ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਖੇਤੀਬਾੜੀ ਨੂੰ ਜਲਵਾਯੂ ਪ੍ਰਤੀ ਲਚਕੀਲਾ, ਲਾਭਕਾਰੀ ਅਤੇ ਟਿਕਾਊ ਬਣਾਉਣ ਦਾ ਸੱਦਾ ਦਿੱਤਾ

ਉਪ ਰਾਸ਼ਟਰਪਤੀ ਨੇ ਅਜਿਹੀਆਂ ਫ਼ਸਲਾਂ ਦੇ ਵਿਕਾਸ ਦੇ ਮਹੱਤਵ ਬਾਰੇ ਚਾਨਣਾ ਪਾਇਆ ਜੋ ਸੋਕੇ, ਹੜ ਅਤੇ ਬਿਮਾਰੀਆਂ ਦਾ ਸਾਹਮਣਾ ਕਰ ਸਕਣ


ਉਪ ਰਾਸ਼ਟਰਪਤੀ ਨੇ ਕਿਸਾਨਾਂ ਨੂੰ ਵਾਜਬ ਕੀਮਤਾਂ ਅਤੇ ਲੋਕਾਂ ਨੂੰ ਭੋਜਨ ਅਤੇ ਪੋਸ਼ਣ ਸੰਬੰਧੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ


ਅਜਿਹੀਆਂ ਟੈਕਨੋਲੋਜੀਆਂ ਵਿਕਸਿਤ ਕਰੋ ਜੋ ਛੋਟੇ ਅਤੇ ਸੀਮਾਂਤ ਕਿਸਾਨਾਂ ਦੀ ਦੁਰਬਲਤਾ ਨੂੰ ਘਟਾਉਣ: ਉਪ ਰਾਸ਼ਟਰਪਤੀ


ਉਪ ਰਾਸ਼ਟਰਪਤੀ ਨੇ ਕੋਵਿਡ-19 ਦੌਰਾਨ ਅਡੋਲ ਭਾਵਨਾ ਅਤੇ ਸਮਰਪਣ ਪ੍ਰਦਰਸ਼ਿਤ ਕਰਨ ਲਈ ਕਿਸਾਨਾਂ ਨੂੰ ਸਲਾਮ ਕੀਤਾ


ਉਪ ਰਾਸ਼ਟਰਪਤੀ ਨੇ ਲੋੜ ਅਧਾਰਤ ਖੇਤੀਬਾੜੀ ਮਸ਼ੀਨਰੀ ਨੂੰ ਵਿਕਸਿਤ ਕਰਨ ’ਤੇ ਵਧੇਰੇ ਧਿਆਨ ਦਿੱਤਾ


ਤਮਿਲ ਨਾਡੂ ਖੇਤੀਬਾੜੀ ਯੂਨੀਵਰਸਿਟੀ ਦੇ 41 ਵੇਂ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ


ਉਪ ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਕਿਹਾ - ਤੁਹਾਡੀ ਖੋਜ ਸਮਾਜ ਲਈ ਢੁੱਕਵੀਂ ਹੋਣੀ ਚਾਹੀਦੀ ਹੈ

Posted On: 17 DEC 2020 5:58PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਖੇਤੀਬਾੜੀ ਜਲਵਾਯੂ ਨੂੰ ਲਚਕੀਲਾ, ਲਾਭਕਾਰੀ ਅਤੇ ਟਿਕਾਊ ਬਣਾਉਣ ਦਾ ਸੱਦਾ ਦਿੰਦਿਆਂ ਕਿਸਾਨਾਂ ਨੂੰ ਵਾਜਬ ਕੀਮਤਾਂ ਅਤੇ ਲੋਕਾਂ ਨੂੰ ਭੋਜਨ ਅਤੇ ਪੋਸ਼ਣ ਸੰਬੰਧੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ।

 

ਤਮਿਲ ਨਾਡੂ ਖੇਤੀਬਾੜੀ ਯੂਨੀਵਰਸਿਟੀ (ਟੀਐੱਨਏਯੂ) ਦੇ 41 ਵੇਂ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਨੇ ਜਲਵਾਯੂ ਪ੍ਰਤੀ ਲਚਕਦਾਰ ਫ਼ਸਲਾਂ/ ਕਿਸਮਾਂ ਦੇ ਵਿਕਾਸ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਜੋ ਸੋਕੇ, ਹੜ, ਗਰਮੀ, ਲੂਣ, ਕੀਟ-ਕਿਰਮ ਅਤੇ ਬਿਮਾਰੀਆਂ ਵਰਗੇ ਤਣਾਅ ਭਰਭੂਰ ਮਾਹੌਲ ਦਾ ਵਿਆਪਕ ਰੂਪ ਨਾਲ ਸਾਹਮਣਾ ਕਰ ਸਕਣ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਤਣਾਅ ਪ੍ਰਤੀਰੋਧਕ ਕਿਸਮਾਂ ਦੇ ਨਾਲ-ਨਾਲ ਜਲਵਾਯੂ ਅਨੁਕੂਲਣ ਦੀਆਂ ਰਣਨੀਤੀਆਂ ਦਾ ਵਿਕਾਸ ਕਰਨਾ ਭਾਰਤੀ ਖੇਤੀਬਾੜੀ ਦੀ ਲਚਕਤਾ ਵਧਾਉਣ ਅਤੇ ਇਸ ਨੂੰ ਟਿਕਾਊ ਬਣਾਉਣ ਦੀ ਕੁੰਜੀ ਹੈ।

 

ਆਉਣ ਵਾਲੇ ਦਹਾਕਿਆਂ ਦੌਰਾਨ ਖੇਤੀਬਾੜੀ ਅਤੇ ਖੁਰਾਕ ਪ੍ਰਣਾਲੀਆਂ ’ਤੇ ਜਲਵਾਯੂ ਦੀ ਤਬਦੀਲੀ ਦੇ ਨਕਾਰਾਤਮਕ ਪ੍ਰਭਾਵਾਂ ਬਾਰੇ ਸਾਵਧਾਨ ਕਰਦਿਆਂ, ਸ਼੍ਰੀ ਨਾਇਡੂ ਨੇ ਅਜਿਹੀ ਟੈਕਨੋਲੋਜੀ ਅਤੇ ਤਰੀਕਿਆਂ ਦੇ ਵਿਕਾਸ ਲਈ ਸੱਦਾ ਦਿੱਤਾ ਜੋ ਛੋਟੇ ਅਤੇ ਸੀਮਾਂਤ ਕਿਸਾਨਾਂ ਦੀ ਦੁਰਬਲਤਾ ਨੂੰ ਘਟਾ ਸਕਣ।

 

ਪਾਣੀ ਦੇ ਡਿੱਗਦੇ ਪੱਧਰ ਨੂੰ ਮੁੜ ਪ੍ਰਾਪਤ ਕਰਨ ਅਤੇ ਵੱਧ ਰਹੇ ਪ੍ਰਦੂਸ਼ਿਤ ਸਿੰਜਾਈ ਸਰੋਤਾਂ ਦੁਆਰਾ ਚੁਣੌਤੀਆਂ ’ਤੇ ਚਿੰਤਾ ਜ਼ਾਹਰ ਕਰਦਿਆਂ, ਉਨ੍ਹਾਂ ਨੇ ਜਲਵਾਯੂ-ਲਚਕਦਾਰ, ਸੋਕਾ ਸਹਿਣਸ਼ੀਲ ਜੀਨੋਟਾਈਪਾਂ ਅਤੇ ਪਾਣੀ ਬਚਾਉਣ ਵਾਲੀਆਂ ਟੈਕਨੋਲੋਜੀਆਂ ਦੇ ਵਿਕਾਸ ਦੀ ਮਹੱਤਤਾ ’ਤੇ ਜ਼ੋਰ ਦਿੱਤਾ।

 

ਉਪ ਰਾਸ਼ਟਰਪਤੀ ਨੇ ਖੇਤੀਬਾੜੀ ਨੂੰ ਇੱਕ ਪੇਸ਼ੇ ਵਜੋਂ ਦੱਸਿਆ ਜੋ ਕਿ ਸਿਰਫ ਮਹੱਤਵਪੂਰਨ ਨਹੀਂ ਬਲਕਿ ਪਾਕ ਹੈ। ਖੇਤੀਬਾੜੀ ਨੂੰ ਗ੍ਰਾਮੀਣ ਆਰਥਿਕਤਾ ਦੀ ਰੀੜ ਦੀ ਹੱਡੀ ਵਜੋਂ ਦਰਸਾਉਂਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ ਕਿ ਖੇਤੀ ਹਮੇਸ਼ਾਂ ਸਾਡੇ ਸੱਭਿਆਚਾਰ ਅਤੇ ਸੱਭਿਅਤਾ ਦਾ ਅਨਿੱਖੜਵਾਂ ਅੰਗ ਰਹੀ ਹੈ। ਉਨ੍ਹਾਂ ਨੇ ਕਿਹਾ, “ਸਾਡੀ ਆਬਾਦੀ ਦੇ 50 ਫ਼ੀਸਦੀ ਤੋਂ ਜ਼ਿਆਦਾ ਲੋਕ ਰੋਜ਼ੀ ਰੋਟੀ ਲਈ ਖੇਤੀਬਾੜੀ ’ਤੇ ਨਿਰਭਰ ਹਨ।”

ਉਪ ਰਾਸ਼ਟਰਪਤੀ ਨੇ ਕਿਹਾ ਕਿ “ਕਿਸਾਨਾਂ ਦੀ ਆਮਦਨੀ ਵਧਾਉਣ ਲਈ ਸਾਨੂੰ ਉਤਪਾਦਕਤਾ ਵਿੱਚ ਸੁਧਾਰ ਲਿਆਉਣ, ਸਰੋਤਾਂ ਦੀ ਕੁਸ਼ਲਤਾ ਨਾਲ ਵਰਤੋਂ ਕਰਨ, ਫ਼ਸਲਾਂ ਦੀ ਤੀਬਰਤਾ ਵਧਾਉਣ ਅਤੇ ਬਹੁਤ ਮਹੱਤਵਪੂਰਨ ਫ਼ਸਲਾਂ ਵਿੱਚ ਵਿਭਿੰਨਤਾ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।” ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਾਰੇ ਹਿੱਸੇਦਾਰਾਂ ਦੁਆਰਾ ਇਹ ਯਕੀਨੀ ਬਣਾਉਣ ਲਈ ਹਰ ਯਤਨ ਕੀਤਾ ਜਾਣਾ ਲਾਜ਼ਮੀ ਹੈ ਕਿ ਕਿਸਾਨਾਂ ਨੂੰ ਬਣਦਾ ਭਾਅ ਦਿੱਤਾ ਜਾਵੇ। ਇਹ ਵਧੀਆ ਭੰਡਾਰਨ ਅਤੇ ਪ੍ਰੋਸੈਸਿੰਗ, ਖੇਤੀ ਇਨਪੁਟਸ ਦੀ ਵਿਵਸਥਾ, ਫਾਈਨਾਂਸਿੰਗ ਅਤੇ ਉਤਪਾਦਨ ਦੀ ਵਿਕਰੀ ਲਈ ਕੁਸ਼ਲ ਮਾਰਕੀਟਿੰਗ ਢੰਗਾਂ ਰਾਹੀਂ ਕੀਤਾ ਜਾ ਸਕਦਾ ਹੈ।

 

ਮਹਾਮਾਰੀ ਦੌਰਾਨ ਅਡੋਲ ਭਾਵਨਾ ਅਤੇ ਸਮਰਪਣ ਦੇ ਪ੍ਰਦਰਸ਼ਨ ਲਈ ਕਿਸਾਨਾਂ ਦੀ ਪ੍ਰਸ਼ੰਸਾ ਕਰਦਿਆਂ ਸ਼੍ਰੀ ਨਾਇਡੂ ਨੇ ਨੋਟ ਕੀਤਾ ਕਿ ਖੇਤੀਬਾੜੀ ਇੱਕ ਅਜਿਹਾ ਖੇਤਰ ਹੈ ਜਿਸਨੇ ਚੱਲ ਰਹੀ ਕੋਵਿਡ-19 ਮਹਾਂਮਾਰੀ ਦੀਆਂ ਚੁਣੌਤੀਆਂ ਦੇ ਬਾਵਜੂਦ ਵਧੀਆ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦਰਅਸਲ ਪਿਛਲੇ ਸਾਲ ਦੇ ਮੁਕਾਬਲੇ ਸਾਉਣੀ ਦੀ ਬਿਜਾਈ ਲਈ ਰਕਬੇ ਵਿੱਚ ਤਕਰੀਬਨ 59 ਲੱਖ ਹੈਕਟੇਅਰ ਦਾ ਵਾਧਾ ਹੋਇਆ ਹੈ, ਅਤੇ ਇਸ ਵੱਡੀ ਕਵਰੇਜ ਲਈ ਲੌਕਡਾਊਨ ਲੱਗਣ ਦੌਰਾਨ ਵੀ ਸਰਕਾਰ ਵੱਲੋਂ ਸਮੇਂ ਸਿਰ ਮਿਲਣ ਵਾਲੇ ਬੀਜਾਂ, ਖਾਦਾਂ ਅਤੇ ਕਰਜ਼ੇ ਨੂੰ ਵੀ ਅਹਿਮ ਦੱਸਿਆ।

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਕਿਸਾਨਾਂ ਨੂੰ ਲਾਜ਼ਮੀ ਤੌਰ ’ਤੇ ਦੇਸ਼ ਵਿੱਚ ਕਿਤੇ ਵੀ ਆਪਣੀ ਫ਼ਸਲ ਵੇਚਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਅਤੇ ਸਾਰੇ ਦੇਸ਼ ਲਈ ਸਾਂਝੀ ਮਾਰਕੀਟ ਦਾ ਸਿਧਾਂਤ ਈ-ਨਾਮ ਦੀ ਧਾਰਨਾ ਦੇ ਪਿੱਛੇ ਹੈ ਅਤੇ ਸਾਨੂੰ ਇਸ ਨੂੰ ਵਧਾਉਣਾ ਚਾਹੀਦਾ ਹੈ।

 

ਸ਼੍ਰੀ. ਵੈਂਕਈਆ ਨਾਇਡੂ ਨੇ ਕੋਲਡ ਸਟੋਰਾਂ, ਗੋਦਾਮਾਂ ਵਰਗੇ ਢੁੱਕਵੇਂ ਬੁਨਿਆਦੀ ਢਾਂਚੇ ਦੇ ਨਾਲ ਨਾਲ ਕਿਸਾਨਾਂ ਨੂੰ ਕਿਫਾਇਤੀ ਕਰਜ਼ਾ ਦੇਣ ਦੀ ਮਹੱਤਤਾ ਨੂੰ ਵੀ ਦੁਹਰਾਇਆ। ਇਹ ਵੇਖਦਿਆਂ ਕਿ ਸਮੇਂ ਦੀ ਲੋੜ ਕਿਸਾਨਾਂ ਨੂੰ ਸਹਾਇਤਾ ਦੇਣਾ ਹੈ, ਉਨ੍ਹਾਂ ਨੇ ਬੇਕਾਬੂ ਮੌਨਸੂਨ ਅਤੇ ਖੇਤੀਬਾੜੀ ਵਿੱਚ ਅਸਪਸ਼ਟਤਾ ਦੇ ਮੱਦੇਨਜ਼ਰ ਕਿਸਾਨਾਂ ਦੀ ਭਲਾਈ ਲਈ ਬਹੁਤ ਸਾਰੇ ਉਪਰਾਲੇ ਕਰਨ ਲਈ ਕੇਂਦਰ ਅਤੇ ਰਾਜ ਸਰਕਾਰਾਂ ਦੀ ਸ਼ਲਾਘਾ ਕੀਤੀ।

 

ਇਹ ਵੇਖਦਿਆਂ ਕਿ ਭਾਰਤ ਸਰਕਾਰ ਨੇ ਪਿਛਲੇ ਸਾਲਾਂ ਵਿੱਚ ਖੇਤੀਬਾੜੀ ਨੂੰ ਮੁੜ ਸੁਰਜੀਤ ਕਰਨ ਲਈ ਕਈ ਕਦਮ ਚੁੱਕੇ ਹਨ, ਸ਼੍ਰੀ ਨਾਇਡੂ ਨੇ ਟਿੱਪਣੀ ਕੀਤੀ ਕਿ ਇੱਥੇ ਇੱਕ ਮਿਸਾਲਿਆ ਬਦਲਾਅ ਹੋਇਆ ਹੈ ਅਤੇ ਸਰਕਾਰ ਕਿਸਾਨਾਂ ਦੀ ਆਮਦਨੀ ਨੂੰ ਦੁੱਗਣਾ ਕਰਨ ’ਤੇ ਕੇਂਦ੍ਰਿਤ ਰਹੀ ਹੈ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ) ਦੇ ਲਾਗੂ ਹੋਣ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਇੱਕ ਵਰਦਾਨ ਹੈ ਅਤੇ ਭਾਰਤ ਦੇ 72 ਫ਼ੀਸਦੀ ਤੋਂ ਵੱਧ ਕਿਸਾਨਾਂ ਨੂੰ ਲਾਭ ਹੋਵੇਗਾ।

 

ਉੱਭਰ ਰਹੀਆਂ ਟੈਕਨੋਲੋਜੀਆਂ ਜਿਵੇਂ ਕਿ ਸੀਆਰਆਈਐੱਸਪੀਆਰ - ਕੈਸ 9 ਜੀਨ ਐਡੀਟਿੰਗ ਟੂਲ ਦੇ ਫਾਇਦਿਆਂ ਬਾਰੇ ਦੱਸਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਪੌਦਿਆਂ ਨੂੰ ਬਾਇਓਟਿਕ ਅਤੇ ਅਬਾਇਓਟਿਕ ਤਣਾਅ ਪ੍ਰਤੀ ਸਹਿਣਸ਼ੀਲ ਬਣਾ ਕੇ ਅਤੇ ਉਨ੍ਹਾਂ ਦੇ ਪੌਸ਼ਟਿਕ ਮੁੱਲ ਅਤੇ ਪੈਦਾਵਾਰ ਵਿੱਚ ਸੁਧਾਰ ਕਰਕੇ ਖੇਤੀਬਾੜੀ ਨੂੰ ਬਦਲਣ ਦੀ ਅਥਾਹ ਸੰਭਾਵਨਾ ਰੱਖਦੇ ਹਨ। ਆਧੁਨਿਕ ਟੈਕਨੋਲੋਜੀਆਂ ਨੂੰ ਅਪਣਾਉਣ ਲਈ ਟੀਏਐੱਨਯੂ ਦੀ ਸ਼ਲਾਘਾ ਕਰਦਿਆਂ, ਉਹ ਚਾਹੁੰਦੇ ਹਨ ਕਿ ਵੱਖ-ਵੱਖ ਖੇਤਰਾਂ ਵਿੱਚ ਖੋਜ ਨੂੰ ਹੋਰ ਤੇਜ਼ ਕੀਤਾ ਜਾਵੇ।

 

ਉਪ ਰਾਸ਼ਟਰਪਤੀ ਨੇ ਇਹ ਵੀ ਵੇਖਿਆ ਕਿ ਖੇਤੀਬਾੜੀ ਦੇ ਆਧੁਨਿਕੀਕਰਨ ਅਤੇ ਵਪਾਰੀਕਰਨ ਲਈ ਖੇਤੀਬਾੜੀ ਮਸ਼ੀਨੀਕਰਨ ਬਹੁਤ ਜ਼ਰੂਰੀ ਹੈ, ਉਪ-ਰਾਸ਼ਟਰਪਤੀ ਨੇ ਲੋੜ ਅਧਾਰਤ ਮਸ਼ੀਨਰੀ ਵਿਕਸਿਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ, “ਸੁਧਾਰ ਕੀਤੇ ਗਏ ਉਪਕਰਣਾਂ ਦੀ ਵਰਤੋਂ ਉਤਪਾਦਕਤਾ ਨੂੰ 30 ਫ਼ੀਸਦੀ ਤੱਕ ਵਧਾਉਣ ਅਤੇ ਕਾਸ਼ਤ ਦੀ ਲਾਗਤ ਨੂੰ 20 ਫ਼ੀਸਦੀ ਤੱਕ ਘਟਾਉਣ ਦੀ ਸਮਰੱਥਾ ਰੱਖਦੀ ਹੈ।”

 

ਸ਼੍ਰੀ ਨਾਇਡੂ ਨੇ ਪਾਣੀ ਪ੍ਰਬੰਧਨ, ਖੇਤੀਬਾੜੀ ਅਤੇ ਸਹਾਇਕ ਧੰਦਿਆਂ ਵਿੱਚ ਤਮਿਲ ਨਾਡੂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਤਪਾਦਨ ਨੂੰ ਵਧਾਉਣ ਲਈ ਨਵੀਆਂ ਉਪਜ ਦੇਣ ਵਾਲੀਆਂ ਕਿਸਮਾਂ ਅਤੇ ਟੈਕਨੋਲੋਜੀਆਂ ਨੂੰ ਅਪਣਾਉਣ ਦੇ ਰਾਜ ਵਿੱਚ ਰਾਜ ਮਿਸਾਲੀ ਰਿਹਾ ਹੈ।

 

ਉਨ੍ਹਾਂ ਨੇ ਟੀਏਐੱਨਯੂ ਦੇ ਪਾਸ ਹੋਣ ਵਾਲੇ ਗ੍ਰੈਜੂਏਟਾਂ ਨੂੰ ਅਪੀਲ ਕੀਤੀ ਕਿ ਉਹ ਟੈਕਨੋਲੋਜੀ ਦੀ ਅਗਵਾਈ ਵਾਲੇ ਟਿਕਾਊ ਖੇਤੀਬਾੜੀ ਵਿਕਾਸ ਦੀ ਅਗਵਾਈ ਕਰਨ, ਕਿਸਾਨਾਂ ਨੂੰ ਬਿਹਤਰ ਆਮਦਨ ਦਾ ਅਹਿਸਾਸ ਕਰਨ ਦੇ ਯੋਗ ਬਣਾਉਣ ਅਤੇ ਸਾਡੇ ਦੇਸ਼ ਦੇ ਲੱਖਾਂ ਲੋਕਾਂ ਨੂੰ ਭੋਜਨ ਅਤੇ ਪੌਸ਼ਟਿਕ ਸੁਰੱਖਿਆ ਪ੍ਰਦਾਨ ਕਰਨ। ਉਨ੍ਹਾਂ ਨੇ ਕਿਹਾ, “ਤੁਹਾਡੀ ਖੋਜ ਸਮਾਜ ਲਈ ਢੁੱਕਵੀਂ ਹੋਣੀ ਚਾਹੀਦੀ ਹੈ ਅਤੇ ਤੁਹਾਨੂੰ ਜਲਵਾਯੂ ਪਰਿਵਰਤਨ ਤੋਂ ਲੈ ਕੇ ਸਿਹਤ ਦੇ ਮੁੱਦਿਆਂ ਤੱਕ ਮਾਨਵਤਾ ਨੂੰ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਦੇ ਹੱਲ ਲੱਭਣ’ ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ।”

 

ਇਸ ਸਮਾਗਮ ਵਿੱਚ ਤਮਿਲ ਨਾਡੂ ਦੇ ਰਾਜਪਾਲ ਸ਼੍ਰੀ ਬਨਵਾਰੀ ਲਾਲ ਪੁਰੋਹਿਤ, ਤਮਿਲ ਨਾਡੂ ਦੇ ਉੱਚ ਸਿੱਖਿਆ ਅਤੇ ਖੇਤੀਬਾੜੀ ਮੰਤਰੀ, ਸ਼੍ਰੀ ਕੇ. ਪੀ. ਅੰਬਲਾਗਨ ਅਤੇ ਟੀਏਐੱਨਯੂ ਦੇ ਉਪ ਕੁਲਪਤੀ ਪ੍ਰੋ. ਐੱਨ. ਕੁਮਾਰ ਅਤੇ ਹੋਰ ਪਤਵੰਤੇ ਸੱਜਣ ਸ਼ਾਮਲ ਸਨ।

 

****

 

ਐੱਮਐੱਸ / ਆਰਕੇ / ਡੀਪੀ



(Release ID: 1681609) Visitor Counter : 97