ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਗਡਕਰੀ ਨੇ ਜ਼ੋਜ਼ਿਲਾ ਟਨਲ ’ਤੇ ਪਹਿਲਾ ਵਿਸਫੋਟ ਕਰਕੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ; ਅਤੇ ਕਿਹਾ, ਇਮਾਨਦਾਰ ਕੋਸ਼ਿਸ਼ਾਂ ਨਾਲ, ਅਸੀਂ ਆਪਣੇ ਦੇਸ਼ ਨੂੰ ਅੱਗੇ ਲਿਜਾ ਸਕਦੇ ਹਾਂ
ਐੱਨਐੱਚ - 1 ’ਤੇ ਬਣਨ ਵਾਲੀ ਟਨਲ ਸ੍ਰੀਨਗਰ ਵਾਦੀ ਅਤੇ ਲੇਹ ਦੇ ਵਿਚਕਾਰ ਹਰ ਤਰ੍ਹਾਂ ਦੇ ਮੌਸਮ ਵਿੱਚ ਸੰਪਰਕ ਨੂੰ ਯਕੀਨੀ ਬਣਾਏਗੀ
ਮੁੜ ਵਿਚਾਰਿਆ ਪ੍ਰੋਜੈਕਟ 4000 ਕਰੋੜ ਰੁਪਏ ਦੀ ਬੱਚਤ ਕਰੇਗਾ ਅਤੇ ਲਗਭਗ 4 ਘੰਟੇ ਦੀ ਯਾਤਰਾ ਦਾ ਸਮਾਂ ਬਚਾਏਗਾ
ਮੌਜੂਦਾ ਸਰਕਾਰ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਟਨਲ ਪ੍ਰੋਜੈਕਟ ਨੂੰ ਪੂਰਾ ਕਰਨ ਦੀ ਉਮੀਦ: ਸ਼੍ਰੀ ਗਡਕਰੀ
Posted On:
15 OCT 2020 2:01PM by PIB Chandigarh
ਕੇਂਦਰੀ ਰੋਡ ਟਰਾਂਸਪੋਰਟ ਤੇ ਰਾਜਮਾਰਗ ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਜੰਮੂ-ਕਸ਼ਮੀਰ ਵਿੱਚ ਜ਼ੋਜ਼ਿਲਾ ਟਨਲ ਦੀ ਰਸਮੀ ਵਿਸਫੋਟ ਨਾਲ ਸ਼ੁਰੂਆਤ ਕੀਤੀ। ਉਨ੍ਹਾਂ ਨੇ ਕਿਹਾ ਕਿ ਐੱਨਐੱਚ – 1 ’ਤੇ ਬਣਨ ਵਾਲੀ ਇਹ ਟਨਲ ਸ੍ਰੀਨਗਰ - ਵਾਦੀ ਅਤੇ ਲੇਹ (ਲੱਦਾਖ ਪਠਾਰ) ਦੇ ਵਿਚਕਾਰ ਸਾਰੇ ਮੌਸਮਾਂ ਵਿੱਚ ਸੰਪਰਕ ਨੂੰ ਜੋੜੇਗੀ, ਅਤੇ ਇਹ ਜੰਮੂ-ਕਸ਼ਮੀਰ (ਹੁਣ ਜੰਮੂ-ਕਸ਼ਮੀਰ ਅਤੇ ਲਦਾਖ ਦੇ ਕੇਂਦਰ ਸ਼ਾਸਿਤ ਪ੍ਰਦੇਸ਼) ਦਾ ਸਰਬਪੱਖੀ ਆਰਥਿਕ ਅਤੇ ਸਮਾਜਿਕ-ਸੱਭਿਆਚਾਰਕ ਏਕੀਕਰਣ ਲਿਆਏਗੀ।
ਕੇਂਦਰੀ ਰੋਡ ਟਰਾਂਸਪੋਰਟ ਤੇ ਰਾਜਮਾਰਗ ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਜੰਮੂ-ਕਸ਼ਮੀਰ ਵਿੱਚ ਜ਼ੋਜ਼ਿਲਾ ਟਨਲ ਲਈ ਰਸਮੀ ਤੌਰ ’ਤੇ ਪਹਿਲੇ ਧਮਾਕੇ ਨਾਲ ਸ਼ੁਰੂਆਤ ਕਰਨ ਲਈ ਬਟਨ ਦਬਾਉਂਦੇ ਹੋਏ।
ਮੰਤਰੀ ਨੇ ਕਿਹਾ, ਇਸ ਵਿੱਚ ਐੱਨਐੱਚ -1 ’ਤੇ ਜ਼ੋਜ਼ਿਲਾ ਪਾਸ (ਮੌਜੂਦਾ ਸਮੇਂ ਵਿੱਚ ਇਹ ਇੱਕ ਸਾਲ ਵਿੱਚ ਸਿਰਫ਼ 6 ਮਹੀਨਿਆਂ ਦੇ ਲਈ ਚਲਦਾ ਹੈ) ਦੇ ਅਧੀਨ ਲਗਭਗ 3000 ਮੀਟਰ ਦੀ ਉਚਾਈ ’ਤੇ 14.15 ਕਿਲੋਮੀਟਰ ਲੰਬੀ ਟਨਲ ਦਾ ਨਿਰਮਾਣ ਸ਼ਾਮਲ ਹੈ, ਜੋ ਸ੍ਰੀਨਗਰ ਅਤੇ ਲੇਹ ਨੂੰ ਦ੍ਰਾਸ ਅਤੇ ਕਰਗਿਲ ਰਾਹੀਂ ਜੋੜਦਾ ਹੈ। ਵਾਹਨ ਚਲਾਉਣ ਲਈ ਇਹ ਦੁਨੀਆਂ ਦਾ ਸਭ ਤੋਂ ਖ਼ਤਰਨਾਕ ਹਿੱਸਾ ਹੈ ਅਤੇ ਇਹ ਪ੍ਰੋਜੈਕਟ ਭੂ-ਰਣਨੀਤਕ ਤੌਰ ’ਤੇ ਵੀ ਸੰਵੇਦਨਸ਼ੀਲ ਹੈ। ਉਨ੍ਹਾਂ ਨੇ ਕਿਹਾ ਕਿ ਇਹ ਏਸ਼ੀਆ ਦੀ ਸਭ ਤੋਂ ਲੰਬੀ ਟਨਲ ਹੋਵੇਗੀ, ਇਸ ਨਾਲ ਖੇਤਰ ਵਿੱਚ ਸਮਾਜਿਕ ਆਰਥਿਕ ਦ੍ਰਿਸ਼ਟੀਕੋਣ ਵਿੱਚ ਸੁਧਾਰ ਹੋਏਗਾ। ਸ਼੍ਰੀ ਗਡਕਰੀ ਨੇ ਦੱਸਿਆ ਕਿ ਇਸ ਟਨਲ ਦੀ ਮੁੜ ਡਿਜ਼ਾਈਨਿੰਗ ਨਾਲ ਲਗਭਗ 4000 ਕਰੋੜ ਰੁਪਏ ਦੀ ਬੱਚਤ ਹੋਵੇਗੀ। ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਮਾਨਦਾਰ ਯਤਨਾਂ ਨਾਲ ਅਸੀਂ ਆਪਣੇ ਦੇਸ਼ ਨੂੰ ਘੱਟ ਲਾਗਤਾਂ ’ਤੇ ਅੱਗੇ ਲਿਜਾ ਸਕਦੇ ਹਾਂ। ਸ਼੍ਰੀ ਗਡਕਰੀ ਨੇ ਇਹ ਵੀ ਵਿਸ਼ਵਾਸ ਜਤਾਇਆ ਕਿ ਹਾਲਾਂਕਿ ਪ੍ਰੋਜੈਕਟ ਦਾ ਕਾਰਜਕਾਲ ਪੂਰਾ ਹੋਣ ਲਈ ਛੇ ਸਾਲਾਂ ਦਾ ਸਮਾਂ ਹੈ, ਪਰ ਫਿਰ ਵੀ ਮੌਜੂਦਾ ਸਰਕਾਰ ਦੇ ਕਾਰਜਕਾਲ ਦੀ ਸਮਾਪਤੀ ਤੋਂ ਪਹਿਲਾਂ ਇਸ ਪ੍ਰੋਜੈਕਟ ਦਾ ਉਦਘਾਟਨ ਕਰਦਿਆਂ ਇਸ ਪ੍ਰੋਜੈਕਟ ਨੂੰ ਪੂਰਾ ਕੀਤਾ ਜਾਵੇਗਾ।
ਉਨ੍ਹਾਂ ਨੇ ਟਨਲ ਦੇ ਕੰਮਾਂ ਦੀ ਨਿਗਰਾਨੀ ਕਰਨ ਅਤੇ ਸਥਾਨਕ ਮੁੱਦਿਆਂ ਨੂੰ ਸੁਲਝਾਉਣ ਲਈ ਐੱਲਜੀ ਲੇਹ ਅਤੇ ਐੱਲਜੀ ਜੰਮੂ ਅਤੇ ਕਸ਼ਮੀਰ ਦੇ ਅਧੀਨ ਸਬੰਧਿਤ ਮੁੱਖ ਸਕੱਤਰਾਂ ਅਤੇ ਰੋਡ ਟਰਾਂਸਪੋਰਟ ਤੇ ਰਾਜਮਾਰਗ ਮੰਤਰਾਲਾ, ਐੱਨਐੱਚਆਈਡੀਸੀਐੱਲ ਆਦਿ ਦੇ ਅਧਿਕਾਰੀਆਂ ਨਾਲ ਕਮੇਟੀਆਂ ਗਠਿਤ ਕਰਨ ਦਾ ਭਰੋਸਾ ਦਿੱਤਾ।
ਸ਼੍ਰੀ ਗਡਕਰੀ ਨੇ ਦੱਸਿਆ ਕਿ ਜੰਮੂ-ਕਸ਼ਮੀਰ ਖੇਤਰ ਵਿੱਚ ਸੱਤ ਟਨਲ ਸੜਕਾਂ ਨਿਰਮਾਣ ਅਧੀਨ ਹਨ। ਉਨ੍ਹਾਂ ਨੇ ਕਿਹਾ ਕਿ ਕਾਜੀਗੁੰਡ ਅਤੇ ਬਨਿਹਾਲ ਦਰਮਿਆਨ 8450 ਮੀਟਰ ਲੰਬੀ ਟਵਿਨ ਟਿਊਬ ਸੁਰੰਗਾਂ ਦਾ ਨਿਰਮਾਣ ਆਉਂਦੇ ਮਾਰਚ ਤੱਕ ਮੁਕੰਮਲ ਹੋ ਜਾਵੇਗਾ। ਇਸ ਤੋਂ ਬਾਅਦ, ਰਾਮਬਾਣ ਅਤੇ ਬਨਿਹਾਲ ਦਰਮਿਆਨ 2968 ਮੀਟਰ ਲੰਬੀਆਂ 6 ਸਿੰਗਲ ਸੁਰੰਗਾਂ ਦਾ ਕੰਮ ਦਸੰਬਰ 2021 ਵਿੱਚ ਪੂਰਾ ਹੋਣ ਵਾਲਾ ਹੈ। ਇਸ ਤੋਂ ਇਲਾਵਾ, ਖਿਲਾਨੀ ਅਤੇ ਕਿਸ਼ਤਵਾੜ ਵਿਚਕਾਰ 450 ਮੀਟਰ ਲੰਬੀ ਟਨਲ ਜੂਨ 2022 ਤੱਕ ਤਿਆਰ ਹੋ ਜਾਵੇਗੀ।
ਮੰਤਰੀ ਨੇ ਅੱਗੇ ਦੱਸਿਆ ਕਿ ਕਈ ਸੁਰੰਗਾਂ ਲਈ ਡੀਪੀਆਰ ਤਿਆਰ ਹੋ ਚੁੱਕੇ ਹਨ, ਜਿਨ੍ਹਾਂ ਵਿੱਚ 4.5 ਕਿਲੋਮੀਟਰ ਲੰਬੀ ਚੇਨਾਨੀ-ਅਨੰਤਨਾਗ ਟਨਲ, 4,600 ਕਰੋੜ ਰੁਪਏ ਦੀ ਲਾਗਤ ਨਾਲ ਸਿੰਥਨ ਪਾਸ ਵਿਖੇ 10.2 ਕਿਲੋਮੀਟਰ ਲੰਬੀ ਟਨਲ, 350 ਕਰੋੜ ਰੁਪਏ ਦੀ ਲਾਗਤ ਨਾਲ ਖਾਖਲਾਨੀ ਬਾਈਪਾਸ ਟਨਲ, ਅਤੇ 5,400 ਕਰੋੜ ਰੁਪਏ ਦੀ ਲਾਗਤ ਨਾਲ ਛਤਰੂ ਅਤੇ ਅਨੰਤਨਾਗ ਦਰਮਿਆਨ 10 ਕਿਲੋਮੀਟਰ ਲੰਬੀ ਟਨਲ ਧਮਲ ਹੈ। ਇਨ੍ਹਾਂ ਲਈ ਜਲਦੀ ਹੀ ਟੈਂਡਰ ਖੋਲ੍ਹੇ ਜਾਣਗੇ।
ਕੇਂਦਰੀ ਰੋਡ ਟਰਾਂਸਪੋਰਟ ਤੇ ਰਾਜਮਾਰਗ ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰੀ ਸ਼੍ਰੀ ਨਿਤਿਨ ਗਡਕਰੀ ਅੱਜ ਜੰਮੂ-ਕਸ਼ਮੀਰ ਵਿੱਚ ਜ਼ੋਜ਼ਿਲਾ ਟਨਲ ਬਾਰੇ ਕਿਤਾਬਚਾ ਜਾਰੀ ਕਰਦੇ ਹੋਏ।
ਸ਼੍ਰੀ ਗਡਕਰੀ ਨੇ 21,000 ਕਰੋੜ ਰੁਪਏ ਦੀ ਲਾਗਤ ਨਾਲ ਦਿੱਲੀ-ਕਟੜਾ ਗ੍ਰੀਨ ਐਕਸਪ੍ਰੈੱਸ ਵੇਅ ਦੇ ਨਿਰਮਾਣ ਦਾ ਜ਼ਿਕਰ ਕੀਤਾ, ਜਿਸ ਨਾਲ ਦੋਵਾਂ ਮਹੱਤਵਪੂਰਨ ਥਾਵਾਂ ਦਰਮਿਆਨ ਦੂਰੀ ਸਿਰਫ਼ 650 ਕਿਲੋਮੀਟਰ ਤੱਕ ਰਹਿ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਇਸ ਲਈ ਜ਼ਮੀਨਾਂ ਦੀ ਪ੍ਰਾਪਤੀ ਦਾ ਕੰਮ ਚਲ ਰਿਹਾ ਹੈ ਅਤੇ ਆਉਂਦੇ ਦਸੰਬਰ ਤੱਕ ਇਸ ਪ੍ਰੋਜੈਕਟ ’ਤੇ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਲੰਡਨ ਦੇ ਆਵਾਜਾਈ ਦੇ ਡਿਜ਼ਾਈਨ ਦੇ ਅਨੁਸਾਰ ਆਧੁਨਿਕ ਰਾਜਮਾਰਗ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਇਸ ਵਿੱਚ ਡਰਾਈਵਰਾਂ ਨੂੰ ਮੌਸਮ ਦੀ ਜਾਣਕਾਰੀ ਉਪਲਬਧ ਕਰਾਈ ਜਾਵੇਗੀ। ਇਹ ਐਕਸਪ੍ਰੈੱਸ ਵੇਅ ਅੰਮ੍ਰਿਤਸਰ ਸਮੇਤ ਗੁਰੂਦੁਆਰਿਆਂ ਨਾਲ ਜੁੜਦਾ ਹੋਇਆ ਜੰਮੂ ਹਾਈਵੇ ਨਾਲ ਵੀ ਜੁੜੇਗਾ, ਜਿਸ ਨਾਲ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਨੂੰ ਲਾਭ ਹੋਵੇਗਾ।
ਮੰਤਰੀ ਨੇ ਅੱਗੇ ਕਿਹਾ ਕਿ 4-ਲੇਨ ਜੰਮੂ-ਉਧਮਪੁਰ ਮਾਰਗ ਬਣਾਉਣ ਦਾ ਕੰਮ ਮੁਕੰਮਲ ਹੋ ਗਿਆ ਹੈ। ਉਧਮਪੁਰ ਤੋਂ ਰਾਮਬਨ ਤੱਕ ਦੀ ਸੜਕ ਇਸ ਸਾਲ ਦਸੰਬਰ ਤੱਕ ਮੁਕੰਮਲ ਹੋ ਜਾਵੇਗੀ। ਇਸ ਮਾਰਗ ’ਤੇ ਚੇਨਾਨੀ-ਨੇਸ਼ਾਰੀ ਟਨਲ 2017 ਵਿੱਚ ਪਹਿਲਾਂ ਹੀ ਬਣਾਈ ਜਾ ਚੁੱਕੀ ਹੈ। ਰਾਮਬਨ ਅਤੇ ਬਨਿਹਾਲ ਦਰਮਿਆਨ 2168 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ 33 ਕਿਲੋਮੀਟਰ ਲੰਬੀ ਸੜਕ ਦਸੰਬਰ 2021 ਤੱਕ ਮੁਕੰਮਲ ਹੋ ਜਾਵੇਗੀ। ਸ਼੍ਰੀਨਗਰ ਅਤੇ ਬਨਿਹਾਲ ਦਰਮਿਆਨ 1,433 ਕਰੋੜ ਰੁਪਏ ਦੀ ਲਾਗਤ ਨਾਲ ਬਣੀ 65 ਕਿਲੋਮੀਟਰ ਲੰਬੀ 4-ਮਾਰਗੀ ਸੜਕ ਨੂੰ ਪੂਰਾ ਕੀਤਾ ਗਿਆ ਹੈ।
ਉੱਤਰ ਪੂਰਬੀ ਖੇਤਰ ਦੇ ਵਿਕਾਸ ਮੰਤਰਾਲੇ; ਪ੍ਰਧਾਨ ਮੰਤਰੀ ਦੇ ਦਫ਼ਤਰ ਵਿੱਚ ਰਾਜ ਮੰਤਰੀ; ਅਮਲੇ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨਾਂ ਦੇ ਮੰਤਰਾਲੇ; ਪ੍ਰਮਾਣੂ ਊਰਜਾ ਵਿਭਾਗ; ਅਤੇ ਪੁਲਾੜ ਵਿਭਾਗ ਦੇ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਡਾ: ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਸਰਕਾਰ ਨੇ ਇਸ ਖੇਤਰ ਦੇ ਵਿਕਾਸ ਲਈ ਕਈ ਯੋਜਨਾਵਾਂ ਬਣਾਈਆਂ ਹਨ। ਉਨ੍ਹਾਂ ਨੇ ਕਿਹਾ ਕਿ ਉੱਤਰ-ਪੂਰਬ ਅਤੇ ਜੰਮੂ ਅਤੇ ਕਸ਼ਮੀਰ ਸਰਕਾਰ ਲਈ ਤਰਜੀਹ ਵਾਲੇ ਖੇਤਰ ਹਨ। ਸਰਕਾਰ ਨੇ ਇਸ ਖੇਤਰ ਦੇ ਹਰੇਕ ਨਾਗਰਿਕ ਦੇ ਵਿਕਾਸ ਲਈ ਕੰਮ ਕੀਤਾ ਹੈ। ਮੰਤਰੀ ਨੇ ਦੱਸਿਆ ਕਿ ਭਾਰਤ ਵਿੱਚ ਸਭ ਤੋਂ ਪਹਿਲੀ ਟਨਲ ਸੜਕ ਪ੍ਰੋਜੈਕਟ, ਚੇਨਾਹੀ-ਨੇਸ਼ਾਰੀ ਟਨਲ ਦਾ ਨਾਮ ਡਾ: ਸ਼ਿਆਮਾ ਪ੍ਰਸਾਦ ਮੁਖਰਜੀ ਦੇ ਨਾਮ ’ਤੇ ਰੱਖਿਆ ਗਿਆ ਹੈ। ਉਨ੍ਹਾਂ ਨੇ 2014 ਤੋਂ ਬਾਅਦ ਵਿਕਸਿਤ ਪ੍ਰੋਜੈਕਟਾਂ ਨੂੰ ਆਧੁਨਿਕ ਭਾਰਤ ਨੂੰ ਸ਼ਰਧਾਂਜਲੀ ਦੱਸਿਆ। ਉਨ੍ਹਾਂ ਨੇ ਲੋੜੀਂਦੇ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ ਲੀਡਰਸ਼ਿਪ, ਜੋਸ਼ ਅਤੇ ਗਤੀ ਲਈ ਸ਼੍ਰੀ ਗਡਕਰੀ ਦੀ ਸਲਾਂਘਾ ਕੀਤੀ। ਉਨ੍ਹਾਂ ਨੇ ਕਿਹਾ, ਇਹ ਟਨਲ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਰਮਿਆਨ ਸਰੀਰਕ ਅਤੇ ਭਾਵਾਤਮਕ ਦੋਵੇਂ ਸੰਪਰਕਾਂ ਨੂੰ ਮਜ਼ਬੂਤ ਬਣਾਵੇਗੀ। ਡਾ: ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਸਰਕਾਰ ਦੇ ਪਿਛਲੇ 6 ਸਾਲਾਂ ਵਿੱਚ ਕਾਰਜ ਸੱਭਿਆਚਾਰ ਵਿੱਚ ਇੱਕ ਸਮੁੰਦਰੀ ਤਬਦੀਲੀ ਆਈ ਹੈ ਅਤੇ ਪ੍ਰੋਜੈਕਟਾਂ ਨੂੰ ਕਿਸੇ ਹੋਰ ਵਿਚਾਰਾਂ ਦੀ ਬਜਾਏ ਲੋੜ ਅਧਾਰਤ ਜ਼ਰੂਰਤਾਂ ਦੇ ਅਧਾਰ ’ਤੇ ਮਨਜੂਰੀ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਕੋਵਿਡ-19 ਸੰਕਟ ਵਰਗੀਆਂ ਕਈ ਰੁਕਾਵਟਾਂ ਦੇ ਬਾਵਜੂਦ ਪਿਛਲੇ ਛੇ ਸਾਲਾਂ ਤੋਂ ਸ਼ੁਰੂ ਹੋਏ ਸਾਰੇ ਪ੍ਰੋਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਦ੍ਰਿੜ ਅਤੇ ਵਚਨਬੱਧ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ 200 ਤੋਂ ਵੱਧ ਪੁਲ ਮੁਕੰਮਲ ਹੋ ਚੁੱਕੇ ਹਨ ਅਤੇ ਜੰਮੂ ਕਸ਼ਮੀਰ ਦੇ ਮਿਸ਼ਨ ਮੋਡ ਵਿੱਚ ਕਈ ਨਵੇਂ ਹਾਈਵੇ ਪ੍ਰੋਜੈਕਟ ਲਏ ਜਾ ਰਹੇ ਹਨ।
ਰੋਡ ਟਰਾਂਸਪੋਰਟ ਤੇ ਰਾਜਮਾਰਗ ਰਾਜ ਮੰਤਰੀ ਜਨਰਲ (ਸੇਵਾਮੁਕਤ) ਡਾ: ਵੀ ਕੇ ਸਿੰਘ ਨੇ ਜ਼ੋਜ਼ਿਲਾ ਪਾਸ ਦੇ ਅਧੀਨ ਟਨਲ ਪ੍ਰੋਜੈਕਟ ਬਾਰੇ ਬੋਲਦਿਆਂ ਕਿਹਾ ਕਿ ਉਹ ਇਸ ਰਸਤੇ ’ਤੇ ਯਾਤਰਾ ਕਰ ਚੁੱਕੇ ਹਨ ਅਤੇ ਉੱਥੋਂ ਦੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਤੋਂ ਜਾਣੂ ਹਨ। ਉਨ੍ਹਾਂ ਨੇ ਕਿਹਾ, ਇਹ ਟਨਲ ਲੱਦਾਖ ਅਤੇ ਜੰਮੂ-ਕਸ਼ਮੀਰ ਦੇ ਯੂਟੀ ਪ੍ਰਸ਼ਾਸਕਾਂ ਵਿਚਾਲੇ ਤਾਲਮੇਲ ਵਿੱਚ ਵੀ ਸੁਧਾਰ ਕਰੇਗੀ। ਮੰਤਰੀ ਨੇ ਸੜਕਾਂ ਅਤੇ ਰੇਲ ਦੋਵਾਂ ਨੈੱਟਵਰਕਾਂ ਦੇ ਲਈ ਕੰਮ ਕਰਨ ਲਈ ਸੁਰੰਗਾਂ ਬਣਾਉਣ ਲਈ ਵੱਖਰੀ ਏਜੰਸੀ ਬਣਾਉਣ ਦਾ ਸੁਝਾਅ ਦਿੱਤਾ ਹੈ।
ਜੰਮੂ-ਕਸ਼ਮੀਰ ਦੇ ਐੱਲਜੀ ਸ਼੍ਰੀ ਮਨੋਜ ਸਿਨਹਾ ਨੇ ਸਮਾਗਮ ਨੂੰ ਇਸ ਖੇਤਰ ਦੇ ਵਿਕਾਸ ਦਾ ਅਹਿਮ ਬਿੰਦੂ ਦੱਸਿਆ। ਉਨ੍ਹਾਂ ਨੇ ਕਿਹਾ, ਉਹ ਟਨਲ ਨੂੰ ਆਸਾਨੀ ਨਾਲ ਮਾਡਰਨ ਡੇਅ ਮਾਰਵਲ ਕਹਿ ਸਕਦੇ ਹਨ। ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਇਹ ਪ੍ਰੋਜੈਕਟ ਸਥਾਨਕ ਨੌਜਵਾਨਾਂ ਲਈ ਰੋਜ਼ਗਾਰ ਵਧਣ ਦੇ ਮੌਕੇ ਪੈਦਾ ਕਰੇਗਾ ਅਤੇ ਮੂਲ ਆਰਥਿਕਤਾ ਨੂੰ ਹੁਲਾਰਾ ਦੇਵੇਗਾ।
ਲੱਦਾਖ ਦੇ ਐੱਲਜੀ ਸ਼੍ਰੀ ਰਾਧਾ ਕ੍ਰਿਸ਼ਨ ਮਾਥੁਰ ਨੇ ਬਾਰ-ਬਾਰ ਠੇਕੇਦਾਰਾਂ ਦੇ ਬਦਲਣ ਕਾਰਨ ਬਦਲੇ ਹੋਏ ਹਾਲਾਤ ਅਨੁਸਾਰ ਢਲਣ ਲਈ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੇ ਯਤਨਾਂ ਦੀ ਸਲਾਂਘਾ ਕੀਤੀ। ਉਨ੍ਹਾਂ ਨੇ ਕਿਹਾ, ਇਹ ਟਨਲ ਲੇਹ ਖੇਤਰ ਦੇ ਵਿਕਾਸ ਲਈ ਬਹੁਤ ਲੰਬੀ ਦੂਰੀ ਤੈਅ ਕਰੇਗੀ। ਉਨ੍ਹਾਂ ਨੇ 1948 ਦੀ ਘਟਨਾ ਨੂੰ ਯਾਦ ਕੀਤਾ ਜਦੋਂ ਸੈਨਾ ਨੇ ਇਸ ਖੇਤਰ ਨੂੰ ਦੁਸ਼ਮਣ ਦੀ ਪਕੜ ਤੋਂ ਵਾਪਸ ਲਿਆ ਸੀ ਅਤੇ ਕਿਹਾ, ਅੱਜ ਦਾ ਸਮਾਗਮ ਵੀ ਉਨਾ ਹੀ ਅਹਿਮ ਹੈ ਕਿਉਂਕਿ ਇਹ ਜ਼ੋਜ਼ੀਲਾ ਦੀ ਦੂਜੀ ਮੁਕਤੀ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਖੇਤਰ ਦੇ ਸੜਕੀ ਵਿਕਾਸ ਪ੍ਰੋਜੈਕਟਾਂ ਦੀ ਨਿਗਰਾਨੀ ਲਈ ਇੱਕ ਕੇਂਦਰੀ ਕਮੇਟੀ ਬਣਾਉਣ ਦਾ ਅਤੇ ਔਖੇ ਸਮੇਂ ਸੜਕ ਦੇ ਪ੍ਰਬੰਧਨ ਲਈ ਜੰਮੂ-ਕਸ਼ਮੀਰ ਪ੍ਰਸ਼ਾਸਨ ਨਾਲ ਸਾਂਝੀ ਕਮੇਟੀ ਦਾ ਗਠਨ ਕਰਨ ਦਾ ਸੁਝਾਅ ਵੀ ਦਿੱਤਾ।
ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੇ ਸਕੱਤਰ - ਸ਼੍ਰੀ ਗਿਰਿਧਰ ਅਰਾਮਾਨੇ ਨੇ ਕਿਹਾ, ਮੰਤਰਾਲੇ ਦੀਆਂ ਏਜੰਸੀਆਂ ਨੇ ਸਾਲ ਭਰ ਲੱਦਾਖ ਨੂੰ ਪਹੁੰਚਯੋਗ ਬਣਾਉਣ ਲਈ ਸਖ਼ਤ ਮਿਹਨਤ ਕੀਤੀ ਹੈ। ਉਨ੍ਹਾਂ ਨੇ ਇਸ ਮਕਸਦ ਲਈ ਮੁਹੱਈਆ ਕੀਤੀ ਗਈ ਟੈਕਨੋਲੋਜੀਕਲ ਅਤੇ ਲੌਜਿਸਟਿਕਲ ਸਹਾਇਤਾ ਪ੍ਰਦਾਨ ਕਰਨ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ।
*****
ਆਰਸੀਜੇ / ਐੱਮਐੱਸ
(Release ID: 1664896)
Visitor Counter : 153