ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੋਵਿਡ ਕਾਰਨ ਤੰਦਰੁਸਤ ਜੀਵਨ–ਸ਼ੈਲੀ ਦੀ ਭਾਲ ਕਰਦਿਆਂ ਰੋਗ–ਪ੍ਰਤੀਰੋਧਕ ਸ਼ਕਤੀ ਵਧਾਉਣ ਲਈ ਯੋਗ, ਆਯੁਰਵੇਦ ਤੇ ਨੈਚੁਰੋਪੈਥੀ ’ਚ ਪੂਰੀ ਦੁਨੀਆ ਦੀ ਦਿਲਚਸਪੀ ਪੈਦਾ ਹੋਈ ਹੈ: ਡਾ. ਜਿਤੇਂਦਰ ਸਿੰਘ
Posted On:
30 OCT 2020 5:36PM by PIB Chandigarh
ਉੱਤਰ–ਪੂਰਬੀ ਖੇਤਰ ਦੇ ਵਿਕਾਸ ਬਾਰੇ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨਾਂ, ਪ੍ਰਮਾਣੂ ਊਰਜਾ ਤੇ ਪੁਲਾੜ ਮਾਮਲਿਆਂ ਬਾਰੇ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਹੈ ਕਿ ਕੋਵਿਡ ਕਾਰਨ ਤੰਦਰੁਸਤ ਜੀਵਨ–ਸ਼ੈਲੀ ਦੀ ਭਾਲ ਕਰਦਿਆਂ ਰੋਗ–ਪ੍ਰਤੀਰੋਧਕ ਸ਼ਕਤੀ ਵਿੱਚ ਵਾਧਾ ਕਰਨ ਲਈ ਯੋਗ, ਆਯੁਰਵੇਦ ਤੇ ਨੈਚੁਰਪੈਥੀ ਵਿੱਚ ਪੂਰੀ ਦੁਨੀਆ ਦੀ ਦਿਲਚਸਪੀ ਪੈਦਾ ਹੋਈ ਹੈ। ਐਸੋਚੈਮ (ASSOCHAM) ਦੁਆਰਾ ਵਰਚੁਅਲ ਤੌਰ ’ਤੇ ਆਯੋਜਿਤ ‘ਗਲੋਬਲ ਆਯੁਸ਼–ਮੇਲਾ’ ’ਚ ਉਦਘਾਟਨੀ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੇ 4–5 ਮਹੀਨਿਆਂ ਦੌਰਾਨ ਪੱਛਮੀ ਵਿਸ਼ਵ ਨੇ ਵੈਕਲਪਿਕ ਦਵਾਈਆਂ ਦੇ ਬਿਹਤਰੀਨ ਅਭਿਆਸ ਬਾਰੇ ਵਧੇਰੇ ਜਾਣਕਾਰੀ ਹਾਸਲ ਕਰਨ ਲਈ ਭਾਰਤ ਵੱਲ ਮੋੜਾ ਕੱਟਿਆ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ‘ਨਵਭਾਰਤ’ ਸਿਹਤ–ਸੰਭਾਲ਼ ਦੇ ਮਾਮਲੇ ਵਿੱਚ ‘ਆਤਮ–ਨਿਰਭਰ’ ਬਣੇਗਾ ਅਤੇ ਰਵਾਇਤੀ ਔਸ਼ਧੀ ਪ੍ਰਣਾਲੀ ਜ਼ਰੀਏ ਰੋਗ–ਪ੍ਰਤੀਰੋਧਕ ਸ਼ਕਤੀ ਵਿੱਚ ਵਾਧਾ ਕਰਨ ਦੇ ਪ੍ਰਬੰਧ ਮੁਹੱਈਆ ਕਰਵਾਉਣ ਹਿਤ ਵੀ ਵਿਸ਼ਵ ’ਚ ਯੋਗਦਾਨ ਪਾਵੇਗਾ। ਉਨ੍ਹਾਂ ਕਿਹਾ ਕਿ ਕੋਵਿਡ ਨੇ ਸੰਗਠਤ ਸਿਹਤ–ਸੰਭਾਲ਼ ਦੇ ਚੰਗਿਆਈਆਂ ਨੂੰ ਦੁਹਰਾਇਆ ਹੈ ਤੇ ਉਨ੍ਹਾਂ ਉੱਤੇ ਮੁੜ ਜ਼ੋਰ ਦਿੱਤਾ ਹੈ ਅਤੇ ਇਸ ਨੂੰ ‘ਵਿਸ਼ਵ ਸਿਹਤ ਸੰਗਠਨ’ (ਡਬਲਿਊਐੱਚਓ-WHO) ਸਮੇਤ ਵਿਸ਼ਵ ਮੈਡੀਕਲ ਖੇਤਰਾਂ ਦਾ ਹਿੱਸਾ ਬਣਾਉਣ ਦੀ ਜ਼ਰੂਰਤ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਜਦ ਤੋਂ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਹੈ, ਤਦ ਤੋਂ ਹੀ ਉਹ ਮੈਡੀਕਲ ਪ੍ਰਬੰਧ ਦੀ ਦੇਸੀ ਪ੍ਰਣਾਲੀ ਦੀਆਂ ਚੰਗਿਆਈਆਂ ਨੂੰ ਕੇਂਦਰੀ ਮੰਚ ’ਤੇ ਲਿਆਉਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਮੋਦੀ ਹੀ ਸਨ, ਜਿਨ੍ਹਾਂ ਨੇ ਸੰਯੁਕਤ ਰਾਸ਼ਟਰ ’ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਲਈ ਸਰਬਸੰਮਤੀ ਨਾਲ ਮਤਾ ਪਾਸ ਕਰਵਾਇਆ ਸੀ, ਜਿਸ ਦੇ ਨਤੀਜੇ ਵਜੋਂ ਹੁਣ ਯੋਗ ਹਕੀਕੀ ਤੌਰ ਉੱਤੇ ਦੁਨੀਆ ਦੇ ਹਰੇਕ ਘਰ ਤੱਕ ਪੁੱਜ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇੱਕ ਵਾਰ ਫਿਰ ਉਹ ਵੀ ਪ੍ਰਧਾਨ ਮੰਤਰੀ ਮੋਦੀ ਹੀ ਸਨ, ਜਿਨ੍ਹਾਂ ਨੇ ਦੇਸੀ ਮੈਡੀਕਲ ਪ੍ਰਬੰਧ ਪ੍ਰਣਾਲੀ ਦੇ ਮਹੱਤਵ ਉੱਤੇ ਵਿਚਾਰ ਕਰਦਿਆਂ ਵੱਖਰਾ ਮੰਤਰਾਲਾ ਆਯੁਸ਼ ਕਾਇਮ ਕੀਤਾ ਸੀ।
ਕੇਂਦਰੀ ਮੰਤਰੀ ਨੇ ਕਿਹਾ ਕਿ ਹਿਮਾਲਾ ਪਰਬਤਾਂ ਦੀਆਂ ਪਹਾੜੀ ਲੜੀਆਂ ਤੇ ਭਾਰਤ ਦੇ ਉੱਤਰ–ਪੂਰਬੀ ਰਾਜਾਂ ਵਿੱਚ ਔਸ਼ਧੀ ਦੇ ਗੁਣਾਂ ਵਾਲੀਆਂ ਜੜ੍ਹੀਆਂ–ਬੂਟੀਆਂ ਤੇ ਪੌਦਿਆਂ ਦਾ ਅਥਾਹ ਭੰਡਾਰ ਮੌਜੂਦ ਹੈ ਅਤੇ ਉਨ੍ਹਾਂ ਸਾਰੀਆਂ ਸਬੰਧਿਤ ਧਿਰਾਂ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਦਾ ਲਾਹਾ ਲੈਣ ਤੇ ਉਨ੍ਹਾਂ ਨੂੰ ਵਿਸ਼ਵ ਪੱਧਰ ਉੱਤੇ ਉਤਸ਼ਾਹਿਤ ਕਰਨ।
ਡਾ. ਜਿਤੇਂਦਰ ਸਿੰਘ ਨੇ ਸਰਬਉੱਚ ਉਦਯੋਗਿਕ ਸੰਗਠਨ ਐਸੋਚੈਮ (ASSOCHAM – ਦ ਐਸੋਸੀਏਟਿਡ ਚੈਂਬਰਜ਼ ਆਵ੍ ਕਾਮਰਸ ਐਂਡ ਇੰਡਸਟ੍ਰੀ ਆਵ੍ ਇੰਡੀਆ) ਦੇ ਪ੍ਰਧਾਨ ਡਾ. ਨਿਰੰਜਨ ਹੀਰਾਨੰਦਾਨੀ ਅਤੇ ਐਸੋਚੈਮ ਦੇ ਸਕੱਤਰ ਜਨਰਲ ਦੀਪਕ ਸੂਦ ਨੂੰ ਇਹ ‘ਗਲੋਬਲ ਆਯੁਸ਼–ਮੇਲਾ’ ਕਰਵਾਉਣ ਲਈ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਮਹਾਮਾਰੀ ਦੇ ਇਸ ਸਮੇਂ ਦੌਰਾਨ ਇਸ ਨੂੰ ਵਰਚੁਅਲ ਵਿਧੀ ਰਾਹੀਂ ਸੱਚਮੁਚ ਗਲੋਬਲ (ਵਿਸ਼ਵ–ਪੱਧਰੀ) ਬਣਾਉਣ।

ਆਯੁਸ਼ ਮੰਤਰਾਲੇ ਦੇ ਸਕੱਤਰ ਸ਼੍ਰੀ ਰਾਜੇਸ਼ ਕੋਟੇਚਾ ਨੇ ਕਿਹਾ ਕਿ ਸਰਕਾਰ ‘ਆਤਮਨਿਰਭਰ ਭਾਰਤ’ ਮਿਸ਼ਨ ਅਧੀਨ 4,000 ਕਰੋੜ ਰੁਪਏ ਦੀ ਲਾਗਤ ਨਾਲ 10 ਲੱਖ ਹੈਕਟੇਅਰ ਰਕਬੇ ਵਿੱਚ ਔਸ਼ਧੀ ਗੁਣਾਂ ਵਾਲੇ ਪੌਦੇ ਉਗਾਉਣ ਬਾਰੇ ਸਰਗਰਮੀ ਨਾਲ ਵਿਚਾਰ ਕਰ ਰਹੀ ਹੈ।
ਆਚਾਰੀਆ ਬਾਲਕ੍ਰਿਸ਼ਨਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪਤੰਜਲੀ ਬਹੁਤ ਉਤਸ਼ਾਹ ਨਾਲ ਵਿਸ਼ਵ ਪੱਧਰ ਉੱਤੇ ਆਯੁਰਵੇਦ ਨੂੰ ਉਤਸ਼ਾਹਿਤ ਕਰਨ ਲਈ ਜੋਸ਼ੋ–ਖ਼ਰੋਸ਼ ਨਾਲ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਸਾਰੀਆਂ ਸਬੰਧਿਤ ਧਿਰਾਂ ਦੀ ਹਰ ਸੰਭਵ ਮਦਦ ਕਰਨ ਦਾ ਸੰਕਲਪ ਲਿਆ।
ਡਾ. ਜਿਤੇਂਦਰ ਸਿੰਘ ਨੇ ਇਸ ਮੌਕੇ ਔਸ਼ਧੀ ਗੁਣਾਂ ਵਾਲੇ ਪੌਦਿਆਂ ਬਾਰੇ ‘ਐਸੋਚੈਮ–ਨਾਬਾਰਡ ਗਿਆਨ ਰਿਪੋਰਟ’ ਵੀ ਜਾਰੀ ਕੀਤੀ। ਗੁਜਰਾਤ ਵਿੱਚ ਯੂਸਫ਼ ਸ਼ੇਖ਼ ਦੀ ‘ਕੁਦਰਤੀ ਆਯੁਰਵੇਦ’ ਦੀ ਇੱਕ ਨਵੀਂ ਨਿਰਮਾਣ ਇਕਾਈ ਦਾ ਈ–ਉਦਘਾਟਨ ਵੀ ਕੀਤਾ ਗਿਆ।
ਯੋਗ ਥੈਰਾਪਿਸਟ, ਅਕਾਦਮਿਕ ਸ਼ਖ਼ਸੀਅਤ, ਲੇਖਕ ਤੇ ਬੈਂਗਲੁਰੂ ਸਥਿਤ ਇੱਕ ਡੀਮਡ ਯੂਨੀਵਰਸਿਟੀ ਸਵਾਮੀ ਵਿਵੇਕਾਨੰਦ ਯੋਗ ਅਨੁਸੰਧਾਨ ਸੰਸਥਾਨ (S-VYASA) ਦੇ ਬਾਨੀ ਵਾਈਸ ਚਾਂਸਲਰ ਪਦਮ ਸ਼੍ਰੀ ਐੱਚ.ਆਰ. ਨਗੇਂਦਰ, ਸਾਮੀ–ਸਬਇਨਸਾਂ ਗਰੁੱਪ ਦੇ ਬਾਨੀ ਚੇਅਰਮੈਨ ਡਾ. ਮੁਹੰਮਦ ਮਜੀਦ, ਉਦਯੋਗਿਕ ਆਗੂ ਤੇ ਵਿਭਿੰਨ ਦੇਸ਼ਾਂ ਦੇ ਭਾਗੀਦਾਰਾਂ ਨੇ ਇਸ ਵੈੱਬੀਨਾਰ ਵਿੱਚ ਭਾਗ ਲਿਆ।
<><><><><>
ਐੱਸਐੱਨਸੀ
(Release ID: 1668923)
Visitor Counter : 209