ਘੱਟ ਗਿਣਤੀ ਮਾਮਲੇ ਮੰਤਰਾਲਾ

ਹੱਜ 2021 ਲਈ ਬਿਨੈ ਪੱਤਰ ਫਾਰਮ ਜਮ੍ਹਾ ਕਰਨ ਦੀ ਆਖਰੀ ਮਿਤੀ 10 ਜਨਵਰੀ 2021 ਤੱਕ ਵਧਾਈ ਗਈ

ਅਰੰਭਕ ਬਿੰਦੂਆਂ ਅਨੁਸਾਰ ਪ੍ਰਤੀ ਹਾਜੀ ਅਨੁਮਾਨਤ ਲਾਗਤ ਵੀ ਘਟਾਈ ਗਈ ਹੈ: ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ

Posted On: 10 DEC 2020 2:14PM by PIB Chandigarh

ਕੇਂਦਰੀ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸ੍ਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਹੈ ਕਿ ਹੱਜ 2021 ਲਈ ਬਿਨੈ ਪੱਤਰ ਫਾਰਮ ਜਮ੍ਹਾ ਕਰਨ ਦੀ ਆਖਰੀ ਤਰੀਕ 10 ਜਨਵਰੀ 2021 ਤੱਕ ਵਧਾ ਦਿੱਤੀ ਗਈ ਹੈ। ਸ੍ਰੀ ਨਕਵੀ ਅੱਜ ਮੁੰਬਈ ਦੇ ਹੱਜ ਹਾਊਸ ਵਿਖੇ ਹੱਜ ਕਮੇਟੀ ਆਫ ਇੰਡੀਆ ਦੀ ਬੈਠਕ ਦੀ ਪ੍ਰਧਾਨਗੀ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।

ਸ੍ਰੀ ਨਕਵੀ ਨੇ ਕਿਹਾ ਕਿ ਅੱਜ 10 ਦਸੰਬਰ 2020 ਨੂੰ ਹੱਜ 2021 ਲਈ ਬਿਨੈ-ਪੱਤਰ ਜਮ੍ਹਾਂ ਕਰਨ ਦੀ ਆਖ਼ਰੀ ਤਰੀਕ ਸੀ ਅਤੇ ਹੁਣ ਇਸ ਨੂੰ 10 ਜਨਵਰੀ 2021 ਤੱਕ ਵਧਾ ਦਿੱਤਾ ਗਿਆ ਹੈ। ਹੱਜ 2021 ਲਈ 40,000 ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਹਨ ਜਦਕਿ "ਮਹਿਰਮ" ਤੋਂ ਬਿਨਾਂ ਮਹਿਲਾ ਸ਼੍ਰੇਣੀ ਅਧੀਨ 500 ਤੋਂ ਵੱਧ ਅਰਜ਼ੀਆਂ ਮਿਲੀਆਂ ਹਨ। 

ਹੱਜ 2020 ਲਈ 2100 ਤੋਂ ਵੱਧ ਔਰਤਾਂ ਨੇ '' ਮਹਿਰਮ '' (ਮਰਦ ਸਾਥੀ) ਤੋਂ ਬਿਨਾਂ ਸ਼੍ਰੇਣੀ ਦੇ ਤਹਿਤ ਅਰਜ਼ੀਆਂ ਦਿੱਤੀਆਂ ਸਨ। ਇਹ ਔਰਤਾਂ ਹੱਜ 2021 ਵਿੱਚ ਜਾਣਗੀਆਂ ਕਿਉਂਕਿ ਹੱਜ 2020 ਲਈ ਉਹਨਾਂ ਦੁਆਰਾ ਦਿੱਤੀ ਗਈ ਅਰਜ਼ੀ ਹੱਜ 2021 ਲਈ ਵੀ ਯੋਗ ਹੈ। ਇਸ ਤੋਂ ਇਲਾਵਾ, ਔਰਤਾਂ ਤੋਂ ਨਵੇਂ ਫਾਰਮ ਵੀ ਸਵੀਕਾਰੇ ਜਾ ਰਹੇ ਹਨ, ਜੋ ਕਿ "ਮਹਿਰਮ" ਤੋਂ ਬਿਨਾਂ ਹੱਜ 2021 ਕਰਨਾ ਚਾਹੁੰਦੀਆਂ ਹਨ। “ਮਹਿਰਮ ਤੋਂ ਬਿਨਾਂ” ਸ਼੍ਰੇਣੀ ਅਧੀਨ ਆ ਰਹੀਆਂ ਸਾਰੀਆਂ ਔਰਤਾਂ ਨੂੰ ਲਾਟਰੀ ਪ੍ਰਣਾਲੀ ਤੋਂ ਛੋਟ ਦਿੱਤੀ ਜਾਵੇਗੀ। ਲੋਕ ਆੱਨਲਾਈਨ, ਔਫਲਾਈਨ ਅਤੇ ਹੱਜ ਮੋਬਾਈਲ ਐਪ ਰਾਹੀਂ ਅਰਜ਼ੀਆਂ ਦੇ ਰਹੇ ਹਨ। 

ਸ੍ਰੀ ਨਕਵੀ ਨੇ ਕਿਹਾ ਕਿ ਸਊਦੀ ਅਰਬ ਤੋਂ ਪ੍ਰਾਪਤ ਹੋਏ ਅਰੰਭਕ ਬਿੰਦੂਆਂ ਅਤੇ ਫੀਡਬੈਕ ਦੇ ਅਨੁਸਾਰ ਚੰਗੀ ਤਰ੍ਹਾਂ ਵਿਚਾਰ ਵਟਾਂਦਰੇ ਤੋਂ ਬਾਅਦ; ਇਨ੍ਹਾਂ ਬਿੰਦੂਆਂ ਅਨੁਸਾਰ ਹੱਜ ਯਾਤਰੀਆਂ ਦੀ ਅਨੁਮਾਨਤ ਲਾਗਤ ਨੂੰ ਘਟਾ ਦਿੱਤਾ ਗਿਆ ਹੈ। 

ਕਟੌਤੀ ਤੋਂ ਬਾਅਦ ਪ੍ਰਤੀ ਹਾਜੀ ਦੀ ਅਨੁਮਾਨਤ ਲਾਗਤ ਅਹਿਮਦਾਬਾਦ ਅਤੇ ਮੁੰਬਈ ਦੇ ਅਰੰਭਕ ਬਿੰਦੂਆਂ ਲਈ ਲਗਭਗ 3,30,000 ਰੁਪਏ; ਬੰਗਲੁਰੂ, ਲਖਨਊ, ਦਿੱਲੀ ਅਤੇ ਹੈਦਰਾਬਾਦ ਅਰੰਭਕ ਬਿੰਦੂਆਂ ਲਈ ਲਗਭਗ 3,50,000 ਰੁਪਏ; ਕੋਚੀਨ ਅਤੇ ਸ੍ਰੀਨਗਰ ਅਰੰਭਕ ਬਿੰਦੂਆਂ ਲਈ ਲਗਭਗ 3,60,000 ਰੁਪਏ; ਕੋਲਕਾਤਾ ਅਰੰਭਕ ਬਿੰਦੂ ਲਈ ਲਗਭਗ 3,70,000 ਰੁਪਏ ਅਤੇ ਗੁਹਾਟੀ ਅਰੰਭਕ ਬਿੰਦੂ ਲਈ ਲਈ ਲਗਭਗ 4 ਲੱਖ ਰੁਪਏ ਤੈਅ ਕੀਤੀ ਗਈ ਹੈ। 

ਸ੍ਰੀ ਨਕਵੀ ਨੇ ਕਿਹਾ ਕਿ ਮਹਾਮਾਰੀ ਦੀ ਸਥਿਤੀ ਦੇ ਕਾਰਨ ਰਾਸ਼ਟਰੀ-ਅੰਤਰਰਾਸ਼ਟਰੀ ਪ੍ਰੋਟੋਕੋਲ ਦਿਸ਼ਾ ਨਿਰਦੇਸ਼ ਹੱਜ 2021 ਦੌਰਾਨ ਲਾਗੂ ਕੀਤੇ ਜਾਣਗੇ ਅਤੇ ਇਨ੍ਹਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇਗੀ। ਭਾਰਤ ਅਤੇ ਸਊਦੀ ਅਰਬ ਦੇ ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਸਊਦੀ ਅਰਬ ਸਰਕਾਰ ਅਤੇ ਭਾਰਤ ਸਰਕਾਰ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਹੱਜ ਦੀ ਸਾਰੀ ਪ੍ਰਕਿਰਿਆ ਮੁਕੰਮਲ ਕੀਤੀ ਜਾਏਗੀ।

ਸ੍ਰੀ ਨਕਵੀ ਨੇ ਕਿਹਾ ਕਿ ਕੇਂਦਰੀ ਘੱਟ ਗਿਣਤੀ ਮਾਮਲਿਆਂ, ਸਿਹਤ, ਵਿਦੇਸ਼, ਸ਼ਹਿਰੀ ਹਵਾਬਾਜ਼ੀ ਦੇ ਕੇਂਦਰੀ ਮੰਤਰਾਲਿਆਂ ਦਰਮਿਆਨ ਵਿਚਾਰ ਵਟਾਂਦਰੇ ਤੋਂ ਬਾਅਦ ਹੱਜ 2021 ਪ੍ਰਕ੍ਰਿਆ ਨੂੰ ਅੱਗੇ ਵਧਾਇਆ ਗਿਆ ਹੈ; ਭਾਰਤ ਦੀ ਹੱਜ ਕਮੇਟੀ, ਸਊਦੀ ਅਰਬ ਵਿੱਚ ਭਾਰਤੀ ਦੂਤਾਵਾਸ ਅਤੇ ਜੇਦਾਹ ਵਿੱਚ ਭਾਰਤ ਦੇ ਕੌਂਸਲ ਜਨਰਲ ਅਤੇ ਹੋਰ ਏਜੰਸੀਆਂ ਮਹਾਂਮਾਰੀ ਦੀਆਂ ਚੁਣੌਤੀਆਂ ਦੇ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖ ਰਹੀਆਂ ਹਨ।

ਸ੍ਰੀ ਨਕਵੀ ਨੇ ਕਿਹਾ ਕਿ ਹੱਜ 2021 ਲਈ ਪ੍ਰਬੰਧ ਵਿਸ਼ੇਸ਼ ਨਿਯਮਾਂ, ਦਿਸ਼ਾ-ਨਿਰਦੇਸ਼ਾਂ, ਯੋਗਤਾ ਦੇ ਮਾਪਦੰਡ, ਉਮਰ ਦੀਆਂ ਪਾਬੰਦੀਆਂ, ਸਿਹਤ ਅਤੇ ਤੰਦਰੁਸਤੀ ਦੀਆਂ ਸ਼ਰਤਾਂ ਅਤੇ ਕਰੋਨਾ ਮਹਾਮਾਰੀ ਦੇ ਦੌਰਾਨ ਸਊਦੀ ਅਰਬ ਸਰਕਾਰ ਦੀਆਂ ਹੋਰ ਢੁੱਕਵੀਆਂ ਸ਼ਰਤਾਂ ਨਾਲ ਵਿਸ਼ੇਸ਼ ਹਾਲਤਾਂ ਵਿੱਚ ਕੀਤੇ ਗਏ ਹਨ। ਮਹਾਮਾਰੀ ਦੇ ਮੱਦੇਨਜ਼ਰ ਸਾਰੀ ਹੱਜ ਯਾਤਰਾ ਦੀ ਪ੍ਰਕਿਰਿਆ ਮਹੱਤਵਪੂਰਨ ਤਬਦੀਲੀਆਂ ਨਾਲ ਕੀਤੀ ਗਈ ਹੈ। ਇਨ੍ਹਾਂ ਵਿੱਚ ਭਾਰਤ ਅਤੇ ਸਊਦੀ ਅਰਬ ਦੋਵਾਂ ਵਿੱਚ ਰਿਹਾਇਸ਼, ਯਾਤਰੀਆਂ ਦੇ ਰਹਿਣ ਦੀ ਮਿਆਦ, ਆਵਾਜਾਈ, ਸਿਹਤ ਅਤੇ  ਹੋਰ ਸਹੂਲਤਾਂ ਸ਼ਾਮਲ ਹਨ। ਸਊਦੀ ਅਰਬ ਸਰਕਾਰ ਵੱਲੋਂ ਮਹਾਮਾਰੀ ਦੀ ਸਥਿਤੀ ਦਰਮਿਆਨ ਹੱਜ 2021 ਲਈ ਸਾਰੇ ਲੋੜੀਂਦੇ ਦਿਸ਼ਾ ਨਿਰਦੇਸ਼ ਸਖਤੀ ਨਾਲ ਲਾਗੂ ਕੀਤੇ ਜਾਣਗੇ। ਕਰੋਨਾ ਮਹਾਮਾਰੀ ਦੇ ਕਾਰਨ ਹੱਜ ਕਰਨ ਲਈ ਉਮਰ ਦੇ ਮਾਪਦੰਡਾਂ ਵਿੱਚ ਬਦਲਾਅ ਹੋ ਸਕਦੇ ਹਨ। ਹਰ ਹਾਜੀ ਨੂੰ ਅੰਤਰਰਾਸ਼ਟਰੀ ਹਵਾਈ ਯਾਤਰਾ ਪ੍ਰੋਟੋਕੋਲ ਦੇ ਅਨੁਸਾਰ ਹੱਜ ਯਾਤਰਾ ਤੋਂ 72 ਘੰਟੇ ਪਹਿਲਾਂ ਕਰੋਨਾ ਟੈਸਟ ਕਰਾਉਣਾ ਹੋਵੇਗਾ। ਹਰ ਹਾਜੀ ਨੂੰ ਸਊਦੀ ਅਰਬ ਦੀ ਯਾਤਰਾ ਤੋਂ ਪਹਿਲਾਂ ਇੱਕ ਨੈਗੇਟਿਵ ਨਤੀਜੇ ਦੇ ਨਾਲ ਪ੍ਰਵਾਨਿਤ ਲੈਬ ਦੁਆਰਾ ਜਾਰੀ ਕੀਤਾ ਗਿਆ ਇੱਕ ਪੀਸੀਆਰ ਟੈਸਟ ਸਰਟੀਫਿਕੇਟ ਜਮ੍ਹਾ ਕਰਾਉਣਾ ਹੋਵੇਗਾ। 

ਮਹਾਮਾਰੀ ਦੀ ਸਥਿਤੀ ਅਤੇ ਏਅਰ ਇੰਡੀਆ ਅਤੇ ਹੋਰ ਏਜੰਸੀਆਂ ਤੋਂ ਪ੍ਰਾਪਤ ਹੋਏ ਫੀਡਬੈਕ ਦੇ ਮੱਦੇਨਜ਼ਰ, ਹੱਜ 2021 ਲਈ ਅਰੰਭਕ ਪੁਆਇੰਟਾਂ ਨੂੰ ਘਟਾ ਕੇ 10 ਕਰ ਦਿੱਤਾ ਗਿਆ ਹੈ, ਇਸ ਤੋਂ ਪਹਿਲਾਂ, ਦੇਸ਼ ਭਰ ਵਿਚ 21 ਹੱਜ ਅਰੰਭਕ ਪੁਆਇੰਟ ਸਨ। ਹੱਜ 2021 ਲਈ, 10 ਪ੍ਰਮਾਣਿਤ ਬਿੰਦੂ ਹਨ- ਅਹਿਮਦਾਬਾਦ, ਬੰਗਲੁਰੂ, ਕੋਚਿਨ, ਦਿੱਲੀ, ਗੁਹਾਟੀ, ਹੈਦਰਾਬਾਦ, ਕੋਲਕਾਤਾ, ਲਖਨਊ, ਮੁੰਬਈ ਅਤੇ ਸ੍ਰੀਨਗਰ।

ਅਹਿਮਦਾਬਾਦ ਅਰੰਭਕ ਪੁਆਇੰਟ ਪੂਰੇ ਗੁਜਰਾਤ ਨੂੰ ਕਵਰ ਕਰੇਗਾ; ਬੰਗਲੁਰੂ ਪੂਰੇ ਕਰਨਾਟਕ ਨੂੰ ਕਵਰ ਕਰੇਗਾ; ਕੋਚੀਨ (ਕੇਰਲ, ਲਕਸ਼ਦੀਪ, ਪੁਡੂਚੇਰੀ, ਤਾਮਿਲਨਾਡੂ, ਅੰਡੇਮਾਨ ਅਤੇ ਨਿਕੋਬਾਰ); ਦਿੱਲੀ (ਦਿੱਲੀ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਉਤਰਾਖੰਡ, ਰਾਜਸਥਾਨ, ਉੱਤਰ ਪ੍ਰਦੇਸ਼ ਦੇ ਪੱਛਮੀ ਜ਼ਿਲ੍ਹੇ); ਗੁਹਾਟੀ (ਅਸਾਮ, ਮੇਘਾਲਿਆ, ਮਨੀਪੁਰ, ਅਰੁਣਾਚਲ ਪ੍ਰਦੇਸ਼, ਸਿੱਕਮ, ਨਾਗਾਲੈਂਡ); ਕੋਲਕਾਤਾ (ਪੱਛਮੀ ਬੰਗਾਲ, ਓਡੀਸ਼ਾ, ਤ੍ਰਿਪੁਰਾ, ਝਾਰਖੰਡ, ਬਿਹਾਰ); ਲਖਨਊ (ਉੱਤਰ ਪ੍ਰਦੇਸ਼ ਦੇ ਸਾਰੇ ਹਿੱਸੇ ਕੇਵਲ ਪੱਛਮੀ ਹਿੱਸੇ ਨੂੰ ਛੱਡ ਕੇ ); ਮੁੰਬਈ (ਮਹਾਰਾਸ਼ਟਰ, ਗੋਆ, ਮੱਧ ਪ੍ਰਦੇਸ਼, ਛੱਤੀਸਗੜ, ਦਮਨ ਅਤੇ ਦਿਉ, ਦਾਦਰਾ ਅਤੇ ਨਗਰ ਹਵੇਲੀ) ਅਤੇ ਸ੍ਰੀਨਗਰ ਅਰੰਭਕ ਬਿੰਦੂ ਜੰਮੂ-ਕਸ਼ਮੀਰ, ਲੇਹ-ਲੱਦਾਖ-ਕਾਰਗਿਲ ਨੂੰ ਕਵਰ ਕਰੇਗਾ।

ਕੇਂਦਰੀ ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਦੇ ਸੀਨੀਅਰ ਅਧਿਕਾਰੀ; ਹੱਜ ਕਮੇਟੀ ਆਫ ਇੰਡੀਆ ਦੇ ਸੀਈਓ ਸ਼੍ਰੀ ਐਮ ਏ ਖਾਨ ਅਤੇ ਹੋਰ ਅਧਿਕਾਰੀ ਮੀਟਿੰਗ ਵਿੱਚ ਹਾਜ਼ਰ ਸਨ।

****

ਡੀਜੇਐਮ / ਐਸਸੀ / ਪੀਕੇ


(Release ID: 1679862) Visitor Counter : 224