ਸੱਭਿਆਚਾਰ ਮੰਤਰਾਲਾ
ਪ੍ਰਧਾਨ ਮੰਤਰੀ ਨੇ ਰਾਜਮਾਤਾ ਵਿਜਯਾ ਰਾਜੇ ਸਿੰਧੀਆ ਦੇ ਜਨਮ ਸ਼ਤਾਵਦੀ ਸਮਾਰੋਹ ਦੀ ਸਮਾਪਤੀ ਮੌਕੇ 100 ਰੁਪਏ ਮੁੱਲ ਦਾ ਵਿਸ਼ੇਸ਼ ਯਾਦਗਾਰੀ ਸਿੱਕਾ ਜਾਰੀ ਕੀਤਾ
Posted On:
12 OCT 2020 5:49PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸ ਜ਼ਰੀਏ ਰਾਜਮਾਤਾ ਵਿਜਯਾ ਰਾਜੇ ਸਿੰਧੀਆ ਦੀ ਜਨਮ–ਸ਼ਤਾਬਦੀ ਮਨਾਉਣ ਲਈ 100 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕੀਤਾ। ਉਨ੍ਹਾਂ ਨੇ ਰਾਜਮਾਤਾ ਨੂੰ ਉਨ੍ਹਾਂ ਦੀ ਜਯੰਤੀ ਮੌਕੇ ਸ਼ਰਧਾਂਜਲੀ ਵੀ ਭੇਟ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਖ਼ੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਰਾਜਮਾਤਾ ਵਿਜਯਾ ਰਾਜੇ ਸਿੰਧੀਆ ਜੀ ਦੇ ਸਨਮਾਨ ਵਿੱਚ 100 ਰੁਪਏ ਦਾ ਵਿਸ਼ੇਸ਼ ਯਾਦਗਾਰੀ ਸਿੱਕਾ ਜਾਰੀ ਕਰਨ ਦਾ ਮੌਕਾ ਮਿਲਿਆ ਹੈ। ਵਿਜਯਾ ਰਾਜੇ ਜੀ ਦੀ ਪੁਸਤਕ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਤਾਬ ਵਿੱਚ ਉਨ੍ਹਾਂ ਨੂੰ ਗੁਜਰਾਤ ਦੇ ਇੱਕ ਯੁਵਾ ਆਗੂ ਵਜੋਂ ਦੱਸਿਆ ਗਿਆ ਹੈ ਤੇ ਕਈ ਸਾਲਾਂ ਬਾਅਦ ਅੱਜ ਉਹ ਦੇਸ਼ ਦੇ ਪ੍ਰਧਾਨ ਸੇਵਕ ਵਜੋਂ ਸੇਵਾ ਨਿਭਾ ਰਹੇ ਹਨ।
ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜਮਾਤਾ ਵਿਜਯਾ ਰਾਜੇ ਸਿੰਧੀਆ ਉਨ੍ਹਾਂ ਸ਼ਖ਼ਸੀਅਤਾਂ ਵਿੱਚੋਂ ਇੱਕ ਸਨ, ਜਿਨ੍ਹਾਂ ਨੇ ਭਾਰਤ ਨੂੰ ਸਹੀ ਦਿਸ਼ਾ ਵਿੱਚ ਅੱਗੇ ਵਧਣ ਲਈ ਅਗਵਾਈ ਕੀਤੀ। ਉਹ ਇੱਕ ਫ਼ੈਸਲਾਕੁੰਨ ਆਗੂ ਸਨ ਤੇ ਇੱਕ ਬਹੁਤ ਹੀ ਕੁਸ਼ਲ ਪ੍ਰਸ਼ਾਸਕ ਸਨ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੇ ਭਾਰਤੀ ਸਿਆਸਤ ਦੇ ਹਰੇਕ ਅਹਿਮ ਪੜਾਅ ਨੂੰ ਵੇਖਿਆ – ਭਾਵੇਂ ਉਹ ਵਿਦੇਸ਼ੀ ਕੱਪੜੇ ਸਾੜਨ ਦਾ ਮਾਮਲਾ ਹੋਵੇ, ਐਮਰਜੈਂਸੀ ਹੋਵੇ ਤੇ ਚਾਹੇ ਰਾਮ ਮੰਦਿਰ ਨਿਰਮਾਣ ਦਾ ਅੰਦੋਲਨ ਹੋਵੇ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਮੌਜੂਦਾ ਪੀੜ੍ਹੀ ਲਈ ਰਾਜਮਾਤਾ ਦੇ ਜੀਵਨ ਬਾਰੇ ਜਾਣਨਾ ਅਹਿਮ ਹੈ ਅਤੇ ਉਨ੍ਹਾਂ ਤੇ ਉਨ੍ਹਾਂ ਦੇ ਅਨੁਭਵਾਂ ਦਾ ਵਾਰ–ਵਾਰ ਜ਼ਿਕਰ ਕਰਨਾ ਜ਼ਰੂਰੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜਮਾਤਾ ਨੇ ਸਾਨੂੰ ਜਨ–ਸੇਵਾ ਲਈ ਕਿਸੇ ਖ਼ਾਸ ਪਰਿਵਾਰ ਵਿੱਚ ਪੈਦਾ ਹੋਣਾ ਜ਼ਰੂਰੀ ਨਹੀਂ ਹੈ। ਲੋੜ ਸਿਰਫ਼ ਦੇਸ਼ ਲਈ ਪਿਆਰ ਅਤੇ ਜਮਹੂਰੀ ਸੁਭਾਅ ਦੀ ਹੁੰਦੀ ਹੈ। ਇਹ ਵਿਚਾਰ, ਇਹ ਆਦਰਸ਼ ਉਨ੍ਹਾਂ ਦੇ ਜੀਵਨ ਵਿੱਚ ਦੇਖੇ ਜਾ ਸਕਦੇ ਹਨ। ਰਾਜਮਾਤਾ ਦੇ ਹਜ਼ਾਰਾਂ ਵਰਕਰ ਸਨ, ਇੱਕ ਸ਼ਾਨਦਾਰ ਮਹੱਲ ਸੀ ਤੇ ਉਨ੍ਹਾਂ ਪਾਸ ਸਾਰੀਆਂ ਸੁਵਿਧਾਵਾਂ ਸਨ ਪਰ ਉਨ੍ਹਾਂ ਨੇ ਆਪਣਾ ਜੀਵਨ ਆਮ ਲੋਕਾਂ ਦੇ ਭਲੇ ਅਤੇ ਗ਼ਰੀਬਾਂ ਦੀ ਇੱਛਾਵਾਂ ਦੀ ਪੂਰਤੀ ਲਈ ਸਮਰਪਿਤ ਕਰ ਦਿੱਤਾ। ਉਹ ਸਦਾ ਜਨ–ਸੇਵਾ ਨਾਲ ਜੁੜੇ ਰਹੇ ਤੇ ਉਸ ਪ੍ਰਤੀ ਸਮਰਪਿਤ ਰਹੇ। ਉਨ੍ਹਾਂ ਕਿਹਾ ਕਿ ਰਾਜਮਾਤਾ ਨੇ ਖ਼ੁਦ ਨੂੰ ਰਾਸ਼ਟਰ ਦੇ ਭਵਿੱਖ ਲਈ ਸਮਰਪਿਤ ਕਰ ਦਿੱਤਾ ਸੀ। ਉਨ੍ਹਾਂ ਨੇ ਦੇਸ਼ ਦੀਆਂ ਭਵਿੱਖ ਦੀਆਂ ਪੀੜ੍ਹੀਆਂ ਲਈ ਆਪਣੀਆਂ ਸਾਰੀਆਂ ਖ਼ੁਸ਼ੀਆਂ ਕੁਰਬਾਨ ਕਰ ਦਿੱਤੀਆਂ ਸਨ। ਰਾਜਮਾਤਾ ਕਿਸੇ ਅਹੁਦੇ ‘ਤੇ ਸਨਮਾਨ ਲਈ ਨਹੀਂ ਜੀਵੇ ਅਤੇ ਨਾ ਹੀ ਉਨ੍ਹਾਂ ਕਦੇ ਰਾਜਨੀਤੀ ਕੀਤੀ।
ਉਨ੍ਹਾਂ ਕੁਝ ਅਜਿਹੇ ਮੌਕਿਆਂ ਨੂੰ ਯਾਦ ਕੀਤਾ ਜਦੋਂ ਰਾਜਮਾਤਾ ਨੇ ਬਹੁਤ ਸਾਰੇ ਅਹੁਦਿਆਂ ਨੂੰ ਸਨਿਮਰਤਾ–ਪੂਰਬਕ ਲੈਣ ਤੋਂ ਨਾਂਹ ਕਰ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਅਟਲ ਜੀ ਅਤੇ ਅਡਵਾਨੀ ਜੀ ਨੇ ਇੱਕ ਬਾਰ ਉਨ੍ਹਾਂ ਨੂੰ ਜਨ ਸੰਘ ਦੀ ਪ੍ਰਧਾਨ ਬਣਨ ਦੀ ਬੇਨਤੀ ਕੀਤੀ ਸੀ ਪਰ ਉਨ੍ਹਾਂ ਨੇ ਜਨ ਸੰਘ ਦੇ ਇੱਕ ਕਾਰਕੁੰਨ ਵਜੋਂ ਸੇਵਾ ਕਰਨਾ ਪ੍ਰਵਾਨ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜਮਾਤਾ ਆਪਣੇ ਸਾਰੇ ਸਾਥੀਆਂ ਨੂੰ ਉਨ੍ਹਾਂ ਦਾ ਨਾਮ ਲੈ ਕੇ ਬੁਲਾਉਣਾ ਪਸੰਦ ਕਰਦੇ ਸਨ ਤੇ ਉਨ੍ਹਾਂ ਦਾ ਇਹ ਅਹਿਸਾਸ ਹਰੇਕ ਕਾਰਕੁੰਨ ਦੇ ਮਨ ਵਿੱਚ ਹੋਣਾ ਚਾਹੀਦਾ ਹੈ। ਅਹੰਕਾਰ ਨਹੀਂ, ਬਲਕਿ ਸਤਿਕਾਰ ਹੀ ਸਿਆਸਤ ਦਾ ਧੁਰਾ ਹੋਣਾ ਚਾਹੀਦਾ ਹੈ। ਉਨ੍ਹਾਂ ਰਾਜਮਾਤਾ ਨੂੰ ਇੱਕ ਰੂਹਾਨੀ ਸ਼ਖ਼ਸੀਅਤ ਕਰਾਰ ਦਿੱਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨ–ਜਾਗਰੂਕਤਾ ਅਤੇ ਜਨ–ਅੰਦੋਲਨਾਂ ਕਾਰਨ ਪਿਛਲੇ ਕੁਝ ਸਾਲਾਂ ਦੌਰਾਨ ਦੇਸ਼ ਵਿੱਚ ਬਹੁਤ ਸਾਰੇ ਬਦਲਾਅ ਆਏ ਹਨ ਤੇ ਬਹੁਤ ਸਾਰੇ ਅਭਿਯਾਨ ਤੇ ਯੋਜਨਾਵਾਂ ਸਫ਼ਲ ਹੋਈਆਂ ਹਨ। ਉਨ੍ਹਾਂ ਆਪਣੇ ਨੁਕਤੇ ਉੱਤੇ ਜ਼ੋਰ ਦਿੰਦਿਆਂ ਆਖਿਆ ਕਿ ਦੇਸ਼ ਇਸ ਵੇਲੇ ਰਾਜਮਾਤਾ ਦੇ ਅਸ਼ੀਰਵਾਦ ਨਾਲ ਵਿਕਾਸ ਦੇ ਰਾਹ ਉੱਤੇ ਅੱਗੇ ਵਧ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਦੀ ਨਾਰੀ–ਸ਼ਕਤੀ ਤਰੱਕੀ ਕਰ ਰਹੀ ਹੈ ਤੇ ਦੇਸ਼ ਦੇ ਵਿਭਿੰਨ ਖੇਤਰਾਂ ਦੀ ਅਗਵਾਈ ਕਰ ਰਹੀ ਹੈ। ਉਨ੍ਹਾਂ ਸਰਕਾਰ ਦੀਆਂ ਅਜਿਹੀਆਂ ਪਹਿਲਾਂ ਗਿਣਵਾਈਆਂ ਜਿਨ੍ਹਾਂ ਨੇ ਰਾਜਮਾਤਾ ਦਾ ਮਹਿਲਾ ਸਸ਼ਕਤੀਕਰਨ ਦਾ ਸੁਪਨਾ ਸਕਾਰ ਕਰਨ ਵਿੱਚ ਮਦਦ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਇੱਕ ਅਦਭੁੱਤ ਇਤਫ਼ਾਕ ਹੀ ਹੈ ਕਿ ਉਨ੍ਹਾਂ ਦਾ ਰਾਮ ਜਨਮ–ਭੂਮੀ ਉੱਤੇ ਮੰਦਿਰ ਦੀ ਸਥਾਪਨਾ, ਜਿਸ ਲਈ ਉਹ ਲੜੇ, ਦਾ ਸੁਪਨਾ ਉਨ੍ਹਾਂ ਦੀ ਜਨਮ–ਸ਼ਤਾਬਦੀ ਦੇ ਵਰ੍ਹੇ ’ਚ ਸਕਾਰ ਹੋਇਆ। ਉਨ੍ਹਾਂ ਕਿਹਾ ਕਿ ਇੱਕ ਮਜ਼ਬੂਤ, ਸੁਰੱਖਿਅਤ ਤੇ ਖ਼ੁਸ਼ਹਾਲ ਭਾਰਤ ਦੀ ਉਨ੍ਹਾਂ ਦੀ ਦੂਰ–ਦ੍ਰਿਸ਼ਟੀ ‘ਆਤਮਨਿਰਭਰ ਭਾਰਤ’ ਨੂੰ ਸਫ਼ਲ ਬਣਾਉਣ ਵਿੱਚ ਮਦਦ ਕਰੇਗੀ।
ਇਸ ਮੌਕੇ ’ਤੇ ਬੋਲਦੇ ਹੋਏ. ਕੇਂਦਰੀ ਸੱਭਿਆਚਾਰ ਮੰਤਰੀ ਨੇ ਕਿਹਾ ਕਿ ਰਾਜਮਾਤਾ ਵਿਜਯਾ ਰਾਜੇ ਸਿੰਧੀਆ ਵਿੱਚ ਪਾਰਸ ਪੱਥਰ ਦੀ ਤਰ੍ਹਾਂ ਸਰਲਤਾ ਸੀ। ਉਨ੍ਹਾਂ ਨੇ ਰਾਜਮਾਤਾ ਵਿਜਯਾ ਰਾਜੇ ਸਿੰਧੀਆ ਨਾਲ ਆਪਣਾ ਖੁਦ ਦਾ ਅਨੁਭਵ ਸਾਂਝਾ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਰਾਜਨੀਤੀ ਕੀਤੀ, ਪਰ ਉਨ੍ਹਾਂ ਦੇ ਕੰਮ ਵਿੱਚ ਕੋਈ ਰਾਜਨੀਤਕ ਧੜਾ ਜਾਂ ਅਭਿਲਾਸ਼ਾ ਨਹੀਂ ਸੀ। ਉਨ੍ਹਾਂ ਦੀ ਰਾਜਨੀਤੀ ਕਦਰਾਂ ਕੀਮਤਾਂ ਦੀ ਰਾਜਨੀਤੀ ਸੀ। ਉਹ ਰਾਜਨੀਤਕ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਆਪਣੀਆ ਕਦਰਾਂ ਕੀਮਤਾਂ ਨਾਲ ਸਮਝੌਤਾ ਕਰਨ ਦੇ ਖਿਲਾਫ਼ ਸਨ। ਉਨ੍ਹਾਂ ਨੇ ਕਿਹਾ ਕਿ ਰਾਜਮਾਤਾ ਸਿੰਧੀਆ ਕੋਲ ਉਹ ਸਭ ਕੁਝ ਸੀ ਜਿਸ ਲਈ ਇੱਕ ਵਿਅਕਤੀ ਸੰਘਰਸ਼ ਕਰਦਾ ਹੈ। ਜੇਕਰ ਉਹ ਚਾਹੁੰਦੀ ਤਾਂ ਆਪਣਾ ਜੀਵਨ ਅਰਾਮ ਨਾਲ ਜੀ ਸਕਦੀ ਸੀ, ਪਰ ਉਨ੍ਹਾਂ ਨੇ ਜਨਤਕ ਸੇਵਾ ਨੂੰ ਆਪਣਾ ਟੀਚਾ ਬਣਾ ਲਿਆ।
ਵਿਜਯਾ ਰਾਜੇ ਸਿੰਧੀਆ ਦੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਕਈ ਰਾਜਾਂ ਦੇ ਰਾਜਪਾਲ ਅਤੇ ਮੁੱਖ ਮੰਤਰੀ ਵੀ ਵਰਚੁਅਲ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਸੱਭਿਆਚਾਰ ਮੰਤਰਾਲੇ ਦੇ ਸਕੱਤਰ ਸ਼੍ਰੀ ਰਾਘਵੇਂਦਰ ਸਿੰਘ ਨੇ ਪ੍ਰਧਾਨ ਮੰਤਰੀ ਅਤੇ ਸਾਰੀਆਂ ਸਨਮਾਨਿਤ ਸ਼ਖਸ਼ੀਅਤਾਂ ਦਾ ਸੁਆਗਤ ਕੀਤਾ ਅਤੇ ਪ੍ਰੋਗਰਾਮ ਨੂੰ ਕੋਆਰਡੀਨੇਟ ਕੀਤਾ।
ਸਿੱਕਾ ਰਾਜਮਾਤਾ ਵਿਜਯਾ ਰਾਜੇ ਸਿੰਧੀਆ ਦੀ ਜਨਮ ਸ਼ਤਾਬਦੀ ਦੇ ਸਬੰਧ ਵਿੱਚ ਜਾਰੀ ਕੀਤਾ ਗਿਆ ਹੈ। ਵਿਸ਼ੇਸ਼ ਯਾਦਗਾਰੀ ਸਿੱਕੇ ਨੂੰ ਇਨ੍ਹਾਂ ਸਮਾਗਮਾਂ ਦੇ ਇੱਕ ਹਿੱਸਾ ਦੇ ਰੂਪ ਵਿੱਚ ਵਿੱਤ ਮੰਤਰਾਲੇ ਦੁਆਰਾ ਪੇਸ਼ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਦਾ ਪੂਰਾ ਭਾਸ਼ਣ ਸੁਣਨ ਅਤੇ ਪ੍ਰੋਗਰਾਮ ਦੀ ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।
*****
ਐੱਨਬੀ/ਏਕੇਜੇ/ਓਏ
(Release ID: 1663870)
Visitor Counter : 138