ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਡਾ. ਹਰਸ਼ ਵਰਧਨ ਦੀ ਪ੍ਰਧਾਨਗੀ ਹੇਠ ਡੀਐੱਸਟੀ ਅਤੇ ਸੀਐੱਸਆਈਆਰ ਦੇ ਖ਼ੁਦਮੁਖਤਿਆਰ ਸੰਸਥਾਨਾਂ ਦੇ ਮੁਖੀਆਂ / ਡਾਇਰੈਕਟਰਾਂ ਨਾਲ ਕੋਵਿਡ ਲਈ ਉਚਿਤ ਵਿਵਹਾਰ ਬਾਰੇ ਇੱਕ ਬੈਠਕ ਹੋਈ
“ਆਉਣ ਵਾਲੇ ਤਿਉਹਾਰਾਂ ਦੇ ਮੌਸਮ ਤੇ ਠੰਢ ਕਾਰਨ ਕੋਰੋਨਾ ਖ਼ਿਲਾਫ਼ ਸਾਡੀ ਜੰਗ ਵਿੱਚ ਅਗਲੇ ਢਾਈ ਮਹੀਨੇ ਅਹਿਮ ਹੋਣ ਜਾ ਰਹੇ ਹਨ, ਵੈਕਸੀਨ ਉਪਲਬਧ ਹੋਣ ਤੱਕ ਸੋਸ਼ਲ ਵੈਕਸੀਨ ਦੀ ਪਾਲਣਾ ਕਰੋ ”: ਡਾ. ਹਰਸ਼ ਵਰਧਨ
Posted On:
16 OCT 2020 6:25PM by PIB Chandigarh
ਕੇਂਦਰੀ ਵਿਗਿਆਨ ਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਅੱਜ ਇੱਥੇ ਕੋਵਿਡ ਲਈ ਉਚਿਤ ਵਿਵਹਾਰ ਬਾਰੇ ‘ਜਨ ਅੰਦੋਲਨ’ ਅਧੀਨ ਕੀਤੀਆਂ ਗਤੀਵਿਧੀਆਂ ਸਮੀਖਿਆ ਕਰਨ ਲਈ ਵਿਗਿਆਨ ਤੇ ਟੈਕਨੋਲੋਜੀ ਵਿਭਾਗ (ਡੀਐੱਸਟੀ-DST) ਅਤੇ ਸੀਐੱਸਆਈਆਰ (CSIR) ਅਧੀਨ ਖ਼ੁਦਮੁਖਤਿਆਰ ਸੰਸਥਾਨਾਂ ਦੇ ਮੁਖੀਆਂ/ਡਾਇਰੈਕਟਰਾਂ ਨਾਲ ਵੀਡੀਓ ਕਾਨਫ਼ਰੰਸਿੰਗ ਰਾਹੀਂ ਇੱਕ ਬੈਠਕ ਦੀ ਪ੍ਰਧਾਨਗੀ ਕੀਤੀ।
ਮਹਾਮਾਰੀ ਖ਼ਿਲਾਫ਼ ਦੇਸ਼ ਦੀ ਸਮੂਹਕ ਜੰਗ ਵਿੱਚ ਆਉਣ ਵਾਲੇ ਮਹੀਨਿਆਂ ਦੇ ਮਹੱਤਵ ਨੂੰ ਉਜਾਗਰ ਕਰਦਿਆਂ ਡਾ. ਹਰਸ਼ ਵਰਧਨ ਨੇ ਕਿਹਾ,‘ਅਸੀਂ ਹੁਣ ਕੋਵਿਡ–19 ਖ਼ਿਲਾਫ਼ ਆਪਣੀ ਜੰਗ ਦੇ 10ਵੇਂ ਮਹੀਨੇ ਵਿੱਚ ਦਾਖ਼ਲ ਹੋ ਰਹੇ ਹਨ। ਅਸੀਂ ਮਾਹਿਰਾਂ ਦੇ ਸਮੂਹ ਨਾਲ ਪਹਿਲੀ ਬੈਠਕ 8 ਜਨਵਰੀ ਨੂੰ ਕੀਤੀ ਸੀ। ਤਦ ਤੋਂ ਇਹ ਯਾਤਰਾ ਅਣਥੱਕ ਢੰਗ ਨਾਲ ਚੱਲ ਰਹੀ ਹੈ। ਪਰ ਅੱਜ ਅਸੀਂ ਮਾਣ ਨਾਲ ਆਖ ਸਕਦੇ ਹਾਂ ਕਿ ਅਸੀਂ ਕੋਵਿਡ ਖ਼ਿਲਾਫ਼ ਆਪਣੀ ਜੰਗ ਲਈ ਅਹਿਮ ਬੁਨਿਆਦੀ ਢਾਂਚਾ ਤਿਆਰ ਕਰ ਲਿਆ ਹੈ।’ ਉਨ੍ਹਾਂ ਸਾਰੇ ਕੋਵਿਡ ਜੋਧਿਆਂ ਦੇ ਅਣਥੱਕ ਤੇ ਸਮਰਪਿਤ ਜਤਨਾਂ ਲਈ ਤਹਿ ਦਿਲੋਂ ਆਭਾਰ ਪ੍ਰਗਟਾਇਆ ਤੇ ਨਮਨ ਕੀਤਾ ਅਤੇ ਹੋਰਨਾਂ ਦੀਆਂ ਜਾਨਾਂ ਬਚਾਉਂਦੇ ਹੋਏ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਜੋਧਿਆਂ ਦੇ ਦੇਹਾਂਤ ਉੱਤੇ ਦੁੱਖ ਪ੍ਰਗਟਾਇਆ।
ਮੰਤਰੀ ਨੇ ਉਨ੍ਹਾਂ ਸਾਰੇ ਵਿਗਿਆਨੀਆਂ ਦੁਆਰਾ ਕੀਤੇ ਗਏ ਮਹਾਨ ਕਾਰਜਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਆਪੋ–ਆਪਣੇ ਅਧਿਕਾਰ–ਖੇਤਰਾਂ ਤੋਂ ਬਾਹਰ ਜਾ ਕੇ ਕੰਮ ਕੀਤਾ ਤੇ ਉਨ੍ਹਾਂ ਕਿਹਾ ਕਿ ਅੱਜ ਸਮੁੱਚੇ ਵਿਸ਼ਵ ਵਿੱਚ 9 ਵੈਕਸੀਨ ਉਮੀਦਵਾਰ ਹਨ, ਜੋ ਕਾਫ਼ੀ ਅਗਲੇ ਪੜਾਵਾਂ ਉੱਤੇ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿੱਚ 3 ਵੈਕਸੀਨ ਹਨ ਜੋ ਵਧੀਆ ਢੰਗ ਨਾਲ ਵਿਕਸਤ ਹੋ ਰਹੇ ਹਨ ਅਤੇ ਉਨ੍ਹਾਂ ਵਿੱਚੋਂ ਇੱਕ ਕਲੀਨਿਕਲ ਪ੍ਰੀਖਣਾਂ ਦੇ ਅਡਵਾਂਸਡ ਪੜਾਅ-III ਉੱਤੇ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਕੋਰੋਨਾ ਵੈਕਸੀਨ ਦਾ ਉਤਪਾਦਨ ਛੇਤੀ ਹੀ ਭਾਰਤ ਅੰਦਰ ਹੋਣ ਲੱਗ ਪਵੇਗਾ।
ਕੋਵਿਡ ਖ਼ਿਲਾਫ਼ ਜੰਗ ਹਾਲੇ ਖ਼ਤਮ ਨਾ ਹੋਣ ਦੀ ਗੱਲ ਕਰਦਿਆਂ ਡਾ. ਹਰਸ਼ ਵਰਧਨ ਨੇ ਲੋਕਾਂ ਨੂੰ ਸਾਵਧਾਨ ਕੀਤਾ ਕਿ ਉਹ ਕੋਵਿਡ–19 ਖ਼ਿਲਾਫ਼ ਜੂਝਦਿਆਂ ਹਾਲੇ ਖ਼ੁਸ਼, ਲਾਪਰਵਾਹ ਨਾ ਹੋਣ ਅਤੇ ਇਸ ਮਾਮਲੇ ਵਿੱਚ ਨਿਯਮਾਂ ਦੀ ਪਾਲਣਾ ਕਰਨ ’ਚ ਕੋਈ ਢਿੱਲ–ਮੱਠ ਨਾ ਕਰਨ। ਉਨ੍ਹਾਂ ਕਿਹਾ ਕਿ ‘ਠੰਢ ਦੇ ਮੌਸਮ ਤੇ ਤਿਉਹਾਰਾਂ ਦੇ ਸੀਜ਼ਨ ਕਾਰਨ ਕੋਰੋਨਾ ਖ਼ਿਲਾਫ਼ ਸਾਡੀ ਜੰਗ ਵਿੱਚ ਅਗਲੇ ਢਾਈ ਮਹੀਨੇ ਸਾਡੇ ਲਈ ਬਹੁਤ ਅਹਿਮ ਹੋਣ ਜਾ ਰਹੇ ਹਨ। ਇਹ ਹਰੇਕ ਨਾਗਰਿਕ ਦੀ ਜ਼ਿੰਮੇਵਾਰੀ ਹੈ ਕਿ ਆਪੋ–ਆਪਣੀਆਂ ਸਾਵਧਾਨੀਆਂ ’ਚ ਕੋਈ ਢਿੱਲ ਨਾ ਆਉਣ ਦੇਣ ਅਤੇ ਇਸ ਛੂਤ ਦਾ ਫੈਲਣਾ ਰੋਕਣ ਹਿਤ ਕੋਵਿਡ ਲਈ ਉਚਿਤ ਵਿਵਹਾਰ ਦੀ ਪਾਲਣਾ ਕਰਨ।’
ਇਸ ਮਹੀਨੇ ਦੀ 8 ਤਰੀਕ ਨੂੰ ‘ਜਨ ਅੰਦੋਲਨ’ ਦਾ ਹਿੱਸਾ ਬਣਨ ਦੇ ਪ੍ਰਧਾਨ ਮੰਤਰੀ ਦੇ ਜ਼ੋਰਦਾਰ ਸੱਦੇ ਦੇ ਪਾਲਣਾ ਕਰਦਿਆਂ ਦੇਸ਼ ਭਰ ਦੇ ਲੋਕਾਂ ਨੂੰ ਬੇਨਤੀ ਕਰਦਿਆਂ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਲਈ ਉਚਿਤ ਵਿਵਹਾਰ ਦੀ ਪਾਲਣਾ ਕਰਨ। ਉਨ੍ਹਾਂ ਕਿਹਾ,‘ਇਸ ਵਾਇਰਸ ਨੇ ਸਮੁੱਚੇ ਵਿਸ਼ਵ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਪਰ ਕੋਰੋਨਾਵਾਇਰਸ ਦੀ ਰੋਕਥਾਮ ਲਈ ਸਾਵਧਾਨੀ ਦੇ ਸਾਦੇ ਉਪਾਅ ਹੀ ਬੇਹੱਦ ਕਾਰਗਰ ਹਨ। ਖ਼ਾਸ ਤੌਰ ’ਤੇ ਜਨਤਕ ਸਥਾਨਾਂ ’ਤੇ ਮਾਸਕ/ਫ਼ੇਸ ਕਵਰ ਪਹਿਨਣਾ ਅਤੇ ਹੱਥ ਧੋਣ ਤੇ ਸਾਹ ਲੈਣ ਦੇ ਸ਼ਿਸ਼ਟਾਚਾਰਾਂ ਦੀ ਪਾਲਣਾ ਕਰਨਾ ਹੀ ਸੋਸ਼ਲ ਵੈਕਸੀਨ ਦੇ ਪ੍ਰਮੁੱਖ ਸਿਧਾਂਤ ਹਨ।’ ਉਨ੍ਹਾਂ ਇਸ ਰੋਗ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਹਿਤ ਸਰੀਰਕ ਦੂਰੀ ਦੇ ਮਹੱਤਵ ਉੱਤੇ ਜ਼ੋਰ ਦਿੱਤਾ। ਡਾ. ਹਰਸ਼ ਵਰਧਨ ਨੇ ਸੰਸਥਾਨਾਂ ਦੇ ਮੁਖੀਆਂ ਨੂੰ ਦੇਸ਼ ਵਿੱਚ ਇਸ ਰੋਗ ਦੇ ਫੈਲਣ ਦੀ ਲੜੀ ਨੂੰ ਤੋੜ ਲਈ ਇਸੇ ‘ਸੋਸ਼ਲ ਵੈਕਸੀਨ’ ਦੇ ਮਹੱਤਵ ਨੂੰ ਉਜਾਗਰ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਉਣ ਲਈ ਆਖਿਆ।
ਕੋਵਿਡ–19 ਖ਼ਿਲਾਫ਼ ਭਾਰਤ ਦੀ ਜੰਗ ਬਾਰੇ ਡਾ. ਹਰਸ਼ ਵਰਧਨ ਨੇ ਕਿਹਾ,‘ਕੋਵਿਡ ਦੇ ਇਲਾਜ ਵਿੱਚ ਭਾਰਤ ਨਿਰੰਤਰ ਨਵੇਂ ਮੀਲ–ਪੱਥਰ ਕਾਇਮ ਕਰ ਰਿਹਾ ਹੈ। ਸਾਡੀ ਸਿਹਤਯਾਬੀ ਦਰ ਸਮੁੱਚੇ ਵਿਸ਼ਵ ਵਿੱਚ ਸਭ ਤੋਂ ਉਚੇਰੀ ਹੈ ਅਤੇ ਮੌਤ–ਦਰ ਸਭ ਤੋਂ ਘੱਟ ਵਿੱਚ ਸ਼ਾਮਲ ਹੈ। ਸਰਗਰਮ ਮਾਮਲਿਆਂ ਦੀ ਗਿਣਤੀ ਨਿਰੰਤਰ ਘਟਦੀ ਜਾ ਰਹੀ ਹੈ। ਸਾਰੇ ਮਾਪਦੰਡਾਂ ਨੇ ਕੋਵਿਡ–19 ਰੋਕਣ ਦੀ ਰਣਨੀਤੀ ਦੀ ਸਫ਼ਲਤਾ ਸਿੱਧ ਕੀਤੀ ਹੈ, ਜਿਨ੍ਹਾਂ ਦੀ ਪਾਲਣਾ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਕੀਤੀ ਗਈ ਹੈ। ਭਾਰਤ ਹੁਣ ਮਾਸਕਾਂ, ਪੀਪੀਈ ਕਿਟਸ ਤੇ ਵੈਂਟੀਲੇਟਰਸ ਦੇ ਮਾਮਲੇ ਵਿੱਚ ਆਤਮਨਿਰਭਰ ਬਣ ਚੁੱਕਾ ਹੈ, ਜਦ ਕਿ ਇਹ ਸਭ ਕੁਝ ਪਹਿਲਾਂ ਵਿਦੇਸ਼ਾਂ ਤੋਂ ਦਰਾਮਦ ਕੀਤਾ ਜਾਂਦਾ ਸੀ।’
*****
ਐੱਨਬੀ/ਕੇਜੀਐੱਸ
(Release ID: 1665349)
Visitor Counter : 166