ਜਲ ਸ਼ਕਤੀ ਮੰਤਰਾਲਾ

ਸੰਸਦ ਨੇ 3 ਖੇਤੀਬਾੜੀ ਬਿਲ ਕਿਸਾਨਾਂ ਦੀ ਸਮੁੱਚੀ ਆਰਥਿਕ ਸਥਿਤੀ ਸੁਧਾਰਨ ਲਈ ਪਾਸ ਕੀਤੇ ਹਨ, ਜੋ ਸਰਕਾਰ ਦੇ ਕਿਸਾਨ ਦੀ ਆਮਦਨ ਦੁੱਗਣੀ ਕਰਨ ਦੇ ਟੀਚੇ ਦੇ ਅਨੁਕੂਲ ਹੈ: ਸ਼੍ਰੀ ਰਤਨ ਲਾਲ ਕਟਾਰੀਆ


‘ਸਰਕਾਰ ਸ਼੍ਰੀ ਅਟਲ ਬਿਹਾਰੀ ਵਾਜਪੇਈ ਦੀ ਜਯੰਤੀ ਮੌਕੇ 9 ਕਰੋੜ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 18,000 ਕਰੋੜ ਰੁਪਏ ਸਿੱਧੇ ਜਮ੍ਹਾਂ ਕਰੇਗੀ’


‘ਸਰਕਾਰ ਖੇਤੀਬਾੜੀ ਕਾਨੂੰਨਾਂ ਬਾਰੇ ਵਿਚਾਰ–ਵਟਾਂਦਰੇ ਲਈ ਤਿਆਰ ਤੇ ਅੰਨਦਾਤਿਆਂ ਦੀਆਂ ਸਾਰੀਆਂ ਚਿੰਤਾਵਾਂ ਦੂਰ ਕਰੇਗੀ’

Posted On: 24 DEC 2020 5:25PM by PIB Chandigarh

ਜਲ ਸ਼ਕਤੀ, ਸਮਾਜਿਕ ਨਿਆਂ ਤੇ ਸਸ਼ਕਤੀਕਰਣ ਰਾਜ ਮੰਤਰੀ, ਸ਼੍ਰੀ ਰਤਨ ਲਾਲ ਕਟਾਰੀਆ ਨੇ ਦਿੜ੍ਹਤਾਪੂਰਬਕ ਕਿਹਾ ਹੈ ਕਿ ਮੋਦੀ ਸਰਕਾਰ ਕਿਸਾਨਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ ਤੇ ਸੰਸਦ ਨੇ ਤਿੰਨ ਖੇਤੀਬਾੜੀ ਬਿਲ ਕਿਸਾਨਾਂ ਦੀ ਸਮੁੱਚੀ ਆਰਥਿਕ ਸਥਿਤੀ ਸੁਧਾਰਨ ਲਈ ਪਾਸ ਕੀਤੇ ਹਨ, ਜੋ ਮੌਜੂਦਾ ਪਾਬੰਦੀਆਂ ਤੇ ਪੁਰਾਣੇ ਸ਼ਿਕੰਜੇ ਦੂਰ ਕਰਕੇ ਕੇਂਦਰ ਸਰਕਾਰ ਦੇ ਕਿਸਾਨ ਦੀ ਆਮਦਨ ਦੁੱਗਣੀ ਕਰਨ ਦੇ ਟੀਚੇ ਦੇ ਅਨੁਕੂਲ ਹੈ। ਸ਼੍ਰੀ ਕਟਾਰੀਆ ਨੇ ਅੱਜ ਇੱਥੇ ਜਾਰੀ ਇੱਕ ਬਿਆਨ ’ਚ ਕਿਹਾ ਕਿ ਇਹ ਬਿਲ ਕਿਸਾਨਾਂ ਨੂੰ ਨਵੇਂ ਅਧਿਕਾਰ ਤੇ ਮੌਕੇ ਦੇਣਗੇ ਤੇ ਲੰਬੇ ਸਮੇਂ ’ਚ ਉਨ੍ਹਾਂ ਨੂੰ ਸਸ਼ਕਤ ਬਣਾਉਣਗੇ। ਉਨ੍ਹਾਂ ਵਿਰੋਧੀ ਪਾਰਟੀਆਂ ਦੀ ਸਖ਼ਤ ਆਲੋਚਨਾ ਕੀਤੀ, ਜੋ ਇਸ ਮਾਮਲੇ ’ਚ ਸਿਆਸਤ ਖੇਡਣ ਦੀ ਕੋਸ਼ਿਸ਼ ਕਰ ਰਹੀਆਂ ਹਨ ਤੇ ਉਨ੍ਹਾਂ ਨੂੰ ਮੌਕਾਪ੍ਰਸਤ ਕਰਾਰ ਦਿੱਤਾ।

 

ਸ਼੍ਰੀ ਕਟਾਰੀਆ ਨੇ ਦੱਸਿਆ ਕਿ ਸ਼੍ਰੀ ਨਰੇਂਦਰ ਮੋਦੀ ਸੁਸ਼ਾਸਨ ਦਿਵਸ ਨੂੰ ‘ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ’ ਦੇ ਤਹਿਤ ਦੇਸ਼ ਦੇ 9 ਕਰੋੜ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 18,000 ਕਰੋੜ ਰੁਪਏ ਸਿੱਧੇ ਟ੍ਰਾਂਸਫ਼ਰ ਕਰਕੇ ਮਨਾਉਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ 25 ਦਸੰਬਰ ਨੂੰ ਭਾਰਤ ਰਤਨ ਸਵਰਗੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਦੀ ਜਯੰਤੀ ਮੌਕੇ ਦੁਪਹਿਰ 12:00 ਵਜੇ ਕਿਸਾਨਾਂ ਨੂੰ ਸੰਬੋਧਨ ਕਰਨਗੇ; ਇਹ ਦਿਨ ਸਮੁੱਚੇ ਦੇਸ਼ ਵਿੱਚ ‘ਸੁਸ਼ਾਸਨ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਸ਼੍ਰੀ ਕਟਾਰੀਆ ਨੇ ਵਾਜਪੇਈ ਜੀ ਨਾਲ ਕੰਮ ਕਰਨ ਦੀਆਂ ਪੁਰਾਣੀਆਂ ਯਾਦਾਂ ਚੇਤੇ ਕਰਦਿਆਂ ਉਨ੍ਹਾਂ ਨੂੰ ਮਹਾਨ ਦੂਰਦਰਸ਼ੀ ਤੇ ਭਾਰਤੀ ਸਿਆਸਤ ਦੇ ਉੱਚਤਮ ਰਾਜਨੀਤੀਵਾਨਾਂ ਵਿੱਚੋਂ ਇੱਕ ਕਰਾਰ ਦਿੱਤਾ।

 

ਕਿਸਾਨਾਂ ’ਚ ਪਾਏ ਜਾ ਰਹੇ ਖ਼ਦਸ਼ੇ ਦੂਰ ਕਰਦਿਆਂ ਤੇ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ) ਬੰਦ ਕਰਨ ਬਾਰੇ ਕੀਤੇ ਜਾ ਰਹੇ ਕੂੜ ਪ੍ਰਚਾਰ ਨੂੰ ਮੁੱਢੋਂ ਰੱਦ ਕਰਦਿਆਂ ਸ਼੍ਰੀ ਕਟਾਰੀਆ ਨੇ ਕਿਹਾ ਕਿ ਸਰਕਾਰ ਨੇ ਫ਼ਸਲਾਂ ਦੀ ਖ਼ਰੀਦ ਲਈ ਨਿਊਨਤਮ ਸਮਰਥਨ ਮੁੱਲ ਵਿੱਚ ਲਗਾਤਾਰ ਵਾਧਾ ਕੀਤਾ ਹੈ। ਸਾਲ 2019–2020 ਦੌਰਾਨ ਕੇਂਦਰ ਸਰਕਾਰ ਨੇ ਐੱਮਐੱਸਪੀ ਵਿੱਚ 2013–14 ਦੇ ਮੁਕਾਬਲੇ ਸੰਚਿਤ ਤੌਰ ਉੱਤੇ 2.5 ਗੁਣਾ ਵਾਧਾ ਕੀਤਾ ਹੈ। ਦਰਅਸਲ, ਸਾਲ 2018–19 ਤੋਂ ਇਹ ਫ਼ੈਸਲਾ ਲਿਆ ਗਿਆ ਸੀ ਕਿ ਫ਼ਸਲਾਂ ਦੀ ਉਤਪਾਦਨ ਲਾਗਤ ਦੇ 1.5 ਗੁਣਾ ਮੁਤਾਬਕ ਐੱਮਐੱਸਪੀ ਤੈਅ ਕੀਤਾ ਜਾਵੇ।

 

 

ਸ਼੍ਰੀ ਕਟਾਰੀਆ ਨੇ ਜ਼ੋਰ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੀ ਭਲਾਈ ਲਈ ਅਣਥੱਕ ਤਰੀਕੇ ਨਾਲ ਕੰਮ ਕਰਦੀ ਰਹੀ ਹੈ। ਰਾਜ ਮੰਤਰੀ ਨੇ ਇਸ ਦੇ ਵੇਰਵੇ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਖੇਤੀਬਾੜੀ ਖੇਤਰ ਲਈ ਬਜਟ ਖ਼ਰਚ ਨੂੰ ਸਾਲ 2020–21 ਵਿੱਚ 6–ਗੁਣਾ ਵਾਧਾ ਕਰ ਕੇ 1,34,399 ਕਰੋੜ ਰੁਪਏ ਕਰ ਦਿੱਤਾ ਹੈ, ਜੋ ਸਾਲ 2013–14 ’ਚ 21,933 ਕਰੋੜ ਰੁਪਏ ਸੀ। ‘ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ’ ਦੇ ਤਹਿਤ ਹੁਣ ਤੱਕ 95,779 ਕਰੋੜ ਰੁਪਏ ਟ੍ਰਾਂਸਫ਼ਰ ਕੀਤੇ ਜਾ ਚੁੱਕੇ ਹਨ, ਜਿਸ ਨਾਲ ਦੇਸ਼ ਦੇ 10.59 ਕਰੋੜ ਕਿਸਾਨਾਂ ਨੂੰ ਲਾਭ ਹੋਇਆ ਹੈ। ਫ਼ਸਲ ਬੀਮਾ ਬਾਰੇ ਬੋਲਦਿਆਂ ਉਨ੍ਹਾਂ ਸੂਚਿਤ ਕੀਤਾ ਕਿ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਦਾ ਲਾਭ 6.6 ਕਰੋੜ ਕਿਸਾਨਾਂ ਨੇ ਲਿਆ ਹੈ। ਇਸ ਯੋਜਨਾ ਦੇ ਤਹਿਤ 87,000 ਕਰੋੜ ਰੁਪਏ ਦੀ ਕੁੱਲ ਕਲੇਮ ਰਾਸ਼ੀ ਪ੍ਰੋਸੈੱਸ ਕੀਤੀ ਗਈ ਹੈ। 

 

ਰਾਜ ਮੰਤਰੀ ਨੇ ਇਹ ਵੀ ਕਿਹਾ ਕਿ ਉਪਰੋਕਤ ਦੇ ਇੱਕ ਹਿੱਸੇ ਵਜੋਂ ਮੋਦੀ ਸਰਕਾਰ ਦੁਆਰਾ ਕਿਸਾਨਾਂ ਉੱਤੇ ਕੇਂਦ੍ਰਿਤ ਕਰਕੇ ਅਨੇਕ ਪਹਿਲਾਂ ਕੀਤੀਆਂ ਗਈਆਂ ਹਨ, ਯੋਜਨਾਵਾਂ ਤੇ ਨੀਤੀਆਂ ਉਲੀਕੀਆਂ ਗਈਆਂ ਹਨ; ਜਿਵੇਂ ਨਿੰਮ ਕੋਟੇਡ ਯੂਰੀਆ, ਭੂਮੀ ਸਿਹਤ ਕਾਰਡ, ਪੀਐੱਮ ਕਿਸਾਨ ਸਿੰਚਾਈ ਯੋਜਨਾ, ਕਿਸਾਨ ਟ੍ਰੇਨ, 10,000 ਕਿਸਾਨ ਉਤਪਾਦਕ ਸੰਗਠਨ (ਐੱਫ਼ਪੀਓ) ਨੂੰ 1 ਲੱਖ ਕਰੋੜ ਰੁਪਏ ਤੱਕ ਦਾ ਕਰਜ਼ਾ ਮੁਹੱਈਆ ਕਰਵਾਏ ਜਾਣ ਦੀ ਵਿਵਸਥਾ ਆਦਿ।

 

ਸ਼੍ਰੀ ਕਟਾਰੀਆ ਨੇ ਕਿਸਾਨਾਂ ਦੀ ਭਲਾਈ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਦੁਹਰਾਉਂਦਿਆਂ ਅਤੇ ਕਿਸਾਨਾਂ ਨੂੰ ‘ਅੰਨਦਾਤਾ’ ਆਖਦਿਆਂ ਅਪੀਲ ਕੀਤੀ ਕਿ ਉਨ੍ਹਾਂ ਨੂੰ ਵਿਰੋਧੀ ਪਾਰਟੀਆਂ ਦੇ ਉਦੇਸ਼ ਦੇਖ–ਪਰਖ ਲੈਣੇ ਚਾਹੀਦੇ ਹਨ। ਸਰਕਾਰ ਨੇ ਸਦਾ ਕਿਸਾਨਾਂ ਦੀ ਭਲਾਈ ਦਾ ਖ਼ਿਆਲ ਰੱਖਿਆ ਹੈ ਤੇ ਰੱਖਦੀ ਰਹੇਗੀ ਅਤੇ ਤਿੰਨ ਕਾਨੂੰਨ ਵੀ ਇਸੇ ਉਦੇਸ਼ ਲਈ ਸੇਧਤ ਹਨ। ਉਨ੍ਹਾਂ ਕਿਹਾ ਕਿ ਸਰਕਾਰ ਖੇਤੀਬਾੜੀ ਕਾਨੂੰਨਾਂ ਬਾਰੇ ਕਿਸੇ ਵੀ ਤਰ੍ਹਾਂ ਦੀ ਵਿਚਾਰ–ਚਰਚਾ ਲਈ ਤਿਆਰ ਹੈ ਤੇ ਕਿਸਾਨਾਂ ਦੀਆਂ ਹਰ ਕਿਸਮ ਦੀਆਂ ਚਿੰਤਾਵਾਂ ਦੂਰ ਕਰੇਗੀ। ਸ਼੍ਰੀ ਕਟਾਰੀਆ ਨੇ ਦ੍ਰਿੜ੍ਹਤਾਪੂਰਬਕ ਕਿਹਾ ਕਿ ਇੱਕ ਨਵਾਂ ਯੁਗ ਸਾਡੀ ਉਡੀਕ ਕਰ ਰਿਹਾ ਹੈ, ਅਜਿਹੇ ਵਿਕਾਸ ਦੀ ਖੇਤੀਬਾੜੀ ਖੇਤਰ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਸੀ ਤੇ ਜੋ ਸਾਡੇ ਅੰਨਦਾਤਿਆਂ ਦੇ ਜੀਵਨ ਦਾ ਕਾਇਆਕਲਪ ਕਰ ਦੇਵੇਗਾ।

 

                                                                   *****

 

ਬੀਵਾਈ/ਐੱਮਜੀ/ਏਐੱਸ


(Release ID: 1683389) Visitor Counter : 107