ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵਿਕਾਸ ਦੀਆਂ ਤਾਕਤਾਂ ਵਿੱਚ ਸ਼ਾਮਲ ਹੋਣ ਅਤੇ ਮੁੜ ਮਜ਼ਬੂਤ ਭਾਰਤ ਦੀ ਸਿਰਜਣਾ ਲਈ ਆਪਣੀ ਊਰਜਾ ਨੂੰ ਚੈਨੇਲਾਈਜ਼ ਕਰਨ
ਨੌਜਵਾਨਾਂ ਨੂੰ ਸਾਰੇ ਮੋਰਚਿਆਂ ’ਤੇ ਭਾਰਤ ਨੂੰ ਮਜ਼ਬੂਤ ਬਣਾਉਣ ਵਿੱਚ ਸਭ ਤੋਂ ਅੱਗੇ ਹੋਣਾ ਚਾਹੀਦਾ ਹੈ: ਉਪ ਰਾਸ਼ਟਰਪਤੀ
ਨੌਜਵਾਨਾਂ ਨੂੰ ਨਕਾਰਾਤਮਕਤਾ ਤੋਂ ਦੂਰ ਰਹਿਣ, ਸਕਾਰਾਤਮਕ ਨਜ਼ਰੀਏ ਨੂੰ ਅਪਣਾਉਣ ਅਤੇ ਭਾਰਤੀ ਸੱਭਿਅਤਾ ਦੀ ਨੈਤਿਕਤਾ ਦਾ ਪਾਲਣਾ ਕਰਨ ਦੀ ਸਲਾਹ ਦਿੱਤੀ
ਉੱਚ ਵਿੱਦਿਅਕ ਸੰਸਥਾਵਾਂ ਨੂੰ ਉੱਤਮ ਕੇਂਦਰਾਂ ਵਿੱਚ ਵਿਕਸਿਤ ਕਰਨ ਦਾ ਸੱਦਾ
ਭਾਰਤੀ ਯੂਨੀਵਰਸਟੀਆਂ ਨੂੰ ਦੁਨੀਆ ਦੀਆਂ ਸਰਬਸ੍ਰੇਸ਼ਠ ਵਿੱਚੋਂ ਇੱਕ ਬਣਨ ਦੀ ਕੋਸ਼ਿਸ਼ ਕਰਨ ਲਈ ਕਿਹਾ
ਖੁਸ਼ਹਾਲੀ ਪ੍ਰਗਟਾਉਂਦੀ ਹੈ ਕਿ ਐੱਨਈਪੀ ਮਿਆਰੀ ਸਿੱਖਿਆ ਪ੍ਰਦਾਨ ਕਰਨ ’ਤੇ ਕੇਂਦਰਿਤ ਹੈ
ਮਹਾਮਾਰੀ ਵਿਰੁੱਧ ਲੜਾਈ ਵਿੱਚ ਭਾਰਤ ਦੂਜੇ ਦੇਸ਼ਾਂ ਨਾਲੋਂ ਤੁਲਨਾਤਮਕ ਤੌਰ ’ਤੇ ਬਿਹਤਰ ਹੈ
ਹੈਦਰਾਬਾਦ ਯੂਨੀਵਰਸਿਟੀ ਵਿਖੇ ਸੁਵਿਧਾ ਕੇਂਦਰ ਦਾ ਉਦਘਾਟਨ ਕੀਤਾ
Posted On:
16 NOV 2020 1:01PM by PIB Chandigarh
ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਕਾਸ ਦੀਆਂ ਤਾਕਤਾਂ ਵਿੱਚ ਸ਼ਾਮਲ ਹੋਣ ਅਤੇ ਇੱਕ ਨਵੇਂ ਅਤੇ ਮੁੜ ਮਜ਼ਬੂਤ ਭਾਰਤ ਦੇ ਨਿਰਮਾਣ ਲਈ ਉਸਾਰੂ, ਰਾਸ਼ਟਰ-ਨਿਰਮਾਣ ਦੀਆਂ ਗਤੀਵਿਧੀਆਂ ਲਈ ਆਪਣੀ ਊਰਜਾ ਨੂੰ ਚੈਨੇਲਾਈਜ਼ ਕਰਨ।
ਹੈਦਰਾਬਾਦ ਯੂਨੀਵਰਸਿਟੀ ਵਿੱਚ ਇੱਕ ਨਵੇਂ ‘ਸੁਵਿਧਾ ਕੇਂਦਰ’ ਦਾ ਉਦਘਾਟਨ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਨੌਜਵਾਨਾਂ ਨੂੰ ਨਕਾਰਾਤਮਕਤਾ ਤੋਂ ਦੂਰ ਰਹਿਣ, ਨਵੇਂ ਭਾਰਤ ਦੀ ਉਸਾਰੀ ਲਈ ਸਕਾਰਾਤਮਕ ਨਜ਼ਰੀਆ ਅਪਣਾਉਣ ਦੀ ਸਲਾਹ ਦਿੱਤੀ ਜਿੱਥੇ ਭ੍ਰਿਸ਼ਟਾਚਾਰ, ਭੁੱਖਮਰੀ, ਸ਼ੋਸ਼ਣ ਅਤੇ ਵਿਤਕਰਾ ਨਹੀਂ ਹੋਵੇਗਾ।
ਇਹ ਦੱਸਦੇ ਹੋਏ ਕਿ ਦੇਸ਼ ਇੱਕ ਨਾਜ਼ੁਕ ਦੌਰ ਵਿੱਚੋਂ ਗੁ਼ਜਰ ਰਿਹਾ ਹੈ ਅਤੇ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਸ੍ਰੀ ਨਾਇਡੂ ਨੇ ਨੌਜਵਾਨਾਂ ਨੂੰ ਕਿਹਾ ਕਿ ਉਹ ਸਾਰੇ ਮੋਰਚਿਆਂ ’ਤੇ ਭਾਰਤ ਨੂੰ ਮਜ਼ਬੂਤ ਬਣਾਉਣ ਵਿੱਚ ਮੋਹਰੀ ਬਣੇ ਰਹਿਣ।
ਉਪ ਰਾਸ਼ਟਰਪਤੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਅਨਪੜ੍ਹਤਾ ਦੇ ਖਾਤਮੇ, ਬਿਮਾਰੀਆਂ ਦਾ ਮੁਕਾਬਲਾ ਕਰਨ, ਖੇਤੀ ਸੈਕਟਰ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨ, ਸਮਾਜਿਕ ਬੁਰਾਈਆਂ ਨੂੰ ਕਿਸੇ ਵੀ ਰੂਪ ਵਿੱਚ ਖਤਮ ਕਰਨ, ਔਰਤਾਂ ’ਤੇ ਅੱਤਿਆਚਾਰ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਵਿੱਚ ਮਾਰਗਦਰਸ਼ਕ ਬਣਨ।
ਕਦਰਾਂ-ਕੀਮਤਾਂ ਦੇ ਪਤਨ ’ਤੇ ਆਪਣੀ ਚਿੰਤਾ ਜ਼ਾਹਰ ਕਰਦੇ ਹੋਏ, ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਦੀ ਪੁਰਾਣੀ ਸੱਭਿਅਤਾ ਦੀ ਨੈਤਿਕਤਾ ਅਤੇ ਸੱਭਿਆਚਾਰ ਦੀ ਪਾਲਣਾ ਕਰਨ।
ਉਨ੍ਹਾਂ ਨੇ ਨੌਜਵਾਨ ਮਨਾਂ ਨੂੰ ਕੋਰੋਨਾ ਵਾਇਰਸ ਤੋਂ ਜਲਵਾਯੂ ਤਬਦੀਲੀ ਤੱਕ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਨਵੀਨ ਸਮਾਧਾਨ ਲੱਭਣ ਲਈ ਕਿਹਾ।
ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਮੁੱਚੀ ਸਿੱਖਿਆ ਲੋਕਾਂ ਦੇ ਜੀਵਨ ਦੇ ਵਿਕਾਸ ਅਤੇ ਤਬਦੀਲੀ ਦੀ ਕੁੰਜੀ ਹੈ, ਉਨ੍ਹਾਂ ਨੇ 21 ਵੀਂ ਸਦੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਿੱਖਿਆ ਪ੍ਰਣਾਲੀ ਨੂੰ ਮੁੜ-ਸੁਰਜੀਤ ਕਰਨ ਦੀ ਮੰਗ ਕਰਦੇ ਹੋਏ ਭਾਰਤੀ ਰਵਾਇਤਾਂ ਅਤੇ ਸੱਭਿਆਚਾਰ ਨਾਲ ਜੁੜੇ ਰਹਿਣ ਦਾ ਸੱਦਾ ਦਿੱਤਾ।
ਇਹ ਯਾਦ ਕਰਦੇ ਹੋਏ ਕਿ ਭਾਰਤ ਪੁਰਾਣੇ ਸਮੇਂ ਵਿੱਚ ਤਕਸ਼ਿਲਾ ਅਤੇ ਨਾਲੰਦਾ ਵਰਗੇ ਨਾਮਵਰ ਅਦਾਰਿਆਂ ਵਿੱਚ ਵਿਦੇਸ਼ਾਂ ਤੋਂ ਆ ਕੇ ਪੜ੍ਹਨ ਵਾਲੇ ਵਿਦਿਆਰਥੀਆਂ ਨਾਲ ਸਿੱਖਣ ਦਾ ਇੱਕ ਮਹੱਤਵਪੂਰਨ ਗਲੋਬਲ ਕੇਂਦਰ ਸੀ, ਉਨ੍ਹਾਂ ਨੇ ਹੈਦਰਾਬਾਦ ਯੂਨੀਵਰਸਿਟੀ ਦੀ ਫੈਕਲਟੀ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਅਕਾਦਮਿਕ ਉੱਤਮਤਾ ਪ੍ਰਾਪਤ ਕਰਨ ’ਤੇ ਧਿਆਨ ਕੇਂਦਰਿਤ ਕਰਨ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਲੋਕਾਂ ਦੀਆਂ ਵਿਭਿੰਨ ਵਿਚਾਰਧਾਰਾਵਾਂ ਹੋ ਸਕਦੀਆਂ ਹਨ, ਪਰ ਮੁੱਖ ਵਿਚਾਰਧਾਰਾ “ਅਕਾਦਮਿਕ ਉੱਤਮਤਾ” ਹੋਣੀ ਚਾਹੀਦੀ ਹੈ ।
ਪ੍ਰਾਈਵੇਟ ਸੈਕਟਰ ਸਮੇਤ ਸਾਰੇ ਹਿਤਧਾਰਕਾਂ ਦੇ ਠੋਸ ਯਤਨਾਂ ਦੀ ਮੰਗ ਕਰਦੇ ਹੋਏ ਉੱਚ ਸਿੱਖਿਆ ਸੰਸਥਾਵਾਂ ਨੂੰ ਉੱਤਮ ਦਰਜੇ ਦੇ ਕੇਂਦਰਾਂ ਵਿੱਚ ਵਿਕਸਿਤ ਕਰਨ ਲਈ ਸ੍ਰੀ ਨਾਇਡੂ ਨੇ ਅੰਤਰਰਾਸ਼ਟਰੀ ਮਾਪਦੰਡਾਂ ਦੇ ਬਰਾਬਰ ਮਿਆਰੀ ਸਿੱਖਿਆ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ।
ਉਨ੍ਹਾਂ ਨੇ ਆਪਣੀ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਵਿਸ਼ਵ ਦਰਜਾਬੰਦੀ ਵਿੱਚ ਸਿਰਫ਼ ਕੁਝ ਹੀ ਭਾਰਤੀ ਉੱਚ ਸਿੱਖਿਆ ਸੰਸਥਾਵਾਂ ਚੋਟੀ ਦੀਆਂ 200 ਸੰਸਥਾਵਾਂ ਵਿੱਚ ਸ਼ਾਮਲ ਹੋਈਆਂ ਹਨ, ਉਨ੍ਹਾਂ ਨੇ ਦੇਸ਼ ਦੀਆਂ ਬਹੁ-ਅਨੁਸ਼ਾਸਨੀ ਯੂਨੀਵਰਸਿਟੀਆਂ ਨੂੰ ਇਸ ਸਬੰਧੀ ਸਭ ਤੋਂ ਉੱਤਮ ਬਣਨ ਦੀ ਕੋਸ਼ਿਸ਼ ਕਰਨ ਲਈ ਕਿਹਾ।
ਬਿਹਤਰ ਦਰਜਾ ਪ੍ਰਾਪਤ ਕਰਨ ਲਈ, ਉਪ ਰਾਸ਼ਟਰਪਤੀ ਚਾਹੁੰਦੇ ਹਨ ਕਿ ਉੱਚ ਸਿੱਖਿਆ ਸੰਸਥਾਵਾਂ ਨਵੀਨ ਖੋਜਾਂ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ, ਖੋਜ ਸਮੂਹ ਸਥਾਪਿਤ ਕਰਨ ਅਤੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਖੋਜਕਰਤਾਵਾਂ ਨੂੰ ਪ੍ਰੋਤਸਾਹਨ ਦੇਣ।
ਇਹ ਦੇਖਦਿਆਂ ਕਿ ਭਾਰਤ ਗਿਆਨ ਅਤੇ ਇਨੋਵੇਸ਼ਨ (ਨਵੀਨਤਾ) ਦਾ ਕੇਂਦਰ ਬਣਨ ਦੀ ਸਮਰੱਥਾ ਰੱਖਦਾ ਹੈ, ਉਨ੍ਹਾਂ ਨੇ ਹੈਦਰਾਬਾਦ ਯੂਨੀਵਰਸਿਟੀ ਜਿਹੀਆਂ ਸੰਸਥਾਵਾਂ ਨੂੰ ਸਿਰਜਣਾਤਮਕਤਾ, ਕਾਢਾਂ ਕੱਢਣ ਅਤੇ ਉੱਦਮ ਦੀ ਭਾਵਨਾ ਉਤਸ਼ਾਹਿਤ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ।
ਉਨ੍ਹਾਂ ਨੇ ਯੂਨੀਵਰਸਿਟੀਆਂ ਨੂੰ ਅਤਿ-ਆਧੁਨਿਕ ਖੋਜ ਦੇ ਕੇਂਦਰ ਬਣਨ ਦੀ ਅਪੀਲ ਕਰਦੇ ਹੋਏ, ਉਨ੍ਹਾਂ ਨੂੰ ਉਦਯੋਗ ਨਾਲ ਨੇੜਲੇ ਸਬੰਧ ਸਥਾਪਿਤ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਨੇ ਖੁਸ਼ੀ ਜ਼ਾਹਰ ਕੀਤੀ ਕਿ ਨਵੀਂ ਸਿੱਖਿਆ ਨੀਤੀ ਦੇਸ਼ ਵਿੱਚ ਖੋਜਾਂ ਦੀ ਨਿਗਰਾਨੀ ਕਰਨ ਲਈ ਨੈਸ਼ਨਲ ਰਿਸਰਚ ਫਾਊਂਡੇਸ਼ਨ ਦਾ ਪ੍ਰਸਤਾਵ ਦਿੰਦੀ ਹੈ।
ਇਹ ਦੇਖਦੇ ਹੋਏ ਕਿ ਦੇਸ਼ ਨੇ ਆਜ਼ਾਦੀ ਪ੍ਰਾਪਤ ਕਰਨ ਦੇ 73 ਸਾਲਾਂ ਬਾਅਦ ਵੀ ਸੌ ਪ੍ਰਤੀਸ਼ਤ ਸਾਖਰ ਸਮਾਜ ਦੀ ਪ੍ਰਾਪਤੀ ਨਹੀਂ ਕੀਤੀ ਹੈ, ਸ੍ਰੀ ਨਾਇਡੂ ਨੇ ਸਾਖਰਤਾ ਨੂੰ ਉਤਸ਼ਾਹਿਤ ਕਰਨ ਅਤੇ ਇੱਕ ਸੰਪੂਰਨ ਸਾਖਰਤਾ ਵਾਲੇ ਸਮਾਜ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਸਾਰੇ ਹਿਤਧਾਰਕਾਂ ਦੇ ਇਕਜੁੱਟ ਯਤਨ ਦੀ ਲੋੜ ’ਤੇ ਜ਼ੋਰ ਦਿੱਤਾ।
ਸ੍ਰੀ ਨਾਇਡੂ ਨੇ ਖੁਸ਼ੀ ਜ਼ਾਹਰ ਕੀਤੀ ਕਿ ਨਵੀਂ ਸਿੱਖਿਆ ਨੀਤੀ (ਐੱਨਈਪੀ) ਨਾ ਸਿਰਫ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਨ ’ਤੇ ਕੇਂਦ੍ਰਿਤ ਕਰਦੀ ਹੈ, ਬਲਕਿ ਇਹ ਕਿਰਦਾਰ ਵਿਕਸਿਤ ਕਰਨ, ਵਿਗਿਆਨਕ ਪ੍ਰਵਿਰਤੀ ਪੈਦਾ ਕਰਨ, ਸਿਰਜਣਾਤਮਕਤਾ, ਸੇਵਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਅਤੇ ਵਿਦਿਆਰਥੀਆਂ ਨੂੰ 21ਵੀਂ ਸਦੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਮਰੱਥਾਵਾਂ ਨਾਲ ਲੈਸ ਕਰਨ ਦੀ ਕੋਸ਼ਿਸ਼ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਐੱਨਈਪੀ ਵਿਆਪਕ ਅਤੇ ਸਰਬਪੱਖੀ ਹੈ।
ਮਹਾਮਾਰੀ ਖ਼ਿਲਾਫ਼ ਲੜਾਈ ਦਾ ਜ਼ਿਕਰ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਹੋਰ ਦੇਸ਼ਾਂ ਨਾਲੋਂ ਤੁਲਨਾਤਮਕ ਤੌਰ ’ਤੇ ਬਿਹਤਰ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਪਣੇ ਦ੍ਰਿਸ਼ਟੀਕੋਣ ਨਾਲ ਰਾਸ਼ਟਰ ਦਾ ਮਾਰਗਦਰਸ਼ਨ ਕੀਤਾ ਹੈ। ਉਨ੍ਹਾਂ ਨੇ ਡਾਕਟਰਾਂ, ਕਿਸਾਨਾਂ, ਸੁਰੱਖਿਆ ਕਰਮਚਾਰੀਆਂ, ਸਫ਼ਾਈ ਕਰਮਚਾਰੀਆਂ ਜਿਹੇ ਜੋਧਿਆਂ ਦੁਆਰਾ ਨਿਭਾਈ ਨਿਰਸੁਆਰਥ ਸੇਵਾ ਦੀ ਸ਼ਲਾਘਾ ਕੀਤੀ ਅਤੇ ਮਹਾਮਾਰੀ ਨਾਲ ਲੜਨ ਲਈ ਚੁੱਕੇ ਗਏ ਉਪਰਾਲਿਆਂ ਲਈ ਭਾਰਤ ਸਰਕਾਰ ਅਤੇ ਸਾਰੇ ਰਾਜਾਂ ਦੀ ਸ਼ਲਾਘਾ ਕੀਤੀ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੁਆਰਾ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ, ਸੁਰੱਖਿਅਤ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਮਾਸਕ ਪਹਿਨਣ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਆਪਣੀ ਸਹਿਣਸ਼ੀਲਤਾ ਵਿੱਚ ਸੁਧਾਰ ਲਿਆ ਕੇ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਖ਼ਾਸ ਕਰਕੇ ਨੌਜਵਾਨਾਂ ਨੂੰ ਨਿਯਮਿਤ ਸਰੀਰਕ ਕਸਰਤ ਕਰਨ ਜਿਵੇਂ ਕਿ ਯੋਗ ਦਾ ਅਭਿਆਸ ਕਰਨ, ਸਿਹਤਮੰਦ ਭੋਜਨ ਖਾਣ ਅਤੇ ਜੰਕ ਫੂਡ ਤੋਂ ਬਚਣ ਦੀ ਸਲਾਹ ਦਿੱਤੀ।
ਇਸ ਮੌਕੇ ’ਤੇ ਤੇਲੰਗਾਨਾ ਦੇ ਗ੍ਰਹਿ ਮੰਤਰੀ, ਸ਼੍ਰੀ ਮੁਹੰਮਦ ਮਹਿਮੂਦ ਅਲੀ, ਯੂਨੀਵਰਸਿਟੀ ਦੇ ਚਾਂਸਲਰ ਸ਼੍ਰੀ ਜਸਟਿਸ ਐੱਲ. ਨਰਸਿਮਹਾ ਰੈੱਡੀ, ਵਾਈਸ ਚਾਂਸਲਰ ਸ਼੍ਰੀ ਪੋਡੀਲੇ ਅੱਪਾ ਰਾਓ, ਡੀਨ-ਸਟੂਡੈਂਟਸ ਵੈਲਫੇਅਰ ਡਾ. ਬੀ. ਨਾਗਅਰਜੁਨ, ਵਿਭਿੰਨ ਸਕੂਲਾਂ ਦੇ ਡੀਨ, ਸਟਾਫ, ਵਿਦਿਆਰਥੀ, ਯੂਨੀਵਰਸਿਟੀ ਸਟਾਫ ਅਤੇ ਹੋਰ ਪਤਵੰਤੇ ਮੌਜੂਦ ਸਨ।
*****
ਐੱਸਐੱਸ/ਡੀਪੀ
(Release ID: 1673247)
Visitor Counter : 243