ਰਾਸ਼ਟਰਪਤੀ ਸਕੱਤਰੇਤ
ਸਾਡੇ ਪ੍ਰਵਾਸੀ ਭਾਰਤੀ ਵਿਸ਼ਵ ’ਚ ਸਾਡਾ ਚਿਹਰਾ ਹਨ ਤੇ ਵਿਸ਼ਵ ਮੰਚ ’ਤੇ ਭਾਰਤੀ ਹਿਤਾਂ ਦੇ ਚੈਂਪੀਅਨ ਹਨ: ਰਾਸ਼ਟਰਪਤੀ ਕੋਵਿੰਦ
ਭਾਰਤ ਦੇ ਰਾਸ਼ਟਰਪਤੀ ਨੇ 16ਵੇਂ ਪ੍ਰਵਾਸੀ ਭਾਰਤੀਯ ਦਿਵਸ ਕਨਵੈਨਸ਼ਨ ਦੇ ਸਮਾਪਤੀ ਸੈਸ਼ਨ ਨੂੰ ਵਰਚੁਅਲੀ ਸੰਬੋਧਨ ਕੀਤਾ
Posted On:
09 JAN 2021 6:11PM by PIB Chandigarh
ਸਾਡੇ ਪ੍ਰਵਾਸੀ ਭਾਰਤੀ ਵਿਸ਼ਵ ’ਚ ਸਾਡਾ ਚਿਹਰਾ ਹਨ ਅਤੇ ਵਿਸ਼ਵ ਮੰਚ ਉੱਤੇ ਭਾਰਤੀ ਹਿਤਾਂ ਦੇ ਚੈਂਪੀਅਨ ਹਨ। ਉਹ ਸਦਾ ਭਾਰਤ ਦੀ ਮਦਦ ਲਈ ਬਹੁੜਦੇ ਹਨ, ਭਾਵੇਂ ਉਹ ਭਾਰਤ ਲਈ ਚਿੰਤਾਜਨਕ ਅੰਤਰਰਾਸ਼ਟਰੀ ਮਸਲਿਆਂ ’ਤੇ ਸਰਗਰਮ ਸਮਰਥਨ ਦੇਣ, ਚਾਹੇ ਨਿਵੇਸ਼ਾਂ ਤੇ ਧਨ ਭੇਜ ਕੇ ਭਾਰਤੀ ਅਰਥਵਿਵਸਥਾ ਵਿੱਚ ਆਪਣਾ ਯੋਗਦਾਨ ਪਾਉਣ ਦਾ ਮਾਮਲਾ ਹੋਵੇ; ਇਹ ਪ੍ਰਗਟਾਵਾ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ 16ਵੇਂ ਪ੍ਰਵਾਸੀ ਭਾਰਤੀਯ ਦਿਵਸ ਦੀ ਕਨਵੈਨਸ਼ਨ ਦੇ ਸਮਾਪਤੀ ਸੈਸ਼ਨ ਨੂੰ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਸੰਬੋਧਨ ਕਰਦਿਆਂ ਕੀਤਾ।
ਰਾਸ਼ਟਰਪਤੀ ਨੇ ਕਿਹਾ ਕਿ ਸਾਲ 1915 ’ਚ ਇਸੇ ਦਿਨ ਮਹਾਨਤਮ ਪ੍ਰਵਾਸੀ ਭਾਰਤੀ ਮਹਾਤਮਾ ਗਾਂਧੀ ਭਾਰਤ ਪਰਤੇ ਸਨ। ਉਨ੍ਹਾਂ ਸਾਡੇ ਸਮਾਜਿਕ ਸੁਧਾਰਾਂ ਤੇ ਆਜ਼ਾਦੀ ਦੀ ਲਹਿਰ ਨੂੰ ਇੱਕ ਬਹੁਤ ਜ਼ਿਆਦਾ ਵਿਆਪਕ ਅਧਾਰ ਮੁਹੱਈਆ ਕਰਵਾਇਆ ਅਤੇ ਅਗਲੇ ਤਿੰਨ ਦਹਾਕਿਆਂ ਦੌਰਾਨ ਉਨ੍ਹਾਂ ਭਾਰਤ ਨੂੰ ਬਹੁਤ ਬੁਨਿਆਦੀ ਤਰੀਕਿਆਂ ਨਾਲ ਭਾਰਤ ਦੀ ਕਾਇਆਕਲਪ ਕੀਤੀ। ਉਸ ਤੋਂ ਪਹਿਲਾਂ, ਦੋ ਦਹਾਕਿਆਂ ਤੱਕ ਵਿਦੇਸ਼ ’ਚ ਰਹਿਣ ਦੌਰਾਨ ਬਾਪੂ ਨੇ ਉਨ੍ਹਾਂ ਬੁਨਿਆਦੀ ਸਿਧਾਂਤਾਂ ਦੀ ਸ਼ਨਾਖ਼ਤ ਕਰਦਿਆਂ ਉਸ ਪਹੁੰਚ ਨੂੰ ਉਜਾਗਰ ਕੀਤਾ ਜਿਹੜੀ ਭਾਰਤ ਨੂੰ ਪ੍ਰਗਤੀ ਤੇ ਵਿਕਾਸ ਲਈ ਅਪਣਾਉਣੀ ਚਾਹੀਦੀ ਸੀ। ਰਾਸ਼ਟਰਪਤੀ ਨੇ ਕਿਹਾ ਕਿ ਪ੍ਰਵਾਸੀ ਭਾਰਤ ਦਿਵਸ; ਵਿਅਕਤੀਗਤ ਤੇ ਸਮੂਹਕ ਜੀਵਨ ਲਈ ਗਾਂਧੀ ਜੀ ਦੇ ਆਦਰਸ਼ਾਂ ਨੂੰ ਚੇਤੇ ਕਰਨ ਦਾ ਵੀ ਇੱਕ ਮੌਕਾ ਹੈ। ਉਨ੍ਹਾਂ ਅੱਗੇ ਕਿਹਾ ਕਿ ਗਾਂਧੀ ਜੀ ਦਾ ਭਾਰਤੀਅਤਾ, ਅਹਿੰਸਾ, ਨੈਤਿਕਤਾਵਾਂ, ਸਾਦਗੀ ਤੇ ਟਕਾਊ ਵਿਕਾਸ ਉੱਤੇ ਜ਼ੋਰ ਦੇਣਾ ਹੀ ਸਾਡੇ ਮਾਰਗ–ਦਰਸ਼ਕ ਸਿਧਾਂਤ ਰਹੇ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਸ਼੍ਰੀ ਅਟਲ ਬਿਹਾਰੀ ਵਾਜਪੇਈ ਦੇ ਰਿਣੀ ਹਾਂ, ਜਿਨ੍ਹਾਂ ਦੀ ਦੂਰ–ਦ੍ਰਿਸ਼ਟੀ ਨੇ ਸਾਡੇ ਪ੍ਰਵਾਸੀ ਭਾਰਤੀਆਂ ਨਾਲ ਸੰਪਰਕਾਂ ਵਿੱਚ ਦੋਬਾਰਾ ਊਰਜਾ ਭਰੀ। ਪ੍ਰਵਾਸੀ ਭਾਰਤੀਯ ਦਿਵਸ ਦੇ ਜਸ਼ਨਾਂ ਦੀ ਸ਼ੁਰੂਆਤ 2003 ’ਚ ਹੋਈ ਸੀ, ਜਦੋਂ ਉਹ ਭਾਰਤ ਦੇ ਪ੍ਰਧਾਨ ਮੰਤਰੀ ਸਨ। ਅਟਲ ਜੀ ਦੀਆਂ ਪਹਿਲਾਂ ਪ੍ਰਵਾਸੀ ਭਾਰਤੀਆਂ ਨੂੰ ਆਪਣੀ ਮਾਤ੍ਰਭੂਮੀ ਨਾਲ ਜੋੜਨ ਹਿਤ ਹੋਰ ਮਜ਼ਬੂਤ ਕਰਨ ਵਿੱਚ ਵੱਡੇ ਪੱਧਰ ਉੱਤੇ ਮਦਦਗਾਰ ਸਿੱਧ ਹੋਈਆਂ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਲਗਭਗ 3 ਕਰੋੜ ਪ੍ਰਵਾਸੀ ਭਾਰਤੀ ਇਸ ਵੇਲੇ ਦੁਨੀਆ ਦੇ ਹਰੇਕ ਕੋਣੇ ’ਚ ਰਹਿ ਰਹੇ ਹਨ। ਪ੍ਰਵਾਸੀ ਭਾਰਤੀਆਂ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ, ‘ਤੁਸੀਂ ਵਿਸ਼ਵ ਮੰਚ ਉੱਤੇ ਭਾਰਤ ਦੀ ਸੌਫ਼ਟ ਸ਼ਕਤੀ ਦਾ ਪ੍ਰਸਾਰ ਕੀਤਾ ਹੈ ਤੇ ਆਪਣੀ ਛਾਪ ਛੱਡੀ ਹੈ। ਭਾਰਤ, ਇਸ ਦੇ ਸੱਭਿਆਚਾਰ ਤੇ ਪਰੰਪਰਾਵਾਂ ਨਾਲ ਤੁਹਾਡੇ ਨਿਰੰਤਰ ਭਾਵਨਾਤਮਕ ਜੁੜਾਅ ਉੱਤੇ ਸਾਨੂੰ ਸਭ ਨੂੰ ਮਾਣ ਹੈ। ਤੁਸੀਂ ਆਪਣੀ ਰਿਹਾਇਸ਼ ਵਾਲੇ ਦੇਸ਼ਾਂ ਦੀ ਪ੍ਰਗਤੀ ਤੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਂਦੇ ਰਹੇ ਹੋ ਤੇ ਇਸ ਦੇ ਨਾਲ ਹੀ ਤੁਸੀਂ ਆਪਣੇ ਦਿਲਾਂ ਵਿੱਚ ਆਪਣੀ ਭਾਰਤੀਅਤਾ ਨੂੰ ਵੀ ਕਾਇਮ ਰੱਖਿਆ ਹੈ। ਇਸ ਭਾਵਨਾਤਮਕ ਸਬੰਧ ਤੋਂ ਭਾਰਤ ਨੂੰ ਕਈ ਸਬੰਧਿਤ ਫ਼ਾਇਦੇ ਵੀ ਹੋਏ ਹਨ। ਤੁਸੀਂ ਭਾਰਤ ਦੀ ਵਿਸ਼ਵ ਪਕੜ ਦਾ ਪ੍ਰਸਾਰ ਕੀਤਾ ਹੈ।’
ਕੋਵਿਡ ਮਹਾਮਾਰੀ ਬਾਰੇ ਬੋਲਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਸਾਲ 2020 ਕੋਵਿਡ–19 ਕਾਰਣ ਵਿਸ਼ਵ ਸੰਕਟ ਦਾ ਵਰ੍ਹਾ ਰਿਹਾ ਹੈ। ਭਾਰਤ ਨੇ ਵਿਸ਼ਵ ਪੱਧਰ ਉੱਤੇ ਮੋਹਰੀ ਰਹਿ ਕੇ ਇਸ ਮਹਾਮਾਰੀ ਦੀਆਂ ਅਣਗਿਣਤ ਚੁਣੌਤੀਆਂ ਦਾ ਡਟ ਕੇ ਮੁਕਾਬਲਾ ਕੀਤਾ ਹੈ ਤੇ ਲੋੜੀਂਦਾ ਹੁੰਗਾਰਾ ਦਿੱਤਾ ਹੈ। ਅਸੀਂ ਲਗਭਗ 150 ਦੇਸ਼ਾਂ ਨੂੰ ਦਵਾਈਆਂ ਸਪਲਾਈ ਕੀਤੀਆਂ, ਭਾਰਤ ਨੂੰ ਵਿਸ਼ਵ ਲਈ ‘ਵਿਸ਼ਵ ਦੀ ਫ਼ਾਰਮੇਸੀ’ ਬਣਾਇਆ। ਦੋ ਕੋਵਿਡ ਵੈਕਸੀਨਾਂ ਵਿਕਸਿਤ ਕਰਨ ਵਿੱਚ ਸਾਡੇ ਵਿਗਿਆਨੀਆਂ ਤੇ ਤਕਨੀਸ਼ੀਅਨਾਂ ਦੀ ਹਾਲੀਆ ਸਫ਼ਲਤਾ ਆਤਮਨਿਰਭਰ ਭਾਰਤ ਅਭਿਯਾਨ ਲਈ ਇੱਕ ਵੱਡੀ ਪ੍ਰਾਪਤੀ ਹੈ, ਜੋ ਵਿਸ਼ਵ ਸਲਾਮਤੀ ਦੀ ਭਾਵਨਾ ਦੁਆਰਾ ਸੰਚਾਲਿਤ ਹੈ।
ਰਾਸ਼ਟਰਪਤੀ ਨੇ ਕਿਹਾ ਕਿ ‘ਆਤਮ–ਨਿਰਭਰ ਭਾਰਤ’ ਦੇ ਬੀਜ ਬਹੁਤ ਸਾਲ ਪਹਿਲਾਂ ਮਹਾਤਮਾ ਗਾਂਧੀ ਦੁਆਰਾ ਦਿੱਤੇ ‘ਸਵਦੇਸ਼ੀ’ ਅਤੇ ‘ਆਤਮ–ਨਿਰਭਰਤਾ’ ਦੇ ਸੱਦੇ ਰਾਹੀਂ ਬੀਜੇ ਗਏ ਸਨ। ‘ਆਤਮ–ਨਿਰਭਰ ਭਾਰਤ’ ਦੀ ਸਾਡੀ ਦੂਰ–ਦ੍ਰਿਸ਼ਟੀ ਦੇ ਪੰਜ ਪ੍ਰਮੁੱਖ ਥੰਮ ਅਰਥਵਿਵਸਥਾ, ਬੁਨਿਆਦੀ ਢਾਂਚਾ, ਆਬਾਦੀ ਬਾਰੇ ਅਧਿਐਨ, ਲੋਕਤੰਤਰ ਤੇ ਸਪਲਾਈ–ਚੇਨਾਂ ਹਨ। ਇਨ੍ਹਾਂ ਸਾਰੇ ਪੱਖਾਂ ਦਾ ਸਫ਼ਲ ਸੰਗਠਨ ਤੇਜ਼–ਰਫ਼ਤਾਰ ਪ੍ਰਗਤੀ ਤੇ ਵਿਕਾਸ ਹਾਸਲ ਕਰਨ ਵਿੱਚ ਮਦਦ ਕਰੇਗਾ। ਰਾਸ਼ਟਰਪਤੀ ਨੇ ਕਿਹਾ ਕਿ ‘ਆਤਮ–ਨਿਰਭਰ ਭਾਰਤ’ ਦੇ ਵਿਚਾਰ ਦਾ ਅਰਥ ਸਵੈ–ਕੇਂਦ੍ਰਿਤ ਵਿਵਸਥਾਵਾਂ ਦੀ ਭਾਲ ਕਰਨਾ ਜਾਂ ਦੇਸ਼ ਦਾ ਅੰਦਰ ਵੱਲ ਮੋੜਾ ਖਾਣਾ ਨਹੀਂ ਹੈ। ਇਹ ਆਤਮ–ਵਿਸ਼ਵਾਸ ਬਾਰੇ ਹੈ ਤੇ ਉੱਥੋਂ ਹੀ ਆਤਮ–ਨਿਰਭਰਤਾ ਦਾ ਰਾਹ ਮਿਲਦਾ ਹੈ। ਅਸੀਂ ਵਸਤਾਂ ਤੇ ਸੇਵਾਵਾਂ ਦੀ ਉਪਲਬਧਤਾ ਵਿੱਚ ਵਾਧਾ ਕਰ ਕੇ ਵਿਸ਼ਵ ਸਪਲਾਈ ਚੇਨਾਂ ’ਚ ਰੁਕਾਵਟਾਂ ਘਟਾ ਕੇ ਯੋਗਦਾਨ ਪਾਉਣ ਦੇ ਚਾਹਵਾਨ ਹਾਂ। ਭਾਰਤ ਦਾ ‘ਆਤਮ–ਨਿਰਭਰ ਭਾਰਤ ਅਭਿਯਾਨ’ ਵਿਸ਼ਵ ਵਿਵਸਥਾ ਨੂੰ ਹੋਰ ਵੀ ਇੱਕਸਮਾਨ ਤੇ ਨਿਆਂਪੂਰਨ ਬਣਾਏਗਾ, ਸਹਿਯੋਗ ਤੇ ਸ਼ਾਂਤੀ ਨੂੰ ਉਤਸ਼ਾਹਿਤ ਕਰੇਗਾ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਪ੍ਰਵਾਸੀ ਭਾਰਤੀਆਂ ਦੀ ਭਾਰਤ ਦੀਆਂ ਵਿਸ਼ਵ ਖ਼ਾਹਿਸ਼ਾਂ ਪੂਰੀਆਂ ਕਰਨ ਵਿੱਚ ਅਹਿਮ ਭੂਮਿਕਾ ਹੈ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
***
ਡੀਐੱਸ/ਏਕੇਜੇ/ਏਕੇ
(Release ID: 1687349)
Visitor Counter : 262