ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਪ੍ਰਵਾਸੀ ਭਾਰਤੀਯ ਦਿਵਸ ਕਨਵੈਨਸ਼ਨ ਦਾ ਉਦਘਾਟਨ ਕੀਤਾ


ਕੋਰੋਨਾ ਵਿਰੁੱਧ ਜੰਗ ਵਿੱਚ ਪ੍ਰਵਾਸੀ ਭਾਰਤੀ ਯੋਗਦਾਨ ਦੀ ਸ਼ਲਾਘਾ ਕੀਤੀ

ਭਾਰਤ ਅੰਤਰਰਾਸ਼ਟਰੀ ਚੁਣੌਤੀਆਂ ਘਟਾਉਣ ’ਚ ਮਦਦ ਲਈ ਸਦਾ ਮੋਹਰੀ ਰਿਹਾ ਹੈ: ਪ੍ਰਧਾਨ ਮੰਤਰੀ

Posted On: 09 JAN 2021 8:04PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਵਾਸੀ ਭਾਰਤੀਯ ਦਿਵਸ ਕਨਵੈਨਸ਼ਨ ਦਾ ਉਦਘਾਟਨ ਕੀਤਾ। ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕੋਰੋਨਾ ਮਹਾਮਾਰੀ ਦੌਰਾਨ ਵਿਦੇਸ਼ਾਂ ’ਚ ਵਸੇ ਭਾਰਤੀਆਂ ਨੂੰ ਉਨ੍ਹਾਂ ਦੀ ਭੂਮਿਕਾ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਦੇਸ਼ਾਂ ਦੇ ਮੁਖੀਆਂ ਨਾਲ ਉਨ੍ਹਾਂ ਦੇ ਵਿਚਾਰ–ਵਟਾਂਦਰਿਆਂ ਦੌਰਾਨ, ਉਨ੍ਹਾਂ ਸਦਾ ਵਿਦੇਸ਼ਾਂ ’ਚ ਰਹਿੰਦੇ ਭਾਰਤੀਆਂ ਉੱਤੇ ਮਾਣ ਮਹਿਸੂਸ ਕੀਤਾ ਹੈ, ਜਦੋਂ ਵੀ ਉਨ੍ਹਾਂ ਦੇ ਮੁਖੀ ਆਪਣੇ ਦੇਸ਼ਾਂ ਵਿੱਚ ਡਾਕਟਰਾਂ, ਪੈਰਾ–ਮੈਡਿਕਸ ਤੇ ਆਮ ਨਾਗਰਿਕਾਂ ਵਜੋਂ ਯੋਗਦਾਨ ਲਈ ਭਾਰਤੀਆਂ ਦੀ ਤਾਰੀਫ਼ ਕਰਦੇ ਹਨ। ਉਨ੍ਹਾਂ ਕੋਵਿਡ ਵਿਰੁੱਧ ਭਾਰਤ ਦੀ ਜੰਗ ਵਿੱਚ ਵਿਦੇਸ਼ਾਂ ’ਚ ਵੱਸੇ ਭਾਰਤੀਆਂ ਦੇ ਯੋਗਦਾਨ ਨੂੰ ਵੀ ਨੋਟ ਕੀਤਾ।

 

Y2K ਸੰਕਟ ਨਾਲ ਨਿਪਟਦਿਆਂ ਭਾਰਤ ਦੀ ਭੂਮਿਕਾ ਅਤੇ ਭਾਰਤੀ ਫ਼ਾਰਮਾ ਉਦਯੋਗ ਦੁਆਰਾ ਪੁੱਟੀਆਂ ਗਈਆਂ ਪੁਲਾਂਘਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕ ਭਾਰਤ ਦੀਆਂ ਸਮਰੱਥਾਵਾਂ ਨੇ ਸਦਾ ਮਨੁੱਖਤਾ ਦਾ ਭਲਾ ਕੀਤਾ ਹੈ। ਭਾਰਤ ਵਿਸ਼ਵ ਚੁਣੌਤੀਆਂ ਘਟਾਉਣ ’ਚ ਸਦਾ ਮੋਹਰੀ ਰਿਹਾ ਹੈ। ਬਸਤੀਵਾਦ ਤੇ ਦਹਿਸ਼ਤਗਰਦੀ ਵਿਰੁੱਧ ਜੰਗ ਵਿੱਚ ਭਾਰਤ ਨੇ ਮੋਹਰੀ ਰਹਿ ਕੇ ਇਨ੍ਹਾਂ ਬੁਰਾਈਆਂ ਦਾ ਟਾਕਰਾ ਕਰਨ ਲਈ ਵਿਸ਼ਵ ਨੂੰ ਤਾਕਤ ਦਿੱਤੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ, ਇਸ ਦੇ ਭੋਜਨ, ਫ਼ੈਸ਼ਨ, ਪਰਿਵਾਰਕ ਕਦਰਾਂ–ਕੀਮਤਾਂ ਤੇ ਕਾਰੋਬਾਰੀ ਕਦਰਾਂ–ਕੀਮਤਾਂ ’ਚ ਵਿਸ਼ਵ ਦੇ ਭਰੋਸੇ ਦਾ ਜ਼ਿਆਦਾਤਰ ਸਿਹਰਾ ਵਿਦੇਸ਼ਾਂ ’ਚ ਰਹਿੰਦੇ ਭਾਰਤੀਆਂ ਸਿਰ ਬੱਝਦਾ ਹੈ। ਹੋਰਨਾਂ ਦੇਸ਼ਾਂ ’ਚ ਰਹਿੰਦੇ ਭਾਰਤੀਆਂ ਦੇ ਆਚਾਰ–ਵਿਹਾਰ ਨਾਲ ਭਾਰਤੀ ਮਾਰਗ ਤੇ ਕਦਰਾਂ–ਕੀਮਤਾਂ ਵਿੱਚ ਦਿਲਚਸਪੀ ਪੈਦਾ ਹੁੰਦੀ ਹੈ ਅਤੇ ਉਤਸੁਕਤਾ, ਪਰੰਪਰਾ ਵਿੱਚ ਤਬਦੀਲ ਹੋਣੀ ਸ਼ੁਰੂ ਹੋ ਜਾਂਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਜਿਸ ਤਰ੍ਹਾਂ ‘ਆਤਮਨਿਰਭਰ ਭਾਰਤ’ ਦੇ ਨਿਸ਼ਾਨੇ ਵੱਲ ਵਧ ਰਿਹਾ ਹੈ, ਤਾਂ ਵਿਦੇਸ਼ਾਂ ’ਚ ਵੱਸੇ ਭਾਰਤੀ ਭਾਰਤ ’ਚ ਬਣੇ ਉਤਪਾਦਾਂ ਦੀ ਵਰਤੋਂ ਕਰ ਕੇ ਵੱਡੀ ਭੂਮਿਕਾ ਨਿਭਾ ਸਕਦੇ ਹਨ, ਇੰਝ ਭਾਰਤੀ ਉਤਪਾਦਾਂ ਵਿੱਚ ਵਿਸ਼ਵਾਸ ਹੋਰ ਵਧੇਗਾ।

 

ਪ੍ਰਧਾਨ ਮੰਤਰੀ ਨੇ ਪ੍ਰਵਾਸੀ ਭਾਰਤੀਆਂ ਨੂੰ ਇਹ ਵੀ ਵਿਸਥਾਰਪੂਰਬਕ ਦੱਸਿਆ ਕਿ ਭਾਰਤ ਨੇ ਕਿਵੇਂ ਪੂਰੀ ਸਮਰੱਥਾ ਨਾਲ ਮਹਾਮਾਰੀ ਦਾ ਸਾਹਮਣਾ ਕੀਤਾ ਹੈ। ਉਨ੍ਹਾਂ ਕਿਹਾ ਕਿ ਵਾਇਰਸ ਵਿਰੁੱਧ ਇਸ ਕਿਸਮ ਦੀ ਜਮਹੂਰੀ ਏਕਤਾ ਦੀ ਹੋਰ ਕੋਈ ਮਿਸਾਲ ਨਹੀਂ ਮਿਲਦੀ। ਪੀਪੀਈ ਕਿਟਸ, ਮਾਸਕ, ਵੈਂਟੀਲੇਟਰਜ਼ ਜਾਂ ਟੈਸਟਿੰਗ ਕਿਟਸ ਜਿਹੀਆਂ ਅਹਿਮ ਵਸਤਾਂ ਉੱਤੇ ਨਿਰਭਰਤਾ ਦੇ ਬਾਵਜੂਦ ਭਾਰਤ ਨੇ ਨਾ ਸਿਰਫ਼ ਆਤਮਨਿਰਭਰ ਬਣਨ ਲਈ ਆਪਣੀਆਂ ਸਮਰੱਥਾਵਾਂ ਵਿਕਸਿਤ ਕੀਤੀਆਂ, ਬਲਕਿ ਬਹੁਤ ਸਾਰੀਆਂ ਚੀਜ਼ਾਂ ਬਰਾਮਦ ਕਰਨੀਆਂ ਵੀ ਸ਼ੁਰੂ ਕਰ ਦਿੱਤੀਆਂ। ਅੱਜ, ਭਾਰਤ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਲ ਹੈ, ਜਿੱਥੇ ਮੌਤ ਦਰ ਘੱਟ ਤੋਂ ਘੱਟ ਅਤੇ ਸਿਹਤਯਾਬੀ ਦਰ ਸਭ ਤੋਂ ਤੇਜ਼ ਹੈ। ਵਿਸ਼ਵ ਦੀ ਫ਼ਾਰਮੇਸੀ ਵਜੋਂ ਭਾਰਤ ਵਿਸ਼ਵ ਦੀ ਮਦਦ ਕਰ ਰਿਹਾ ਹੈ ਅਤੇ ਸਮੁੱਚਾ ਵਿਸ਼ਵ ਭਾਰਤ ਵੱਲ ਦੇਖ ਰਿਹਾ ਹੈ ਕਿਉਂਕਿ ਦੇਸ਼ ਇਸ ਵੇਲੇ ਦੇਸ਼ ਵਿੱਚ ਹੀ ਵਿਕਸਿਤ ਕੀਤੀਆਂ ਦੋ ਵੈਕਸੀਨਾਂ ਨਾਲ ਵਿਸ਼ਵ ਦੇ ਸਭ ਤੋਂ ਵਿਸ਼ਾਲ ਟੀਕਾਕਰਣ ਪ੍ਰੋਗਰਾਮ ਦੀ ਸ਼ੁਰੂਆਤ ਦੀਆਂ ਤਿਆਰੀਆਂ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ‘ਸਿੱਧੇ ਲਾਭ ਟ੍ਰਾਂਸਫ਼ਰ’ (DBT) ਰਾਹੀਂ ਭ੍ਰਿਸ਼ਟਾਚਾਰ ਨੂੰ ਨਕੇਲ ਪਾਉਣ ਵਿੱਚ ਕੀਤੀ ਪ੍ਰਗਤੀ ਨੂੰ ਉਜਾਗਰ ਕੀਤਾ, ਜਿਸ ਦੀ ਮਹਾਮਾਰੀ ਦੇ ਸਮੇਂ ਦੌਰਾਨ ਵਿਸ਼ਵ ਭਰ ਵਿੱਚ ਸ਼ਲਾਘਾ ਹੋਈ। ਇਸੇ ਤਰ੍ਹਾਂ ਗ਼ਰੀਬਾਂ ਦੇ ਸਸ਼ਕਤੀਕਰਣ ਅਤੇ ਅਖੁੱਟ ਊਰਜਾ ਦੇ ਖੇਤਰ ਵਿੱਚ ਪੁੱਟੀਆਂ ਪੁਲਾਂਘਾਂ ਲਈ ਵੀ ਦੇਸ਼ ਦੀ ਤਾਰੀਫ਼ ਹੋ ਰਹੀ ਹੈ।

 

ਪ੍ਰਧਾਨ ਮੰਤਰੀ ਨੇ ਨੁਕਤਾ ਉਠਾਇਆ ਕਿ ਭਾਰਤ ਦਾ ਅਜੋਕਾ ਪੁਲਾੜ ਪ੍ਰੋਗਰਾਮ, ਟੈੱਕ ਸਟਾਰਟ–ਅੱਪ ਈਕੋਸਿਸਟਮ, ਇਸ ਦੀਆਂ ‘ਯੂਨੀਕੌਰਨਸ’ ਭਾਰਤ ਦੀ ਅਨਪੜ੍ਹਤਾ ਬਾਰੇ ਯੁਗਾਂ ਪੁਰਾਣੀ ਧਾਰਨਾ ਨੂੰ ਬਦਲ ਰਹੀਆਂ ਹਨ। ਉਨ੍ਹਾਂ ਪ੍ਰਵਾਸੀ ਭਾਰਤੀਆਂ ਨੂੰ ਸਿੱਖਿਆ ਤੋਂ ਲੈ ਕੇ ਉੱਦਮਾਂ ਤੱਕ ਦੇ ਖੇਤਰਾਂ ਵਿੱਚ ਹਾਲੀਆ ਮਹੀਨਿਆਂ ਦੌਰਾਨ ਕੀਤੇ ਗਏ ਸੁਧਾਰਾਂ ਦਾ ਲਾਭ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਇਸ ਸਬੰਧੀ ਨਿਰਮਾਣ ਨੂੰ ਮਕਬੂਲ ਬਣਾਉਣ ਵਾਲੀ ‘ਉਤਪਾਦਨ ਨਾਲ ਸਬੰਧਿਤ ਸਬਸਿਡੀਆਂ ਦੀ ਯੋਜਨਾ’ ਦਾ ਖ਼ਾਸ ਤੌਰ ’ਤੇ ਜ਼ਿਕਰ ਕੀਤਾ।

 

ਪ੍ਰਧਾਨ ਮੰਤਰੀ ਨੇ ਪ੍ਰਵਾਸੀ ਭਾਰਤੀਆਂ ਨੂੰ ਉਨ੍ਹਾਂ ਦੀ ਮਾਤ੍ਰਭੂਮੀ ਤੋਂ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿਵਾਇਆ। ਉਨ੍ਹਾਂ ‘ਵੰਦੇ ਭਾਰਤ ਮਿਸ਼ਨ’ ਦਾ ਜ਼ਿਕਰ ਕੀਤਾ, ਜਿਸ ਰਾਹੀਂ ਕੋਰੋਨਾ ਦੇ ਸਮੇਂ ਦੌਰਾਨ 45 ਲੱਖ ਤੋਂ ਵੱਧ ਭਾਰਤੀਆਂ ਨੂੰ ਬਚਾਇਆ ਗਿਆ ਸੀ। ਉਨ੍ਹਾਂ ਪ੍ਰਵਾਸੀ ਭਾਰਤੀਆਂ ਦੇ ਰੋਜ਼ਗਾਰ ਨੂੰ ਸੁਰੱਖਿਅਤ ਬਣਾਉਣ ਕੀਤੀਆਂ ਕੂਟਨੀਤਕ ਕੋਸ਼ਿਸ਼ਾਂ ਬਾਰੇ ਵੀ ਜਾਣਕਾਰੀ ਦਿੱਤੀ। ਖਾੜੀ ਦੇਸ਼ਾਂ ਤੇ ਹੋਰ ਖੇਤਰਾਂ ਤੋਂ ਪਰਤ ਰਹੇ ਪ੍ਰਵਾਸੀਆਂ ਲਈ ‘ਰੋਜ਼ਗਾਰ ਸਹਾਇਤਾ ਲਈ ਹੁਨਰਮੰਦ ਕਰਮਚਾਰੀਆਂ ਦੀ ਆਮਦ ਦਾ ਡਾਟਾਬੇਸ’ (SWADES – ਸਕਿੱਲਡ ਵਰਕਰਸ ਅਰਾਈਵਲ ਡਾਟਾਬੇਸ ਫ਼ਾਰ ਇੰਪਲਾਇਮੈਂਟ ਸਪੋਰਟ) ਦੀ ਪਹਿਲ ਕੀਤੀ ਗਈ ਹੈ। ਉਨ੍ਹਾਂ ਬਿਹਤਰ ਕਨੈਕਟੀਵਿਟੀ ਲਈ ‘ਗਲੋਬਲ ਪ੍ਰਵਾਸੀ ਰਿਸ਼ਤਾ’ ਪੋਰਟਲ ਅਤੇ ਪ੍ਰਵਾਸੀ ਭਾਰਤੀਆਂ ਨਾਲ ਗੱਲਬਾਤ ਦਾ ਜ਼ਿਕਰ ਵੀ ਕੀਤਾ।

 

ਪ੍ਰਧਾਨ ਮੰਤਰੀ ਨੇ ਸੂਰੀਨਾਮ ਗਣਰਾਜ ਦੇ ਮਾਣਯੋਗ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਚੰਦ੍ਰਿਕਾ ਪ੍ਰਸਾਦ ਸੰਤੋਖੀ ਦਾ ਉਨ੍ਹਾਂ ਦੀ ਲੀਡਰਸ਼ਿਪ ਤੇ ਕੁੰਜੀਵਤ ਭਾਸ਼ਣ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਉਨ੍ਹਾਂ ਨੂੰ ਛੇਤੀ ਮਿਲਣ ਦੀ ਆਸ ਪ੍ਰਗਟਾਈ। ਸ਼੍ਰੀ ਮੋਦੀ ਨੇ ਪ੍ਰਵਾਸੀ ਭਾਰਤੀ ਸੰਮਾਨ ਦੇ ਜੇਤੂਆਂ ਅਤੇ ਕੁਇਜ਼ (ਪ੍ਰਸ਼ਨੋਤਰੀ) ਮੁਕਾਬਲੇ ਦੇ ਜੇਤੂਆਂ ਨੂੰ ਮੁਬਾਰਕਬਾਦ ਵੀ ਦਿੱਤੀ।

 

ਪ੍ਰਧਾਨ ਮੰਤਰੀ ਨੇ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਜਸ਼ਨਾਂ ਵਿੱਚ ਸ਼ਾਮਲ ਹੋਣ ਲਈ ਵੀ ਪ੍ਰਵਾਸੀ ਭਾਰਤੀਆਂ ਨੂੰ ਕਿਹਾ। ਉਨ੍ਹਾਂ ਪ੍ਰਵਾਸੀ ਭਾਰਤੀਆਂ ਅਤੇ ਵਿਸ਼ਵ ਦੀਆਂ ਭਾਰਤੀ ਮਿਸ਼ਨਾਂ ਨਾਲ ਸਬੰਧਿਤ ਲੋਕਾਂ ਨੂੰ ਇੱਕ ਅਜਿਹਾ ਪੋਰਟਲ ਤਿਆਰ ਕਰਨ ਲਈ ਕਿਹਾ, ਜੋ ਇੱਕ ਅਜਿਹਾ ਡਿਜੀਟਲ ਮੰਚ ਹੋਵੇ, ਜਿੱਥੇ ਭਾਰਤ ਦੇ ਆਜ਼ਾਦੀ ਸੰਘਰਸ਼ ਵਿੱਚ ਪ੍ਰਵਾਸੀ ਭਾਰਤੀਆਂ ਦੇ ਯੋਗਦਾਨ ਨੂੰ ਦਸਤਾਵੇਜ਼ੀ ਸ਼ਕਲ ਦਿੱਤੀ ਜਾ ਸਕੇ।

 

****

 

ਡੀਐੱਸ


(Release ID: 1687392) Visitor Counter : 188