ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਇਤਿਹਾਸਿਕ ਕੋਸੀ ਰੇਲ ਮਹਾਸੇਤੂ ਰਾਸ਼ਟਰ ਨੂੰ ਸਮਰਪਿਤ ਕਰਨਗੇ

ਯਾਤਰੀਆਂ ਦੇ ਲਾਭ ਲਈ ਬਿਹਾਰ ਵਿੱਚ ਨਵੀਆਂ ਰੇਲ ਲਾਈਨਾਂ ਅਤੇ ਬਿਜਲੀਕਰਨ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ

Posted On: 16 SEP 2020 6:00PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 18 ਸਤੰਬਰ 2020 ਨੂੰ ਦੁਪਹਿਰ 12 ਵਜੇ ਵੀਡੀਓ-ਕਾਨਫਰੰਸ ਦੇ ਜ਼ਰੀਏ ਇਤਿਹਾਸਿਕ ਕੋਸੀ ਰੇਲ ਮਹਾਸੇਤੂ (ਮੈਗਾ ਬ੍ਰਿਜ) ਰਾਸ਼ਟਰ ਨੂੰ ਸਮਰਪਿਤ ਕਰਨਗੇ।

 

 

ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਬਿਹਾਰ ਰਾਜ ਦੇ ਲਾਭ ਲਈ ਯਾਤਰੀਆਂ ਦੀਆਂ ਸੁਵਿਧਾਵਾਂ ਨਾਲ ਸਬੰਧਿਤ 12 ਰੇਲ ਪ੍ਰੋਜੈਕਟਾਂ ਦਾ ਉਦਘਾਟਨ ਵੀ ਕਰਨਗੇ।  ਇਨ੍ਹਾਂ ਵਿੱਚ ਕਿਉਲ ਦਰਿਆ 'ਤੇ ਨਵਾਂ ਰੇਲਵੇ ਪੁਲ਼, ਦੋ ਨਵੀਆਂ ਰੇਲਵੇ ਲਾਈਨਾਂ, 5 ਬਿਜਲੀਕਰਨ ਪ੍ਰੋਜੈਕਟ, ਇੱਕ ਇਲੈਕਟ੍ਰਿਕ ਲੋਕੋਮੋਟਿਵ ਸ਼ੈੱਡ ਅਤੇ ਬਾੜ੍ਹ-ਬਖਤਿਯਾਰਪੁਰ ਵਿਚਾਲੇ ਤੀਸਰਾ ਲਾਈਨ ਪ੍ਰੋਜੈਕਟ ਸ਼ਾਮਲ ਹਨ।

 

 

ਕੋਸੀ ਰੇਲ ਮਹਾਸੇਤੂ ਦਾ ਸਮਰਪਣ ਬਿਹਾਰ ਦੇ ਇਤਿਹਾਸ ਅਤੇ ਸਮੁੱਚੇ ਖੇਤਰ ਨੂੰ ਉੱਤਰ ਪੂਰਬ ਨਾਲ ਜੋੜਨ ਵਾਲਾ ਇਤਿਹਾਸਿਕ ਪਲ ਹੈ।

 

 

ਸੰਨ 1887 ਵਿੱਚ, ਨਿਰਮਲੀ ਅਤੇ ਭਪਤਿਆਹੀ (ਸਰਾਏਗੜ੍ਹ) ਦੇ ਵਿਚਕਾਰ ਇੱਕ ਮੀਟਰ ਗੇਜ ਲਿੰਕ ਬਣਾਇਆ ਗਿਆ ਸੀ। ਸੰਨ 1934 ਵਿੱਚ ਆਏ ਭਾਰੀ ਹੜ੍ਹ ਅਤੇ ਗੰਭੀਰ ਇੰਡੋ ਨੇਪਾਲ ਭੂਚਾਲ ਦੇ ਦੌਰਾਨ, ਰੇਲ ਲਿੰਕ ਨਸ਼ਟ ਹੋ ਗਿਆ ਸੀ ਅਤੇ ਇਸ ਤੋਂ ਬਾਅਦ ਕੋਸੀ ਨਦੀ ਦੇ ਘੁਮਾਅਦਾਰ ਪ੍ਰਕਿਰਤੀ ਕਾਰਨ ਲੰਬੇ ਅਰਸੇ ਤੋਂ ਇਸ ਰੇਲ ਲਿੰਕ ਨੂੰ ਬਹਾਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ।

 

 

ਕੋਸੀ ਮੈਗਾ ਬ੍ਰਿਜ ਲਾਈਨ ਪ੍ਰੋਜੈਕਟ ਨੂੰ 2003-04 ਦੇ ਦੌਰਾਨ ਭਾਰਤ ਸਰਕਾਰ ਦੁਆਰਾ ਪ੍ਰਵਾਨ ਕੀਤਾ ਗਿਆ ਸੀ।  ਕੋਸੀ ਰੇਲ ਮਹਾਸੇਤੂ 1.9 ਕਿਲੋਮੀਟਰ ਲੰਬਾ ਹੈ ਅਤੇ ਇਸ ਦੀ ਨਿਰਮਾਣ ਲਾਗਤ 516 ਕਰੋੜ ਰੁਪਏ ਹੈ। ਭਾਰਤ-ਨੇਪਾਲ ਸਰਹੱਦ ਦੇ ਨੇੜੇ ਬਣੇ ਇਸ ਪੁਲ਼ ਦਾ ਰਣਨੀਤਕ ਮਹੱਤਵ ਹੈ। ਪ੍ਰੋਜੈਕਟ ਕੋਵਿਡ-ਮਹਾਮਾਰੀ ਦੇ ਦੌਰਾਨ ਪੂਰਾ ਹੋਇਆ ਸੀ ਅਤੇ ਪ੍ਰਵਾਸੀ ਮਜ਼ਦੂਰਾਂ ਨੇ ਵੀ ਇਸ ਦੇ ਮੁਕੰਮਲ ਹੋਣ ਵਿੱਚ ਹਿੱਸਾ ਲਿਆ ਸੀ।

 

 

ਇਸ ਪ੍ਰੋਜੈਕਟ ਨੂੰ ਸਮਰਪਿਤ ਕਰਨ ਨਾਲ 86 ਸਾਲ ਪੁਰਾਣੇ ਸੁਪਨੇ ਅਤੇ ਖੇਤਰ ਦੇ ਲੋਕਾਂ ਦੀ ਲੰਬੀ ਉਡੀਕ ਨੂੰ ਪੂਰਾ ਕੀਤਾ ਜਾਵੇਗਾ।  ਮਹਾਸੇਤੂ ਦੇ ਸਮਰਪਣ ਦੇ ਨਾਲ, ਪ੍ਰਧਾਨ ਮੰਤਰੀ ਸਹਰਸਾ- ਆਸਨਪੁਰ ਕੁਪਹਾ ਡੈਮੋ ਟ੍ਰੇਨ ਨੂੰ ਸੁਪੌਲ ਸਟੇਸ਼ਨ ਤੋਂ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ।  ਇੱਕ ਵਾਰ ਰੈਗੂਲਰ ਟ੍ਰੇਨ ਸਰਵਿਸ ਸ਼ੁਰੂ ਹੋਣ ਤੇ, ਇਹ ਸੁਪੌਲ, ਅਰਰਿਯਾ ਅਤੇ ਸਹਰਸਾ ਜ਼ਿਲ੍ਹਿਆਂ ਲਈ ਬਹੁਤ ਲਾਹੇਵੰਦ ਸਿੱਧ ਹੋਵੇਗੀ।  ਇਸ ਨਾਲ ਖੇਤਰ ਦੇ ਲੋਕਾਂ ਲਈ ਕੋਲਕਾਤਾ, ਦਿੱਲੀ ਅਤੇ ਮੁੰਬਈ ਦੀ ਲੰਬੀ ਦੂਰੀ ਦੀ ਯਾਤਰਾ ਵੀ ਅਸਾਨ ਹੋ ਜਾਵੇਗੀ।

 

 

ਪ੍ਰਧਾਨ ਮੰਤਰੀ ਹਾਜੀਪੁਰ-ਘੋਸਵਰ-ਵੈਸ਼ਾਲੀ ਅਤੇ ਇਸਲਾਮਪੁਰ-ਨਟੇਸਰ ਵਿਖੇ ਦੋ ਨਵੇਂ ਲਾਈਨ ਪ੍ਰੋਜੈਕਟਾਂ ਦਾ ਉਦਘਾਟਨ ਵੀ ਕਰਨਗੇ।  ਸ਼੍ਰੀ ਮੋਦੀ ਕਰਨੌਤੀ-ਬਖਤਿਯਾਰਪੁਰ ਲਿੰਕ ਬਾਈਪਾਸ ਅਤੇ ਬਾੜ੍ਹ-ਬਖਤਿਯਾਰਪੁਰ ਦਰਮਿਆਨ ਤੀਜੀ ਲਾਈਨ ਦਾ ਉਦਘਾਟਨ ਵੀ ਕਰਨਗੇ।

 

 

ਪ੍ਰਧਾਨ ਮੰਤਰੀ  ਮੁਜ਼ੱਫਰਪੁਰ-ਸੀਤਾੜਿਹੀ, ਕਟਿਹਾਰ-ਨਿਊ ਜਲਪਾਈਗੁੜੀ, ਸਮਸਤੀਪੁਰ-ਦਰਭੰਗਾ-ਜਯਨਗਰ, ਸਮਸਤੀਪੁਰ-ਖਗੜੀਆ, ਭਾਗਲਪੁਰ-ਸ਼ਿਵਨਾਰਾਇਣਪੁਰ ਸੈਕਸ਼ਨਾਂ ਦੇ ਰੇਲਵੇ ਬਿਜਲੀਕਰਨ ਪ੍ਰੋਜੈਕਟਾਂ ਦਾ ਉਦਘਾਟਨ ਵੀ ਕਰਨਗੇ।

 

 

                                           ********

 

 

ਵੀਆਰਆਰਕੇ / ਏਕੇਪੀ


(Release ID: 1655314) Visitor Counter : 152