ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੋਵਿਡ-19 ਜਿਹੀਆਂ ਆਲਮੀ ਚੁਣੌਤੀਆਂ ‘ਤੇ ਕਾਬੂ ਪਾਉਣ ਲਈ ਬਹੁ-ਪੱਖੀ ਸਹਿਯੋਗ ਕੁੰਜੀ ਹੈ: ਡਾ. ਹਰਸ਼ ਵਰਧਨ
ਐੱਸਸੀਓ ਦੇ ਨੌਜਵਾਨ ਵਿਗਿਆਨੀਆਂ ਨੂੰ ਕੋਰੋਨਾ ਦੀ ਮੌਜੂਦਾ ਮਹਾਮਾਰੀ ਸਮੇਤ ਆਮ ਸਮਾਜਿਕ ਚੁਣੌਤੀਆਂ ਦੇ ਹੱਲ ਵਿਕਸਿਤ ਕਰਨ ਲਈ ਅੱਗੇ ਆਉਣ ਅਤੇ ਸਹਿਯੋਗ ਕਰਨ ਦਾ ਸੱਦਾ ਦਿੱਤਾ
Posted On:
24 NOV 2020 4:29PM by PIB Chandigarh
“ਸਾਡੀ ਪ੍ਰਮੁੱਖ ਸੰਸਥਾ - ਇੰਡੀਅਨ ਕੌਂਸਲ ਆਵ੍ ਮੈਡੀਕਲ ਰਿਸਰਚ (ਆਈਸੀਐੱਮਆਰ) - ਕੋਵਿਡ-19 ਵੈਕਸੀਨ ਟੀਕੇ ਤਿਆਰ ਕਰਨ ਲਈ ਕੀਤੀਆਂ ਜਾ ਰਹੀਆਂ ਅਜ਼ਮਾਇਸ਼ਾਂ ਵਿੱਚ ਸ਼ਾਮਲ ਹੈ। ਭਾਰਤ ਟੀਕੇ ਦੇ ਸਾਰੇ ਪ੍ਰਮੁੱਖ ਦਾਅਵੇਦਾਰਾਂ ਲਈ ਕਲੀਨਿਕਲ ਅਜ਼ਮਾਇਸ਼ਾਂ ਦੀ ਮੇਜ਼ਬਾਨੀ ਵੀ ਕਰ ਰਿਹਾ ਹੈ। ਭਾਰਤ ਵਿਚ ਤਕਰੀਬਨ 30 ਟੀਕੇ ਵਿਕਾਸ ਦੇ ਵਿਭਿੰਨ ਪੜਾਵਾਂ ਵਿਚ ਹਨ। ਇਨ੍ਹਾਂ ਵਿੱਚੋਂ ਦੋ ਟੀਕੇ - ਆਈਸੀਐੱਮਆਰ-ਭਾਰਤ ਬਾਇਓਟੈੱਕ ਸਹਿਯੋਗ ਦੁਆਰਾ ਤਿਆਰ ਕੀਤਾ ਗਿਆ ਕੋਵੈਕਸਿਨ ਟੀਕਾ ਅਤੇ ਭਾਰਤ ਦੇ ਸੀਰਮ ਇੰਸਟੀਟਿਊਟ ਦੁਆਰਾ ਤਿਆਰ ਕੀਤਾ ਗਿਆ ਕੋਵੀਸ਼ਿਲਡ, ਵਿਕਾਸ ਦੇ ਸਭ ਤੋਂ ਬਹੁਤ ਅਡਵਾਂਸਡ ਪੜਾਅ ਵਿੱਚ ਹਨ। ਵਿਸ਼ਵ ਦਾ ਸਭ ਤੋਂ ਵੱਡਾ ਵੈਕਸੀਨ ਟੀਕਾ ਨਿਰਮਾਤਾ ਇੰਸਟੀਟਿਊਟ, ਔਕਸਫੋਰਡ ਯੂਨੀਵਰਸਿਟੀ ਦੁਆਰਾ ਵਿਕਸਿਤ ਵੈਕਸੀਨ ਟੀਕੇ ਲਈ ਟ੍ਰਾਇਲ ਕਰ ਰਿਹਾ ਹੈ। ਦੋਵੇਂ ਪੜਾਅ III ਦੇ ਕਲੀਨਿਕਲ ਅਜ਼ਮਾਇਸ਼ ਪੜਾਅ ਵਿੱਚ ਹਨ। ਸਾਡੀਆਂ ਵੱਡੀਆਂ ਫਾਰਮਾ ਕੰਪਨੀਆਂ ਵਿੱਚੋਂ ਇੱਕ, ਡਾ. ਰੈਡੀਜ਼ ਲੈਬਾਰਟਰੀਜ਼, ਅੰਤਿਮ ਪੜਾਅ ਵਿੱਚ ਮਨੁੱਖੀ ਅਜ਼ਮਾਇਸ਼ਾਂ ਕਰਵਾਉਣ ਅਤੇ ਨਿਯਮਿਤ ਪ੍ਰਵਾਨਗੀ ਪ੍ਰਾਪਤ ਕਰਨ ਤੋਂ ਬਾਅਦ ਭਾਰਤ ਵਿੱਚ ਰੂਸੀ ਟੀਕਾ ਵਿਤ੍ਰਿਤ ਕਰੇਗੀ।” ਸਿਹਤ ਅਤੇ ਪਰਿਵਾਰ ਭਲਾਈ, ਵਿਗਿਆਨ ਅਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਇਥੇ ਆਯੋਜਿਤ ਕੀਤੇ ਗਏ ਪਹਿਲੇ ਵਰਚੁਅਲ ਐੱਸਸੀਓ ਯੰਗ ਸਾਇੰਟਿਸਟ ਕਨਕਲੇਵ ਵਿਖੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਇਹ ਗੱਲ ਕਹੀ। ਉਨ੍ਹਾਂ ਕਿਹਾ, “ਇਸ ਕਨਵਲੇਵ ਦਾ ਮੁੱਖ ਉਦੇਸ਼ ਖੋਜ ਅਤੇ ਇਨੋਵੇਸ਼ਨ ਰਾਹੀਂ ਸਾਂਝੀਆਂ ਸਮਾਜਿਕ ਚੁਣੌਤੀਆਂ ਨੂੰ ਹੱਲ ਕਰਨ ਲਈ ਉਨ੍ਹਾਂ ਦੇ ਗਿਆਨ ਦੀ ਵਰਤੋਂ ਕਰਨ ਲਈ ਐੱਸਸੀਓ (ਸ਼ੰਘਾਈ ਸਹਿਕਾਰਤਾ ਸੰਗਠਨ) ਤੋਂ ਪ੍ਰਤਿਭਾਵਾਨ ਨੌਜਵਾਨ ਦਿਮਾਗਾਂ ਨੂੰ ਇਕ ਸਾਂਝੇ ਮੰਚ ‘ਤੇ ਲਿਆਉਣਾ ਹੈ।

ਡਾ. ਹਰਸ਼ ਵਰਧਨ ਨੇ ਕਿਹਾ, “ਕੋਵਿਡ -19 ਨਾਲ ਨਜਿੱਠਣ ਵਿੱਚ, ਭਾਰਤ ਨੇ ਆਪਣੀ ਮਹੱਤਵਪੂਰਨ ਵਿਗਿਆਨਕ ਯੋਗਤਾ ਦੀ ਵਰਤੋਂ ਕੀਤੀ ਹੈ। ਸਵਦੇਸ਼ੀ ਟੀਕਿਆਂ ਦੇ ਵਿਕਾਸ ਤੋਂ ਲੈ ਕੇ, ਪ੍ਰੰਪਰਾਗਤ ਗਿਆਨ 'ਤੇ ਅਧਾਰਿਤ ਨੋਵੇਲ ਪੁਆਇੰਟ-ਆਵ੍ ਕੇਅਰ ਡਾਇਗਨੌਸਟਿਕਸ ਅਤੇ ਉਪਚਾਰ ਸਬੰਧੀ ਫਾਰਮੂਲੇ, ਖੋਜ ਸਰੋਤਾਂ ਦੀ ਸਥਾਪਨਾ ਕਰਨ ਲਈ, ਜਨਤਕ ਅਤੇ ਨਿੱਜੀ ਦੋਵੇਂ, ਭਾਰਤੀ ਖੋਜ ਅਤੇ ਵਿਕਾਸ ਸੰਸਥਾਵਾਂ ਮਹਾਮਾਰੀ ਨਾਲ ਲੜਨ ਲਈ ਪ੍ਰਭਾਵਸ਼ਾਲੀ ਦਖਲਅੰਦਾਜ਼ੀ ਕਰਨ ਲਈ ਨਿਰੰਤਰ ਮਿਹਨਤ ਕਰ ਰਹੀਆਂ ਹਨ। ਉਨ੍ਹਾਂ ਦੱਸਿਆ “ਸਰਕਾਰੀ ਸਹਾਇਤਾ ਨਾਲ 100 ਤੋਂ ਵੱਧ ਸਟਾਰਟ-ਅੱਪਸ ਨੇ ਕੋਵਿਡ -19 ਨਾਲ ਨਜਿੱਠਣ ਲਈ ਇਨੋਵੇਟਿਵ ਉਤਪਾਦ ਅਤੇ ਹੱਲ ਮੁਹੱਈਆ ਕਰਵਾਏ ਹਨ।”
ਮੰਤਰੀ ਨੇ "ਐੱਸਸੀਓ ਦੇ ਨੌਜਵਾਨ ਵਿਗਿਆਨੀਆਂ ਨੂੰ ਇੱਕ ਵਿਸ਼ੇਸ਼ ਬੇਨਤੀ" ਕਰਦਿਆਂ ਕਿਹਾ ਕਿ ਵਿਸ਼ਵ ਦੀ ਭਲਾਈ, ਮਨੁੱਖੀ ਭਲਾਈ ਲਈ "ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਸਾਡੀਆਂ ਸਮਾਜਿਕ ਚੁਣੌਤੀਆਂ ਦੇ ਹੱਲ ਵਿਕਸਿਤ ਕਰਨੇ ਚਾਹੀਦੇ ਹਨ, ਜਿਨ੍ਹਾਂ ਵਿੱਚ ਮੌਜੂਦਾ ਕੋਰੋਨਾ ਮਹਾਮਾਰੀ ਸ਼ਾਮਲ ਹੈ।" ਇਹ ਕਹਿੰਦੇ ਹੋਏ ਕਿ “ਕੋਵਿਡ -19 ਮਹਾਮਾਰੀ ਇੱਕ ਪ੍ਰੀਖਿਆ ਹੈ”, ਉਨ੍ਹਾਂ ਜ਼ੋਰ ਦੇ ਕੇ ਕਿਹਾ, “ਇਸ ਨੇ ਦਿਖਾਇਆ ਕਿ ਬਹੁ-ਪੱਖੀ ਸਹਿਯੋਗ ਅਜਿਹੀਆਂ ਆਲਮੀ ਚੁਣੌਤੀਆਂ ਨੂੰ ਕਾਬੂ ਕਰਨ ਦੀ ਕੁੰਜੀ ਹੈ।”
ਡਾ. ਹਰਸ਼ ਵਰਧਨ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਕੋਵਿਡ -19 ਟੀਕੇ ਦੀ ਖੋਜ ਲਈ 12 ਕਰੋੜ ਯੂਐੱਸ ਡਾਲਰ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ “ਇਹ ਕੋਵਿਡ ਸੁਰਕਸ਼ਾ ਮਿਸ਼ਨ (ਕੋਵਿਡ ਤੋਂ ਸੁਰੱਖਿਆ ਲਈ ਮਿਸ਼ਨ) ਲਈ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਪੂਰੀ ਤਰ੍ਹਾਂ ਇਸ ਖੇਤਰ ਵਿੱਚ ਖੋਜ ਅਤੇ ਵਿਕਾਸ ਲਈ ਵਰਤੀ ਜਾਏਗੀ।” ਇਹ ਦੱਸਦੇ ਹੋਏ ਕਿ “ਇਨੋਵੇਸ਼ਨ ਉਤਪਾਦਕਤਾ ਅਤੇ ਖੁਸ਼ਹਾਲੀ ਨੂੰ ਵਧਾਉਣ ਦਾ ਮੁੱਖ ਚਾਲਕ ਹੈ”, ਉਨ੍ਹਾਂ ਹਾਜ਼ਰੀਨ ਨੂੰ ਕਿਹਾ, “ਭਾਰਤ ਸਟਾਰਟ-ਅੱਪਸ ਅਤੇ ਇਨੋਵੇਸ਼ਨ ਦਾ ਕੇਂਦਰ ਬਣ ਗਿਆ ਹੈ।” ਭਾਰਤੀ ਨੌਜਵਾਨਾਂ ਨੇ ਆਪਣੀ ਭਵਿੱਖਵਾਦੀ ਅਤੇ ਆਊਟ-ਆਵ੍-ਦ-ਬੋਕਸ ਸੋਚ ਦੇ ਕਾਰਨ ਆਪਣੇ ਆਪ ਨੂੰ ਪ੍ਰਤਿਸ਼ਠਿਤ ਕੀਤਾ ਹੈ।
ਉਨ੍ਹਾਂ ਇਹ ਵੀ ਦੱਸਿਆ, “ਵਿਗਿਆਨ ਦੇ ਚੁਣੌਤੀਪੂਰਨ ਖੇਤਰਾਂ ਵਿੱਚ ਨੌਜਵਾਨਾਂ ਪ੍ਰਤਿਭਾ ਨੂੰ ਅਵਸਰ ਅਤੇ ਅਗਵਾਈ ਦੇਣ ਲਈ, ਭਾਰਤ ਨੇ ਪੰਜ ਵਿਸ਼ੇਸ਼ ਖੋਜ ਪ੍ਰਯੋਗਸ਼ਾਲਾਵਾਂ ਸਥਾਪਿਤ ਕੀਤੀਆਂ ਹਨ। ਹਰੇਕ ਪ੍ਰਯੋਗਸ਼ਾਲਾ ਵਿਗਿਆਨ ਕੇਂਦ੍ਰਿਤ ਖੇਤਰ-ਆਰਟੀਫੀਸ਼ੀਅਲ ਇੰਟੈਲੀਜੈਂਸ, ਕੁਆਂਟਮ ਟੈਕਨੋਲੋਜੀ, ਬੋਧਵਾਦੀ ਟੈਕਨੋਲੋਜੀ, ਅਸਿਮਿਟ੍ਰਿਕ ਟੈਕਨੋਲੋਜੀ ਅਤੇ ਸਮਾਰਟ ਸਮਗਰੀ ਨਾਲ ਸਬੰਧ ਰੱਖਦੀ ਹੈ। ਉਨ੍ਹਾਂ ਕਿਹਾ “ਨਿਰਧਾਰਿਤ ਨਿਯਮਾਂ ਅਨੁਸਾਰ ਇਨ੍ਹਾਂ ਪ੍ਰਯੋਗਸ਼ਾਲਾਵਾਂ ਦੇ ਡਾਇਰੈਕਟਰ ਸਮੇਤ ਹਰੇਕ ਦੀ ਉਮਰ 35 ਸਾਲ ਤੋਂ ਘੱਟ ਹੈ।”
ਡਾ. ਹਰਸ਼ ਵਰਧਨ ਨੇ ਯਾਦ ਦਿਵਾਇਆ ਕਿ ਹਾਲ ਹੀ ਵਿੱਚ 10 ਨਵੰਬਰ, 2020 ਨੂੰ ਹੋਏ ਐੱਸਸੀਓ ਦੇਸ਼ਾਂ ਦੇ ਮੁੱਖੀਆਂ ਦੇ ਸਿਖਰ ਸੰਮੇਲਨ ਦੀ ਬੈਠਕ ਵਿੱਚ ਭਾਰਤ ਨੇ ਸਟਾਰਟ-ਅੱਪਸ ਈਕੋਸਿਸਟਮ ਵਿੱਚ ਅਪਣੇ ਸਮ੍ਰਿਧ ਅਨੁਭਵ ਸਾਂਝੇ ਕਰਨ ਲਈ ਇਨੋਵੇਸ਼ਨ ਅਤੇ ਸਟਾਰਟ-ਅੱਪਸ ‘ਤੇ ਇਕ ਵਿਸ਼ੇਸ਼ ਕਾਰਜ ਸਮੂਹ ਸਥਾਪਿਤ ਕਰਨ ਦਾ ਪ੍ਰਸਤਾਵ ਦਿੱਤਾ ਸੀ। ਮੰਤਰੀ ਨੇ ਅੱਗੇ ਕਿਹਾ, “ਅਸੀਂ ਰਵਾਇਤੀ ਦਵਾਈਆਂ ਬਾਰੇ ਵੀ ਇੱਕ ਵਰਕਿੰਗ ਸਮੂਹ ਦੀ ਤਜਵੀਜ਼ ਰੱਖੀ ਹੈ, ਤਾਂ ਜੋ ਰਵਾਇਤੀ ਅਤੇ ਪੁਰਾਤਨ ਦਵਾਈਆਂ ਦਾ ਗਿਆਨ ਐੱਸਸੀਓ ਦੇਸ਼ਾਂ ਵਿੱਚ ਫੈਲੇ ਅਤੇ ਸਮਕਾਲੀ ਦਵਾਈਆਂ ਇੱਕ ਦੂਜੇ ਦੇ ਪੂਰਕ ਹੋ ਸਕਣ।” ਡਾ. ਹਰਸ਼ ਵਰਧਨ ਨੇ ਜ਼ੋਰ ਦਿੱਤਾ “ਐੱਸਸੀਓ ਦੀ ਤਰੱਕੀ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਦੇ ਖੇਤਰ ਵਿੱਚ ਇਸ ਦੀ ਸਫਲਤਾ ਉੱਤੇ ਨਿਰਭਰ ਕਰਦੀ ਹੈ। ਇਸ ਲੈਂਡਸਕੇਪ ਨੂੰ ਬਦਲਣ ਦੀ ਜ਼ਰੂਰਤ ਹੈ।”
ਭਾਰਤ ਦੁਆਰਾ ਮੇਜ਼ਬਾਨੀ ਕੀਤੇ ਗਏ ਇਸ ਪਹਿਲੇ ਐੱਸਸੀਓ ਯੰਗ ਸਾਇੰਟਿਸਟਸ ਕਨਕਲੇਵ ਲਈ ਨਾਮਜ਼ਦ ਕੀਤੇ ਗਏ ਸਾਰੇ ਨੌਜਵਾਨ ਵਿਗਿਆਨੀਆਂ ਨੂੰ ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਨੇ ਵਧਾਈ ਦਿੱਤੀ, ਅਤੇ ਉਨ੍ਹਾਂ “ਮੇਰੀਆਂ ਆਪਣੀਆਂ ਸੰਸਥਾਵਾਂ- ਸਾਇੰਸ ਅਤੇ ਟੈਕਨੋਲੋਜੀ ਵਿਭਾਗ ਅਤੇ ਇੰਡੀਅਨ ਇੰਸਟੀਟਿਊਟ ਆਵ੍ ਕੈਮੀਕਲ ਟੈਕਨੋਲੋਜੀ, ਅਤੇ ਵਿਦੇਸ਼ ਮੰਤਰਾਲੇ ਦਾ ਕੋਵਿਡ-19 ਮਹਾਮਾਰੀ ਦੁਆਰਾ ਪੈਦਾ ਕੀਤੀਆਂ ਚੁਣੌਤੀਆਂ ਅਤੇ ਰੁਕਾਵਟਾਂ ਦੇ ਬਾਵਜੂਦ, ਇਸ ਸੰਮੇਲਨ ਦੀ ਮੇਜ਼ਬਾਨੀ ਲਈ ਧੰਨਵਾਦ ਕੀਤਾ। ਉਨ੍ਹਾਂ ਰੇਖਾਂਕਿਤ ਕੀਤਾ, “ਨੌਜਵਾਨ ਵਿਗਿਆਨੀਆਂ ਦਾ ਮਨੋਰਥ-ਇਨੋਵੇਟ, ਪੇਟੈਂਟ, ਪ੍ਰੋਡਿਊਸ ਅਤੇ ਪ੍ਰੋਸਪਰ ਹੋਣਾ ਚਾਹੀਦਾ ਹੈ। ਇਹ ਚਾਰ ਕਦਮ ਸਾਡੇ ਦੇਸ਼ਾਂ ਨੂੰ ਤੇਜ਼ੀ ਨਾਲ ਵਿਕਾਸ ਵੱਲ ਲੈ ਜਾਣਗੇ।
ਸ਼੍ਰੀ ਵਲਾਦੀਮੀਰ ਨੋਰੋਵ, ਸ਼ੰਘਾਈ ਸਹਿਕਾਰਤਾ ਸੰਗਠਨ ਦੇ ਜਨਰਲ ਸਕੱਤਰ; ਡਾ. ਐੱਸ. ਚੰਦਰਸ਼ੇਖਰ, ਡਾਇਰੈਕਟਰ, ਸੀਐੱਸਆਈਆਰ-ਇੰਡੀਅਨ ਇੰਸਟੀਟਿਊਟ ਆਫ ਕੈਮੀਕਲ ਟੈਕਨੋਲੋਜੀ, ਹੈਦਰਾਬਾਦ, ਭਾਰਤ; ਸ਼੍ਰੀ ਵਿਕਾਸ ਸਵਰੂਪ, ਸੈਕਟਰੀ (ਡਬਲਯੂਈਐੱਸਟੀ), ਵਿਦੇਸ਼ ਮੰਤਰਾਲਾ, ਭਾਰਤ ਸਰਕਾਰ; ਪ੍ਰੋ. ਆਸ਼ੂਤੋਸ਼ ਸ਼ਰਮਾ, ਸਕੱਤਰ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ, ਭਾਰਤ ਸਰਕਾਰ; ਸ਼੍ਰੀ ਸੰਜੀਵ ਕੁਮਾਰ ਵਰਸ਼ਨੇ; ਮੁੱਖੀ, ਅੰਤਰਰਾਸ਼ਟਰੀ ਸਹਿਯੋਗ ਡਵੀਜ਼ਨ, ਡੀਐੱਸਟੀ; ਐੱਸਸੀਓ ਮੈਂਬਰ ਦੇਸ਼ਾਂ ਤੋਂ ਨਾਮਜ਼ਦ ਨੌਜਵਾਨ ਵਿਗਿਆਨੀ; ਐੱਸਸੀਓ ਮੈਂਬਰ ਦੇਸ਼ਾਂ ਦੇ ਸੀਨੀਅਰ ਮਾਹਿਰ / ਸਲਾਹਕਾਰ; ਐੱਸਸੀਓ ਮੈਂਬਰ ਦੇਸ਼ਾਂ ਦੇ ਵਿਗਿਆਨਕ ਮੰਤਰਾਲਿਆਂ ਦੇ ਪ੍ਰਤੀਨਿਧੀ; ਭਾਰਤੀ ਮਿਸ਼ਨ ਪ੍ਰਮੁੱਖ / ਰਾਜਦੂਤ, ਐੱਸਸੀਓ ਦੇਸ਼ਾਂ ਵਿੱਚ ਸਾਇੰਸ ਕਾਊਂਸਲਰ, ਉਚੇਚੇ ਤੌਰ 'ਤੇ ਸ਼ਾਮਲ ਹੋਈਆਂ ਸ਼ਖਸੀਅਤਾਂ ਵਿੱਚ ਸ਼ਾਮਲ ਸਨ।




"ਐੱਸਸੀਓ ਬੈਕਗ੍ਰਾਊਂਡਰ ਲਈ ਇੱਥੇ ਕਲਿੱਕ ਕਰੋ".
********
ਐੱਨਬੀ / ਕੇਜੀਐੱਸ / (ਡੀਐੱਸਟੀ ਮੀਡੀਆ ਸੈੱਲ)
(Release ID: 1675481)