ਉਪ ਰਾਸ਼ਟਰਪਤੀ ਸਕੱਤਰੇਤ
ਨਵੀਂ ਸਿੱਖਿਆ ਨੀਤੀ ਦਾ ਟੀਚਾ ਭਾਰਤ ਨੂੰ ਗਿਆਨ ਦੇ ਖੇਤਰ ਵਿੱਚ ਗਲੋਬਲ ਮਹਾਸ਼ਕਤੀ ਬਣਾਉਣਾ ਹੈ: ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਨੂੰ ਇੱਕ ਵਾਰ ਫਿਰ ਵਿਸ਼ਵ ਗੁਰੂ ਬਣਨ ਦੀ ਅਭਿਲਾਸ਼ਾ ਰੱਖਣੀ ਚਾਹੀਦੀ ਹੈ
ਉਪ ਰਾਸ਼ਟਰਪਤੀ ਨੇ ਉੱਚ ਸਿੱਖਿਆ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਨੂੰ ਸੱਦਾ ਦਿੱਤਾ ਕਿ ਉਹ ਭਾਰਤ ਨੂੰ ਗਿਆਨ ਅਤੇ ਇਨੋਵੇਸ਼ਨ ਦਾ ਇੱਕ ਪ੍ਰਫੁੱਲਤ ਕੇਂਦਰ ਬਣਾਉਣ
ਰਾਸ਼ਟਰੀ ਸਿੱਖਿਆ ਨੀਤੀ ਦਾ ਮਕਸਦ ਭਾਰਤੀ ਸਿੱਖਿਆ ਨੂੰ ਸੰਪੂਰਨ, ਬਹੁ-ਵਿਸ਼ਿਅਕ ਅਤੇ ਵਿਵਹਾਰਿਕ ਬਣਾਉਣਾ ਹੈ: ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਵਿਦਿਆਰਥੀਆਂ ਨੂੰ ਵੱਡੇ ਸੁਪਨੇ ਵੇਖਣ ਅਤੇ ਸਮਰਪਣ ਤੇ ਅਨੁਸ਼ਾਸਨ ਨਾਲ ਕੰਮ ਕਰਨ ਲਈ ਕਿਹਾ
ਗ੍ਰਾਮੀਣ ਭਾਰਤ ਨੂੰ ਪੇਸ਼ ਆਉਣ ਵਾਲੀਆਂ ਚੁਣੌਤੀਆਂ ਨੂੰ ਸਮਝਣ ਲਈ ਵਿਦਿਆਰਥੀਆਂ ਨੂੰ ਕੁਝ ਸਮਾਂ ਪਿੰਡਾਂ ਵਿੱਚ ਬਤੀਤ ਕਰਨਾ ਚਾਹੀਦਾ ਹੈ- ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਉੱਚ ਸਿੱਖਿਆ ਸੰਸਥਾਵਾਂ ਨੂੰ ਸਲਾਹ ਦਿੱਤੀ ਕਿ ਉਹ ਵਿਦਿਆਰਥੀਆਂ ਨੂੰ ਨੌਕਰੀ ਸਿਰਜਕ ਬਣਾਉਣ, ਨਾ ਕਿ ਨੌਕਰੀ ਭਾਲਣ ਵਾਲੇ
ਉਪ ਰਾਸ਼ਟਰਪਤੀ ਨੇ ਕਾਰਪੋਰੇਟ ਸੈਕਟਰ ਨੂੰ ਮਹੱਤਵਪੂਰਨ ਖੋਜ ਪ੍ਰੋਜੈਕਟਾਂ ਲਈ ਵਿੱਤੀ ਸਹਾਇਤਾ ਦੇਣ ਦੀ ਤਾਕੀਦ ਕੀਤੀ
ਐੱਨਆਈਟੀ ਅਗਰਤਲਾ ਦੀ 13ਵੀਂ ਕਨਵੋਕੇਸ਼ਨ ਨੂੰ ਹੈਦਰਾਬਾਦ ਤੋਂ ਵਰਚੁਅਲੀ ਸੰਬੋਧਨ ਕੀਤਾ
Posted On:
17 NOV 2020 2:27PM by PIB Chandigarh
ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਨਵੀਂ ਸਿੱਖਿਆ ਨੀਤੀ (ਐੱਨਈਪੀ) ਦਾ ਟੀਚਾ ਭਾਰਤ ਨੂੰ ਗਿਆਨ ਦੇ ਖੇਤਰ ਵਿੱਚ ਇੱਕ ਗਲੋਬਲ ਮਹਾ-ਸ਼ਕਤੀ ਬਣਾਉਣਾ ਹੈ। ਉਨ੍ਹਾਂ ਨੇ ਸਿੱਖਿਆ ਖੇਤਰ ਵਿੱਚ ਇੱਕ ਵਾਰ ਫਿਰ ਵਿਸ਼ਵ ਗੁਰੂ ਬਣਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।
ਉਪ ਰਾਸ਼ਟਰਪਤੀ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਪ੍ਰਾਚੀਨ ਭਾਰਤੀ ਸਿੱਖਿਆ ਪ੍ਰਣਾਲੀ ਤੋਂ ਪ੍ਰੇਰਿਤ ਹੈ ਜੋ ਸੰਪੂਰਨ ਅਤੇ ਸੁਲਝੀਆਂ ਸ਼ਖਸੀਅਤਾਂ ਵਿਕਸਤ ਕਰਨ 'ਤੇ ਫੋਕਸ ਕਰਦੀ ਸੀ। ਉਨ੍ਹਾਂ ਕਿਹਾ ਕਿ ਐੱਨਈਪੀ ਦਾ ਉਦੇਸ਼ ਭਾਰਤੀ ਸਿੱਖਿਆ ਨੂੰ ਸੰਪੂਰਨ, ਬਹੁ-ਵਿਸ਼ਿਅਕ ਅਤੇ ਵਿਵਹਾਰਕ ਬਣਾਉਣਾ ਹੈ।
ਨੈਸ਼ਨਲ ਇੰਸਟੀਟਿਊਟ ਆਵ੍ ਟੈਕਨੋਲੋਜੀ (ਐੱਨਆਈਟੀ), ਅਗਰਤਲਾ ਦੀ 13ਵੀਂ ਕਨਵੋਕੇਸ਼ਨ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਪ੍ਰਾਚੀਨ ਸਿੱਖਿਆ ਪ੍ਰਣਾਲੀ ਨੇ ਸਾਨੂੰ ਹਮੇਸ਼ਾ ਕੁਦਰਤ ਦੇ ਅਨੁਕੂਲ ਰਹਿਣਾ ਅਤੇ ਜੀਵ ਤੇ ਨਿਰਜੀਵ, ਸਭਨਾਂ ਦਾ ਸਤਿਕਾਰ ਕਰਨਾ ਸਿਖਾਇਆ। ਉਨ੍ਹਾਂ ਅੱਗੇ ਕਿਹਾ, “ਸਾਡੀ ਸਿੱਖਿਆ ਵਿਵਹਾਰਿਕ, ਸੰਪੂਰਨ ਅਤੇ ਜੀਵਨ ਦੀ ਪੂਰਕ ਸੀ।”
ਉੱਚ ਸਿੱਖਿਆ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਨੂੰ, ਭਾਰਤ ਨੂੰ ਗਿਆਨ ਅਤੇ ਇਨੋਵੇਸ਼ਨ ਦਾ ਇੱਕ ਉੱਭਰਦਾ ਕੇਂਦਰ ਬਣਾਉਣ ਦਾ ਸੱਦਾ ਦਿੰਦਿਆਂ, ਸ਼੍ਰੀ ਨਾਇਡੂ ਨੇ ਉਨ੍ਹਾਂ ਨੂੰ ਵੱਖ ਵੱਖ ਖੇਤਰਾਂ ਵਿੱਚ ਅਤਿ-ਆਧੁਨਿਕ ਖੋਜ ਕਰਨ, ਉਦਯੋਗਾਂ ਅਤੇ ਹੋਰ ਸਮਾਨ ਸੰਸਥਾਵਾਂ ਨਾਲ ਤਾਲਮੇਲ ਸਥਾਪਿਤ ਕਰਨ ਅਤੇ ਸਾਡੇ ਪਰਿਸਰਾਂ ਨੂੰ ਰਚਨਾਤਮਿਕਤਾ ਅਤੇ ਖੋਜ ਦੇ ਉਤਸ਼ਾਹੀ ਕੇਂਦਰਾਂ ਵਿੱਚ ਤਬਦੀਲ ਕਰਨ ਦੀ ਸਲਾਹ ਦਿੱਤੀ।
ਸਾਬਕਾ ਰਾਸ਼ਟਰਪਤੀ, ਸ਼੍ਰੀ ਏਪੀਜੇ ਅਬਦੁਲ ਕਲਾਮ ਦੀ ਨੌਜਵਾਨਾਂ ਨੂੰ ਵੱਡੇ ਸੁਪਨੇ ਦੇਖਣ ਦੀ ਸਲਾਹ ਨੂੰ ਯਾਦ ਕਰਦਿਆਂ ਉਪ ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਇੱਕ ਟੀਚਾ ਨਿਰਧਾਰਿਤ ਕਰਨ ਅਤੇ ਇਸ ਨੂੰ ਪ੍ਰਾਪਤ ਕਰਨ ਲਈ ਸਖਤ ਮਿਹਨਤ ਕਰਨ ਲਈ ਕਿਹਾ। ਉਨ੍ਹਾਂ ਜ਼ੋਰ ਦੇ ਕੇ ਕਿਹਾ, “ਤੁਸੀਂ ਤਾਂ ਹੀ ਸਫ਼ਲ ਹੋਵੋਗੇ ਜੇਕਰ ਤੁਸੀਂ ਆਪਣੇ ਚੁਣੇ ਹੋਏ ਰਸਤੇ ਤੋਂ ਭਟਕੇ ਬਿਨਾ ਸਮਰਪਣ, ਅਨੁਸ਼ਾਸਨ ਅਤੇ ਇਮਾਨਦਾਰੀ ਨਾਲ ਕੰਮ ਕਰੋਗੇ।”
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਗਿਆਨ, ਹੁਨਰ ਅਤੇ ਯੋਗਤਾ ਦਾ ਉਪਯੋਗ ਕਰਨ ਲਈ ਕਿਹਾ ਜੋ ਕਿ ਉਨ੍ਹਾਂ ਨੇ ਆਪਣੇ ਉੱਜਵਲ, ਲਾਹੇਵੰਦ ਅਤੇ ਸਫ਼ਲ ਕੈਰੀਅਰ ਨੂੰ ਬਣਾਉਣ ਲਈ ਕਈ ਸਾਲਾਂ ਵਿੱਚ ਹਾਸਿਲ ਕੀਤੇ ਹਨ।
ਚੌਕਸ ਰਹਿਣ ਦੀ ਜ਼ਰੂਰਤ 'ਤੇ ਜ਼ੋਰ ਦਿੰਦਿਆਂ ਉਪ ਰਾਸ਼ਟਰਪਤੀ ਨੇ ਕਿਹਾ, "ਵਿਦਿਆਰਥੀ, ਖੋਜਕਾਰ ਅਤੇ ਸਿੱਖਿਆ ਸ਼ਾਸਤਰੀ, ਯਥਾਸਥਿਤੀ ਵਿੱਚ ਨਹੀਂ ਰਹਿ ਸਕਦੇ। ਉਨ੍ਹਾਂ ਨੂੰ ਪ੍ਰਤੀ ਦਿਨ ਨਿਰੰਤਰ ਸਿੱਖਣਾ ਪਵੇਗਾ, ਆਪਣੇ ਆਪ ਨੂੰ ਅੱਪਡੇਟ ਕਰਨਾ ਪਵੇਗਾ ਅਤੇ ਇਨੋਵੇਟ ਕਰਨਾ ਪਏਗਾ।"
ਉਨ੍ਹਾਂ ਅੱਗੇ ਕਿਹਾ,“ਜਿਹੜਾ ਬਿਹਤਰ ਸਿੱਖਦਾ ਅਤੇ ਆਪਣੇ ਆਪ ਨੂੰ ਢਾਲ ਲੈਂਦਾ ਹੈ, ਉਹੀ ਅਗਾਂਹ ਵਧੇਗਾ।"
ਉਨ੍ਹਾਂ ਇਹ ਵੀ ਕਿਹਾ ਕਿ ਹੁਣ ਯੂਨੀਵਰਸਿਟੀਆਂ, ਆਈਆਈਟੀਜ਼, ਐੱਨਆਈਟੀਜ਼ ਅਤੇ ਹੋਰ ਉੱਚ ਸਿੱਖਿਆ ਸੰਸਥਾਵਾਂ ਦੁਆਰਾ ਆਪਣੇ ਅਧਿਆਪਨ ਢੰਗਾਂ ਨੂੰ ਪੂਰੀ ਤਰ੍ਹਾਂ ਪੁਨਰ ਦਿਸ਼ਾਮਾਨ ਕਰਨ ਅਤੇ 21ਵੀਂ ਸਦੀ ਦੀਆਂ ਜ਼ਰੂਰਤਾਂ ਦੇ ਅਨੁਕੂਲ ਅਧਿਆਪਕਾਂ ਨੂੰ ਨਵੀਂਆਂ ਅਧਿਐਨ ਵਿਧੀਆਂ ਨਾਲ ਸਬੰਧਿਤ ਕੌਸ਼ਲ ਨਾਲ ਲੈਸ ਕਰਨ ਦਾ ਸਮਾਂ ਆ ਗਿਆ ਹੈ।
ਸ਼੍ਰੀ ਨਾਇਡੂ ਨੇ ਮਨੁੱਖਤਾ ਨੂੰ ਪੇਸ਼ ਆ ਰਹੀਆਂ ਚੁਣੌਤੀਆਂ, ਜਿਵੇਂ ਕਿ ਗ਼ਰੀਬੀ ਦਾ ਖਾਤਮਾ, ਖੇਤੀਬਾੜੀ ਉਤਪਾਦਿਕਤਾ ਵਿੱਚ ਸੁਧਾਰ ਲਿਆਉਣਾ ਅਤੇ ਹੋਰਨਾਂ ਦੇ ਇਲਾਵਾ ਪ੍ਰਦੂਸ਼ਣ ਅਤੇ ਬਿਮਾਰੀਆਂ ਨਾਲ ਲੜਨਾ ਆਦਿ ਦੇ ਸਮਾਧਾਨ ਲਈ ਅੰਤਰ-ਵਿਸ਼ਿਅਕ ਦ੍ਰਿਸ਼ਟੀਕੋਣ ਅਪਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ।
ਉਪ ਰਾਸ਼ਟਰਪਤੀ ਨੇ ਕਾਰਪੋਰੇਟ ਸੈਕਟਰ ਨੂੰ ਤਾਕੀਦ ਕੀਤੀ ਕਿ ਉਹ ਵੱਖ-ਵੱਖ ਸੈਕਟਰਾਂ ਵਿੱਚ ਪ੍ਰਮੁੱਖ ਖੋਜ ਪ੍ਰੋਜੈਕਟਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਸੀਐੱਸਆਰ ਪਹਿਲਾਂ ਦੇ ਤਹਿਤ ਫੰਡ ਦੇਣ। ਉਨ੍ਹਾਂ ਹੋਰ ਕਿਹਾ, “ਗਿਆਨ ਸੰਚਾਲਿਤ ਸਮਾਜ ਦੀ ਸਿਰਜਣਾ ਲਈ ਖੋਜ ਵਿੱਚ ਜਨਤਕ ਅਤੇ ਨਿਜੀ ਨਿਵੇਸ਼ ਵਧਾਉਣਾ ਬਹੁਤ ਮਹੱਤਵਪੂਰਨ ਹੈ।”
ਦੇਸ਼ ਦੀ ਆਬਾਦੀ ਵਿੱਚ ਲਗਭਗ 65 ਪ੍ਰਤੀਸ਼ਤ ਯੁਵਾਵਾਂ ਦਾ ਉੱਲੇਖ ਕਰਦਿਆਂ ਉਪ ਰਾਸ਼ਟਰਪਤੀ ਨੇ ਨੌਜਵਾਨਾਂ ਦੀ ਊਰਜਾ ਨੂੰ ਪੂਰੀ ਤਰ੍ਹਾਂ ਨਾਲ ਚੈਨੇਲਾਈਜ਼ ਕਰਨ ਅਤੇ ਉਨ੍ਹਾਂ ਨੂੰ ਉੱਦਮਤਾ ਪ੍ਰਤੀ ਉਤਸ਼ਾਹਿਤ ਕਰਨ ਲਈ ਸਹੀ ਈਕੋ-ਸਿਸਟਮ ਤਿਆਰ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਹੋਰ ਕਿਹਾ, “ਵੋਕਲ ਫਾਰ ਲੋਕਲ” ਮੁਹਿੰਮ ਨੂੰ ਹੁਲਾਰਾ ਦੇਣ ਲਈ ਉਨ੍ਹਾਂ ਦੀ ਪ੍ਰਤਿਭਾ ਅਤੇ ਹੁਨਰ ਦਾ ਲਾਭ ਉਠਾਉਣ ਦਾ ਇਹ ਸਹੀ ਸਮਾਂ ਹੈ। ਐੱਨਆਈਟੀ-ਅਗਰਤਲਾ ਵਰਗੀਆਂ ਸੰਸਥਾਵਾਂ ਨੌਜਵਾਨਾਂ ਨੂੰ ਨੌਕਰੀ ਚਾਹੁੰਣ ਵਾਲੇ ਬਣਾਉਣ ਦੀ ਬਜਾਏ, ਨੌਕਰੀ ਸਿਰਜਕ ਬਣਾਉਣ ਲਈ ਅੱਗੇ ਆਉਣ।”
ਉਪ ਰਾਸ਼ਟਰਪਤੀ ਨੇ ਖੁਸ਼ੀ ਪ੍ਰਗਟ ਕੀਤੀ ਕਿ ਐੱਨਆਈਟੀ, ਅਗਰਤਲਾ ਨੇ ਨੇੜਲੇ ਪਿੰਡਾਂ ਨੂੰ “ਮਾਡਲ ਗ੍ਰਾਮ” ਬਣਾਉਣ ਦੇ ਉਦੇਸ਼ ਨਾਲ ਗੋਦ ਲਿਆ ਹੈ। ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਗ੍ਰਾਮੀਣ ਭਾਰਤ ਨੂੰ ਪੇਸ਼ ਆਉਣ ਵਾਲੀਆਂ ਚੁਣੌਤੀਆਂ ਨੂੰ ਸਮਝਣ ਲਈ ਕੁਝ ਸਮਾਂ ਪਿੰਡਾਂ ਵਿੱਚ ਬਿਤਾਉਣ। ‘ਖੇਤੀਬਾੜੀ’ ਨੂੰ ਸਾਡਾ ‘ਬੁਨਿਆਦੀ ਸਭਿਆਚਾਰ’ ਕਰਾਰ ਦਿੰਦਿਆਂ, ਉਨ੍ਹਾਂ ਖੇਤੀ ਨੂੰ ਇੱਕ ਵਿਵਹਾਰਿਕ ਅਤੇ ਲਾਭਦਾਇਕ ਗਤੀਵਿਧੀ ਬਣਾਉਣ ਦਾ ਸੱਦਾ ਦਿੱਤਾ।
ਭਾਰਤ ਦੇ ਵਿਦਿਆਰਥੀਆਂ ਨੂੰ ਵਸੁਧੈਵ ਕੁਟੰਬਕਮ ਅਤੇ 'ਸ਼ੇਅਰ ਐਂਡ ਕੇਅਰ' ਦੀਆਂ ਮਹਾਨ ਸੱਭਿਅਤਾ ਨਾਲ ਸਬੰਧਿਤ ਕਦਰਾਂ-ਕੀਮਤਾਂ ਦੀ ਯਾਦ ਦਿਵਾਉਂਦੇ ਹੋਏ, ਸ਼੍ਰੀ ਨਾਇਡੂ ਨੇ ਇਨ੍ਹਾਂ ਕਦਰਾਂ ਕੀਮਤਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ,“ਸ਼ੇਅਰਿੰਗ ਤੁਹਾਨੂੰ ਵਧੇਰੇ ਖੁਸ਼ੀ ਦੇਵੇਗੀ।”
ਉਪ ਰਾਸ਼ਟਰਪਤੀ ਨੇ ਵਿੱਦਿਅਕ ਸੰਸਥਾਵਾਂ ਨੂੰ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਭਾਰਤ ਦੇ ਪ੍ਰਾਚੀਨ ਸੱਭਿਆਚਾਰ ਅਤੇ ਵਿਰਸੇ ਤੋਂ ਜਾਣੂ ਕਰਵਾਉਂਦਿਆਂ ਉਨ੍ਹਾਂ ਦੇ ਗਿਆਨ ਨੂੰ ਹੋਰ ਸਮ੍ਰਿੱਧ ਬਣਾਉਣ।
ਲੋਕਾਂ ਨੂੰ ਕੁਦਰਤ-ਪੱਖੀ ਬਣਨ ਦੀ ਜ਼ਰੂਰਤ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਨੇ ਕੁਦਰਤ ਦੀ ਸਾਂਭ-ਸੰਭਾਲ਼ ਕਰਨ ਅਤੇ ਬਿਹਤਰ ਭਵਿੱਖ ਲਈ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੀ ਮੰਗ ਕੀਤੀ। ਉਨ੍ਹਾਂ ਸਭ ਨੂੰ ਅਪੀਲ ਕੀਤੀ ਕਿ ਉਹ ਕੁਦਰਤ ਦਾ ਸਤਿਕਾਰ ਕਰਨ ਅਤੇ ਉਸ ਨੂੰ ਪਿਆਰ ਕਰਨ।
ਉਨ੍ਹਾਂ ਨੇ ਐੱਨਆਈਟੀ, ਅਗਰਤਲਾ ਦੀ ਨੈਸ਼ਨਲ ਇੰਸਟੀਟਿਊਟ ਰੈਂਕਿੰਗ ਫਰੇਮਵਰਕ (ਐੱਨਆਈਆਰਐੱਫ) ਦੇ ਤਹਿਤ 100 ਬਿਹਤਰੀਨ ਇੰਜੀਨੀਅਰਿੰਗ ਸੰਸਥਾਵਾਂ ਵਿੱਚ ਸਥਾਨ ਪ੍ਰਾਪਤ ਕਰਨ ਲਈ ਸ਼ਲਾਘਾ ਕੀਤੀ।
ਇਸ ਵਰਚੁਅਲ ਆਯੋਜਨ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਡਾ. ਸੁਭਾਸ਼ ਚੰਦਰ ਸਤੀ, ਚੇਅਰਮੈਨ, ਬੋਰਡ ਆਵ੍ ਗਵਰਨਰਸ, ਐੱਨਆਈਟੀ, ਅਗਰਤਲਾ, ਪ੍ਰੋ. ਐੱਚਕੇ ਸ਼ਰਮਾ, ਡਾਇਰੈਕਟਰ, ਐੱਨਆਈਟੀ, ਅਗਰਤਲਾ, ਡਾ. ਗੋਵਿੰਦ ਭਾਰਗਵਾ, ਰਜਿਸਟ੍ਰਾਰ, ਡਾ. ਅਜੈ ਕੁਮਾਰ ਦਾਸ, ਡੀਨ,ਅਕੈਡਮਿਕਸ, ਪ੍ਰੋ. ਗੌਤਮ ਦਮੂਰੀ, ਪੀਯੂਆਰਡੀਯੂਈ ਯੂਨੀਵਰਸਿਟੀ, ਯੂਐੱਸਏ, ਮੂਠਾ ਇੰਡਸਟ੍ਰੀਜ਼ ਦੇ ਸ਼੍ਰੀ ਅਨਿਲ ਮੂਠਾ, ਫੈਕਲਟੀ, ਸਟਾਫ, ਵਿਦਿਆਰਥੀ ਅਤੇ ਉਨ੍ਹਾਂ ਦੇ ਮਾਤਾ-ਪਿਤਾ ਸ਼ਾਮਲ ਸਨ।
ਉਪ ਰਾਸ਼ਟਰਪਤੀ ਦਾ ਭਾਸ਼ਣ ਪੜ੍ਹਣ ਦੇ ਲਈ ਕਲਿੱਕ ਕਰੋ
*****
ਐੱਮਐੱਸ/ਡੀਪੀ
(Release ID: 1673560)
Visitor Counter : 214