ਉਪ ਰਾਸ਼ਟਰਪਤੀ ਸਕੱਤਰੇਤ

ਭਾਰਤ ਨੂੰ ਵਿਸ਼ਵਵਿਆਪੀ ਪਹੁੰਚ ਵਧਾਉਣ ਲਈ ਨਰਮ ਸ਼ਕਤੀ ਵਿੱਚ ਅਥਾਹ ਸਮਰੱਥਾ ਦੀ ਵਰਤੋਂ ਕਰਨੀ ਚਾਹੀਦੀ ਹੈ- ਉਪ ਰਾਸ਼ਟਰਪਤੀ

ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਕਿਹਾ ਕਿ ਸੰਗੀਤ, ਨ੍ਰਿਤ ਅਤੇ ਡਰਾਮਾ ਦੁਨੀਆ ਨੂੰ ਭਾਰਤ ਦਾ ਸਭ ਤੋਂ ਵੱਡਾ ਤੋਹਫਾ ਹੈ


ਉਪ ਰਾਸ਼ਟਰਪਤੀ ਨੇ ਸੰਗੀਤ ਅਤੇ ਨ੍ਰਿਤ ਨੂੰ ਸਕੂਲ ਸਿੱਖਿਆ ਦਾ ਅਨਿੱਖੜਵਾਂ ਅੰਗ ਬਣਾਉਣ ਦੀ ਇੱਛਾ ਜਤਾਈ


ਨੌਜਵਾਨਾਂ ਨੂੰ ਆਪਣੀਆਂ ਜੜ੍ਹਾਂ ਅਤੇ ਵਿਰਾਸਤ ਨੂੰ ਨਹੀਂ ਭੁੱਲਣਾ ਚਾਹੀਦਾ


ਉਪ ਰਾਸ਼ਟਰਪਤੀ ਨੇ ਕਲਾਕਾਰਾਂ ਨੂੰ ਵਰਚੁਅਲ ਮਾਧਿਅਮ ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਲਾਭ ਉਠਾਉਣ ਦੀ ਅਪੀਲ ਕੀਤੀ


ਉਪ ਰਾਸ਼ਟਰਪਤੀ ਨਾਇਡੂ ਨੇ ਕਿਹਾ ਕਿ ਚੇੱਨਈ ਇੱਕ ਵਿਲੱਖਣ ਮਹਾਨਗਰ ਹੈ ਜੋ ਆਧੁਨਿਕਤਾ ਅਤੇ ਪਰੰਪਰਾ ਵਿਚਾਲੇ ਸੰਤੁਲਨ ਰੱਖਦਾ ਹੈ


ਉਪ ਰਾਸ਼ਟਰਪਤੀ ਨੇ ‘ਯੂਅਰਜ਼ ਟਰੂਲੀ ਮਰਗਜੀ’ ਵਰਚੁਅਲ ਸਮਾਗਮ ਦਾ ਉਦਘਾਟਨ ਕੀਤਾ


ਭਾਰਤੀ ਸੰਗੀਤ ਅਤੇ ਨ੍ਰਿਤ ਭਾਰਤੀ ਫਲਸਫੇ, ਏਕਤਾ, ਸ਼ਾਂਤੀ ਅਤੇ ਸਦਭਾਵਨਾ ਦਾ ਪ੍ਰਤੀਕ ਹੈ

Posted On: 15 DEC 2020 6:30PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਕਲਾਕਾਰਾਂ ਦੇ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਵਿਸ਼ਵਵਿਆਪੀ ਪਹੁੰਚ ਨੂੰ ਵਧਾਉਣ ਲਈ ਭਾਰਤ ਦੀ ਨਰਮ ਸ਼ਕਤੀ ਦੀ ਸੰਭਾਵਨਾ ਦੀ ਵਰਤੋਂ ਕਰਨ। ਉਨ੍ਹਾਂ ਕਲਾਕਾਰਾਂ ਨੂੰ ਤਾਕੀਦ ਕੀਤੀ ਕਿ ਉਹ ਆਪਣੇ ਸਰੋਤਿਆਂ ਤੱਕ ਪਹੁੰਚਣ ਲਈ ਵਰਚੁਅਲ ਮਾਧਿਅਮ ਦੇ ਮੌਕਿਆਂ ਦੀ ਪੂਰੀ ਪੜਚੋਲ ਕਰਨ ਅਤੇ ਉਨ੍ਹਾਂ ਦਾ ਲਾਭ ਉਠਾਉਣ।

 

ਹੈਦਰਾਬਾਦ ਤੋਂ ਵਰਚੁਅਲ ਮਾਧਿਅਮ ਰਾਹੀਂ ‘ਯੂਅਰਜ਼ ਟਰੂਲੀ ਮਰਗਜੀ’ ਉਤਸਵ ਦੀ ਸ਼ੁਰੂਆਤ ਕਰਦਿਆਂ ਉਪ ਰਾਸ਼ਟਰਪਤੀ ਨੇ ਭਾਰਤ ਵਿੱਚ ਸੰਗੀਤ ਅਤੇ ਨ੍ਰਿਤ ਦੀਆਂ ਸ਼ਾਨਦਾਰ ਪਰੰਪਰਾਵਾਂ 'ਤੇ ਚਾਨਣਾ ਪਾਇਆ ਅਤੇ ਅਜੋਕੇ ਤਣਾਅ ਭਰੇ ਸਮੇਂ ਵਿੱਚ ਉਨ੍ਹਾਂ ਨੂੰ ਮੁੜ ਸੁਰਜੀਤ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ‘ਯੂਅਰਜ਼ ਟਰੂਲੀ ਮਰਗਜੀ’ ਚੇੱਨਈ ਦੀ ਦਸੰਬਰ ਸੰਗੀਤ ਅਤੇ ਨ੍ਰਿਤ ਉਤਸਵ ਦੀ ਮਸ਼ਹੂਰ ਪਰੰਪਰਾ ਨੂੰ ਔਨਲਾਈਨ ਮਾਧਿਅਮ ਰਾਹੀਂ ਜਿਊਂਦਾ ਰੱਖਣ ਦੀ ਪਹਿਲ ਹੈ।

 

ਇਸ ਮੌਕੇ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਆਲਮੀ ਸੋਚ ਨੂੰ ਢਾਲਣ ਵਿੱਚ ਨਰਮ ਤਾਕਤ ਦੇ ਬੇਰੋਕ ਸੁਭਾਅ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਕਿਹਾ ਕਿ, 'ਵਸੂਦੈਵ ਕੁਟੰਬਕਮ' ਦੇ ਭਾਰਤ ਦੇ ਫਲਸਫੇ ਅਨੁਸਾਰ ਸਾਡੇ ਨਾਚ ਅਤੇ ਸੰਗੀਤ ਦੇ ਜ਼ਰੀਏ ਅਸੀਂ ਅਹਿੰਸਾ, ਸ਼ਾਂਤੀ ਅਤੇ ਸਦਭਾਵਨਾ ਜਿਹੇ ਆਦਰਸ਼ਾਂ ਨੂੰ ਵਿਸ਼ਵ ਭਰ ਵਿਚ ਫੈਲਾ ਸਕਦੇ ਹਾਂ। ਇਸ ਪ੍ਰਕ੍ਰਿਆ ਵਿੱਚ ਸਰਕਾਰ ਦੀਆਂ ਸੀਮਾਵਾਂ ਨੂੰ ਵੇਖਦੇ ਹੋਏ ਉਪ ਰਾਸ਼ਟਰਪਤੀ ਨੇ ਅਭਿਆਸੀਆਂ, ਸਰਪ੍ਰਸਤਾਂ ਅਤੇ ਪ੍ਰਬੰਧਕਾਂ ਨੂੰ ਕਿਹਾ ਕਿ ਉਹ ਭਾਰਤੀ ਸੱਭਿਆਚਾਰ, ਸੋਚ ਅਤੇ ਜੀਵਨ ਜਾਚ ਨੂੰ ਪ੍ਰਦਰਸ਼ਿਤ ਕਰਨ।

 

ਚੇੱਨਈ ਨਾਲ ਆਪਣੇ ਲੰਮੇ ਸਮੇਂ ਦੇ ਸਬੰਧ ਨੂੰ ਯਾਦ ਕਰਦਿਆਂ ਉਪ ਰਾਸ਼ਟਰਪਤੀ ਨੇ ਇਸ ਦੀ ਦੇਸ਼ ਦੀ ਕਾਰਨਾਟਿਕ ਸੰਗੀਤ ਦੀ ਰਾਜਧਾਨੀ ਵਜੋਂ ਸ਼ਲਾਘਾ ਕੀਤੀ। ਸ਼੍ਰੀ ਨਾਇਡੂ ਨੇ ਇੱਕ ਆਧੁਨਿਕ ਸ਼ਹਿਰ ਵਜੋਂ ਚੇਨਈ ਦੀ ਵਿਲੱਖਣ ਵਿਸ਼ੇਸ਼ਤਾ ਬਾਰੇ ਵੀ ਚਾਨਣਾ ਪਾਇਆ ਜਿਸ ਨੇ ਆਪਣੇ ਸੱਭਿਆਚਾਰਕ ਅਤੇ ਰਵਾਇਤੀ ਚਰਿੱਤਰ ਨੂੰ ਕਾਇਮ ਰੱਖਿਆ ਹੈ। 

 

ਸ਼੍ਰੀ ਨਾਇਡੂ ਨੇ ਕਿਹਾ ਕਿ ਕਲਾਕਾਰ ਭਾਈਚਾਰੇ ਨੇ ਵੀ ਮਹਾਮਾਰੀ ਦੌਰਾਨ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ ਅਤੇ ‘ਯੂਅਰਜ਼ ਟਰੂਲੀ ਮਰਗਜੀ’ ਜਿਹੀਆਂ ਇਨੋਵੇਟਿਵ ਪਹਿਲਾਂ ਨਾਲ, ਉਹ ਵਿਸ਼ਵ ਭਰ ਵਿੱਚ ਨਵੇਂ ਦਰਸ਼ਕਾਂ ਨੂੰ ਲੱਭ ਸਕਣਗੇ। ਭਵਿੱਖ ਵਿੱਚ, ਅਸਲ ਅਤੇ ਵਰਚੁਅਲ ਮਾਧਿਅਮ ਦੇ ਮੌਜੂਦ ਹੋਣ ਦੀ ਸੰਭਾਵਨਾ ਹੈ ਅਤੇ ਕਲਾਕਾਰਾਂ ਨੂੰ ਵਰਚੁਅਲ ਮਾਧਿਅਮ ਦੀ ਸੰਭਾਵਨਾ ਦਾ ਪੂਰੀ ਤਰ੍ਹਾਂ ਲਾਭ ਉਠਾਉਣਾ ਚਾਹੀਦਾ ਹੈ। 

 

ਲੋਕਾਂ ਦੀ ਚਿੰਤਾ ਦੂਰ ਕਰਨ ਵਿੱਚ ਨ੍ਰਿਤ ਅਤੇ ਸੰਗੀਤ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦਿਆਂ, ਉਪ ਰਾਸ਼ਟਰਪਤੀ ਨੇ ਇਸਦੀ ਮਹੱਤਤਾ ਖਾਸ ਤੌਰ ‘ਤੇ ਕੋਵਿਡ ਦੇ ਸਮੇਂ ਬਾਰੇ ਚਾਨਣਾ ਪਾਇਆ। ਉਨ੍ਹਾਂ ਅੱਗੇ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਕਲਾਸੀਕਲ ਸੰਗੀਤ ਅਤੇ ਨ੍ਰਿਤ ਸਾਡੀ ਜ਼ਿੰਦਗੀ ਵਿੱਚ ਸੰਤੁਲਨ ਬਣਾਉਂਦੇ ਹਨ ਜਿਸ ਦੀ ਅਸੀਂ ਭਾਲ ਕਰਦੇ ਹਾਂ  ਉਨ੍ਹਾਂ ਕਿਹਾ ਕਿ ਸਾਡੀ ਪ੍ਰੰਪਰਾਗਤ ਕਲਾ ਆਪਣੇ ਅੰਦਰ ਅਤੇ ਕੁਦਰਤ ਨਾਲ ਸਰਵ-ਸੰਚਾਰ, ਏਕਤਾ ਅਤੇ ਸਦਭਾਵਨਾ ਦੇ ਸਿਧਾਂਤ ਦੀ ਰੂਪ ਰੇਖਾ ਕਰਦੀ ਹੈ। 

 

ਉਪ ਰਾਸ਼ਟਰਪਤੀ ਨੇ ਸਾਮਵੇਦ ਅਤੇ ਨਟਰਾਜ ਦੀ ਮਿਸਾਲਾਂ ਦਾ ਹਵਾਲਾ ਦਿੰਦੇ ਹੋਏ ਭਾਰਤ ਦੀਆਂ ਪ੍ਰਾਚੀਨ ਸੰਗੀਤ ਅਤੇ ਨਾਚ ਪਰੰਪਰਾਵਾਂ ਬਾਰੇ ਦੱਸਿਆ। ਨਟਾਰਾਜ ਦੇ ਮਾਮਲੇ ਵਿੱਚ, ਸ਼੍ਰੀ ਨਾਇਡੂ ਨੇ ਕਿਹਾ ਕਿ ਕਿਵੇਂ ਬ੍ਰਹਿਮੰਡੀ ਨ੍ਰਿਤਕ ਵਜੋਂ ਸ਼ਿਵ ਦਾ ਰੂਪ ਹਜ਼ਾਰਾਂ ਸਾਲਾਂ ਤੋਂ ਵੱਧ ਸਮੇਂ ਤੋਂ ਚੱਲਦਾ ਆ ਰਿਹਾ ਹੈ ਅਤੇ ਅਜੇ ਵੀ ਆਪਣੇ ਅਸਲ ਰੂਪ ਨੂੰ ਬਰਕਰਾਰ ਰੱਖਦਾ ਹੈ। 

 

ਉਪ ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਨ੍ਰਿਤ, ਡਰਾਮਾ ਅਤੇ ਸੰਗੀਤ ਦਾ ਸਾਡਾ ਸੱਭਿਆਚਾਰਕ ਖਜ਼ਾਨਾ ਭਾਰਤ ਦਾ ਦੁਨੀਆਂ ਲਈ ਸਭ ਤੋਂ ਵੱਡਾ ਤੋਹਫ਼ਾ ਹੈ ਅਤੇ ਉਨ੍ਹਾਂ ਦੇ ਬਚਾਅ ਅਤੇ ਪ੍ਰਚਾਰ ਲਈ ਹਰ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।

 

ਉਨ੍ਹਾਂ ਸਾਡੇ ਪ੍ਰੰਪਰਾਗਤ ਕਲਾ ਸਰੂਪਾਂ ਲਈ ਵਿਸ਼ਵ ਭਰ ਵਿੱਚ ਦਿਲਚਸਪੀ ਬਾਰੇ ਵੀ ਦੱਸਿਆ। 

 

ਸ਼੍ਰੀ ਵੈਂਕਈਆ ਨਾਇਡੂ ਨੇ ਪ੍ਰੰਪਰਾਗਤ ਕਲਾ ਦੇ ਰੂਪ ਸਾਡੀ ਪ੍ਰਾਚੀਨ ਵਿੱਦਿਆ ਦੇ ਅਨੁਕੂਲ ਹੋਣ ਬਾਰੇ ਵਿਚਾਰ ਕਰਦਿਆਂ ਸੁਝਾਅ ਦਿੱਤਾ ਕਿ ਇਸ ਪਰੰਪਰਾ ਨੂੰ ਵੱਡੇ ਪੱਧਰ 'ਤੇ ਮੁੜ ਸੁਰਜੀਤ ਕੀਤਾ ਜਾਵੇ। ਉਨ੍ਹਾਂ ਸੰਗੀਤ ਅਤੇ ਨ੍ਰਿਤ ਨੂੰ ਪਾਠਕ੍ਰਮ ਦਾ ਇੱਕ ਲਾਜ਼ਮੀ ਹਿੱਸਾ ਬਣਾਉਣ ਦੀ ਮੰਗ ਕੀਤੀ। ਉਨ੍ਹਾਂ ਨੋਟ ਕੀਤਾ ਕਿ ਨਵੀਂ ਸਿੱਖਿਆ ਨੀਤੀ ਇਸ ਸਬੰਧ ਵਿੱਚ ਅਗਾਂਹਵਧੂ ਕਦਮ ਹੈ। ਉਪ-ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਕਲਾਸੀਕਲ ਕਲਾ ਦੇ ਰੂਪਾਂ ਦਾ ਅਭਿਆਸ ਕਰਨਾ ਬੱਚਿਆਂ ਲਈ ਬਹੁਤ ਲਾਹੇਵੰਦ ਹੈ ਕਿਉਂਕਿ ਇਹ ਧਿਆਨ ਵਿੱਚ ਸੁਧਾਰ ਲਿਆਉਂਦਾ ਹੈ, ਅਨੁਸ਼ਾਸਨ ਪੈਦਾ ਕਰਦਾ ਹੈ, ਵਿਸ਼ਵਾਸ ਪੈਦਾ ਕਰਦਾ ਹੈ, ਸਬਰ ਨੂੰ ਵਧਾਉਂਦਾ ਹੈ ਅਤੇ ਬੱਚਿਆਂ ਵਿੱਚ ਅਨੇਕਾਂ ਹੋਰ ਗੁਣਾਂ ਵਿੱਚ ਦ੍ਰਿੜਤਾ ਦੀ ਮਹੱਤਤਾ ਨੂੰ ਸਿਖਾਉਂਦਾ ਹੈ। 

 

 ਅਖੀਰ ਵਿੱਚ, ਉਪ ਰਾਸ਼ਟਰਪਤੀ ਨੇ ਕਿਹਾ ਕਿ ਅੱਜ ਨੌਜਵਾਨਾਂ ਵਿੱਚ ਵੱਖ-ਵੱਖ ਸੱਭਿਆਚਾਰਾਂ ਦੀ ਵਿਸ਼ਾਲ ਸੋਚ ਹੈ। ਦੂਜੇ ਦੇਸ਼ਾਂ ਦੀ ਸੱਭਿਆਚਾਰ ਪ੍ਰਤੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਦੇ ਹੋਏ, ਸ਼੍ਰੀ ਵੈਂਕਈਆ ਨਾਇਡੂ ਨੇ ਕਿਹਾ ਕਿ ਇੱਕ ਵਿਅਕਤੀ ਦਾ ਆਪਣੇ ਸੱਭਿਆਚਾਰ, ਵਿਰਾਸਤ ਅਤੇ ਪਰੰਪਰਾਵਾਂ ਨਾਲ ਜੁੜੇ ਰਹਿਣਾ ਮਹੱਤਵਪੂਰਨ ਹੈ। 

 

ਮਸ਼ਹੂਰ ਉਦਯੋਗਪਤੀ ਅਤੇ ਸਮਾਜਸੇਵੀ, ਸ਼੍ਰੀ ਨੱਲੀ ਕੁਪੂਸਵਾਮੀ ਸ਼ੈੱਟੀ, ਸ਼ਹਿਰੀ ਸਭਾਵਾਂ ਦੇ ਸੰਘ ਦੇ ਪ੍ਰਧਾਨ ਸ਼੍ਰੀ ਐੱਮ ਕ੍ਰਿਸ਼ਣਾਮੂਰਤੀ, ਸ਼ਹਿਰੀ ਸਭਾਵਾਂ ਦੇ ਸੰਘ ਦੇ ਸਕੱਤਰ ਸ਼੍ਰੀ ਕੇ ਹਰੀਸ਼ੰਕਰ, ਸ਼ਹਿਰੀ ਸਭਾਵਾਂ ਦੇ ਸੰਘ ਦੇ ਸਕੱਤਰ ਸ਼੍ਰੀ ਐੱਸ ਰਵੀਚੰਦਰਨ, ਖਜ਼ਾਨਚੀ ਸ਼੍ਰੀ ਆਰ ਸੁੰਦਰ, Kalakendra.com ਦੇ ਸੰਸਥਾਪਕ ਸ਼੍ਰੀ ਕੇ ਐੱਸ ਸੁਧਾਕਰ ਉੱਘੀਆਂ ਸ਼ਖਸੀਅਤਾਂ ਵਰਚੂਅਲ ਸਮਾਗ਼ਮ ਵਿੱਚ ਸ਼ਾਮਲ ਹੋਈਆਂ, ਜਿਸ ਵਿੱਚ 100 ਤੋਂ ਵੱਧ ਈਵੈਂਟ ਵਿੱਚ 500 ਕਲਾਕਾਰਾਂ ਦੀ ਸ਼ਮੂਲੀਅਤ ਵੇਖੀ ਗਈ।

 

***

 

ਐੱਮਐੱਸ/ਆਰਕੇ/ਡੀਪੀ



(Release ID: 1680958) Visitor Counter : 146