੀ ਸਟੀਲ 'ਤੇ ਆਪਣੀ ਵੈਬੀਨਾਰਾਂ ਦੀ ਲੜੀ ਦਾ ਦੂਜਾ ਐਡੀਸ਼ਨ ਆਯੋਜਿਤ ਕੀਤਾ ਜਾ ਰਿਹਾ ਹੈ। ਕੇਂਦਰੀ ਸਟੀਲ ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਮੁੱਖ ਮਹਿਮਾਨ ਹੋਣਗੇ ਅਤੇ ਸਟੀਲ ਰਾਜ ਮੰਤਰੀ ਸ੍ਰੀ ਫੱਗਣ ਸਿੰਘ ਕੁਲਸਤੇ ਇਸ ਮੌਕੇ ਸਨਮਾਨਤ ਮਹਿਮਾਨ ਵਜੋਂ ਸ਼ਿਰਕਤ ਕਰਨਗੇ।

 

 ਇਹ ਵੈਬੀਨਾਰ ਉਸਾਰੀ ਅਤੇ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਇਸਪਾਤ ਦੀ ਵਰਤੋਂ ਅਤੇ ਇਸਪਾਤ ਦੇ ਨਵੇਂ ਮੌਕਿਆਂ ਅਤੇ ਤਾਜ਼ਾ ਪਰਿਪੇਖਾਂ ‘ਤੇ ਧਿਆਨ ਕੇਂਦ੍ਰਤ ਕਰੇਗਾ। ਇਸਪਾਤ, ਨਿਰਮਾਣ ਅਤੇ ਬੁਨਿਆਦੀ ਢਾਂਚੇ ਦੇ ਖੇਤਰ ਦੇ ਮੰਨੇ-ਪ੍ਰਮੰਨੇ ਉਦਯੋਗਿਕ ਲੀਡਰ ਇਸ ਵੈਬੀਨਾਰ ਵਿਚ ਹਿੱਸਾ ਲੈਣਗੇ।

 

 ਇਸ ਵੈਬਿਨਾਰ ਦੇ ਆਯੋਜਨ ਲਈ ਆਈਐੱਸਏ ਨੂੰ ਵਧਾਈ ਦਿੰਦਿਆਂ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਇੱਕ ਸੰਦੇਸ਼ ਵਿੱਚ ਕਿਹਾ, “ਭਾਰਤੀ ਇਸਪਾਤ ਉਦਯੋਗ ਨੇ ਅਜੋਕੇ ਸਮੇਂ ਵਿੱਚ ਅਤਿ ਲਚਕੀਲਾ ਰਵੱਈਆ ਦਿਖਾਇਆ ਹੈ। ਉਤਪਾਦਨ ਵਿੱਚ ਤੇਜ਼ੀ ਨਾਲ ਹੋਈ ਤਰੱਕੀ ਦੇ ਨਤੀਜੇ ਵਜੋਂ ਭਾਰਤ ਕੱਚੇ ਇਸਪਾਤ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਬਣ ਗਿਆ ਹੈ। ਕੋਵਿਡ -19 ਮਹਾਮਾਰੀ ਨੇ ਵੱਡੀਆਂ ਚੁਣੌਤੀਆਂ ਪੈਦਾ ਕੀਤੀਆਂ ਪਰ ਅਸੀਂ ਮਿਲ ਜੁਲ ਕੇ ਰਸਤੇ ਵੀ ਕੱਢੇ ਅਤੇ ਚੁਣੌਤੀਆਂ ਨੂੰ ਦੂਰ ਕਰਨ ਲਈ ਹੱਲ ਵੀ ਲੱਭ ਲਏ। ਸਟੀਲ ਸੈਕਟਰ ਹੁਣ ਵਿਕਾਸ ਦੇ ਇੱਕ ਨਵੇਂ ਦੌਰ ਵਿੱਚ ਦਾਖਲ ਹੋ ਗਿਆ ਹੈ ਅਤੇ ਵਧੇਰੇ ਜੀਵੰਤ, ਪ੍ਰਤੀਯੋਗੀ ਅਤੇ ਟਿਕਾਊ ਬਣਨ ਲਈ ਤਿਆਰ ਹੈ। ਭਾਰਤ ਸਰਕਾਰ ਨੇ ਹਾਲ ਹੀ ਵਿੱਚ ਇਸਪਾਤ ਸਮੇਤ ਵਿਭਿੰਨ ਸੈਕਟਰਾਂ ਵਿੱਚ ਇੱਕ ਨਵੀਂ ਪ੍ਰੋਤਸਾਹਨ ਯੋਜਨਾ - ਪ੍ਰੋਡਕਸ਼ਨ ਲਿੰਕਡ ਇੰਨਸੈਂਟਿਵ (ਪੀਐੱਲਆਈ) ਸਕੀਮ ਪੇਸ਼ ਕੀਤੀ ਹੈ ਅਤੇ ਮੁੱਢਲਾ ਧਿਆਨ ਸਪੈਸ਼ਲ ਸਟੀਲ ਉੱਤੇ ਦਿੱਤਾ ਗਿਆ ਹੈ।” ਉਨ੍ਹਾਂ ਉਮੀਦ ਜਤਾਈ ਕਿ ਇਹ ਵੈਬੀਨਾਰ ਸਾਰੇ ਭਾਗੀਦਾਰਾਂ, ਡੈਲੀਗੇਟਾਂ ਅਤੇ ਸਟੀਲ, ਨਿਰਮਾਣ ਅਤੇ ਹੋਰ ਬੁਨਿਆਦੀ ਢਾਂਚੇ ਨਾਲ ਸਬੰਧਿਤ ਉਦਯੋਗਾਂ ਦੇ ਫੈਸਲੇ ਲੈਣ ਵਾਲੇ ਹੋਰ ਪ੍ਰਮੁੱਖਾਂ ਨੂੰ ਸਟੀਲ ਦੇ ਨਵੇਂ ਅਵਸਰਾਂ ਬਾਰੇ ਗੱਲਬਾਤ ਕਰਨ ਲਈ ਇੱਕ ਵਧੀਆ ਪਲੈਟਫਾਰਮ ਪ੍ਰਦਾਨ ਕਰੇਗਾ।

 

 ਸਟੀਲ ਰਾਜ ਮੰਤਰੀ, ਸ਼੍ਰੀ ਫੱਗਣ ਸਿੰਘ ਕੁਲਸਤੇ ਨੇ ਆਪਣੇ ਸੰਦੇਸ਼ ਵਿੱਚ ਕਿਹਾ, “ਤਕਰੀਬਨ 65-67% ਇਸਪਾਤ ਦੀ ਖਪਤ ਉਸਾਰੀ ਅਤੇ ਬੁਨਿਆਦੀ ਢਾਂਚੇ ਦੁਆਰਾ ਕੀਤੀ ਜਾਂਦੀ ਹੈ। ਇਸ ਲਈ, ਇਹ ਮਹੱਤਵਪੂਰਨ ਹੈ ਕਿ ਇਸਪਾਤ ਦੀ ਵਰਤੋਂ ਲਈ ਨਵੇਂ ਅਵਸਰਾਂ ਦੀ ਪਹਿਚਾਣ ਕੀਤੀ ਜਾਏ।”

 

*********

 

 ਵਾਈਕੇ /ਐੱਸਕੇ



(Release ID: 1688699) Visitor Counter : 162