ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕੋਵਿਡ–19 ਦੇ ਟੀਕਾਕਰਣ ਬਾਰੇ ਮੁੱਖ ਮੰਤਰੀਆਂ ਦੇ ਨਾਲ ਬੈਠਕ ਦੀ ਪ੍ਰਧਾਨਗੀ ਕੀਤੀਪਹਿਲੇ ਪੜਾਅ ’ਚ 3 ਕਰੋੜ ਹੈਲਥ ਵਰਕਰਾਂ ਤੇ ਫਰੰਟਲਾਈਨ ਵਰਕਰਾਂ ਦੇ ਟੀਕਾਕਰਣ ’ਤੇ ਰਾਜ ਸਰਕਾਰਾਂ ਦਾ ਕੋਈ ਖ਼ਰਚਾ ਨਹੀਂ ਹੋਵੇਗਾ: ਪ੍ਰਧਾਨ ਮੰਤਰੀ


ਕੋ–ਵਿਨ ਡਿਜੀਟਲ ਮੰਚ ਇਸ ਟੀਕਾਕਰਣ ਮੁਹਿੰਮ ’ਚ ਮਦਦ ਕਰੇਗਾ ਤੇ ਡਿਜੀਟਲ ਟੀਕਾਕਰਣ ਸਰਟੀਫ਼ਿਕੇਟ ਜਾਰੀ ਕਰੇਗਾ


ਭਾਰਤ ਦਾ ਉਦੇਸ਼ ਅਗਲੇ ਕੁਝ ਮਹੀਨਿਆਂ ’ਚ 30 ਕਰੋੜ ਲੋਕਾਂ ਦਾ ਟੀਕਾਕਰਣ ਹਾਸਲ ਕਰਨਾ ਹੈ: ਪ੍ਰਧਾਨ ਮੰਤਰੀ


ਬਰਡ–ਫ਼ਲੂ ਨਾਲ ਨਿਪਟਣ ਲਈ ਯੋਜਨਾ ਤਿਆਰ; ਨਿਰੰਤਰ ਚੌਕਸੀ ਸਭ ਤੋਂ ਵੱਧ ਜ਼ਰੂਰੀ: ਪ੍ਰਧਾਨ ਮੰਤਰੀ

Posted On: 11 JAN 2021 6:19PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 11 ਜਨਵਰੀ, 2021 ਨੂੰ ਕੋਵਿਡ–19 ਟੀਕਾਕਰਣ ਦੀ ਤਾਜ਼ਾ ਸਥਿਤੀ ਤੇ ਤਿਆਰੀਆਂ ਦੀ ਸਮੀਖਿਆ ਲਈ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਕਾਂ ਨਾਲ ਇੱਕ ਉੱਚ–ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ।

 

ਵਾਇਰਸ ਖ਼ਿਲਾਫ਼ ਪੂਰੇ ਤਾਲਮੇਲ ਨਾਲ ਜੰਗ

 

ਪ੍ਰਧਾਨ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਬਰਸੀ ਮੌਕੇ ਉਨ੍ਹਾਂ ਨੂੰ ਨਮਨ ਕੀਤਾ। ਉਨ੍ਹਾਂ ਕੇਂਦਰ ਤੇ ਰਾਜਾਂ ਵਿਚਾਲੇ ਨਿਰੰਤਰ ਤਾਲਮੇਲ ਤੇ ਆਪਸੀ ਗੱਲਬਾਤ ਅਤੇ ਸਮੇਂ–ਸਿਰ ਫ਼ੈਸਲਾ ਲੈਣ ਦੀ ਸ਼ਲਾਘਾ ਕੀਤੀ, ਇਸੇ ਗੱਲ ਨੇ ਵਾਇਰਸ ਖ਼ਿਲਾਫ਼ ਜੰਗ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਇਸੇ ਦੇ ਨਤੀਜੇ ਵਜੋਂ, ਕਈ ਹੋਰ ਦੇਸ਼ਾਂ ਵਿੱਚ ਵਾਇਰਸ ਨੂੰ ਠੱਲ੍ਹ ਪਈ ਹੈ। ਪ੍ਰਧਾਨ ਮੰਤਰੀ ਨੇ ਕਿਹ ਕਿ ਮਹਾਮਾਰੀ ਦੇ ਸ਼ੁਰੂ ਵਿੱਚ ਨਾਗਰਿਕਾਂ ’ਚ ਜਿਹੜੇ ਡਰ ਤੇ ਖ਼ਦਸ਼ੇ ਪਾਏ ਜਾਂਦੇ ਸਨ, ਉਹ ਹੁਣ ਘਟ ਗਏ ਹਨ ਤੇ ਵਧਦੇ ਜਾ ਰਹੇ ਆਤਮ–ਵਿਸ਼ਵਾਸ ਨੇ ਆਰਥਿਕ ਗਤੀਵਿਧੀਆਂ ’ਤੇ ਵੀ ਹਾਂ–ਪੱਖੀ ਅਸਰ ਪਾਇਆ ਹੈ। ਉਨ੍ਹਾਂ ਇਸ ਜੰਗ ਵਿੱਚ ਉਤਸ਼ਾਹ ਨਾਲ ਕੰਮ ਕਰਨ ਲਈ ਰਾਜਾਂ ਦੀ ਵੀ ਸ਼ਲਾਘਾ ਕੀਤੀ।

 

ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਇਸ ਜੰਗ ਵਿੱਚ ਇੱਕ ਨਿਰਣਾਇਕ ਦੌਰ ’ਚ ਹੈ ਕਿਉਂਕਿ 16 ਜਨਵਰੀ ਤੋਂ ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਸ਼ੁਰੂ ਹੋ ਰਹੀ ਹੈ। ਉਨ੍ਹਾਂ ਆਪਣੇ ਨੁਕਤੇ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਜਿਹੜੀਆਂ ਦੋਵੇਂ ਹੀ ਵੈਕਸੀਨਾਂ ਲਈ ਐਮਰਜੈਂਸੀ ਵਰਤੋਂ ਦਾ ਅਧਿਕਾਰ ਦਿੱਤਾ ਗਿਆ ਹੈ, ਉਹ ਭਾਰਤ ’ਚ ਬਣੀਆਂ ਹਨ। ਉਨ੍ਹਾਂ ਇਸ ਪੱਖ ਨੂੰ ਵੀ ਉਜਾਗਰ ਕੀਤਾ ਕਿ ਦੁਨੀਆ ਦੀਆਂ ਹੋਰ ਵੈਕਸੀਨਾਂ ਦੇ ਮੁਕਾਬਲੇ ਇਹ ਪ੍ਰਵਾਨਿਤ ਵੈਕਸੀਨਾਂ ਬਹੁਤ ਹੀ ਘੱਟ ਲਾਗਤ ਵਾਲੀਆਂ ਹਨ ਤੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜੇ ਕਿਤੇ ਭਾਰਤ ਨੂੰ ਵਿਦੇਸ਼ੀ ਵੈਕਸੀਨਾਂ ’ਤੇ ਨਿਰਭਰ ਰਹਿਣਾ ਪੈਂਦਾ, ਤਾਂ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪੈਣਾ ਸੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਟੀਕਾਕਰਣ ਨਾਲ ਭਾਰਤ ਦਾ ਵਿਸ਼ਾਲ ਅਨੁਭਵ ਇਸ ਕੋਸ਼ਿਸ਼ ਵਿੱਚ ਬਹੁਤ ਮਦਦਗਾਰ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਟੀਕਾਕਰਣ ਦੀ ਤਰਜੀਹ ਬਾਰੇ ਫ਼ੈਸਲਾ ਰਾਜਾਂ ਨਾਲ ਸਲਾਹ–ਮਸ਼ਵਰੇ ਤੋਂ ਬਾਅਦ ਮਾਹਿਰਾਂ ਤੇ ਵਿਗਿਆਨਕ ਭਾਈਚਾਰੇ ਦੀ ਸਲਾਹ ਅਨੁਸਾਰ ਲਿਆ ਗਿਆ ਹੈ ਅਤੇ ਸਰਕਾਰੀ ਤੇ ਨਿਜੀ ਦੋਵੇਂ ਖੇਤਰਾਂ ਦੇ ਹੈਲਥ ਵਰਕਰਾਂ ਨੂੰ ਸਭ ਤੋਂ ਪਹਿਲਾਂ ਵੈਕਸੀਨ ਲੱਗੇਗੀ। ਉਨ੍ਹਾਂ ਨਾਲ ਸਫ਼ਾਈ ਕਰਮਚਾਰੀਆਂ, ਹੋਰ ਫਰੰਟਲਾਈਨ ਵਰਕਰਾਂ, ਪੁਲਿਸ ਤੇ ਨੀਮ–ਫ਼ੌਜੀ ਬਲਾਂ, ਹੋਮ ਗਾਰਡਾਂ, ਆਪਦਾ ਪ੍ਰਬੰਧਨ ਵਲੰਟੀਅਰਾਂ ਤੇ ਸਿਵਲ ਡਿਫ਼ੈਂਸ ਦੇ ਹੋਰ ਜਵਾਨਾਂ ਅਤੇ ਕੰਟੇਨਮੈਂਟ ਤੇ ਚੌਕਸੀ ਨਾਲ ਸਬੰਧਿਤ ਮਾਲ ਅਧਿਕਾਰੀਆਂ ਨੂੰ ਵੀ ਪਹਿਲੇ ਗੇੜ ’ਚ ਵੈਕਸੀਨ ਮਿਲੇਗੀ। ਅਜਿਹੇ ਕਰਮਚਾਰੀਆਂ ਦੀ ਕੁੱਲ ਗਿਣਤੀ ਲਗਭਗ 3 ਕਰੋੜ ਹੈ। ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਰਾਜ ਸਰਕਾਰਾਂ ਨੂੰ ਪਹਿਲੇ ਗੇੜ ’ਚ ਇਨ੍ਹਾਂ 3 ਕਰੋੜ ਲੋਕਾਂ ਨੂੰ ਟੀਕਾ ਲਾਉਣ ਲਈ ਕੋਈ ਖ਼ਰਚਾ ਨਹੀਂ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਇਹ ਖ਼ਰਚਾ ਕੇਂਦਰ ਝੱਲੇਗਾ।

 

ਦੂਸਰੇ ਗੇੜ ’ਚ, 50 ਤੋਂ ਵੱਧ ਉਮਰ ਦੇ ਲੋਕਾਂ ਤੇ 50 ਸਾਲ ਤੋਂ ਘੱਟ ਉਮਰ ਦੇ ਅਜਿਹੇ ਲੋਕਾਂ ਨੂੰ ਟੀਕੇ ਲਾਏ ਜਾਣਗੇ, ਜਿਨ੍ਹਾਂ ਨੂੰ ਪਹਿਲਾਂ ਤੋਂ ਕੋਈ ਬਿਮਾਰੀ ਹੈ ਜਾਂ ਲਾਗ ਲਗਣ ਦਾ ਵੱਧ ਖ਼ਤਰਾ ਹੈ। ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਬੁਨਿਆਦੀ ਢਾਂਚੇ ਅਤੇ ਰਸਦ ਦੀ ਤਿਆਰੀ ਕਰ ਲਈ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਟੀਕਾਕਰਣ ਲਈ ਡ੍ਰਾਈ–ਰਨ ਵੀ ਦੇਸ਼ ਭਰ ’ਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕੋਵਿਡ ਲਈ ਸਾਡੀਆਂ ਨਵੀਆਂ ਤਿਆਰੀਆਂ ਤੇ ਐੱਸਓਪੀ ਨੂੰ ਸਰਬਵਿਆਪਕ ਟੀਕਾਕਰਣ ਪ੍ਰੋਗਰਾਮ ਚਲਾਉਣ ਤੇ ਦੇਸ਼ ਭਰ ਵਿੱਚ ਚੋਣਾਂ ਕਰਵਾਉਣ ਦੇ ਸਾਰੇ ਪੁਰਾਣੇ ਤਜਰਬਿਆਂ ਨਾਲ ਜੋੜਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਲਈ ਵਰਤੀ ਜਾਣ ਵਾਲੀ ਬੂਥ ਪੱਧਰ ਦੀ ਰਣਨੀਤੀ ਦਾ ਉਪਯੋਗ ਇੱਥੇ ਵੀ ਕੀਤਾ ਜਾਣਾ ਚਾਹੀਦਾ ਹੈ।

 

ਕੋ–ਵਿਨ

 

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਇਸ ਟੀਕਾਕਰਣ ਮੁਹਿੰਮ ’ਚ ਸਭ ਤੋਂ ਅਹਿਮ ਕੰਮ ਉਨ੍ਹਾਂ ਲੋਕਾਂ ਦੀ ਸ਼ਨਾਖ਼ਤ ਤੇ ਨਿਗਰਾਨੀ ਹੈ, ਜਿਨ੍ਹਾਂ ਨੂੰ ਟੀਕਾਕਰਣ ਦੀ ਜ਼ਰੂਰਤ ਹੈ। ਇਸ ਲਈ ਕੋ–ਵਿਨ ਡਿਜੀਟਲ ਪਲੈਟਫਾਰਮ ਬਣਾਇਆ ਗਿਆ ਹੈ। ਆਧਾਰ ਦੀ ਮਦਦ ਨਾਲ ਲਾਭਾਰਥੀਆਂ ਦੀ ਸ਼ਨਾਖ਼ਤ ਕੀਤੀ ਜਾਵੇਗੀ ਤੇ ਨਾਲ ਹੀ ਸਮੇਂ ’ਤੇ ਦੂਜੀ ਖ਼ੁਰਾਕ ਯਕੀਨੀ ਬਣਾਈ ਜਾਵੇਗੀ। ਪ੍ਰਧਾਨ ਇਹ ਯਕੀਨੀ ਬਣਾਉਣ ਦੇ ਮਹੱਤਵ ਨੂੰ ਉਜਾਗਰ ਕੀਤਾ ਕਿ ਟੀਕਾਕਰਣ ਨਾਲ ਸਬੰਧਿਤ ਰੀਅਲ–ਟਾਈਮ ਡਾਟਾ ਕੋ–ਵਿਨ ਉੱਤੇ ਅੱਪਲੋਡ ਕੀਤਾ ਜਾਵੇਗਾ।

 

ਕਿਸੇ ਵਿਅਕਤੀ ਨੂੰ ਟੀਕਾਕਰਣ ਦੀ ਪਹਿਲੀ ਖ਼ੁਰਾਕ ਹਾਸਲ ਹੋਣ ਤੋਂ ਬਾਅਦ ਕੋ–ਵਿਨ ਤੁਰੰਤ ਇੱਕ ਡਿਜੀਟਲ ਟੀਕਾਕਰਣ ਸਰਟੀਫ਼ਿਕੇਟ ਤਿਆਰ ਕਰੇਗਾ। ਇਹ ਸਰਟੀਫ਼ਿਕੇਟ ਦੂਜੀ ਖ਼ੁਰਾਕ ਲਈ ਰੀਮਾਈਂਡਰ (ਯਾਦ ਦਿਵਾਉਣ) ਦੇ ਤੌਰ ਉੱਤੇ ਵੀ ਕੰਮ ਕਰੇਗਾ, ਜਿਸ ਤੋਂ ਬਾਅਦ ਇੱਕ ਅੰਤਿਮ ਸਰਟੀਫ਼ਿਕੇਟ ਦਿੱਤਾ ਜਾਵੇਗਾ।

 

ਅਗਲੇ ਕੁਝ ਮਹੀਨਿਆਂ ’ਚ 30 ਕਰੋੜ ਦਾ ਟੀਚਾ

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ’ਚ ਟੀਕਾਕਰਣ ਮੁਹਿੰਮ ਅਹਿਮ ਹੈ ਕਿਉਂਕਿ ਕਈ ਹੋਰ ਦੇਸ਼ ਸਾਡੀਆਂ ਪੈੜ–ਚਾਲਾਂ ਉੱਤੇ ਚਲਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੋਵਿਡ–19 ਲਈ ਟੀਕਾਕਰਣ ਪਿਛਲੇ 3–4 ਹਫ਼ਤਿਆਂ ਤੋਂ ਲਗਭਗ 50 ਦੇਸ਼ਾਂ ’ਚ ਚਲ ਰਿਹਾ ਹੈ ਅਤੇ ਹੁਣ ਤੱਕ ਲਗਭਗ 2.5 ਕਰੋੜ ਲੋਕਾਂ ਨੂੰ ਹੀ ਟੀਕਾ ਲਗ ਸਕਿਆ ਹੈ। ਭਾਰਤ ਦਾ ਟੀਚਾ ਅਗਲੇ ਕੁਝ ਮਹੀਨਿਆਂ ’ਚ 30 ਕਰੋੜ ਲੋਕਾਂ ਨੂੰ ਟੀਕਾ ਲਗਾਉਣ ਦਾ ਹੈ।

 

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਵੈਕਸੀਨ ਕਾਰਨ ਕਿਸੇ ਵਿਅਕਤੀ ਨੂੰ ਤਕਲੀਫ਼ ਹੋਣ ਦੀ ਹਾਲਤ ਵਿੱਚ ਉਚਿਤ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੀ ਵਿਵਸਥਾ ਸਰਬਵਿਆਪਕ ਟੀਕਾਕਰਣ ਪ੍ਰੋਗਰਾਮ ਲਈ ਪਹਿਲਾਂ ਤੋਂ ਹੀ ਹੈ ਅਤੇ ਇਸ ਟੀਕਾਕਰਣ ਮੁਹਿੰਮ ਲਈ ਇਸ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ।

 

ਪ੍ਰਧਾਨ ਮੰਤਰੀ ਨੇ ਇਸ ਯਤਨ ’ਚ ਕੋਵਿਡ ਨਾਲ ਸਬੰਧਿਤ ਪ੍ਰੋਟੋਕੋਲ ਦੀ ਪਾਲਣਾ ਕਰਨ ਦੇ ਮਹੱਤਵ ਨੂੰ ਉਜਾਗਰ ਕੀਤਾ, ਇਹ ਕਹਿੰਦਿਆਂ ਕਿ ਜਿਹੜੇ ਲੋਕ ਟੀਕਾ ਲਗਵਾ ਰਹੇ ਹਨ, ਉਨ੍ਹਾਂ ਨੂੰ ਵਾਇਰਸ ਦੇ ਕਿਸੇ ਵੀ ਤਰ੍ਹਾਂ ਫੈਲਣ ਤੋਂ ਰੋਕਣ ਲਈ ਇਨ੍ਹਾਂ ਸਾਵਧਾਨੀਆਂ ਦੀ ਪਾਲਣਾ ਕਰਨਾ ਜਾਰੀ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜਾਂਚ ਵਿੱਚ ਟੀਕਾਕਰਣ ਨਾਲ ਸਬੰਧਿਤ ਅਫ਼ਵਾਹਾਂ ਉੱਤੇ ਰੋਕ ਲਾਉਣ ਦਾ ਇੰਤਜ਼ਾਮ ਕਰਨਾ ਹੋਵੇਗਾ। ਇਸ ਲਈ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ, ਐੱਨਵਾਈਕੇ, ਐੱਨਐੱਸਐੱਸ, ਐੱਸਐੱਚਜੀ ਆਦਿ ਤੋਂ ਮਦਦ ਲਈ ਜਾਣੀ ਚਾਹੀਦੀ ਹੈ।

 

ਬਰਡ–ਫ਼ਲੂ ਦੀ ਚੁਣੌਤੀ ਨਾਲ ਨਿਪਟਣਾ

 

ਪ੍ਰਧਾਨ ਮੰਤਰੀ ਨੇ ਕੇਰਲ, ਰਾਜਸਥਾਨ, ਹਿਮਾਚਲ ਪ੍ਰਦੇਸ਼, ਗੁਜਰਾਤ, ਹਰਿਆਣਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਦਿੱਲੀ ਅਤੇ ਮਹਾਰਾਸ਼ਟਰ ਸਮੇਤ 9 ਰਾਜਾਂ ਵਿੱਚ ਬਰਡ–ਫ਼ਲੂ ਫੈਲਣ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਮੱਛੀ–ਪਾਲਣ, ਪਸ਼ੂ–ਪਾਲਣ ਤੇ ਡੇਅਰੀ ਮੰਤਰਾਲੇ ਨੇ ਸਮੱਸਿਆ ਨਾਲ ਨਿਪਟਣ ਲਈ ਇੱਕ ਯੋਜਨਾ ਉਲੀਕੀ ਹੈ, ਜਿਸ ਵਿੱਚ ਜ਼ਿਲ੍ਹਾ ਅਧਿਕਾਰੀਆਂ ਦੀ ਭੂਮਿਕਾ ਅਹਿਮ ਹੋਵੇਗੀ। ਉਨ੍ਹਾਂ ਪ੍ਰਭਾਵਿਤ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਇਸ ਕੋਸ਼ਿਸ਼ ਵਿੱਚ ਆਪਣੇ ਡੀਐੱਮ ਦਾ ਮਾਰਗ–ਦਰਸ਼ਨ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਹੋਰ ਰਾਜਾਂ ਵਿੱਚ ਜਿੱਥੇ ਬਰਡ–ਫ਼ਲੂ ਨਹੀਂ ਪਹੁੰਚਿਆ ਹੈ, ਉਨ੍ਹਾਂ ਨੂੰ ਲਗਾਤਾਰ ਚੌਕਸੀ ਵਰਤਣੀ ਚਾਹੀਦੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਵਣ, ਸਿਹਤ ਤੇ ਪਸ਼ੂ–ਪਾਲਣ ਵਿਭਾਗਾਂ ’ਚ ਵਾਜਬ ਤਾਲਮੇਲ ਦੇ ਮਾਧਿਅਮ ਰਾਹੀਂ ਅਸੀਂ ਛੇਤੀ ਹੀ ਇਸ ਚੁਣੌਤੀ ਉੱਤੇ ਜਿੱਤ ਹਾਸਲ ਕਰ ਲਵਾਂਗੇ।

 

ਟੀਕਾਕਰਣ ਦੀ ਤਿਆਰੀ ਤੇ ਪ੍ਰਾਪਤ ਜਾਣਕਾਰੀ

 

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀਆਂ ਦੀ ਅਗਵਾਈ ਹੇਠ ਕੋਵਿਡ ਦਾ ਸਾਹਮਣਾ ਕਰਨ ’ਚ ਦੇਸ਼ ਨੇ ਹੋਰ ਦੇਸ਼ਾਂ ਦੇ ਮੁਕਾਬਲੇ ਬਿਹਤਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਜਾਂ ਵੱਲੋਂ ਹੁਣ ਤੱਕ ਇਸ ਕੋਸ਼ਿਸ਼ ਵਿੱਚ ਪ੍ਰਦਰਸ਼ਿਤ ਸਹਿਯੋਗ ਨੂੰ ਟੀਕਾਕਰਣ ਮੁਹਿੰਮ ਵਿੱਚ ਵੀ ਜਾਰੀ ਰੱਖਣਾ ਚਾਹੀਦਾ ਹੈ।

 

ਮੁੱਖ ਮੰਤਰੀ ਨੇ ਟੀਕਾਕਰਣ ਦੀ ਸ਼ੁਰੂਆਤ ਉੱਤੇ ਖ਼ੁਸ਼ੀ ਪ੍ਰਗਟਾਈ। ਉਨ੍ਹਾਂ ਟੀਕਿਆਂ ਬਾਰੇ ਕੁਝ ਮੁੱਦਿਆਂ ਤੇ ਚਿੰਤਾਵਾਂ ਬਾਰੇ ਚਰਚਾ ਕੀਤੀ, ਜਿਨ੍ਹਾਂ ਨੂੰ ਬੈਠਕ ਵਿੱਚ ਸਪਸ਼ਟ ਕੀਤਾ ਗਿਆ।

 

ਕੇਂਦਰ ਸਿਹਤ ਸਕੱਤਰ ਨੇ ਟੀਕਾਕਰਣ ਮੁਹਿੰਮ ਦੀਆਂ ਤਿਆਰੀਆਂ ਬਾਰੇ ਇੱਕ ਪੇਸ਼ਕਾਰੀ ਦਿੱਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਟੀਕਾਕਰਣ ਆਮ ਜਨਤਾ ਦੀ ਭਾਗੀਦਾਰੀ ਉੱਤੇ ਅਧਾਰਿਤ ਹੋਵੇਗਾ ਅਤੇ ਮੌਜੂਦਾ ਸਿਹਤ ਸੇਵਾ ਵਿਵਸਥਾ ਨਾਲ ਸਮਝੌਤਾ ਕੀਤੇ ਬਗ਼ੈਰ, ਲੜੀਵਾਰ ਤੇ ਬਿਨਾ ਕਿਸੇ ਰੁਕਾਵਟ ਦੇ ਇਸ ਨੂੰ ਲਾਗੂ ਕੀਤਾ ਜਾਵੇਗਾ। ਉਨ੍ਹਾਂ ਇਸ ਮੁਹਿੰਮ ਲਈ ਲੌਜਿਸਟਿਕਸ ਦੀਆਂ ਤਿਆਰੀਆਂ ਦਾ ਜਾਇਜ਼ਾ ਵੀ ਲਿਆ।

 

******

 

ਡੀਐੱਸ/ਐੱਸਐੱਚ(Release ID: 1687757) Visitor Counter : 231