ਉਪ ਰਾਸ਼ਟਰਪਤੀ ਸਕੱਤਰੇਤ

ਵਿਗਿਆਨ ਦਾ ਅੰਤਿਮ ਉਦੇਸ਼ ਲੋਕਾਂ ਦੇ ਜੀਵਨ ਸੁਵਿਧਾਜਨਕ ਤੇ ਖ਼ੁਸ਼ਹਾਲ ਬਣਾਉਣਾ ਹੈ: ਉਪ ਰਾਸ਼ਟਰਪਤੀ


ਉਪ ਰਾਸ਼ਟਰਪਤੀ ਨੇ ਨੌਜਵਾਨ ਪੀੜ੍ਹੀ ਵਿੱਚ ਵਿਗਿਆਨ ਸੁਭਾਅ ਪੈਦਾ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ


ਉਪ ਰਾਸ਼ਟਰ ਨੇ ਬੰਗਲੌਰ ਦੇ ਇੰਡੀਅਨ ਇੰਸਟੀਟਿਊਟ ਆਵ੍ ਐਸਟ੍ਰੋਫ਼ਿਜ਼ਿਕਸ ਦੇ CREST ਕੈਂਪਸ ਦਾ ਦੌਰਾ ਕੀਤਾ


ਦੋ ਨਵੀਆਂ ਅਤਿ–ਆਧੁਨਿਕ ਸੁਵਿਧਾਵਾਂ ਦਾ ਉਦਘਾਟਨ


ਸਪੇਸ ਪੇਅਲੋਡ ਦਾ ਸੰਗਠਨ ਅਤੇ 2m ਹਿਮਾਲਯਨ ਚੰਦਰ ਟੈਲੀਸਕੋਪ ਦਾ ਰਿਮੋਟ ਰਾਹੀਂ ਸੰਚਾਲਨ ਹੁੰਦਾ ਦੇਖਿਆ


ਵਿਸ਼ਾਲ ਵਿਗਿਆਨਕ ਪ੍ਰੋਜੈਕਟਾਂ ਵਿੱਚ ਸ਼ਮੂਲੀਅਤ ਨਾਲ ਭਾਰਤੀ ਵਿਗਿਆਨੀਆਂ ਨੂੰ ਬਰਾਬਰ ਦੇ ਮੌਕੇ ਮਿਲਣਗੇ: ਉਪ ਰਾਸ਼ਟਰਪਤੀ


ਉਪ ਰਾਸ਼ਟਰਪਤੀ ਨੇ CREST ਕੈਂਪਸ ’ਚ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਕੀਤਾ ਸੰਬੋਧਨ

प्रविष्टि तिथि: 29 DEC 2020 4:28PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਕਿਹਾ ਹੈ ਕਿ ਵਿਗਿਆਨ ਦਾ ਅੰਤਿਮ ਉਦੇਸ਼ ਆਮ ਲੋਕਾਂ ਦੇ ਜੀਵਨ ਸੁਵਿਧਾਜਨਕ ਤੇ ਖ਼ੁਸ਼ਹਾਲ ਬਣਾਉਣਾ ਹੈ ਅਤੇ ਵਿਗਿਆਨਕ ਸੰਸਥਾਨਾਂ ਨੂੰ ਨਵੀਆਂ ਖੋਜਾਂ ਤੇ ਤਕਨੀਕੀ ਤਰੱਕੀਆਂ ਲਈ ਇੱਕ ਮੰਚ ਮੁਹੱਈਆ ਕਰਵਾਉਣ ਦੀ ਬੇਨਤੀ ਕੀਤੀ।

 

ਬੰਗਲੌਰ ਸਥਿਤ ‘ਇੰਡੀਅਨ ਇੰਸਟੀਟਿਊਟ ਆਵ੍ ਐਸਟ੍ਰੋਫ਼ਿਜ਼ਿਕਸ’ ਦੇ ‘ਸੈਂਟਰ ਫ਼ਾਰ ਰਿਸਰਚ ਐਂਡ ਐਜੂਕੇਸ਼ਨ ਇਨ ਸਾਇੰਸ ਐਂਡ ਟੈਕਨੋਲੋਜੀ’ (CREST – ਵਿਗਿਆਨ ਤੇ ਟੈਕਨੋਲੋਜੀ ’ਚ ਖੋਜ ਤੇ ਸਿੱਖਿਆ ਕੇਂਦਰ) ’ਚ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਵਿਗਿਆਨ ਕਿਸੇ ਵੀ ਸਮਾਜ ਦੀ ਤਰੱਕੀ ਲਈ ਬੁਨਿਆਦ ਹੁੰਦਾ ਹੈ ਕਿਉਂਕਿ ਇਹ ਵਾਰ–ਵਾਰ ਤਜਰਬਿਆਂ ਰਾਹੀਂ ਪੁਸ਼ਟੀਯੋਗ ਤੱਥਾਂ ਨਾਲ ਨਿਪਟਦਾ ਹੈ। ਉਨ੍ਹਾਂ ਲੋਕਾਂ, ਖ਼ਾਸ ਕਰਕੇ ਨੌਜਵਾਨ ਪੀੜ੍ਹੀ ਵਿੱਚ ਵਿਗਿਆਨਕ ਰੁਝਾਨ ਪੈਦਾ ਕਰਨ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ। ਉਨ੍ਹਾਂ ਮਹਿਲਾ ਵਿਗਿਆਨੀਆਂ ਨੂੰ ਇੱਕਸਮਾਨ ਮੌਕੇ ਤੇ ਪ੍ਰੋਤਸਾਹਨ ਮੁਹੱਈਆ ਕਰਵਾਉਣ ਦਾ ਵੀ ਸੱਦਾ ਦਿੱਤਾ।

 

CREST ਕੈਂਪਸ ਦੇ ਆਪਣੇ ਦੌਰੇ ਦੌਰਾਨ ਉਪ ਰਾਸ਼ਟਰਪਤੀ ਨੇ ਦੋ ਨਵੀਆਂ ਸੁਵਿਧਾਵਾਂ – 30 ਮੀਟਰ ਦੀ ਟੈਲੀਸਕੋਪ ਲਈ ਸ਼ੀਸ਼ਿਆਂ ਵਾਸਤੇ ਇੱਕ ਵਿਸ਼ਾਲ ਭਾਗ ਵਾਲੀ ਪੌਲਿਸ਼ਿੰਗ ਸੁਵਿਧਾ ਅਤੇ ਪੁਲਾੜ ਵਿਗਿਆਨਾਂ ਲਈ ਐੱਮਜੀਕੇ ਮੈਨਨ ਲੈਬੋਰੇਟਰੀ ਦੇ ਹਿੱਸੇ ਵਜੋਂ ਛੋਟੇ ਪੇਅਲੋਡਸ ਦੀ ਵਾਤਾਵਰਣਕ ਪਰਖ ਸੁਵਿਧਾ ਦਾ ਉਦਘਾਟਨ ਕੀਤਾ।

 

ਉਨ੍ਹਾਂ ਪੁਲਾੜ ਵਿਗਿਆਨਾਂ ਲਈ ਐੱਮਜੀਕੇ ਮੈਨਨ ਲੈਬੋਰੇਟਰੀ ਦੇ ਅੰਦਰ ਸਪੇਸ ਪੇਅਲੋਡ ਦੇ ਸੰਗਠਨ ਤੇ 2m ਹਿਮਾਲਯਨ ਚੰਦਰ ਟੈਲੀਸਕੋਪ ਦਾ ਰਿਮੋਟ ਸੰਚਾਲਨ ਨੂੰ ਵੀ ਵੇਖਿਆ।

 

ਉਨ੍ਹਾਂ ਬੁਨਿਆਦੀ ਵਿਗਿਆਨ ਦੇ ਅਧਿਐਨ ਦੇ ਮਹੱਤਵ ਉੱਤੇ ਜ਼ੋਰ ਦਿੰਦਿਆਂ ਕਹਾ ਕਿ ਪ੍ਰਾਚੀਨ ਸਮਿਆਂ ਤੋਂ ਖਗੋਲ ਵਿਗਿਆਨ ਤੇ ਗਣਿਤ ਵਿੱਚ ਭਾਰਤ ਦੀ ਇੱਕ ਅਮੀਰ ਵਿਰਾਸਤ ਹੈ। ਜਿਹੜੀਆਂ ਸੁਵਿਧਾਵਾਂ ਦਾ ਅੱਜ ਉਦਘਾਟਨ ਕੀਤਾ ਗਿਆ ਹੈ, ਉਹ ਪ੍ਰਧਾਨ ਮੰਤਰੀ ਵੱਲੋਂ ਅਰੰਭੇ ‘ਆਤਮਨਿਰਭਰ ਭਾਰਤ ਮਿਸ਼ਨ’ ਵਿੱਚ ਭਾਰਤ ਦੀ ਮਦਦ ਕਰਨਗੀਆਂ।

 

ਵਾਤਾਵਰਣਕ ਪਰਖ ਸੁਵਿਧਾ ਆਉਣ ਵਾਲੇ ਸਾਲਾਂ ’ਚ ਪੁਲਾੜ ਖੇਤਰ ਦੀ ਮਦਦ ਕਰੇਗੀ।

 

ਚੇਤੇ ਰਹੇ ਕਿ ਭਾਰਤ ਧਰਤੀ ਦੇ ਉੱਤਰੀ ਗੋਲਾ–ਅਰਧ ’ਚ ਖਗੋਲ–ਵਿਗਿਆਨ ਦੇ ਸਭ ਤੋਂ ਵਿਸ਼ਾਲ ਪ੍ਰੋਜੈਕਟ 30 ਮੀਟਰ ਟੈਲੀਸਕੋਪ (ਟੀਐੱਮਟੀ) ਦੇ ਨਿਰਮਾਣ ਤੇ ਉਸ ਦੇ ਸੰਚਾਲਨ ਲਈ ਪੰਜ ਦੇਸ਼ਾਂ: ਭਾਰਤ, ਜਾਪਾਨ, ਚੀਨ, ਕੈਨੇਡਾ, ਅਮਰੀਕਾ ਦੇ ਖੋਜ ਸੰਗਠਨਾਂ ਤੇ ਵਿਗਿਆਨ ਸੰਸਥਾਨਾਂ ਦੇ ਕੌਮਾਂਤਰੀ ਸਮੂਹ ਵਿੱਚ ਸ਼ਾਮਲ ਹੋਇਆ ਸੀ। ਭਾਰਤ ਕਈ ਅਰਬਾਂ ਅਮਰੀਕੀ ਡਾਲਰ (~38 ਅਮਰੀਕੀ ਡਾਲਰ) ਦੇ ਇਸ ਪ੍ਰੋਜੈਕਟ ਵਿੱਚ 10% ਦਾ ਭਾਈਵਾਲ ਹੈ, ਜੋ ਅਮਰੀਕੀ ਰਾਜ ਹਵਾਈ ਟਾਪੂ ’ਚ ਕੀਅ ਪਰਬਤ ਦੀ ਚੋਟੀ ਉੱਤੇ ਸਥਾਪਿਤ ਕੀਤਾ ਜਾਣਾ ਪ੍ਰਸਤਾਵਿਤ ਹੈ। ਇਸ ਪ੍ਰੋਜੈਕਟ ਦੇ 2030ਵਿਆਂ ਦੇ ਅਰੰਭ ਵਿੱਚ ਮੁਕੰਮਲ ਹੋਣ ਦੀ ਸੰਭਾਵਨਾ ਹੈ।

 

ਟੀਐੱਮਟੀ ਵਿੱਚ ‘30 ਮੀਟਰ’ ਦਾ ਮਤਲਬ ਹੈ ਮੁੱਖ ਸ਼ੀਸ਼ੇ ਜਾਂ ਬੁਨਿਆਦੀ ਸ਼ੀਸ਼ੇ ਦਾ 30–ਮੀਟਰ ਵਿਆਸ। ਇਕਹਿਰਾ 30 ਮੀਟਰ ਦਾ ਖ਼ਾਲੀ ਸ਼ੀਸ਼ਾ ਬਣਾਉਣਾ ਕਿਉਂਕਿ ਖਗੋਲ–ਵਿਗਿਆਨ ਲਈ ਸੰਭਵ ਨਹੀਂ ਹੈ, ਇਸੇ ਲਈ ਦੇ 1.45 ਮੀਟਰ ਹਰੇਕ ਦੇ 492 ਭਾਗ ਹਨ। ਇਹ ਗੁੰਝਲਦਾਰ ਪ੍ਰੋਜੈਕਟ ਇਨ੍ਹਾਂ 492 ਵੱਖੋ–ਵੱਖਰੇ ਭਾਗਾਂ ਨੂੰ ਜੋੜ ਕੇ ਇੱਕੋ ਇਕਹਿਰੇ ਸ਼ੀਸ਼ੇ ਵਜੋਂ ਬਣਾਉਣ ਨਾਲ ਸਬੰਧਿਤ ਹੈ, ਜਦ ਕਿ ਟੈਲੀਸਕੋਪ ਪੂਰੀ ਸ਼ੁੱਧਤਾ ਨਾਲ ਆਕਾਸ਼ ਦੀ ਪੂਰੀ ਜਾਂਚ ਕਰੇਗਾ। ਭਾਰਤ ਦਾ ਯੋਗਦਾਨ ਅਜਿਹੇ ਸਾਫ਼ਟਵੇਅਰ, ਇਲੈਕਟ੍ਰੌਨਿਕਸ ਤੇ ਹਾਰਡਵੇਅਰ ਨਾਲ ਸਬੰਧਿਤ ਹੈ, ਜੋ ਇੱਕ ਇਕਹਿਰੇ ਸ਼ੀਸ਼ੇ ਵਜੋਂ ਵਿਵਹਾਰ ਕਰਨ ਵਾਲੇ 492 ਭਾਗਾਂ ਨੂੰ ਕੰਟਰੋਲ ਕਰਨਗੇ। ਇਹ ਬੇਹੱਦ ਸ਼ੁੱਧ ਕਿਸਮ ਦੀਆਂ ਪ੍ਰਣਾਲੀਆਂ ਤਿਆਰ ਕਰਨ ਵਿੱਚ ਇੱਕ ਦਰਜਨ ਤੋਂ ਵੱਧ ਉਦਯੋਗ ਸ਼ਾਮਲ ਹਨ।

 

ਹੋਰ ਅਹਿਮ ਭਾਰਤੀ ਯੋਗਦਾਨ ਵਿੱਚ ਇਸ ਪ੍ਰੋਜੈਕਟ ਨਾਲ ਸਬੰਧਿਤ 90 ਭਾਗ ਡਿਲਿਵਰ ਕਰਨਾ ਸ਼ਾਮਲ ਹੈ। ਇਹ ਸ਼ੀਸ਼ੇ; ਰਵਾਇਤੀ ਟੈਕਨੋਲੋਜੀ ਤੋਂ ਵੱਖਰੀ ਕਿਸਮ ਦੀ ਐੱਸਐੱਮਪੀ ਭਾਵ ‘ਸਟ੍ਰੈੱਸ ਮਿਰਰ ਪੌਲਿਸ਼ਿੰਗ’ ਟੈਕਨੋਲੋਜੀ ਦੀ ਵਰਤੋਂ ਕਰਦਿਆਂ CREST ਵਿਖੇ ‘ਡਿਵੈਲਪਮੈਂਟ ਆਵ੍ ਇੰਡੀਆ ਟੀਐੱਮਟੀ ਔਪਟਿਕਸ ਫ਼ੈਬ੍ਰੀਕੇਸ਼ਨ ਫ਼ੈਸੀਲਿਟੀ’ (ITOFF) ਵਿਖੇ ਤਿਆਰ ਕੀਤੇ ਜਾਣਗੇ। ਐੱਸਐੱਮਪੀ ਟੈਕਨੋਲੋਜੀ ਰਵਾਇਤੀ ਪੌਲਿਸ਼ਿੰਗ ਦੇ ਮੁਕਾਬਲੇ ਇੱਕ ਮਹੀਨੇ ਵਿੱਚ ਦੋ ਭਾਗ ਡਿਲਿਵਰ ਕਰੇਗਾ, ਜਿਸ ਨੂੰ 12–18 ਮਹੀਨਿਆਂ ਦੇ ਵਿਚਕਾਰ ਕਿਤੇ ਵੀ ਲਿਜਾਇਆ ਜਾ ਸਕਦਾ ਹੈ।

 

ਇਸ ਸੁਵਿਧਾ ਦਾ ਉਦਘਾਟਨ ਕਰਨ ਤੋਂ ਬਾਅਦ ਉਪ ਰਾਸ਼ਟਰਪਤੀ ਨੇ ਇਹ ਵਿਸ਼ਵ–ਪੱਧਰੀ ਔਪਟਿਕਸ ਸੁਵਿਧਾ ਸਥਾਪਿਤ ਕੀਤੇ ਜਾਣ ਵਾਲੇ ਵਿਗਿਆਨੀਆਂ ਤੇ ਇੰਜੀਨੀਅਰਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਟੀਚਿਆਂ ਦੀ ਪ੍ਰਾਪਤੀ ਹਿਤ ਉਨ੍ਹਾਂ ਦੀਆਂ ਕੋਸ਼ਿਸ਼ਾਂ ਲਈ ਮੁਬਾਰਕਬਾਦ ਦਿੱਤੀ। ਉਨ੍ਹਾਂ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਅਤੇ ਪ੍ਰਮਾਣੂ ਊਰਜਾ ਵਿਭਾਗ ਨੂੰ ਵੀ ਇਸ ਪੱਧਰ ਉੱਤੇ ਵਿਗਿਆਨਕ ਪ੍ਰੋਜੈਕਟਾਂ ਵਿੱਚ ਮਦਦ ਹਿਤ ਉਨ੍ਹਾਂ ਦੀ ਦੂਰ–ਦ੍ਰਿਸ਼ਟੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਇਹ ਵੀ ਕਿਹਾ ਕਿ ਸਾਡੀ ਸ਼ਮੂਲੀਅਤ ਭਾਰਤ ਦੇ ‘ਵਸੁਧੈਵ ਕੁਟੁੰਬਕਮ’ (ਪੂਰੀ ਦੁਨੀਆ ਇੱਕੋ ਪਰਿਵਾਰ  ਹੈ) ਦੇ ਜੁੱਗਾਂ ਪੁਰਾਣੇ ਸਭਿਆਚਾਰਕ ਲੋਕਾਚਾਰ ਦਾ ਹਿੱਸਾ ਹੈ। ਬ੍ਰਹਿਮੰਡ ਵਿੱਚ ਸਾਡੇ ਮੂਲ ਤੇ ਵਿਕਾਸ ਨੂੰ ਸਮਝਣ ਲਈ ਮਨੁੱਖਤਾ ਦੀ ਭਲਾਈ ਹਿਤ ਇਸ ਵਿਗਿਆਨਕ ਕੋਸ਼ਿਸ਼ ਦਾ ਹਿੱਸਾ ਬਣਨਾ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ।

 

ਖਗੋਲ–ਵਿਗਿਆਨ ਵਿੱਚ ਭਾਰਤ ਦੀ ਲੰਮੀ ਰਵਾਇਤ ਦਾ ਜ਼ਿਕਰ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਭਾਰਤ ਨੇ ਪ੍ਰਾਚੀਨ ਸਮਿਆਂ ਤੋਂ ਲੈ ਕੇ ਆਧੁਨਿਕ ਯੁਗ ਤੱਕ ਖਗੋਲ ਵਿਗਿਆਨ ਦੇ ਵਿਸ਼ਵ ਵਿੱਚ ਕਈ ਵਰਨਯੋਗ ਯੋਗਦਾਨ ਪਾਏ ਹਨ।

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਅਜਿਹੇ ਵਿਸ਼ਾਲ ਵਿਗਿਆਨਕ ਪ੍ਰੋਜੈਕਟਾਂ ਵਿੱਚ ਸ਼ਮੂਲੀਅਤ ਭਾਰਤੀ ਵਿਗਿਆਨੀਆਂ ਲਈ ਇੱਕ–ਸਮਾਨ ਮੌਕੇ ਮੁਹੱਈਆ ਕਰਵਾਏਗੀ ਤੇ ਉੱਚ–ਟੈਕਨੋਲੋਜੀ ਖੇਤਰ ਵਿੱਚ ਸਮਰੱਥਾ ਨਿਰਮਾਣ ਲਈ ਉਦਯੋਗਾਂ ਦੀ ਮਦਦ ਕਰੇਗੀ।

 

ਉਨ੍ਹਾਂ ਕਿਹਾ ਕਿ ਭਾਰਤ ਬਹੁਤ ਤੇਜ਼ੀ ਨਾਲ ਟੈਕਨੋਲੋਜੀ ਮੰਚ ਉੱਤੇ ਅੱਗੇ ਵਧ ਰਿਹਾ ਹੈ। ਕਾਫ਼ੀ ਜ਼ਿਆਦਾ ਚਰਚਾ ਦਾ ਕੇਂਦਰ ਬਣਿਆ ਰਿਹਾ ‘ਇਸਰੋ’ ਪੁਲਾੜ ਮਿਸ਼ਨ ‘ਮੰਗਲਯਾਨ’ ਅਤੇ ਐਕਸ–ਰੇਅ ਤੇ UV ਵਿੱਚ ਆਕਾਸ਼ ਦਾ ਸਰਵੇਖਣ ਕਰਨ ਲਈ ਭਾਰਤ ਦੀ ਖਗੋਲ–ਵਿਗਿਆਨ ਆਬਜ਼ਰਵੇਟਰੀ ‘ASTROSAT’ (ਐਸਟ੍ਰੋਨੋਮੀ ਸੈਟੇਲਾਇਟ) ਅਤੇ ਸ਼ੁਰੂ ਹੋਣ ਜਾ ਰਹੇ ਸੋਲਰ ਅਧਿਐਨ ਮਿਸ਼ਨ ‘ਆਦਿੱਤਿਆ L1’ ਕੁਝ ਉਦਾਹਰਣਾਂ ਹਨ।

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਕਿਉਂਕਿ ਇੱਕ ਉੱਭਰ ਰਹੀ ਆਰਥਿਕ ਤੇ ਸਿਆਸੀ ਸ਼ਕਤੀ ਹੈ ਤੇ ਇਸ ਕੋਲ ਬੌਧਿਕ ਸ਼ਕਤੀ ਦੇ ਭੰਡਾਰ ਹਨ ਤੇ ਦੁਨੀਆ ਵਿੱਚ ਇਸ ਦਾ ਰੁਤਬਾ ਹੈ, ਇਸੇ ਲਈ ਭਾਰਤ ਦੀ ਵਿਸ਼ਵ–ਪੱਧਰੀ ਰਾਸ਼ਟਰੀ ਵਿਗਿਆਨਕ ਉੱਦਮਾਂ ਵਿੱਚ ਸ਼ਮੂਲੀਅਤ ਸੁਭਾਵਕ ਹੈ।

 

ਇਸ ਮੌਕੇ ਉਪ ਰਾਸ਼ਟਰਪਤੀ ਨੇ ਹਰੇਕ ਵਿਅਕਤੀ ਦੀ ਜ਼ਿੰਦਗੀ ਵਿੱਚ ਮਾਂ–ਬੋਲੀ ਦੇ ਮਹੱਤਵ ਉੱਤੇ ਵੀ ਜ਼ੋਰ ਦਿੰਦਿਆਂ ਕਿਹਾ ਕਿ ਸਭ ਨੂੰ ਸਦਾ ਆਪਣੀ ਮਾਂ, ਮਾਤਭੂਮੀ, ਮਾਂ–ਬੋਲੀ ਤੇ ਗੁਰੂ (ਅਧਿਆਪਕ ਜਾਂ ਉਸਤਾਦ) ਦਾ ਸਤਿਆਰ ਕਰਨਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸਦਾ ਆਪਣੇ ਦੇਸ਼ ਦੇ ਵਿਕਾਸ ਲਈ ਕੰਮ ਕਰਨ, ਉਹ ਭਾਵੇਂ ਕਿਤੇ ਵੀ ਰਹਿੰਦੇ ਹੋਣ। ਉਨ੍ਹਾਂ ਨੇ ਉਨ੍ਹਾਂ ਆਪਣੀਆਂ ਜੜ੍ਹਾਂ ਲਈ ‘ਸਿੱਖਣ, ਕਮਾਉਣ ਤੇ ਪਰਤਣ’ ਅਤੇ ਸਮਾਜ ਦੀ ਬਿਹਤਰੀ ਲਈ ਕੰਮ ਕਰਨ ਵਾਸਤੇ ਕਿਹਾ।

 

ਸ਼੍ਰੀ ਨਾਇਡੂ ਨੇ ਇਹ ਵੀ ਕਿਹਾ ਕਿ ਕੋਵਿਡ–19 ਮਹਾਮਾਰੀ ਨੂੰ ਠੱਲ੍ਹ ਪਾਉਣ ਲਈ ਭਾਰਤ ਕਈ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਵੀ ਬਿਹਤਰ ਰਿਹਾ ਹੈ। ਉਨ੍ਹਾਂ ਇਸ ਦਾ ਸਿਹਰਾ ਗ੍ਰਾਮੀਣ ਭਾਰਤ ਵਿੱਚ ਲੋਕਾਂ ਦੀਆਂ ਖਾਣ–ਪੀਣ ਦੀਆਂ ਸਿਹਤਮੰਦ ਆਦਤਾਂ ਤੇ ਕੁਦਰਤੀ ਜੀਵਨ–ਸ਼ੈਲੀ ਸਿਰ ਬੱਝਿਆ। ਉਪ ਰਾਸ਼ਟਰਪਤੀ ਨੇ ਨੌਜਵਾਨਾਂ ਨੂੰ ਵੀ ਜੰਕ–ਫ਼ੂਡ ਨੂੰ ਪਰਹੇਜ਼ ਰੱਖਣ, ਯੋਗਾ ਦਾ ਅਭਿਆਸ ਕਰਨ ਅਤੇ ਕੁਦਰਤ ਨਾਲ ਜਿਊਣ ਲਈ ਇੱਕ ਸਿਹਤਮੰਦ ਜੀਵਨ–ਸ਼ੈਲੀ ਅਪਨਾਉਣ ਦੀ ਸਲਾਹ ਦਿੱਤੀ।

 

ਕਰਨਾਟਕ ਦੇ ਗ੍ਰਹਿ ਮੰਤਰੀ ਸ਼੍ਰੀ ਬਾਸਰਾਜ ਬੋਮਈ, ਪ੍ਰੋ. ਅਨੰਪੂਰਨੀ ਸੁਬਰਾਮਨੀਅਮ, ਡਾਇਰੈਕਟਰ, IIA, ਪ੍ਰੋਫ਼ੈਸਰ ਜੀ.ਸੀ. ਅਨੁਪਮਾ, ਡੀਨ, IIA ਅਤੇ ਪ੍ਰੋ. ਬੀ. ਈਸਵਰ ਰੈੱਡੀ, ਪ੍ਰੋਗਰਾਮ ਡਾਇਰੈਕਟਰ, ITMT ਪ੍ਰੋਜੈਕਟ ਨੇ ਇਸ ਸਮਾਰੋਹ ਵਿੱਚ ਭਾਗ ਲਿਆ।

 

****

 

ਐੱਮਐੱਸ/ਆਰਕੇ/ਡੀਪੀ


(रिलीज़ आईडी: 1684454) आगंतुक पटल : 215
इस विज्ञप्ति को इन भाषाओं में पढ़ें: English , Urdu , हिन्दी , Marathi , Manipuri , Tamil , Telugu , Malayalam