ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਮੰਤਰੀ ਦੀ ਪ੍ਰਧਾਨਗੀ ਹੇਠ ਕੋਵਿਡ–19 ਦਾ ਸਾਹਮਣਾ ਕਰਨ ਤੇ ਪ੍ਰਬੰਧ ਦੀ ਤਾਜ਼ਾ ਸਥਿਤੀ ਤੇ ਤਿਆਰੀਆਂ ਦੀ ਸਮੀਖਿਆ ਬਾਰੇ ਮੁੱਖ ਮੰਤਰੀਆਂ ਨਾਲ ਉੱਚ–ਪੱਧਰੀ ਬੈਠਕ ਹੋਈ
ਕੋਵਿਡ–19 ਵੈਕਸੀਨ ਦੀ ਡਿਲਿਵਰੀ, ਵੰਡ ਤੇ ਉਸ ਨੂੰ ਦੇਣ ਦੀਆਂ ਵਾਧਾਂ–ਘਾਟਾਂ ਬਾਰੇ ਵਿਚਾਰ–ਵਟਾਂਦਰਾ ਕੀਤਾ
ਕੋਵਿਡ ਖ਼ਿਲਾਫ਼ ਜੰਗ ਵਿੱਚ ਹਰੇਕ ਜਾਨ ਬਚਾਉਣ ਉੱਤੇ ਧਿਆਨ ਕੇਂਦ੍ਰਿਤ ਕਰਨ ਵਾਂਗ ਹੀ ਵੈਕਸੀਨ ਨੂੰ ਹਰੇਕ ਵਿਅਕਤੀ ਤੱਕ ਯਕੀਨੀ ਤੌਰ ’ਤੇ ਪਹੁੰਚਾਉਣ ਨੂੰ ਤਰਜੀਹ ਦਿੱਤੀ ਜਾਵੇਗੀ: ਪ੍ਰਧਾਨ ਮੰਤਰੀ
ਮੁੱਖ ਮੰਤਰੀਆਂ ਨੇ ਰਾਜਾਂ ਵਿੱਚ ਅਸਲ ਸਥਿਤੀ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ
Posted On:
24 NOV 2020 3:09PM by PIB Chandigarh
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕੋਵਿਡ–19 ਦਾ ਸਾਹਮਣਾ ਕਰਨ ਤੇ ਉਸ ਦੇ ਪ੍ਰਬੰਧ ਦੀ ਤਾਜ਼ਾ ਸਥਿਤੀ ਅਤੇ ਤਿਆਰੀਆਂ ਦੀ ਸਮੀਖਿਆ ਕਰਨ ਲਈ ਮੁੱਖ ਮੰਤਰੀਆਂ ਨਾਲ ਇੱਕ ਉੱਚ–ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ ਤੇ ਇਸ ਦੌਰਾਨ ਵਧੇਰੇ ਮਾਮਲਿਆਂ ਵਾਲੇ ਅੱਠ ਰਾਜਾਂ ਉੱਤੇ ਖ਼ਾਸ ਜ਼ੋਰ ਦਿੱਤਾ ਗਿਆ। ਇਹ ਰਾਜ ਸਨ ਹਰਿਆਣਾ, ਦਿੱਲੀ, ਛੱਤੀਸਗੜ੍ਹ, ਕੇਰਲ, ਮਹਾਰਾਸ਼ਟਰ, ਰਾਜਸਥਾਨ, ਗੁਜਰਾਤ ਤੇ ਪੱਛਮ ਬੰਗਾਲ। ਇਸ ਬੈਠਕ ਦੌਰਾਨ ਕੋਵਿਡ–19 ਵੈਕਸੀਨ ਦੀ ਡਿਲਿਵਰੀ, ਵੰਡ ਤੇ ਉਸ ਨੂੰ ਦੇਣ ਦੀਆਂ ਵਾਧਾਂ–ਘਾਟਾਂ ਬਾਰੇ ਵਿਚਾਰ–ਵਟਾਂਦਰਾ ਕੀਤਾ ਗਿਆ।
ਸਿਹਤ ਬੁਨਿਆਦੀ ਢਾਂਚੇ ਵਿੱਚ ਵਾਧਾ
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੇ ਮਹਾਮਾਰੀ ਦਾ ਸਾਹਮਣਾ ਇੱਕਜੁਟ ਯਤਨਾਂ ਨਾਲ ਕੀਤਾ ਅਤੇ ਸਿਹਤਯਾਬੀ ਦੀ ਦਰ ਤੇ ਮੌਤ ਦਰ ਦੋਵੇਂ ਮਾਮਲਿਆਂ ਵਿੱਚ ਭਾਰਤ ਦੀ ਸਥਿਤੀ ਹੋਰ ਬਹੁਤੇ ਦੇਸ਼ਾਂ ਦੇ ਮੁਕਾਬਲੇ ਬਿਹਤਰ ਹੈ। ਉਨ੍ਹਾਂ ਟੈਸਟਿੰਗ ਤੇ ਇਲਾਜ ਦੇ ਨੈੱਟਵਰਕ ਦੇ ਪਾਸਾਰ ਬਾਰੇ ਗੱਲ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਕੇਅਰਸ ਫ਼ੰਡ ਦਾ ਵਿਸ਼ੇਸ਼ ਜ਼ੋਰ ਆਕਸੀਜਨ ਉਪਲਬਧ ਕਰਵਾਉਣ ਉੱਤੇ ਦਿੱਤਾ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜਾਂ ਤੇ ਜ਼ਿਲ੍ਹਾ ਹਸਪਤਾਲਾਂ ਨੂੰ ਆਕਸੀਜਨ ਤਿਆਰ ਕਰਨ ਦੇ ਮਾਮਲੇ ’ਚ ਆਤਮਨਿਰਭਰ ਬਣਾਉਣ ਦੇ ਮਾਮਲੇ ’ਚ ਯਤਨ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਦੱਸਿਆ ਕਿ 160 ਤੋਂ ਵੱਧ ਨਵੇਂ ਆਕਸੀਜਨ ਪਲਾਂਟਸ ਸਥਾਪਿਤ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ।
ਲੋਕਾਂ ਦੀ ਪ੍ਰਤੀਕਿਰਿਆ ਦੇ ਚਾਰ ਪੜਾਅ
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਮਝਣਾ ਮਹੱਤਵਪੂਰਨ ਹੈ ਕਿ ਲੋਕਾਂ ਦੀ ਇਸ ਮਹਾਮਾਰੀ ਬਾਰੇ ਕੀ ਪ੍ਰਤੀਕਿਰਿਆ ਰਹੀ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਪ੍ਰਤੀਕਿਰਿਆ ਨੂੰ ਚਾਰ ਪੜਾਵਾਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲੀ ਸੀ ਡਰ, ਜਦੋਂ ਲੋਕਾਂ ਨੇ ਕੁਝ ਦਹਿਸ਼ਤ ਵਿੱਚ ਪ੍ਰਤੀਕਰਮ ਦਿੱਤਾ। ਦੂਜਾ ਪੜਾ ਸੀ ਵਾਇਰਸ ਬਾਰੇ ਕੁਝ ਸ਼ੰਕੇ ਪ੍ਰਗਟ ਕੀਤੇ ਗਏ, ਜਦੋਂ ਕਈ ਲੋਕਾਂ ਨੇ ਆਪਣੇ ਸਰੀਰ ਨੂੰ ਲੱਗੀ ਛੂਤ ਦਾ ਸੱਚ ਲੁਕਾਉਣ ਦੀ ਕੋਸ਼ਿਸ਼ ਕੀਤੀ। ਤੀਜਾ ਪੜਾਅ ਸੀ ਪ੍ਰਵਾਨਗੀ, ਜਦੋਂ ਲੋਕ ਇਸ ਵਾਇਰਸ ਪ੍ਰਤੀ ਵਧੇਰੇ ਗੰਭੀਰ ਹੋ ਗਏ ਤੇ ਉਨ੍ਹਾਂ ਜ਼ਿਆਦਾ ਚੌਕਸੀ ਵਿਖਾਈ। ਚੌਥੇ ਪੜਾਅ ’ਚ, ਸਿਹਤਯਾਬੀ ਦੀ ਦਰ ਵਧਣ ਨਾਲ, ਲੋਕਾਂ ਨੇ ਵਾਇਰਸ ਤੋਂ ਸੁਰੱਖਿਆ ਦਾ ਝੂਠਾ ਵਿਚਾਰ ਵਿਕਸਿਤ ਕਰ ਲਿਆ, ਜਿਸ ਕਾਰਨ ਲਾਪਰਵਾਹੀ ਦੀਆਂ ਘਟਨਾਵਾਂ ਵਧਣ ਲੱਗੀਆਂ। ਪ੍ਰਧਾਨ ਮੰਤਰੀ ਨੇ ਆਪਣੇ ਨੁਕਤੇ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਚੌਥੇ ਪੜਾਅ ’ਚ ਇਸ ਵਾਇਰਸ ਦੀ ਗੰਭੀਰਤਾ ਬਾਰੇ ਜਾਗਰੂਕਤਾ ਵਧਾਉਣਾ ਬਹੁਤ ਜ਼ਿਆਦਾ ਅਹਿਮ ਹੈ। ਉਨ੍ਹਾਂ ਕਿਹਾ ਕਿ ਜਿੱਥੇ ਦੇਸ਼ਾਂ ਵਿੱਚ ਪਹਿਲਾਂ ਇਸ ਦਾ ਪ੍ਰਭਾਵ ਘਟ ਰਿਹਾ ਸੀ, ਉੱਥੇ ਹੁਣ ਇਸ ਮਹਾਮਾਰੀ ਦੇ ਫੈਲਣ ਦਾ ਰੁਝਾਨ ਵਧ ਗਿਆ ਹੈ, ਇਸੇ ਕਾਰਨ ਪ੍ਰਸ਼ਾਸਨ ਨੂੰ ਵਧੇਰੇ ਫੁਰਤੀ ਤੇ ਸਾਵਧਾਨੀ ਦਿਖਾਉਣ ਦੀ ਲੋੜ ਪਈ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ RT-PCR ਟੈਸਟ ਵਧਾਉਣਾ, ਖ਼ਾਸ ਤੌਰ ਉੱਤੇ ਘਰਾਂ ਅੰਦਰ ਏਕਾਂਤਵਾਸ ਵਿੱਚ ਰਹਿ ਰਹੇ ਮਰੀਜ਼ਾਂ ਦੀ ਬਿਹਤਰ ਨਿਗਰਾਨੀ ਯਕੀਨੀ ਬਣਾਉਣਾ, ਪਿੰਡ ਤੇ ਸਥਾਨਕ ਪੱਧਰ ਉੱਤੇ ਸਿਹਤ ਕੇਂਦਰਾਂ ਵਿੱਚ ਬਿਹਤਰ ਉਪਕਰਣ ਸਥਾਪਿਤ ਕਰਨਾ ਅਤੇ ਵਾਇਰਸ ਤੋਂ ਸੁਰੱਖਿਆ ਲਈ ਜਾਗਰੂਕਤਾ ਮੁਹਿੰਮਾਂ ਜਾਰੀ ਰੱਖਣਾ ਅਹਿਮ ਹੈ। ਉਨ੍ਹਾਂ ਕਿਹਾ ਕਿ ਸਾਡਾ ਟੀਚਾ ਮੌਤ ਦਰ 1% ਤੋਂ ਘੱਟ ਲਿਆਉਣ ਉੱਤੇ ਕੇਂਦ੍ਰਿਤ ਹੋਣਾ ਚਾਹੀਦਾ ਹੈ।
ਸੁਚਾਰੂ, ਪ੍ਰਣਾਲੀਬੱਧ ਤੇ ਚਿਰ–ਸਥਾਈ ਟੀਕਾਕਰਣ ਯਕੀਨੀ ਬਣਾਉਣਾ
ਪ੍ਰਧਾਨ ਮੰਤਰੀ ਨੇ ਮੁੜ ਯਕੀਨ ਦਿਵਾਇਆ ਕਿ ਸਰਕਾਰ ਵੈਕਸੀਨਾਂ ਦੇ ਵਿਕਾਸ ਉੱਤੇ ਨੇੜਿਓਂ ਨਜ਼ਰ ਰੱਖ ਰਹੀ ਹੈ ਅਤੇ ਭਾਰਤੀ ਡਿਵੈਲਪਰਾਂ ਤੇ ਨਿਰਮਾਤਾਵਾਂ ਦੇ ਨਾਲ–ਨਾਲ ਗਲੋਬਲ ਰੈਗੂਲੇਟਰਸ, ਹੋਰ ਦੇਸ਼ਾਂ ਦੀਆਂ ਸਰਕਾਰਾਂ, ਬਹੁ–ਪੱਖੀ ਸੰਸਥਾਨਾਂ ਅਤੇ ਅੰਤਰਰਾਸ਼ਟਰੀ ਕੰਪਨੀਆਂ ਦੇ ਸੰਪਰਕ ਵਿੱਚ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਨਾਗਰਿਕਾਂ ਲਈ ਵੈਕਸੀਨ ਸਾਰੇ ਜ਼ਰੂਰੀ ਵਿਗਿਆਨਕ ਮਾਪਦਡਾਂ ਉੱਤੇ ਪੂਰੀ ਉਤਰਦੀ ਹੋਵੇ। ਉਨ੍ਹਾਂ ਇਸ ਗੱਲ ਉੱਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਜਿਵੇਂ ਕੋਵਿਡ ਖ਼ਿਲਾਫ਼ ਜੰਗ ਦੌਰਾਨ ਹਰੇਕ ਵਿਅਕਤੀ ਦੀ ਜਾਨ ਬਚਾਉਣ ਉੱਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ, ਬਿਲਕੁਲ ਉਵੇਂ ਹੀ ਹਰੇਕ ਤੱਕ ਵੈਕਸੀਨ ਪਹੁੰਚਾਉਣਾ ਯਕੀਨੀ ਬਣਾਉਣ ਨੂੰ ਤਰਜੀਹ ਦਿੱਤੀ ਜਾਵੇਗੀ। ਸਾਰੇ ਪੱਧਰਾਂ ਉੱਤੇ ਸਰਕਾਰਾਂ ਨੂੰ ਇਹ ਯਕੀਨੀ ਬਣਾਉਣ ਲਈ ਇੱਕਜੁਟਤਾ ਨਾਲ ਕੰਮ ਕਰਨਾ ਹੋਵੇਗਾ ਕਿ ਟੀਕਾਕਰਣ ਦੀ ਮੁਹਿੰਮ ਸੁਚਾਰੂ, ਪ੍ਰਣਾਲੀਬੱਧ ਤੇ ਚਿਰ–ਸਥਾਈ ਹੋਵੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜਾਂ ਨਾਲ ਸਲਾਹ–ਮਸ਼ਵਰਾ ਕਰ ਕੇ ਟੀਕਾਕਰਣ ਦੀ ਤਰਜੀਹ ਬਾਰੇ ਫ਼ੈਸਲਾ ਲਿਆ ਜਾ ਰਿਹਾ ਹੈ। ਵਾਧੂ ਕੋਲਡ ਚੇਨ ਸਟੋਰੇਜਸ ਦੀਆਂ ਜ਼ਰੂਰਤਾਂ ਬਾਰੇ ਵੀ ਰਾਜਾਂ ਨਾਲ ਵਿਚਾਰ–ਵਟਾਂਦਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਬਿਹਤਰ ਨਤੀਜਿਆਂ ਲਈ ਮੁੱਖ ਮੰਤਰੀਆਂ ਨੂੰ ਰਾਜ ਪੱਧਰੀ ਸਟੀਅਰਿੰਗ ਕਮੇਟੀਆਂ ਤੇ ਰਾਜ ਅਤੇ ਜ਼ਿਲ੍ਹਾ ਪੱਧਰੀ ਟਾਸਕ ਫ਼ੋਰਸੇਜ਼ ਦੀ ਨਿਯਮਤ ਨਿਗਰਾਨੀ ਯਕੀਨੀ ਬਣਾਉਣ ਵਾਸਤੇ ਕਿਹਾ।
ਪ੍ਰਧਾਨ ਮੰਤਰੀ ਨੇ ਅਗਾਊਂ ਚੇਤਾਵਨੀ ਦਿੱਤੀ ਕਿ ਪਿਤਲਾ ਤਜਰਬਾ ਸਾਨੂੰ ਵੈਕਸੀਨਾਂ ਬਾਰੇ ਫੈਲੀਆਂ ਕਈ ਮਨਘੜਤ ਗੱਲਾਂ ਤੇ ਅਫ਼ਵਾਹਾਂ ਬਾਰੇ ਦੱਸਦਾ ਹੈ। ਵੈਕਸੀਨ ਦੇ ਮਾੜੇ ਪ੍ਰਭਾਵਾਂ ਸਬੰਧੀ ਅਫ਼ਵਾਹਾਂ ਫੈਲ ਸਕਦੀਆਂ ਹਨ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਅਜਿਹੀਆਂ ਕੋਸ਼ਿਸ਼ਾਂ ਉੱਤੇ ਵਧੇਰੇ ਜਾਗਰੂਕਤਾ ਫੈਲਾ ਕੇ, ਸਿਵਲ ਸੋਸਾਇਟੀ, ਐੱਨਸੀਸੀ ਅਤੇ ਐੱਨਐੱਸਐੱਸ ਅਤੇ ਮੀਡੀਆ ਦੇ ਵਿਦਿਆਰਥੀਆਂ ਦੀ ਹਰ ਸੰਭਵ ਮਦਦ ਲੈ ਕੇ ਕਾਬੂ ਪਾਉਣ ਦੀ ਲੋੜ ਹੈ।
ਮੁੱਖ ਮੰਤਰੀ ਬੋਲੇ
ਮੁੱਖ ਮੰਤਰੀਆਂ ਨੇ ਪ੍ਰਧਾਨ ਮੰਤਰੀ ਦੀ ਲੀਡਰਸ਼ਿਪ ਦੀ ਸ਼ਲਾਘਾ ਕਰਦੇ ਹੋਏ ਰਾਜਾਂ ਨੂੰ ਸਿਹਤ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆਉਣ ਲਈ ਲੋੜੀਂਦੀ ਸਹਾਇਤਾ ਮੁਹੰਈਆ ਕਰਵਾਉਣ ਵਾਸਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਆਪਣੇ ਰਾਜਾਂ ਵਿੱਚ ਅਸਲ ਸਥਿਤੀ ਬਾਰੇ ਵਿਸਤ੍ਰਿਤ ਜਾਣਕਾਰੀ ਮੁਹੱਈਆ ਕਰਵਾਈ। ਉਨ੍ਹਾਂ ਕੇਸਾਂ ਦੀ ਗਿਣਤੀ ਵਧਣ ਬਾਰੇ ਸੰਖੇਪ ਜਾਣਕਾਰੀ ਦਿੱਤੀ, ਕੋਵਿਡ ਤੋਂ ਬਾਅਦ ਦੀਆਂ ਗੁੰਝਲਾਂ, ਟੈਸਟਿੰਗ ਵਧਾਉਣ ਲਈ ਚੁੱਕੇ ਕਦਮਾਂ, ਰਾਜ ਦੀਆਂ ਸਰਹੱਦਾਂ ਉੱਤੇ ਕੀਤੀ ਜਾ ਰਹੀ ਟੈਸਟਿੰਗ, ਟੈਸਟ ਕਰਨ ਲਈ ਘਰੋਂ–ਘਰੀਂ ਜਾਣ, ਜਨਤਕ ਇਕੱਠ ਦੇ ਆਕਾਰ ਘਟਾਉਣ ਲਈ ਲਾਈਆਂ ਪਾਬੰਦੀਆਂ, ਕਰਫ਼ਿਊ ਲਾਉਣ ਤੇ ਭੀੜ ਘਟਾਉਣ ਦੇ ਹੋਰ ਉਪਾਵਾਂ, ਚਲਾਈਆਂ ਜਾ ਰਹੀਆਂ ਜਾਗਰੂਕਤਾ ਮੁਹਿੰਮਾਂ ਛੇ ਮਾਸਕਾਂ ਦੀ ਵਰਤੋਂ ਵਧਾਉਣ ਲਈ ਚੁੱਕੇ ਹੋਰ ਕਦਮਾਂ ਜਿਹੇ ਮਾਮਲਿਆਂ ਬਾਰੇ ਵਿਚਾਰ–ਚਰਚਾ ਕੀਤੀ। ਉਨ੍ਹਾਂ ਟੀਕਾਕਰਣ ਦੀ ਮੁਹਿੰਮ ਬਾਰੇ ਵੀ ਵਿਚਾਰ–ਵਟਾਂਦਰਾ ਕੀਤਾ ਅਤੇ ਸੁਝਾਅ ਦਿੱਤੇ।
ਕੇਂਦਰੀ ਸਿਹਤ ਸਕੱਤਰ ਸ੍ਰੀ ਰਾਜੇਸ਼ ਭੂਸ਼ਨ ਨੇ ਕੋਵਿਡ ਦੀ ਮੌਜੂਦਾ ਸਥਿਤੀ ਬਾਰੇ ਪੇਸ਼ਕਾਰੀ ਦਿੱਤੀ ਅਤੇ ਤਿਆਰੀਆਂ ਬਾਰੇ ਵੇਰਵੇ ਸਾਂਝੇ ਕੀਤੇ। ਉਨ੍ਹਾਂ ਟੀਚਾਗਤ ਟੈਸਟਿੰਗ, ਟ੍ਰੇਸਿੰਗ ਤੇ 72 ਘੰਟਿਆਂ ਅੰਦਰ ਸਾਰੇ ਸੰਪਰਕ ਵਿਅਕਤੀਆਂ ਦੀ ਟੈਸਟਿੰਗ, ਸਿਹਤ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਈ ਕੀਤੇ ਯਤਨਾਂ ਅਤੇ ਰਾਜਾਂ ਤੋਂ ਪ੍ਰਾਪਤ ਹੋਣ ਵਾਲੇ ਡਾਟਾ ਦੀ ਸੋਧ–ਸੁਧਾਈ ਬਾਰੇ ਵਿਚਾਰ–ਵਟਾਂਦਰਾ ਕੀਤਾ। ਨੀਤੀ ਆਯੋਗ ਦੇ ਮੈਂਬਰ ਡਾ. ਵੀਕੇ ਪੌਲ ਨੇ ਵੈਕਸੀਨ ਦੀ ਡਿਲੀਵਰੀ, ਵੰਡ ਤੇ ਉਸ ਨੂੰ ਦੇਣ ਬਾਰੇ ਪੇਸ਼ਕਾਰੀ ਦਿੱਤੀ।
******
ਡੀਐੱਸ/ਐੱਸਕੇਐੱਸ
(Release ID: 1675342)
Visitor Counter : 285
Read this release in:
English
,
Urdu
,
Marathi
,
Hindi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam