ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਇਤਿਹਾਸਿਕ ਕੋਸੀ ਰੇਲ ਮਹਾਸੇਤੂ ਰਾਸ਼ਟਰ ਨੂੰ ਸਮਰਪਿਤ ਕੀਤਾ

ਪ੍ਰਧਾਨ ਮੰਤਰੀ ਨੇ ਕੋਵਿਡ ਦੇ ਸਮਿਆਂ ਦੌਰਾਨ ਅਣਥੱਕ ਢੰਗ ਨਾਲ ਕੰਮ ਕਰਨ ਵਾਲੇ ਰੇਲਵੇ ਦੀ ਸ਼ਲਾਘਾ ਕੀਤੀ


ਬਿਜਲੀਕਰਨ, ਸਫ਼ਾਈ ਦੀਆਂ ਪਹਿਲਾਂ, ਕਿਸਾਨ ਰੇਲ ਦੀ ਸ਼ੁਰੂਆਤ ਅਤੇ ਬਿਨਾ ਚੌਕੀਦਾਰ ਵਾਲੇ ਰੇਲ ਫਾਟਕਾਂ ਦੇ ਖ਼ਾਤਮੇ ਦੀਆਂ ਪ੍ਰਾਪਤੀਆਂ ਲਈ ਰੇਲਵੇਜ਼ ਦੀ ਸ਼ਲਾਘਾ ਕੀਤੀ


ਖੇਤੀ ਸੁਧਾਰ ਬਿਲ ਨਾਲ ਕਿਸਾਨਾਂ ਨੂੰ ਆਜ਼ਾਦੀ ਮਿਲੀ ਹੈ: ਪ੍ਰਧਾਨ ਮੰਤਰੀ

Posted On: 18 SEP 2020 4:11PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਤਿਹਾਸਿਕ ਕੋਸੀ ਰੇਲ ਮਹਾਸੇਤੂ ਅੱਜ ਰਾਸ਼ਟਰ ਨੂੰ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫ਼ਰੰਸ ਜ਼ਰੀਏ ਯਾਤਰੀਆਂ ਦੇ ਲਾਭ ਲਈ ਬਿਹਾਰ ਵਿੱਚ ਨਵੀਆਂ ਰੇਲ ਲਾਈਨ ਤੇ ਬਿਜਲੀਕਰਨ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।

 

ਇਸ ਮੌਕੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਬਿਹਾਰ ਵਿੱਚ ਰੇਲ ਸੰਪਰਕ ਦੇ ਖੇਤਰ ਵਿੱਚ ਇੱਕ ਨਵਾਂ ਇਤਿਹਾਸ ਬਣਿਆ ਹੈ। ਉਨ੍ਹਾਂ ਕਿਹਾ ਕਿ 3,000 ਕਰੋੜ ਰੁਪਏ ਦੇ ਕੋਸੀ ਮਹਾਸੇਤੂ ਤੇ ਕਿਉਲ ਪੁਲ਼ ਦੇ ਉਦਘਾਟਨ, ਬਿਜਲੀਕਰਨ ਪ੍ਰੋਜੈਕਟਾਂ, ਰੇਲਵੇ ਵਿੱਚ ਮੇਕ ਇਨ ਇੰਡੀਆਨੂੰ ਹੁਲਾਰਾ ਦੇਣ ਅਤੇ ਨੌਕਰੀਆਂ ਦੇ ਨਵੇਂ ਮੌਕੇ ਸਿਰਜਣ ਨਾਲ ਸਬੰਧਿਤ ਇੱਕ ਦਰਜਨ ਤੋਂ ਵੱਧ ਪ੍ਰੋਜੈਕਟ ਅੱਜ ਸ਼ੁਰੂ ਕੀਤੇ ਗਏ ਹਨ। ਇਹ ਪ੍ਰੋਜੈਕਟ ਨਾ ਸਿਰਫ਼ ਬਿਹਾਰ ਦੇ ਰੇਲ ਨੈੱਟਵਰਕ ਨੂੰ ਮਜ਼ਬੂਤ ਕਰਨਗੇ, ਬਲਕਿ ਪੱਛਮ ਬੰਗਾਲ ਤੇ ਪੂਰਬੀ ਭਾਰਤ ਦੇ ਰੇਲ ਸੰਪਰਕ ਨੂੰ ਵੀ ਮਜ਼ਬੂਤ ਕਰਨਗੇ।

 

ਪ੍ਰਧਾਨ ਮੰਤਰੀ ਨੇ ਬਿਹਾਰ ਦੇ ਲੋਕਾਂ ਨੂੰ ਨਵੀਆਂ ਤੇ ਆਧੁਨਿਕ ਸੁਵਿਧਾਵਾਂ ਲਈ ਵਧਾਈ ਦਿੱਤੀ, ਜਿਸ ਨਾਲ ਬਿਹਾਰ ਸਮੇਤ ਪੂਰਬੀ ਭਾਰਤ ਦੇ ਰੇਲ ਯਾਤਰੀਆਂ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਬਿਹਾਰ ਦੇ ਕਈ ਹਿੱਸੇ ਇੱਕਦੂਜੇ ਤੋਂ ਕੱਟੇ ਹੋਏ ਹਨ ਕਿਉਂਕਿ ਕਈ ਨਦੀਆਂ ਦੇ ਰਾਜ ਤੋਂ ਬਾਹਰ ਹੋਣ ਕਾਰਣ ਲੋਕਾਂ ਨੂੰ ਲੰਬੀਆਂ ਯਾਤਰਾਵਾਂ ਕਰਨੀਆਂ ਪੈਂਦੀਆਂ ਹਨ। ਉਨ੍ਹਾਂ ਕਿਹਾ ਕਿ ਚਾਰ ਸਾਲ ਪਹਿਲਾਂ, ਇਸ ਸਮੱਸਿਆ ਨੂੰ ਹੱਲ ਕਰਨ ਲਈ ਪਟਨਾ ਤੇ ਮੁੰਗੇਰ ਵਿੱਚ ਦੋ ਮਹਾਸੇਤੂ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਸੀ। ਹੁਣ ਇਨ੍ਹਾਂ ਦੋ ਰੇਲ ਪੁਲਾਂ ਦੇ ਚਾਲੂ ਹੋਣ ਨਾਲ ਉੱਤਰ ਅਤੇ ਦੱਖਣੀ ਬਿਹਾਰ ਦੇ ਵਿਚਕਾਰ ਦੀ ਯਾਤਰਾ ਅਸਾਨ ਹੋ ਗਈ ਹੈ ਅਤੇ ਇਸ ਨਾਲ ਖ਼ਾਸ ਤੌਰ ਉੱਤੇ ਉੱਤਰ ਬਿਹਾਰ ਵਿੱਚ ਵਿਕਾਸ ਦੀ ਨਵੀਂ ਰਫ਼ਤਾਰ ਸ਼ੁਰੂ ਹੋਈ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਗੰਭੀਰ ਭੂਚਾਲ ਆਇਆ, ਜਿਸ ਨੇ ਸਾਢੇ ਅੱਠ ਦਹਾਕੇ ਪਹਿਲਾਂ ਮਿਥਿਲਾ ਤੇ ਕੋਸੀ ਖੇਤਰ ਨੂੰ ਵੱਖਵੱਖ ਕਰ ਦਿੱਤਾ ਸੀ ਤੇ ਇਹ ਇੱਕ ਸੰਜੋਗ ਹੈ ਕਿ ਦੋਵੇਂ ਖੇਤਰਾਂ ਨੂੰ ਕੋਰੋਨਾ ਜਿਹੀ ਮਹਾਮਾਰੀ ਦੌਰਾਨ ਆਪਸ ਵਿੱਚ ਜੋੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਦੀ ਮਿਹਨਤ ਕਾਰਣ ਅੱਜ ਸੁਪੌਲਆਸਨਪੁਰਕੁਪਹਾ ਰੇਲ ਮਾਰਗ ਰਾਸ਼ਟਰ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਪੁਲ਼ ਦੇ ਨਿਰਮਾਣ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਸਖ਼ਤ ਮਿਹਨਤ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਮਿਥਿਲਾ ਤੇ ਕੋਸੀ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਨ ਲਈ ਇਸ ਨਵੀਂ ਕੋਸੀ ਰੇਲ ਲਾਈਨ ਦੀ ਕਲਪਨਾ ਸਾਲ 2003 ਦੌਰਾਨ ਕੀਤੀ ਗਈ ਸੀ, ਜਦੋਂ ਸ਼੍ਰੀ ਅਟਲ ਬਿਹਾਰੀ ਵਾਜਪੇਈ ਪ੍ਰਧਾਨ ਮੰਤਰੀ ਤੇ ਸ਼੍ਰੀ ਨੀਤਿਸ਼ ਕੁਮਾਰ ਰੇਲ ਮੰਤਰੀ ਸਨ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਇਸ ਪ੍ਰੋਜੈਕਟ ਉੱਤੇ ਤੇਜ਼ੀ ਨਾਲ ਕੰਮ ਕੀਤਾ ਤੇ ਆਧੁਨਕ ਤਕਨੀਕ ਦਾ ਉਪਯੋਗ ਕਰਦਿਆਂ ਸੁਪੌਲਆਸਨਪੁਰ ਕੂਪਾ ਮਾਰਗ ਉੱਤੇ ਕੰਮ ਮੁਕੰਮਲ ਕੀਤਾ ਗਿਆ ਹੈ।

 

ਪ੍ਰਧਾਨ ਮੰਤਰੀ ਨੇ ਅੱਜ ਕਿਹਾ ਕਿ ਕੋਸੀ ਮਹਾਸੇਤੂ ਜ਼ਰੀਏ ਸੁਪੌਲਆਸਨਪੁਰ ਵਿਚਾਲੇ ਸ਼ੁਰੂ ਹੋਣ ਵਾਲੀ ਇੱਕ ਨਵੀਂ ਰੇਲ ਸੇਵਾ ਨਾਲ ਸੁਪੌਲ, ਅਰਰੀਆ ਅਤੇ ਸਹਰਸਾ ਜ਼ਿਲ੍ਹੇ ਦੇ ਲੋਕਾਂ ਨੂੰ ਬਹੁਤ ਫ਼ਾਇਦਾ ਹੋਵੇਗਾ। ਇਸ ਨਾਲ ਉੱਤਰਪੂਰਬ ਦੇ ਲੋਕਾਂ ਲਈ ਇੱਕ ਵੈਕਲਪਿਕ ਰੇਲਮਾਰਗ ਵੀ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਹਾਸੇਤੂ ਨਾਲ 300 ਕਿਲੋਮੀਟਰ ਦੀ ਯਾਤਰਾ ਕੇਵਲ 22 ਕਿਲੋਮੀਟਰ ਰੀ ਰਹਿ ਗਈ ਹੈ। ਇਸ ਨਾਲ ਸਮੁੱਚੇ ਖੇਤਰ ਵਿੱਚ ਵਪਾਰ ਤੇ ਰੋਜ਼ਗਾਰ ਨੂੰ ਵੀ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਬਿਹਾਰ ਦੇ ਲੋਕਾਂ ਦਾ ਸਮਾਂ ਤੇ ਪੈਸਾ ਦੋਵੇਂ ਬਚਣਗੇ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਸੀ ਮਹਾਸੇਤੂ ਵਾਂਗ ਕਿਉਲ ਨਦੀ ਉੱਤੇ ਇਲੈਕਟ੍ਰੌਨਿਕ ਇੰਟਰਲੌਕਿੰਗ ਸੁਵਿਧਾ ਨਾਲ ਇੱਕ ਨਵੇਂ ਰੇਲ ਮਾਰਗ ਕਾਰਣ ਸਮੁੱਚੇ ਰੇਲ ਮਾਰਗ ਉੱਤੇ 125 ਕਿਲੋਮੀਟਰ ਫ਼ੀ ਘੰਟੇ ਦੀ ਰਫ਼ਤਾਰ ਨਾਲ ਟ੍ਰੇਨ ਚਲਣ ਦੇ ਸਮਰੱਥ ਹੋਣਗੀਆਂ। ਉਨ੍ਹਾਂ ਕਿਹਾ ਕਿ ਇਲੈਕਟ੍ਰੌਨਿਕ ਇੰਟਰਲੌਕਿੰਗ ਨਾਲ ਹਾਵੜਾਦਿੱਲੀ ਮੁੱਖ ਲਾਈਨ ਉੱਤੇ ਟ੍ਰੇਨ ਦੀ ਆਵਾਜਾਈ ਅਸਾਨ ਹੋ ਜਾਵੇਗੀ ਤੇ ਬੇਲੋੜੀ ਦੇਰੀ ਤੋਂ ਰਾਹਤ ਮਿਲੇਗੀ ਅਤੇ ਯਾਤਰਾ ਸੁਰੱਖਿਅਤ ਹੋਵੇਗੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 6 ਸਾਲਾਂ ਤੋਂ ਇੱਕ ਨਵੇਂ ਭਾਰਤ ਦੀਆਂ ਆਕਾਂਖਿਆਵਾਂ ਅਨੁਸਾਰ ਭਾਰਤੀ ਰੇਲਵੇ ਨੂੰ ਆਕਾਰ ਦੇਣ ਤੇ ਆਤਮਨਿਰਭਰ ਭਾਰਤਦੀਆਂ ਆਸਾਂ ਨੂੰ ਪੂਰਿਆਂ ਕਰਨ ਲਈ ਜਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਭਾਰਤੀ ਰੇਲਵੇ ਪਹਿਲਾਂ ਤੋਂ ਕਿਤੇ ਜ਼ਿਆਦਾ ਸਵੱਛ ਹੈ। ਉਨ੍ਹਾਂ ਕਿਹਾ ਕਿ ਭਾਰਤੀ ਰੇਲਵੇ ਨੂੰ ਬ੍ਰੌਡ ਗੇਜ ਰੇਲ ਲਾਈਨਾਂ ਨਾਲ ਮਨੁੱਖ ਰਹਿਤ ਰੇਲ ਕ੍ਰਾਸਿੰਗ ਨੂੰ ਖ਼ਤਮ ਕਰ ਕੇ ਪਹਿਲਾਂ ਤੋਂ ਕਿਤੇ ਵੱਧ ਸੁਰੱਖਿਅਤ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਰੇਲਵੇ ਦੀ ਰਫ਼ਤਾਰ ਵਧੀ ਹੈ। ਵੰਦੇ ਭਾਰਤਜਿਹੀਆਂ ਮੇਡ ਇਨ ਇੰਡੀਆਟ੍ਰੇਨ ਆਤਮਨਿਰਭਰਤਾ ਤੇ ਆਧੁਨਿਕਤਾ ਦੀਆਂ ਪ੍ਰਤੀਕ ਹਨ ਅਤੇ ਰੇਲ ਨੈੱਟਵਰਕ ਦਾ ਹਿੱਸਾ ਬਣ ਰਹੀਆਂ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਰੇਲਵੇ ਵਿੱਚ ਆਧੁਨਿਕੀਕਰਨ ਦੇ ਜਤਨਾਂ ਕਾਰਣ ਬਿਹਾਰ ਨੂੰ ਕਾਫ਼ੀ ਲਾਭ ਹੋ ਰਿਹਾ ਹੈ। ਪਿਛਲੇ ਕੁਝ ਸਾਲਾਂ ਦੌਰਾਨ ਮੇਕ ਇਨ ਇੰਡੀਆਨੂੰ ਹੁਲਾਰਾ ਦੇਣ ਲਈ ਮਧੇਪੁਰਾ ਚ ਇਲੈਕਟ੍ਰਿਕ ਇੰਜਣ ਕਾਰਖਾਨਾ ਤੇ ਮਢੌਰਾ ਵਿੱਚ ਡੀਜ਼ਲ ਇੰਜਣ ਕਾਰਖਾਨੇ ਦੀ ਸਥਾਪਨਾ ਕੀਤੀ ਗਈ ਹੈ। ਇਨ੍ਹਾਂ ਦੋਵੇਂ ਪ੍ਰੋਜੈਕਟਾਂ ਵਿੱਚ ਲਗਭਗ 44,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਿਹਾਰ ਦੇ ਲੋਕਾਂ ਨੂੰ ਮਾਣ ਹੋਵੇਗਾ ਕਿ ਭਾਰਤ ਵਿੱਚ ਸਭ ਤੋਂ ਤਾਕਤਵਰ 12000 ਹਾਰਸ ਪਾਵਰ ਦੇ ਇਲੈਕਟ੍ਰਿਕ ਇੰਜਣ ਦਾ ਨਿਰਮਾਣ ਬਿਹਾਰ ਦੇ ਇੰਜਣ ਕਾਰਖਾਨੇ ਵਿੱਚ ਬਣਿਆ ਹੈ। ਬਿਹਾਰ ਦੇ ਪਹਿਲੇ ਲੋਕੋ ਸ਼ੈੱਡ ਨੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਜੋ ਇਲੈਕਟ੍ਰਿਕ ਇੰਜਣਾਂ ਦੀ ਦੇਖਰੇਖ ਕਰੇਗਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵੇਲੇ ਬਿਹਾਰ ਚ ਲਗਭਗ 90 ਫ਼ੀਸਦੀ ਰੇਲ ਨੈੱਟਵਰਕ ਦਾ ਬਿਜਲੀਕਰਨ ਮੁਕੰਮਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਬਿਹਾਰ ਚ ਪਿਛਲੇ 6 ਸਾਲਾਂ ਦੌਰਾਨ 3,000 ਕਿਲੋਮੀਟਰ ਤੋਂ ਵੱਧ ਰੇਲਵੇ ਲਾਈਨ ਦਾ ਬਿਜਲੀਕਰਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 2014 ਤੋਂ ਪਹਿਲੇ 5 ਸਾਲਾਂ ਦੌਰਾਨ ਬਿਹਾਰ ਚ ਸਿਰਫ਼ 325 ਕਿਲੋਮੀਟਰ ਨਵੀਆਂ ਰੇਲ ਲਾਈਨਾਂ ਵਿਛਾਈਆਂ ਗਈਆਂ ਸਨ, ਜਦ ਕਿ 2014 ਤੋਂ ਬਾਅਦ 5 ਸਾਲਾਂ ਵਿੱਚ ਬਿਹਾਰ ਵਿੱਚ ਲਗਭਗ 700 ਕਿਲੋਮੀਟਰ ਨਵੀਆਂ ਰੇਲ ਲਾਈਨਾਂ ਸ਼ੁਰੂ ਕੀਤੀਆਂ ਗਈਆਂ, ਜੋ ਪਹਿਲਾਂ ਤਿਆਰ ਰੇਲ ਲਾਈਨਾਂ ਤੋਂ ਲਗਭਗ ਦੁੱਗਣੀਆਂ ਹਨ। ਉਨ੍ਹਾਂ ਕਿਹਾ ਕਿ ਰਾਜ ਵਿੱਚ 1,000 ਕਿਲੋਮੀਟਰ ਤੇ ਨਵੀਆਂ ਰੇਲ ਲਾਈਨਾਂ ਨਿਰਮਾਣ ਅਧੀਨ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਜੀਪੁਰਘੋਸਵਾਰਵੈਸ਼ਾਲੀ ਰੇਲ ਲਾਈਨ ਸ਼ੁਰੂ ਹੋਣ ਨਾਲ ਦਿੱਲੀ ਤੇ ਪਟਨਾ ਸਿੱਧੀ ਰੇਲ ਸੇਵਾ ਨਾਲ ਜੁੜ ਜਾਣਗੇ। ਇਸ ਸੇਵਾ ਨਾਲ ਵੈਸ਼ਾਲੀ ਚ ਸੈਰਸਪਾਟੇ ਨੂੰ ਕਾਫ਼ੀ ਹੱਲਾਸ਼ੇਰੀ ਮਿਲੇਗੀ ਤੇ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ। ਉਨ੍ਹਾਂ ਕਿਹਾ ਕਿ ਸਮਰਪਿਤ ਮਾਲਗੱਡੀ ਲਾਂਘੇ ਦਾ ਕੰਮ ਤੇਜ਼ ਰਫ਼ਤਾਰ ਨਾਲ ਚਲ ਰਿਹਾ ਹੈ ਤੇ ਇਸ ਲਾਂਘੇ ਦਾ ਲਗਭਗ 250 ਕਿਲੋਮੀਟਰ ਦਾ ਹਿੱਸਾ ਬਿਹਾਰ ਚ ਪਵੇਗਾ। ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਤੋਂ ਬਾਅਦ ਯਾਤਰੀ ਟ੍ਰੇਨ ਵਿੱਚ ਦੇਰੀ ਦੀ ਸਮੱਸਿਆ ਘੱਟ ਹੋ ਜਾਵੇਗੀ ਅਤੇ ਮਾਲ ਦੀ ਆਵਾਜਾਈ ਵਿੱਚ ਦੇਰੀ ਵੀ ਬਹੁਤ ਘਟ ਜਾਵੇਗੀ।

 

ਪ੍ਰਧਾਨ ਮੰਤਰੀ ਨੇ ਕੋਰੋਨਾ ਸੰਕਟ ਦੌਰਾਨ ਅਣਥੱਕ ਮਿਹਨਤ ਲਈ ਰੇਲਵੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਰੇਲਵੇ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਰੋਜ਼ਗਾਰ ਉਪਲਬਧ ਕਰਵਾਉਣ ਅਤੇ ਉਨ੍ਹਾਂ ਨੂੰ ਸ਼੍ਰਮਿਕ ਸਪੈਸ਼ਲ ਟ੍ਰੇਨ ਤੋਂ ਵਾਪਸ ਜੱਦੀ ਰਾਜਾਂ ਵਿੱਚ ਪਹੁੰਚਾਉਣ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਿਆਦ ਦੌਰਾਨ ਬਿਹਾਰ ਤੇ ਮਹਾਰਾਸ਼ਟਰ ਵਿਚਾਲੇ ਦੇਸ਼ ਦੀ ਪਹਿਲੀ ਕਿਸਾਨ ਰੇਲ ਸ਼ੁਰੂ ਕੀਤੀ ਗਈ ਸੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਬਿਹਾਰ ਵਿੱਚ ਇੱਕਦੋ ਹੀ ਮੈਡੀਕਲ ਕਾਲਜ ਹੁੰਦੇ ਸਨ। ਇਸ ਕਾਰਣ ਬਿਹਾਰ ਵਿੱਚ ਰੋਗੀਆਂ ਨੂੰ ਕਾਫ਼ੀ ਅਸੁਵਿਧਾ ਦਾ ਸਾਹਮਣਾ ਕਰਨਾ ਪਿਆ, ਇੱਥੋਂ ਤੱਕ ਕਿ ਬਿਹਾਰ ਦੇ ਹੋਣਹਾਰ ਨੌਜਵਾਨਾਂ ਨੂੰ ਮੈਡੀਕਲ ਦੀ ਪੜ੍ਹਾਈ ਲਈ ਹੋਰ ਰਾਜਾਂ ਵਿੱਚ ਜਾਣਾ ਪਿਆ। ਅੱਜ ਬਿਹਾਰ 15 ਤੋਂ ਵੱਧ ਮੈਡੀਕਲ ਕਾਲਜ ਹਨ, ਜਿਨ੍ਹਾਂ ਵਿੱਚੋਂ ਕਈ ਪਿਛਲੇ ਕੁਝ ਸਾਲਾਂ ਦੌਰਾਨ ਹੀ ਬਣਾਏ ਗਏ ਹਨ। ਕੁਝ ਦਿਨ ਪਹਿਲਾਂ ਬਿਹਾਰ ਦੇ ਦਰਭੰਗਾ ਚ ਇੱਕ ਨਵੇਂ ਆਲ ਇੰਡੀਆ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਜ਼ (AIIMS) ਦੀ ਸਥਾਪਨਾ ਨੂੰ ਪ੍ਰਵਾਨਗੀ ਦਿੱਤੀ ਗਈ ਸੀ। ਇਸ ਨਾਲ ਹਜ਼ਾਰਾਂ ਨਵੇਂ ਰੋਜ਼ਗਾਰ ਪੈਦਾ ਹੋਣਗੇ।

 

ਖੇਤੀ ਸੁਧਾਰ ਬਿਲ

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀ ਸੁਧਾਰਾਂ ਦੇ ਖੇਤਰ ਵਿੱਚ ਦੇਸ਼ ਲਈ ਕੱਲ੍ਹ ਇੱਕ ਇਤਿਹਾਸਿਕ ਦਿਨ ਸੀ। ਖੇਤੀ ਸੁਧਾਰ ਬਿਲ ਪਾਸ ਕੀਤਾ ਗਿਆ ਹੈ, ਜਿਸ ਨੇ ਸਾਡੇ ਕਿਸਾਨਾਂ ਨੂੰ ਕਈ ਪਾਬੰਦੀਆਂ ਤੋਂ ਮੁਕਤ ਕਰ ਦਿੱਤਾ ਹੈ। ਉਨ੍ਹਾਂ ਦੇਸ਼ ਭਰ ਦੇ ਕਿਸਾਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਤੇ ਕਿਹਾ ਕਿ ਇਹ ਸੁਧਾਰ ਕਿਸਾਨਾਂ ਨੂੰ ਆਪਣੀ ਉਪਜ ਵੇਚਣ ਵਿੱਚ ਵੱਧ ਵਿਕਲਪ ਪ੍ਰਦਾਨ ਕਰਨਗੇ। ਉਨ੍ਹਾਂ ਕਿਹਾ ਕਿ ਇਹ ਸੁਧਾਰ ਕਿਸਾਨਾਂ ਨੂੰ ਵਿਚੋਲਿਆਂ ਤੋਂ ਬਚਾਉਣਗੇ, ਜੋ ਕਿਸਾਨਾਂ ਦੀ ਕਮਾਈ ਦਾ ਵੱਡਾ ਹਿੱਸਾ ਹੜੱਪ ਲੈਂਦੇ ਹਨ।

 

ਖੇਤੀ ਸੁਧਾਰ ਬਿਲ ਬਾਰੇ ਝੂਠ ਫੈਲਾਉਣ ਲਈ ਵਿਰੋਧੀ ਧਿਰ ਦੀ ਆਲੋਚਨਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਲੋਕ ਜਿਨ੍ਹਾਂ ਨੇ ਇਸ ਦੇਸ਼ ਉੱਤੇ ਦਹਾਕਿਆਂ ਬੱਧੀ ਰਾਜ ਕੀਤਾ ਹੈ, ਉਹ ਇਸ ਮੁੱਦੇ ਉੱਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਜਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਖੇਤੀ ਉਤਪਾਦ ਮਾਰਕਿਟਿੰਗ ਸਮਿਤੀ (ਏਪੀਐੱਮਸੀ) ਕਾਨੂੰਨ ਵਿੱਚ ਖੇਤੀ ਬਜ਼ਾਰ ਦੀਆਂ ਵਿਵਸਥਾਵਾਂ ਵਿੱਚ ਤਬਦੀਲੀ ਦਾ ਵਾਅਦਾ ਵਿਰੋਧੀ ਪਾਰਟੀਆਂ ਦੇ ਚੋਣ ਮਨੋਰਥਪੱਤਰ ਵਿੱਚ ਵੀ ਕੀਤਾ ਗਿਆ ਸੀ ਤੇ ਹੁਣ ਉਹੀ ਲੋਕ ਇਨ੍ਹਾਂ ਸੁਧਾਰਾਂ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਫੈਲਾਏ ਜਾ ਰਹੇ ਇਸ ਝੂਠ ਦਾ ਵੀ ਖੰਡਨ ਕੀਤਾ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਘੱਟੋਘੱਟ ਸਮਰਥਨ ਮੁੱਲ – MSP ਦਾ ਲਾਭ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਐੱਮਐੱਸਪੀ ਜ਼ਰੀਏ ਕਿਸਾਨਾਂ ਨੂੰ ਉਚਿਤ ਕੀਮਤ ਪ੍ਰਦਾਨ ਕਰਨ ਲਈ ਪ੍ਰਤੀਬੱਧ ਹੈ ਤੇ ਸਰਕਾਰੀ ਖ਼ਰੀਦ ਪਹਿਲਾਂ ਵਾਂਗ ਹੀ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਨਵੀਂ ਵਿਵਸਥਾ ਲਾਗੂ ਹੋਣ ਤੋਂ ਬਾਅਦ ਕਿਸਾਨ ਆਪਣੀ ਮਰਜ਼ੀ ਨਾਲ ਫ਼ਸਲ ਪੈਦਾ ਕਰ ਸਕਦੇ ਹਨ ਤੇ ਦੇਸ਼ ਦੇ ਕਿਸੇ ਵੀ ਬਜ਼ਾਰ ਵਿੱਚ ਆਪਣੇ ਮਨ ਮੁਤਾਬਕ ਕੀਮਤ ਉੱਤੇ ਵੇਚ ਸਕਦੇ ਹਨ। ਉਨ੍ਹਾਂ ਕਿਹਾ ਕਿ ਖੇਤੀ ਉਤਪਾਦ ਮਾਰਕਿਟਿੰਗ ਸਮਿਤੀ ਏਪੀਐੱਮਸੀ ਕਾਨੂੰਨ ਦੇ ਨੁਕਸਾਨ ਨੂੰ ਮਹਿਸੂਸ ਕਰਦਿਆਂ ਬਿਹਾਰ ਦੇ ਮੁੱਖ ਮੰਤਰੀ ਨੇ ਬਿਹਾਰ ਵਿੱਚ ਇਸ ਕਾਨੂੰਨ ਨੂੰ ਹਟਾ ਦਿੱਤਾ। ਉਨ੍ਹਾਂ ਕਿਸਾਨਾਂ ਦੀ ਭਲਾਈ ਲਈ ਸਰਕਾਰ ਦੀਆਂ ਵਿਭਿੰਨ ਯੋਜਨਾਵਾਂ ਪ੍ਰਧਾਨ ਮੰਤਰੀ ਕਿਸਾਨ ਕਲਿਆਣ ਯੋਜਨਾ, ਪ੍ਰਧਾਨ ਕ੍ਰਿਸ਼ੀ ਸਿੰਚਾਈ ਯੋਜਨਾ, ਨਿੰਮ ਦੇ ਲੇਪ ਵਾਲਾ ਯੂਰੀਆ ਜਿਹੀਆਂ ਯੋਜਨਾਵਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਕੋਲਡ ਸਟੋਰੇਜ ਦੀ ਲੜੀ ਵੱਡੇ ਪੱਧਰ ਉੱਤੇ ਦੇਸ਼ ਭਰ ਵਿੱਚ ਬਣਾਈ ਜਾ ਰਹੀ ਹੈ, ਫ਼ੂਡ ਪ੍ਰੋਸੈੱਸਿੰਗ ਉਦਯੋਗ ਵਿੱਚ ਨਿਵੇਸ਼ ਕੀਤਾ ਜਾ ਰਿਹਾ ਹੈ ਤੇ ਖੇਤੀ ਬੁਨਿਆਦੀ ਢਾਂਚਾ ਕੋਸ਼ ਦਾ ਨਿਰਮਾਣ ਕੀਤਾ ਗਿਆ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਇੱਕ ਰਾਸ਼ਟਰਵਿਆਪੀ ਮੁਹਿੰਮ ਵੀ ਚਲਾਈ ਜਾ ਰਹੀ ਹੈ। ਦੇਸ਼ ਦੇ ਕਿਸਾਨਾਂ ਨੂੰ ਇੱਕ ਸਪੱਸ਼ਟ ਸੰਦੇਸ਼ ਵਿੱਚ ਉਨ੍ਹਾਂ ਗੁੰਮਰਾਹ ਕਰਨ ਵਾਲੇ ਲੋਕਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਲੋਕ ਕਿਸਾਨਾਂ ਦੀ ਰਾਖੀ ਕਰਨ ਦਾ ਢਿੰਡੋਰਾ ਪਿੱਟ ਰਹੇ ਹਨ ਪਰ ਅਸਲ ਵਿੱਚ ਉਹ ਕਿਸਾਨਾਂ ਨੂੰ ਕਈ ਬੰਧਨਾਂ ਵਿੱਚ ਬੰਨ੍ਹਣਾ ਚਾਹੁੰਦੇ ਹਨ। ਉਹ ਵਿਚੋਲਿਆਂ ਤੇ ਕਿਸਾਨਾਂ ਦੀ ਕਮਾਈ ਲੁੱਟਣ ਵਾਲਿਆਂ ਦਾ ਸਮਰਥਨ ਕਰ ਰਹੇ ਹਨ। ਇਹ ਦੇਸ਼ ਦੀ ਜ਼ਰੂਰਤ ਤੇ ਸਮੇਂ ਦੀ ਮੰਗ ਹੈ।

 

*****

 

ਵੀਆਰਆਰਕੇ/ਏਕੇ


(Release ID: 1656497) Visitor Counter : 147