ਗ੍ਰਹਿ ਮੰਤਰਾਲਾ

ਕੈਬਨਿਟ ਨੇ ਕੇਂਦਰੀ ਰੇਲਵੇ ਰਾਜ ਮੰਤਰੀ ਸ਼੍ਰੀ ਸੁਰੇਸ਼ ਸੀ. ਅੰਗਦੀ ਦੇ ਦੁਖਦਾਈ ਅਕਾਲ ਚਲਾਣੇ ਉੱਤੇ ਸੋਗ ਪ੍ਰਗਟਾਇਆ

ਸ਼੍ਰੀ ਸੁਰੇਸ਼ ਸੀ. ਅੰਗਦੀ ਦੀ ਯਾਦ ਵਿੱਚ ਦੋ ਮਿੰਟਾਂ ਦਾ ਮੌਨ ਰੱਖਿਆ ਗਿਆ

Posted On: 24 SEP 2020 12:09PM by PIB Chandigarh

ਕੇਂਦਰੀ ਮੰਤਰੀ ਮੰਡਲ ਨੇ 23 ਸਤੰਬਰ, 2020 ਨੂੰ ਨਵੀਂ ਦਿੱਲੀ ਚ ਕੇਂਦਰੀ ਰੇਲਵੇ ਰਾਜ ਮੰਤਰੀ ਸ਼੍ਰੀ ਸੁਰੇਸ਼ ਸੀ. ਅੰਗਦੀ ਦੇ ਅਕਾਲ ਚਲਾਣੇ ਉੱਤੇ ਸੋਗ ਪ੍ਰਗਟ ਕੀਤਾ ਹੈ।

 

ਮੰਤਰੀ ਮੰਡਲ ਨੇ ਸ਼੍ਰੀ ਸੁਰੇਸ਼ ਸੀ. ਅੰਗਦੀ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਵੀ ਰੱਖਿਆ।

 

ਕੈਬਨਿਟ ਨੇ ਅੱਜ ਨਿਮਨਲਿਖਤ ਪ੍ਰਸਤਾਵ ਪਾਸ ਕੀਤਾ:

 

ਮੰਤਰੀ ਮੰਡਲ ਨੇ 23 ਸਤੰਬਰ, 2020 ਨੂੰ ਨਵੀਂ ਦਿੱਲੀ ਵਿੱਚ ਕੇਂਦਰੀ ਰੇਲਵੇ ਰਾਜ ਮੰਤਰੀ ਸ਼੍ਰੀ ਸੁਰੇਸ਼ ਸੀ. ਅੰਗਦੀ ਦੇ ਅਕਾਲ ਚਲਾਣੇ ਉੱਤੇ ਡੂੰਘਾ ਸੋਗ ਪ੍ਰਗਟ ਕੀਤਾ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਰਾਸ਼ਟਰ ਨੇ ਇੱਕ ਪ੍ਰਸਿੱਧ ਨੇਤਾ, ਇੱਕ ਸਿੱਖਿਆਸ਼ਾਸਤਰੀ, ਇੱਕ ਵੱਕਾਰੀ ਸਾਂਸਦ ਅਤੇ ਇੱਕ ਸਮਰੱਥ ਪ੍ਰਸ਼ਾਸਕ ਗੁਆ ਦਿੱਤਾ ਹੈ।

 

ਜੂਨ 1955 ਨੂੰ ਕਰਨਾਟਕ ਰਾਜ ਦੇ ਬੇਲਗਾਵੀ ਜ਼ਿਲ੍ਹੇ ਕੇਕੇ ਕੋੱਪਾਕ ਪਿੰਡ ਵਿੱਚ ਜਨਮੇ ਸ਼੍ਰੀ ਅੰਗਦੀ ਨੇ ਐੱਸਐੱਸਐੱਸ ਸਮਿਤੀ ਕਾਲਜ, ਬੇਲਗਾਵੀ ਤੋਂ ਗ੍ਰੈਜੂਏਸ਼ਨ ਦੀ ਪੜ੍ਹਾਈ ਮੁਕੰਮਲ ਕੀਤੀ ਤੇ ਉਸ ਤੋਂ ਬਾਅਦ ਰਾਜਾ ਲਖਮਗੌੜਾ ਲਾਅ ਕਾਲਜ, ਬੇਲਗਾਵੀ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ।

 

ਭਾਰਤੀ ਜਨਤਾ ਪਾਰਟੀ ਦੇ ਮੈਂਬਰ ਦੇ ਤੌਰ ਉੱਤੇ ਉਹ 1996 ਵਿੱਚ ਪਾਰਟੀ ਦੀ ਬੇਲਗਾਵੀ ਜ਼ਿਲ੍ਹਾ ਇਕਾਈ ਦੇ ਮੀਤ ਪ੍ਰਧਾਨ ਬਣੇ। ਸਾਲ 2001 ’ਚ ਉਨ੍ਹਾਂ ਨੂੰ ਬੇਲਗਾਵੀ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਵਜੋਂ ਮਨੋਨੀਤ ਕੀਤਾ ਗਿਆ ਤੇ 2004 ’ਚ ਬੇਲਗਾਵੀ ਲੋਕ ਸਭਾ ਚੋਣ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਵਜੋਂ ਨਾਮਜ਼ਦ ਕੀਤੇ ਜਾਣ ਤੱਕ ਉਹ ਇਸ ਅਹੁਦੇ ਉੱਤੇ ਬਣੇ ਰਹੇ। ਉਹ ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤ ਕੇ 14ਵੀਂ ਲੋਕ ਸਭਾ ਦੇ ਮੈਂਬਰ ਬਣੇ। ਉਹ 2009, 2014 ਅਤੇ 2019 ਵਿੱਚ ਬੇਲਗਾਵੀ ਤੋਂ ਲੋਕ ਸਭਾ ਲਈ ਮੁੜ ਚੁਣੇ ਗਏ।

 

ਉਨ੍ਹਾਂ ਨੇ ਖੁਰਾਕ, ਖਪਤਕਾਰ ਮਾਮਲੇ ਤੇ ਜਨਤਕ ਵੰਡ; ਮਾਨਵ ਸੰਸਾਧਨ ਵਿਕਾਸ; ਅਤੇ ਰੱਖਿਆ ਦੀਆਂ ਸਥਾਈ ਕਮੇਟੀਆਂ ਦੇ ਮੈਂਬਰ ਵਜੋਂ ਅਤੇ ਵਿੱਤ ਮੰਤਰਾਲੇ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਵਜੋਂ ਕੰਮ ਕੀਤਾ। ਉਨ੍ਹਾਂ ਸਾਂਸਦਾਂ ਦੀ ਪੈਨਸ਼ਨ, ਤਨਖਾਹ ਤੇ ਭੱਤਿਆਂ ਦੀ ਸੰਯੁਕਤ ਕਮੇਟੀ; ਕੇਂਦਰੀ ਪ੍ਰਤੱਖ ਟੈਕਸ ਸਲਾਹਕਾਰ ਕਮੇਟੀ, ਸਦਨ ਕਮੇਟੀ ਤੇ ਪਟੀਸ਼ਨ ਕਮੇਟੀ ਦੇ ਮੈਂਬਰ ਵਜੋਂ ਵੀ ਕੰਮ ਕੀਤਾ। ਸ਼੍ਰੀ ਅੰਗਦੀ ਮਈ 2019 ’ਚ ਕੇਂਦਰੀ ਰੇਲਵੇ ਰਾਜ ਮੰਤਰੀ ਬਣੇ।

 

ਉਨ੍ਹਾਂ ਦੀ ਉਦਯੋਗ, ਖੇਤੀਬਾੜੀ ਤੇ ਗ਼ਰੀਬਾਂ ਲਈ ਸਿੱਖਿਆ ਵਿੱਚ ਖ਼ਾਸ ਦਿਲਚਸਪੀ ਸੀ ਅਤੇ ਉਹ ਅਨੇਕ ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਚ ਸ਼ਾਮਲ ਰਹੇ। ਸਾਲ 2009 ਵਿੱਚ ਉਹ ਸੁਰੇਸ਼ ਅੰਗਦੀ ਐਜੂਕੇਸ਼ਨ ਫ਼ਾਊਂਡੇਸ਼ਨ, ਬੇਲਗਾਮ ਦੇ ਮੁਖੀ ਸਨ। ਉਨ੍ਹਾਂ ਨੂੰ ਪੜ੍ਹਨ ਤੇ ਘੁੰਮਣਫਿਰਨ ਦਾ ਸ਼ੌਕ ਸੀ।

 

ਸਰਕਾਰ ਅਤੇ ਸਮੁੱਚੇ ਰਾਸ਼ਟਰ ਦੀ ਤਰਫੋਂ ਮੰਤਰੀ ਮੰਡਲ ਦੁਖੀ ਪਰਿਵਾਰ ਦੇ ਪ੍ਰਤੀ ਦਿਲੋਂ ਸੋਗ ਸੰਵੇਦਨਾ ਪ੍ਰਗਟ ਕਰਦਾ ਹੈ।

 

*****

 

ਵੀਆਰਆਰਕੇ



(Release ID: 1658705) Visitor Counter : 102